A Historic Fiction Novel Based On Late Princess Diana In Punajbi By Balraj Singh Sidhu

Monday, 28 January 2013

ਕਾਂਡ 30


ਸਮਾਜ ਸੇਵਿਕਾ



ਡਾਇਨਾ ਵਿਚ ਸਮਾਜ ਸੇਵਾ ਦੀ ਭਾਵਨਾ ਬਚਪਨ ਤੋਂ ਹੀ ਸੀ। ਛੋਟੀ ਹੁੰਦੀ ਉਹ ਸਕੂਲੋਂ ਹਟਣ ਬਾਅਦ ਆਪਣਾ ਸਾਇਕਲ ਚੁੱਕਦੀ ਅਤੇ ਬਿਰਧ ਲੋਕਾਂ ਲਈ ਜੋ ਚੱਲ ਫਿਰ ਨਹੀਂ ਸੀ ਸਕਦੇ ਹੁੰਦੇ ਉਹਨਾਂ ਲਈ ਬ੍ਰੈੱਡ ਬੱਟਰ ਤੇ ਹੋਰ ਖਾਣ ਪੀਣ ਵਾਲੇ ਸਮਾਨ ਦੀ ਖਰੀਦਾਰੀ ਕਰਕੇ ਲਿਆਇਆ ਕਰਦੀ ਸੀ। ਵਿਹਲੇ ਸਮੇ ਵਿਚ ਡਾਇਨਾ ਆਸ਼ਰਮ ਵਿਚ ਜਾ ਕੇ ਅਪਾਹਜ ਅਤੇ ਬੇਸਹਾਰਾ ਲੋਕਾਂ ਦਾ ਨੱਚ ਗਾ ਕੇ ਮੰਨੋਰੰਜਨ ਕਰਿਆ ਕਰਦੀ ਸੀ।

ਵੈਸਟ ਹੀਥ ਬੋਰਡਿੰਗ ਸਕੂਲ, ਸੈਵਨਓਕ, ਕੈਂਟ ਵਿਚ ਪੜ੍ਹਦਿਆਂ ਉਹ ਡੇਅਰਨਥ ਪਾਰਕ ਨਜ਼ਦੀਕ, ਵਿਕਟੋਰੀਅਨ ਹਸਪਤਾਲ ਵਿਚ ਜਾ ਕੇ ਜ਼ਿਹਨੀ ਬਿਮਾਰ ਅਤੇ ਅਪਾਹਜ ਬੱਚਿਆਂ ਦੀ ਨਿਸ਼ਕਾਮ ਸੇਵਾ ਕਰਿਆ ਕਰਦੀ ਸੀ।

ਸਮਾਜ ਸੇਵਾ ਦੇ ਕਾਰਜ਼ ਕਰਕੇ ਡਾਇਨਾ ਨੂੰ ਅਤਿਅੰਤ ਅਤੇ ਅਕਹਿ ਖੁਸ਼ੀ ਮਿਲਦੀ ਹੁੰਦੀ ਸੀ। ਖੁਦ ਨੂੰ ਨਿੱਜੀ ਗ਼ਮਾਂ ਤੋਂ ਦੂਰ ਰੱਖਣ ਦਾ ਇਹ ਇਕ ਉਹਦੇ ਲਈ ਸਾਧਨ ਵੀ ਸੀ। ਇਸ ਲਈ ਉਸ ਨੇ ਇਕ ਵਾਰ ਆਪਣੇ ਭਾਸ਼ਨ ਵਿਚ ਕਿਹਾ ਸੀ, " 
The worst illness of our time is that so many people have to suffer from never being loved. "  (ਸਭ ਤੋਂ ਗੰਭੀਰ ਬਿਮਾਰੀ ਜਿਸ ਨਾਲ ਬਹੁਤ ਸਾਰੇ ਲੋਕ ਪੀੜਤ ਹਨ। ਉਹ ਹੈ ਕਿਸੇ ਵੱਲੋਂ ਪਿਆਰਿਆ ਨਾ ਜਾਣਾ।) ਡਾਇਨਾ ਦਾ ਦਰਦ ਇਹਨਾਂ ਅਲਫਾਜ਼ਾਂ ਵਿਚੋਂ ਸਾਫ ਝਲਕਦਾ ਸੀ। ਉਸਦੀ ਇਕੱਲਤਾ ਅਤੇ ਹੇਰਵਾਂ ਵਿਦਮਾਨ ਹੁੰਦਾ ਸੀ ਉਸਦੇ ਇਹਨਾਂ ਸ਼ਬਦਾਂ ਵਿਚੋਂ।

ਸ਼ਾਹੀ ਪਰਿਵਾਰ ਵਿਚ ਵਿਆਹ ਕਰਵਾਉਣ ਬਾਅਦ ਜਦੋਂ ਡਾਇਨਾ ਲਾਇਮਲਾਇਟ ਵਿਚ ਆਈ ਸੀ ਤਾਂ ਅਨੇਕਾਂ ਚੈਰਟੀਆਂ ਨੇ ਡਾਇਨਾ ਨੂੰ ਆਪਣੇ ਨਾਲ ਜੋੜ੍ਹ ਲਿਆ ਸੀ। ਡਾਇਨਾ 100 ਤੋਂ ਵੱਧ ਚੈਰਟੀਆਂ ਲਈ ਕੰਮ ਕਰਦੀ ਸੀ। ਜਿਨ੍ਹਾਂ ਵਿਚ ਐੱਚ ਆਈ ਵੀ, ਏਡਜ਼, ਯਤੀਮਾਂ ਅਤੇ ਅਪਾਹਜ਼ਾਂ ਦੀਆਂ ਅਨੇਕਾਂ ਚੈਰਟੀਆਂ ਸ਼ਾਮਿਲ ਸਨ। ਜਦੋਂ ਡਾਇਨਾ ਦਾ ਤਲਾਕ ਹੋ ਗਿਆ ਸੀ ਤਾਂ ਡਾਇਨਾ ਨੂੰ ਪਤਾ ਸੀ ਕਿ ਹੁਣ ਉਸਦੀ ਆਮਦਨ ਘੱਟ ਜਾਵੇਗੀ ਤੇ ਉਹ ਪਹਿਲਾਂ ਵਾਂਗ ਨੋਟ ਨਹੀਂ ਫੂਕ ਸਕਦੀ। ਜਿਥੇ ਡਾਇਨਾ ਦੇ ਭੋਜਨਆਲਿਆਂ ਦੀ ਗਿਣਤੀ ਘੱਟ ਕੇ ਦੱਸ ਰਹਿ ਗਈ ਸੀ। ਉਥੇ ਉਸਨੇ ਸਭ ਚੈਰਟੀਆਂ ਤੋਂ ਆਪਣੀਆਂ ਸੇਵਾਵਾਂ ਦਾ ਪੱਲਾ ਵੀ ਖਿੱਚ ਲਿਆ ਸੀ। ਜੀਵਨ ਦੇ ਅੰਤਲੇ ਸਮੇਂ ਵਿਚ ਡਾਇਨਾ ਕੇਵਲ ਪੰਜ ਚੈਰਟੀਆਂ ਨਾਲ ਹੀ ਜੁੜੀ ਹੋਈ ਸੀ।

ਡਾਇਨਾ ਦੀ ਮੌਤ ਤੋਂ ਬਾਅਦ ਡਾਇਨਾ, ਪ੍ਰਿੰਸੈਸ ਔਫ ਵੇਲਜ਼ ਮਮੋਰੀਅਲ ਫੰਡ ਨਾਮੀ ਸੰਸਥਾ ਬਣਾ ਦਿੱਤੀ ਗਈ ਸੀ, ਜੋ ਹੁਣ ਤੱਕ ਵੱਖ ਵੱਖ ਖੈਰਾਤੀ ਸੰਸਥਾਵਾਂ ਲਈ ਅਰਬਾਂ-ਖਰਬਾਂ ਪੌਂਡ ਇਕੱਠੇ ਕਰ ਚੁੱਕੀ ਹੈ। ਡਾਇਨਾ ਸ਼ਾਹੀ ਘਰਾਣੇ ਦੀਆਂ ਔਰਤਾਂ ਵਾਂਗ ਦਸਤਾਨੇ ਨਹੀਂ ਸੀ ਪਹਿਨਿਆ ਕਰਦੀ। ਹਾਲਾਂਕਿ ਉਸਦੀ ਦਰਾਣੀ ਸਿਹਰਾ ਫਰਗਸਨ ਬਿਨਾਂ ਦਸਤਾਨਿਆਂ ਦੇ ਕਿਸੇ ਨਾਲ ਹੱਥ ਨਹੀਂ ਸੀ ਮਿਲਾਉਂਦੀ। 1987 ਵਿਚ ਜਦੋਂ ਅਜੇ ਲੋਕਾਂ ਨੂੰ ਇਹ ਵੀ ਪੂਰਨ ਰੂਪ ਵਿਚ ਗਿਆਨ ਨਹੀਂ ਸੀ ਕਿ ਐੱਚ ਆਈ ਵੀ ਕਿਵੇਂ ਫੇਲਦੀ ਹੈ, ਉਸ ਵਕਤ ਡਾਇਨਾ ਏਡਜ਼ ਦੀ ਮਰੀਜ਼ਾਂ ਨੂੰ ਜੱਫੀਆਂ ਪਾ ਕੇ ਫੋਟੋਆਂ ਖਿੱਚਵਾਇਆ ਕਰਦੀ ਸੀ ਤੇ ਐੱਚ ਆਈ ਵੀ ਵਾਲਿਆਂ ਨਾਲ ਨੰਗੇ ਹੱਥ ਦਸਤਪੰਜਾ ਮਿਲਾਉਂਦੀ ਸੀ। ਡਾਇਨਾ ਨੇ ਆਪਣੇ ਭਾਸ਼ਨ ਵਿਚ ਕਿਹਾ ਸੀ, " "HIV does not make people dangerous to know. You can shake their hands and give them hug heaven knows they need it." (ਐੱਚ ਆਈ ਨਾਲ ਪੀੜਤ ਲੋਕਾਂ ਨੂੰ ਜਾਨਣ ਵਿਚ ਕੋਈ ਖਤਰਾ ਨਹੀਂ ਹੈ। ਇਸ ਰੋਗ ਬਾਲ ਪੀੜਤ ਮਰੀਜਾਂ ਨਾਲ ਹੱਥ ਮਿਲਾਉਣ ਜਾਂ ਗਲਵੱਕੜੀ ਪਾਉਣ ਵਿਚ ਕੋਈ ਹਰਜ਼ ਨਹੀਂ ਹੈ। ਰੱਬ ਜਾਣੇ ਉਹ ਇਸ ਲਈ ਤਰਸਦੇ ਹੋਣ) 

1991 ਵਿਚ ਡਾਇਨਾ ਦੇ ਦੋਸਤ ਐਂਡਰੀਅਨ ਦੀ ਜਦੋਂ ਏਡਜ਼ ਨਾਲ ਮੌਤ ਹੋ ਗਈ ਤਾਂ ਇਸ ਨਾਲ ਡਾਇਨਾ ਦਾ ਧਿਆਨ ਏਡਜ਼ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਅਤੇ ਇਸ ਦੇ ਰੋਗੀਆਂ ਦੀ ਮਦਦ ਕਰਨ ਵੱਲ ਹੋ ਗਿਆ ਸੀ।
1992 ਵਿਚ ਡਾਇਨਾ ਇੰਡੀਆ ਗਈ ਸੀ ਤੇ ਉਹ ਕਲਕੱਤੇ ਮਦਰ ਟਰੀਸਾ ਨੂੰ ਮਿਲਣ ਲਈ ਵਿਸ਼ੇਸ਼ ਤੌਰ 'ਤੇ ਗਈ। ਮਦਰ ਟਰੀਸਾ ਦੇ ਆਸ਼ਰਮ ਅਤੇ ਉਥੇ ਹੁੰਦੇ ਸਮਾਜ ਸੇਵਾ ਦੇ ਕਾਰਜ ਦੇਖ ਕੇ ਡਾਇਨਾ ਦੇ ਜੀਵਨ ਵਿਚ ਅਹਿਮ ਤਬਦੀਲੀ ਆਈ ਸੀ। ਡਾਇਨਾ ਨੇ ਉਸ ਰਾਤ ਆਪਣੀ ਡਾਇਰੀ ਵਿਚ ਲਿਖਿਆ ਸੀ, "today, something very profound touched my life-i went to mother treasa's home in calcutta, and found the direction i've been searching for all these years. " (ਅੱਜ, ਮੇਰੀ ਜ਼ਿੰਦਗੀ ਉੱਤੇ ਗਹਿਰਾ ਅਸਰ ਪਿਆ ਹੈ। ਮੈਂ ਮਦਰ ਟਰੀਸਾ ਦੇ ਆਸ਼ਰਮ ਵਿਖੇ ਕਲਕੱਤੇ ਗਈ ਸੀ, ਅਤੇ ਮੈਨੂੰ ਉਥੋਂ ਜੀਵਨ ਦੀ ਉਹ ਦਿਸ਼ਾ ਮਿਲ ਗਈ ਜਿਸਨੂੰ ਮੈਂ ਸਾਲਾਂ ਤੋਂ ਖੋਜਦੀ ਫਿਰਦੀ ਸੀ।) ਕਲਕੱਤੇ ਤੋਂ ਆ ਕੇ ਡਾਇਨਾ ਨੇ ਆਪਣੀਆਂ ਬਾਕੀ ਗਤੀਵਿਧੀਆਂ ਘਟਾ ਕੇ ਸਮਾਜ ਸੇਵਾ ਲਈ ਹੋਰ ਵੀ ਜ਼ਿਆਦਾ ਸਮਾਂ ਸਮਰਪਿਤ ਕਰਨਾ ਆਰੰਭ ਦਿੱਤਾ ਸੀ।

15 ਜਨਵਰੀ 1997 ਵਿਚ ਉਸਨੇ ਅੰਗੋਲਾ ਵਿਖੇ ਜਾ ਕੇ ਬਾਰੂਦੀ ਧਰਤ ਖਾਨਾ ਦੀ ਪਾਬੰਦੀ ਦੇ ਅੰਦੋਲਨ ਨੂੰ ਐਨਾ ਭਖਾ ਦਿੱਤਾ ਸੀ ਕਿ ਸੰਸਾਰ ਪੱਧਰ ਉੱਤੇ ਲੋਕ ਡਾਇਨਾ ਦੇ ਸਮਰਥਨ ਵਿਚ ਆ ਖੜ੍ਹੇ ਹੋਏ ਸਨ। ਡਾਇਨਾ ਦੀਆਂ ਅੰਗੋਲਾ ਧਰਤ ਖਾਨਾ ਦਾ ਦੌਰਾ ਕਰਦੀ ਦੀਆਂ ਹੈਲਮਟ ਅਤੇ ਫਲੇਕ ਜੈਕਟ ਪਹਿਨੀ ਦੀਆਂ ਜਦੋਂ ਫੋਟੋਆਂ ਛਪੀਆਂ ਸਨ ਤਾਂ ਕੁਝ ਲੋਕਾਂ ਵੱਲੋਂ ਉਸਦੀ ਆਲੋਚਨਾ ਵੀ ਕੀਤੀ ਗਈ ਸੀ ਕਿ ਉਹ ਅਜਿਹਾ ਚਰਚਾ ਵਟੋਰਨ ਲਈ ਕਰ ਰਹੀ ਹੈ। ਨੌ ਜੂਨ 1997 ਨੂੰ ਲੰਡਨ ਵਿਚ ਆਰ ਜੀ ਐੱਸ ( Royal Geographical Society ) ਦੀ ਕਾਨਫਰੰਸ ਵਿਚ ਲੈਂਡਮਾਇਨਾ ਦੇ ਮਨੁੱਖੀ ਜ਼ਿੰਦਗੀ ਉੱਤੇ ਪੈਂਦੇ ਬੂਰੇ ਪ੍ਰਭਾਵਾਂ ਬਾਰੇ ਭਾਸ਼ਨ ਦੇਣ ਬਾਅਦ 17/18 ਜੂਨ ਨੂੰ ਡਾਇਨਾ ਆਪਣਾ ਮਿਸ਼ਨ ਲੈ ਕੇ ਅਮੈਰੀਕਨ ਰੈੱਡ ਕਰੌਸ ਨੂੰ ਸਮਰਥਨ ਦੇਣ ਵਾਸ਼ਿੰਘਟਨ ਡੀ.ਸੀ. ਵਿਖੇ ਗਈ ਸੀ। ਡਾਇਨਾ ਨੇ ਤਾਂ ਇਸ ਮਾਮਲੇ ਵਿਚ ਬਿੱਲ ਕਲਿੰਘਟਨ ਨੂੰ ਵੀ ਆਪਣੇ ਨਾਲ ਜੋੜ ਲਿਆ ਸੀ ਤੇ ਅਮਰੀਕਾ ਦੇ ਵਾਇਟ ਹਾਊਸ ਵਿਚ ਹੰਗਾਮਾ ਹੋ ਗਿਆ ਸੀ।  ਅਗਸਤ 1997 ਵਿਚ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਡਾਇਨਾ ਜੈਰੀ ਵਾਇਟ ਅਤੇ ਕੈੱਨ ਰੂਥਰਫੋਰਡ ਨਾਲ ਲੈਂਡਮਾਇਨ ਸਰਵਾਈਵਰ ਨੈੱਟਵਰਕ ਦੇ ਕਾਰਜ਼ਾਂ ਲਈ ਬੌਜ਼ਨੀਆ ਅਤੇ ਹਰਜੈਗੋਵੀਨੀਆ ਦੇ ਦੌਰੇ ਕਰਨ ਵੀ ਗਈ ਸੀ। ਇਹ ਡਾਇਨਾ ਦਾ ਹੀ ਉੱਦਮ ਅਤੇ ਮਿਹਨਤ ਸਦਕਾ ਸੰਭਵ ਹੋ ਸਕਿਆ ਸੀ ਕਿ ਉਸਦੀ ਮੌਤ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਉੱਤੇ ਯੁਨਾਇਟਡ ਨੇਸ਼ਨਜ਼ ਦੇ ਕਹਿਣ ਕਾਰਨ ਓਟਾਵਾ ਟਰੀਟੀ ਅਧੀਨ ਯੁਨਾਇਟਡ ਸਟੇਟਸ, ਚੀਨ, ਇੰਡੀਆ, ਉੱਤਰੀ ਕੋਰੀਆ, ਪਾਕਿਸਤਾਨ ਅਤੇ ਰਸ਼ੀਆ ਆਦਿ ਮੁਲਖਾਂ ਨੇ ਐਂਟੀ ਪਰਸਨਲ ਲੈਂਡ ਮਾਇਨਜ਼ ਉੱਤੇ ਪਾਬੰਦੀ ਲਗਾ ਦਿੱਤੀ ਸੀ। ਬ੍ਰਤਾਨਵੀ ਹਾਊਸ ਔਫ ਕੌਮਨਸ ਵਿਚ ਵਿਦੇਸ਼ ਮੰਤਰਾਲੇ ਦੇ ਸਕੱਤਰ, ਰੌਬਿਨ ਕੁੱਕ ਨੇ 1998 ਵਿਚ ਲੈਂਡ ਮਾਈਨ ਬਿੱਲ ਪੇਸ਼ ਕਰਦਿਆਂ ਡਾਇਨਾ ਨੂੰ ਇਸ ਕਾਰਜ ਦਾ ਸਿਹਰਾ ਦਿੰਦਿਆਂ ਵਿਸ਼ੇਸ਼ ਸ਼ਰਧਾਜ਼ਲੀ ਦਿੱਤੀ ਸੀ।

ਮੈਂ ਡਾਇਨਾ ਨੂੰ ਪਰੀਆਂ ਦੀਆਂ ਕਹਾਣੀਆਂ ਵਾਲੇ ਉਸ ਮਾਇਡਸ ਰਾਜੇ ਵਾਂਗ ਵਿਚਰਦੇ ਵੀ ਦੇਖਿਆ ਹੈ, ਜਿਸ ਬਾਰੇ ਯੂਨਾਨੀ ਮਿਥੀਹਾਸ ਵਿਚ ਕਥਾ ਆਉਂਦੀ ਹੈ ਕਿ ਉਸਦੇ ਹੱਥਾਂ ਵਿਚ ਸਵਰਨ ਛੋਹ (Golden Touch) ਸੀ। ਜਿਸ ਨਾਲ ਰਾਜਾ ਜਿਸ ਵਸਤੂ ਨੂੰ ਵੀ ਹੱਥ ਲਾਉਂਦੀ ਸੀ ਰਾਜੇ ਨੂੰ ਦੇਵਤੇ ਤੋਂ ਮਿਲੇ ਵਰਦਾਨ ਸਦਕਾ ਉਹ ਚੀਜ਼ ਸੋਨਾ ਬਣ ਜਾਂਦੀ ਸੀ। ਰਾਜੇ ਮਾਇਡਸ ਦੇ ਹੱਥਾਂ ਦੀ ਛੋਹ ਵਾਂਗ ਡਾਇਨਾ ਕੋਲ ਵੀ ਮਾਇਡਸ ਟੱਚ ਸੀ। ਉਹ ਮੌਤ ਨੂੰ ਅਵਾਜ਼ਾਂ ਮਾਰ ਰਹੇ ਇਕ ਲਾਇਲਾਜ਼ ਬਿਮਾਰੀ ਦੇ ਰੋਗੀ ਨੂੰ ਇਕ ਵਾਰ ਹੱਥ ਲਾ ਦਿੰਦੀ ਤਾਂ ਅਗਲੇ ਵਿਚ ਜੀਣ ਦੀ ਹਸਰਤ ਪੈਦਾ ਹੋ ਜਾਂਦੀ ਸੀ। ਇਸੇ ਲਈ ਆਪਣੀ ਡਾਇਨਾ ਟੱਚ ਦੇਣ ਡਾਇਨਾ ਅਕਸਰ ਬਿਮਾਰਾਂ ਨੂੰ ਮਿਲਣ ਹਸਪਤਾਲਾਂ ਵਿਚ ਗਾਹੇ-ਬਗਾਹੇ ਜਾਂਦੀ ਆਉਂਦੀ ਰਹਿੰਦੀ ਸੀ। ਬੇਸ਼ੱਕ ਮਰੀਜ਼ਾਂ ਦੇ ਦੁੱਖ ਤੇ ਤਕਲੀਫਾਂ ਦੇਖ ਕੇ ਡਾਇਨਾ ਅਕਸਰ ਦੁੱਖੀ ਹੋ ਜਾਇਆ ਕਰਦੀ ਸੀ। ਪਰ ਉਸਨੇ ਤਮਾਮ ਉਮਰ ਇਸ ਸਮਾਜ ਸੇਵਾ ਨੂੰ ਤਿਲਜ਼ਲੀ ਨਹੀਂ ਸੀ ਦਿੱਤੀ। 

ਰੌਇਲ ਬਰੈਮਪਟਨ ਹਸਪਤਾਲ ਵਿਚ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਗਈ ਡਾਇਨਾ ਨੂੰ ਇਕ ਵਾਰ ਇਕ ਯੂਨਾਨੀ ਲੜਕਾ ਮਿਲਿਆ ਸੀ ਜਿਸਦਾ ਅਸਲ ਨਾਮ ਤਾਂ ਈਓਨਿਸ ਸੀ ਪਰ ਡਾਇਨਾ ਉਸਨੂੰ ਪਿਆਰ ਨਾਲ ਜੌਹਨ ਕਹਿਣ ਲੱਗ ਪਈ ਸੀ। ਕਿਉਂਕਿ ਡਾਇਨਾ ਨੂੰ ਉਸਦੇ ਨਾਮ ਦਾ ਉਚਾਰਨ ਔਖਾ ਲੱਗਦਾ ਸੀ। ਉਹ ਲੜਕਾ ਗਰੀਸ ਦੀ ਸਰਕਾਰ ਵੱਲੋਂ ਲੰਡਨ ਹਸਪਤਾਲ ਗੁਰਦਿਆਂ ਦੀ ਬਦਲੀ ਲਈ ਭਰਤੀ ਕਰਵਾਇਆ ਗਿਆ ਸੀ। ਉਸ ਲੜਕੇ ਨੂੰ ਕੋਈ ਵੀ ਮਿਲਣ ਨਹੀਂ ਸੀ ਆਉਂਦਾ ਤੇ ਇਕੱਲਤਾ ਦਾ ਮਾਰਿਆ ਉਹ ਅਕਸਰ ਉਦਾਸ ਹੋ ਜਾਂਦਾ ਸੀ। ਜਦੋਂ ਡਾਇਨਾ ਨੂੰ ਉਸ ਬਾਰੇ ਪਤਾ ਚੱਲਿਆ ਤਾਂ ਉਹ ਹਫਤੇ ਵਿਚ ਦੋ ਵਾਰ ਉਸਨੂੰ ਮਿਲਣ ਜਾਣ ਲੱਗ ਪਈ ਸੀ। ਡਾਇਨਾ ਮੁਸਲਸਲ ਇਕ ਸਾਲ ਉਸਨੂੰ ਬਿਨਾ ਨਾਗਾ ਹਰ ਹਫਤੇ ਮਿਲਦੀ ਰਹੀ ਸੀ। ਹਸਪਤਾਲ ਜਾਂਦੀ ਹੋਈ ਡਾਇਨਾ ਜੌਹਨ ਲਈ ਗਾਣਿਆਂ ਦੀਆਂ ਸੀਡੀਆਂ, ਮੈਗਜ਼ੀਨ, ਫਿਲਮਾਂ ਅਤੇ ਖਾਣ ਪੀਣ ਦਾ ਸਮਾਨ ਵੀ ਲਿਫਾਫੇ ਭਰ ਕੇ ਲਿਜਾਂਦੀ। ਹਸਪਤਾਲ ਵਾਲੇ ਡਾਇਨਾ ਨੂੰ ਐਮਰਜੈਂਸੀ ਨਿਕਾਸ ਮਾਰਗ ਰਾਹੀਂ ਅੰਦਰ ਵਾੜ੍ਹਦੇ ਅਤੇ ਉਸੇ ਰਾਹੀਂ ਹੀ ਬਾਹਰ ਕੱਢਦੇ ਤਾਂ ਕਿ ਡਾਇਨਾ ਦੇ ਆਉਣ ਬਾਰੇ ਕਿਸੇ ਨੂੰ ਖਬਰ ਨਾ ਹੋ ਸਕੇ। ਡਾਇਨਾ ਉਸਦੇ ਮੰਜੇ 'ਤੇ ਬੈਠ ਕੇ ਉਸਨੂੰ ਅੰਗਰੇਜ਼ੀ ਸਿਖਾਉਂਦੀ ਅਤੇ ਘੰਟਾ ਘੰਟਾ ਉਸਦਾ ਦੁੱਖ-ਸੁੱਖ ਸੁਣਦੀ ਰਹਿੰਦੀ ਸੀ। ਬਦਕਿਸਮਤੀ ਨਾਲ ਜੌਹਨ ਨੂੰ ਕੋਈ ਗੁਰਦੇ ਦਾ ਦਾਨੀ ਨਾ ਮਿਲ ਸਕਿਆ ਤੇ ਉਸਦੀ ਮੌਤ ਹੋ ਗਈ ਸੀ। ਡਾਇਨਾ ਦੋ ਦਿਨ ਆਪਣੇ ਕਮਰੇ ਵਿਚ ਇਕੱਲੀ ਰੋਂਦੀ ਹੋਈ ਜੌਹਨ ਦਾ ਮਾਤਮ ਮਨਾਉਂਦੀ ਰਹੀ ਸੀ। ਡਾਇਨਾ ਲੰਡਨ ਤੋਂ ਗਰੀਸ ਉਚੇਚੀ ਫਲਾਇਟ ਫੜ੍ਹ ਕੇ ਉਸਦੇ ਕ੍ਰਿਆਕਰਮ ਦੀ ਰਸਮ ਵਿਚ ਸ਼ਾਮਿਲ ਹੋਈ ਸੀ।

ਨੈਸ਼ਨਲ ਏਡਜ਼ ਟਰੱਸਟ ਦੀ ਮਦਦ ਲਈ ਡਾਇਨਾ ਅਫਰੀਕਾ ਅਤੇ ਹੋਰ ਮੁਲਖਾਂ ਵਿਚ ਵੀ ਗਈ ਸੀ। ਕੋੜ੍ਹੀਆਂ ਦੀ ਮਦਦ ਲਈ ਡਾਇਨਾ ਖੁਦ ਹਰ ਸਾਲ ਖਰੀਦ ਕੇ ਲੱਖਾਂ ਪੌਂਡਾਂ ਦੀਆਂ ਦਵਾਈਆਂ ਪ੍ਰਿੰਸੈਸ ਔਫ ਵੇਲਜ਼ ਟਰੱਸਟ ਵੱਲੋਂ ਦੀ ਲੈਪੋਰੈਸੀ ਮਿਸ਼ਨ ਨਾਮੀ ਸੰਸਥਾ ਨੂੰ ਦਾਨ ਕਰਿਆ ਕਰਦੀ ਸੀ।

ਡਾਇਨਾ ਨੌਜਵਾਨ ਅਤੇ ਨਬਾਲਗਾਂ ਦੀਆਂ ਜੇਲ੍ਹਾਂ ਅਤੇ ਸੁਧਾਰ ਘਰਾਂ ਵਿਚ ਜਾ ਕੇ ਉਹਨਾਂ ਨੂੰ ਸੁਧਾਰਨ ਅਤੇ ਸਮਾਜ ਸੇਵਾ ਕਰਨ ਲਈ ਵੀ ਪ੍ਰੇਰਿਆ ਕਰਦੀ ਸੀ। ਸੈਂਟਰਪੋਇੰਟ ਨਾਮੀ ਇਕ ਸੰਸਥਾ ਹੈ ਜੋ ਬੇਘਰ ਅਨਾਥ ਨਬਾਲਗਾਂ ਨੂੰ ਓਟ ਆਸਰਾ ਦਿੰਦੀ ਅਤੇ ਜ਼ੁਰਮਾਂ ਤੋਂ ਦੂਰ ਰੱਖਦੀ ਹੈ। ਡਾਇਨਾ ਨੇ ਪਹਿਲੇ ਦਿਨ ਤੋਂ ਇਸ ਸੰਸਥਾ ਨੂੰ ਵੱਡੀਆਂ ਰਕਮਾਂ ਦਾਨ ਕਰਕੇ ਮਦਦ ਦਿੱਤੀ ਸੀ। ਹੁਣ ਡਾਇਨਾ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਵਿਲੀਆਮ ਇਸ ਸੰਸਥਾ ਨਾਲ ਜੁੜ ਕੇ ਆਪਣੀ ਮਾਂ ਦੇ ਫਰਜ਼ ਨਿਭਾਅ ਰਿਹਾ ਹੈ।

ਡਾਇਨਾ ਨ੍ਰਿਤ, ਮੌਸੀਕੀ ਅਤੇ ਕਲਾ ਦੀ ਸ਼ੁਦਾਈ ਸੀ। ਉਸਨੇ ਕਲਾ ਦੇ ਖੇਤਰ ਨੂੰ ਪ੍ਰਫੁਲ਼ਤ ਕਰਨ ਲਈ ਵੀ ਅਹਿਮ ਯੋਗਦਾਨ ਪਾਇਆ ਸੀ ਤੇ ਇੰਗਲੀਸ਼ ਨੈਸ਼ਨਲ ਬੈਲੇਟ ( English National Ballet ) ਨੂੰ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਸਿੱਧੀ ਦਵਾਈ ਸੀ। ਡਾਇਨਾ ਨੇ ਧਨ ਤੋਂ ਇਲਾਵਾ ਆਪਣੀ ਮਕਬੂਲੀਅਤ ਵੀ ਖੈਰਾਤੀ ਸੰਸਥਾਵਾਂ ਦੇ ਲੇਖੇ ਲਾਈ ਸੀ। ਡਾਇਨਾ ਦਾ ਨਾਮ ਵਰਤਣ ਨਾਲ ਹੀ ਬਹੁਤ ਸਾਰੀਆਂ ਸਮਾਜ ਸੇਵਾ ਸੰਸਥਾਵਾਂ ਨੂੰ ਮਾਇਕ ਸਹਾਇਤਾ ਮਿਲ ਜਾਇਆ ਕਰਦੀ ਸੀ।


ਮੈਂ ਅਕਸਰ ਸਮਾਜ ਸੇਵਿਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਹ ਤਨ, ਮਨ ਅਤੇ ਧਨ ਨਾਲ ਸਮਾਜ ਸੇਵਾ ਕਰ ਰਹੇ ਹਨ। ਮਨ ਅਤੇ ਧਨ ਨਾਲ ਤਾਂ ਚਲੋ ਮੰਨਿਆ। ਪਰ ਤਨ ਨਾਲ ਤਾਂ ਸਿਰਫ ਵੇਸਵਾਵਾਂ ਹੀ ਸਮਾਜ ਦੀ ਸੇਵਾ ਕਰਦੀਆਂ ਹਨ। ਕੈਂਪਾਂ ਜਾ ਹਸਪਤਾਲਾਂ ਵਿਚ ਚਰਚਾ ਲਈ ਗੇੜੇ ਮਾਰ ਕੇ ਅਖ਼ਬਾਰਾਂ ਵਿਚ ਫੋਟੋਆਂ ਛਪਵਾਉਣ ਦੇ ਸ਼ੌਕੀਨ ਇਸ ਨੂੰ ਤਨੋਂ ਕੀਤੀ ਸੇਵਾ ਆਖ ਕੇ ਪ੍ਰਚਾਰਦੇ ਹਨ। ਲੇਕਿਨ ਡਾਇਨਾ ਹੀ ਇਕੋ ਇਕ ਸਮਾਜ ਸੇਵਿਕਾ ਸੀ ਜਿਸ ਨੇ ਸਹੀ ਅਰਥਾਂ ਵਿਚ  ਧਨ, ਮਨ ਅਤੇ ਮੇਰੇ ਵਰਗਿਆਂ ਕਈਆਂ ਪ੍ਰੇਮ ਦੇ ਭੁੱਖੇ ਮਰਦਾਂ ਦੀ ਤਨ ਨਾਲ ਸਮਾਜ ਸੇਵਾ ਕੀਤੀ ਸੀ। ਡਾਇਨਾ ਨੂੰ ਰਹਿੰਦੀ ਦੁਨੀਆਂ ਤੱਕ ਸਮਾਜ ਸੇਵਾ ਲਈ ਪਾਏ ਯੋਗਦਾਨ ਬਦਲੇ ਯਾਦ ਕੀਤਾ ਜਾਵੇਗਾ।

No comments:

Post a Comment