A Historic Fiction Novel Based On Late Princess Diana In Punajbi By Balraj Singh Sidhu

Wednesday, 27 February 2013

ਕਾਂਡ 25



ਇਤਿਹਾਸ ਦੇ ਪੰਨੇ 



ਇਤਿਹਾਸ ਬੜ੍ਹਾ ਵਿਚਿੱਤਰ ਅਤੇ ਦਿਲਚਸਪ ਹੁੰਦਾ ਹੈ। ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ, ਸੁਣਦੇ ਜਾਂ ਉਸਦਾ ਅਧਿਐਨ ਕਰਦੇ ਹਾਂ ਤਾਂ ਉਹ ਸਾਨੂੰ ਰੌਚਕ ਜਾਪਦਾ ਹੈ। ਜਦੋਂ ਇਤਿਹਾਸ ਬਹੁਤ ਪੁਰਾਣਾ ਹੋ ਜਾਂਦਾ ਹੈ ਤੇ ਉਸਦੇ ਸਬੂਤ ਸਾਡੇ ਹੱਥੋਂ ਕਿਰ ਜਾਂਦੇ ਹਨ ਤਾਂ ਉਹ ਮਿਥਿਹਾਸ ਬਣ ਜਾਂਦਾ ਹੈ ਤੇ ਸਾਨੂੰ ਅਦਭੁਤ, ਅਜ਼ੀਬ ਤੇ ਹੈਰਾਨੀਜਨਕ ਪ੍ਰਤੀਤ ਹੋਣ ਲੱਗ ਜਾਂਦਾ ਹੈ। ਤਵਾਰੀਖ ਨੂੰ ਸਾਂਭਿਆ ਇਸ ਲਈ ਜਾਂਦਾ ਹੈ ਕਿ ਜੋ ਘਟਨਾ ਇਕ ਵਾਰ ਘੱਟ ਗਈ ਹੈ, ਉਸ ਵਿਚ ਕੀਤੀਆਂ ਗਲਤੀ ਤੋਂ ਸਬਕ ਲੈ ਕੇ ਉਸਨੂੰ ਦੁਬਾਰਾ ਵਾਪਰਨ ਨਾ ਦਿੱਤਾ ਜਾਵੇ। ਪਰ ਅਜਿਹਾ ਕਈ ਵਾਰ ਹੁੰਦਾ ਨਹੀਂ। ਇਕ ਵਾਰ ਘਟੀ ਘਟਨਾ ਹੂਬਾਹੂ ਦੁਬਾਰਾ ਘਟ ਜਾਂਦੀ ਹੈ। ਬਲਰਾਜ ਸਿੰਘ ਸਿੱਧੂ (ਇਸੇ ਨਾਵਲ ਦਾ ਨਾਵਲਕਾਰ) ਆਪਣੇ ਨਾਵਲ ਵਸਤਰ ਵਿਚ ਲਿੱਖਦਾ ਹੈ ਕਿ ਕਹਾਣੀਆਂ ਉਹੀ ਰਹਿੰਦੀਆਂ ਹਨ। ਮਹਿਜ਼ ਸਮਾਂ, ਸਥਾਨ ਅਤੇ ਪਾਤਰ ਬਦਲ ਜਾਂਦੇ ਹਨ। ਡਾਇਨਾ ਤੇ ਮੇਰੇ ਦੇ ਸੰਦਰਭ ਵਿਚ ਵੀ ਅਜਿਹਾ ਕੁਝ ਵਾਪਰਿਆ ਸੀ। ਇਤਿਹਾਸ ਨੇ ਆਪਣੇ ਆਪ ਨੂੰ ਦੁਬਾਰਾ ਖੁਦ-ਬਾ-ਖੁਦ ਦੁਹਰਾਇਆ ਸੀ। 





ਪੈਰਿਸ ਨੂੰ ਪਹਿਲਾਂ ਲੂਟੀਟੀਆ ਕਿਹਾ ਜਾਂਦਾ ਸੀ। ਯੂਰਪ ਦੇ ਵਿਚ ਸਦੀਆਂ ਪਹਿਲਾਂ ਕੈਲਟਿਕ ਜਾਤੀ ਦੇ ਲੋਕ ਹੋਏ ਹਨ। ਉਹਨਾਂ ਕੈਲਟਿਕ ਗੂਲਿਕ ਲੋਕਾਂ ਨੂੰ ਮਿਹਨਤੀ ਹੋਣ ਕਰਕੇ ਪੈਰੀਸੀ ਕਿਹਾ ਜਾਂਦਾ ਸੀ, ਜਿਸ ਦਾ ਅਰਥ ਹੈ ਮਿਹਨਤਕਸ਼ ਮਜ਼ਦੂਰ।ਜਦੋਂ ਇਹ ਲੋਕ ਲੁਟੀਟੀਆ ਵਿਚ ਆ ਕੇ ਵਸੇ ਤੇ ਇਥੇ ਇਹਨਾਂ ਦਾ ਗੜ੍ਹ ਬਣ ਗਿਆ ਤਾਂ ਲੁਟੀਟੀਆ ਨੂੰ ਪੈਰੀਸੀ ਲੋਕਾਂ ਦਾ ਸ਼ਹਿਰ ਪੈਰੀਸੀ ਆਖਿਆ ਜਾਣ ਲੱਗ ਪਿਆ ਤੇ ਇਉਂ ਅੱਜ ਦੇ ਪੈਰਿਸ ਦਾ ਨਾਮ ਪੈਰਿਸ ਪੈ ਗਿਆ। ਇਸ ਤੋਂ ਵੀ ਪਿੱਛੇ ਨਜ਼ਰ ਮਾਰੀਏ ਤਾਂ ਕੈਲਟਿਕ ਲੋਕਾਂ ਦਾ ਮਿਥਿਹਾਸ ਕਹਿੰਦਾ ਹੈ ਕਿ ਸਦੀਆਂ ਪਹਿਲਾਂ ਇਥੇ ਵਸੇ ਲੋਕ ਚੰਦਰਮਾ ਦੇਵੀ ਡਾਇਨਾ ਦੀ ਪੂਜਾ ਕਰਿਆ ਕਰਦੇ ਸਨ। ਪੂਜਾ ਕਰਨ ਲਈ ਉਹਨਾਂ ਨੇ ਸ਼ਹਿਰ ਤੋਂ ਬਾਹਰ ਗੂਫਾਵਾਂ ਬਣਾਈਆਂ ਹੋਈਆਂ ਸਨ। ਚੰਦਰਮਾ ਦੇਵੀ ਡਾਇਨਾ ਦਾ ਹਨੇਰੇ ਦੇ ਦੇਵਤਾ ਆਰਟੋਸ ਨਾਲ ਇਸ਼ਕ ਸੀ। ਪਰ ਸੂਰਜ ਦੇਵਤਾ ਗਲਰਾਇਡ ਵੀ ਡਾਇਨਾ 'ਤੇ ਮਰਦਾ ਸੀ। ਜਦ ਗਲਰਾਇਡ ਨੂੰ ਡਾਇਨਾ ਨਾ ਪ੍ਰਾਪਤ ਹੋਈ ਤਾਂ ਉਸਨੇ ਡਾਇਨਾ ਨੂੰ ਮਾਰ ਦਿੱਤਾ ਸੀ। ਜਿਥੇ ਡਾਇਨਾ ਨੂੰ ਮਾਰਿਆ ਸੀ, ਉਸ ਸਥਾਨ ਉੱਤੇ ਕੈਲਟਿਕ ਲੋਕਾਂ ਦੇ ਡਾਇਨਾ ਦਾ ਗੁਫਾ ਵਿਚ ਮੰਦਰ ਬਣਾ ਕੇ ਉਸਦੀ ਪੂਜਾ ਕਰਨੀ ਆਰੰਭ ਦਿੱਤੀ ਸੀ।ਸਮੇਂ ਦੇ ਨਾਲ ਸ਼ਹਿਰ ਫੈਲਰਦਾ ਗਿਆ ਤੇ ਮੰਦਰ ਵਾਲੀ ਗੁਫਾ ਸ਼ਹਿਰ ਵਿਚ ਆ ਗਈ।ਵਿਕਾਸ ਹੋਇਆ ਤੇ ਆਧਨਿਕ ਯੁੱਗ ਵਿਚ ਉਹ ਮੰਦਰ ਦੱਬਿਆ ਗਿਆ  ਤੇ ਉਸ ਉਪਰ ਸੜਕਾਂ ਬਣ ਗਈਆਂ। ਉਹ ਮੰਦਰ ਅੱਜ ਵੀ ਪੌਂਟ ਡੀ ਐਲਮਾਂ ਸੁਰੰਗ ਦੇ ਬਿਲਕੁਲ ਹੇਠ ਮੰਨਿਆ ਜਾਂਦਾ ਹੈ।ਪੌਂਟ ਡੀ ਐਲਮਾ ਦਾ ਮਤਲਬ ਚੰਦਰਮਾ ਦੇਵੀ ਡਾਇਨਾ ਦਾ ਮਾਰਗ ਹੈ। ਭਾਵੇਂ ਇਹ ਮਿਥਿਹਾਸ ਹੈ। ਪਰ ਇਕ ਪਲ ਲਈ ਸੋਚਿਆ ਜਾਵੇ ਤਾਂ ਮੇਰੀ ਪ੍ਰਿੰਸੈਸ ਡਾਇਨਾ ਨੇ ਵੀ ਉਸੇ ਸਥਾਨ 'ਤੇ ਆ ਹੀ ਮਰਨਾ ਸੀ? ਹਾਦਸੇ ਵਿਚੋਂ ਡਾਇਨਾ ਜ਼ਿੰਦਾ ਬਚ ਗਈ ਸੀ। ਪਰ ਜਲਦੀ ਨਾਲ ਹਸਪਤਾਲ ਲਿਜਾਣ ਦੀ ਬਜਾਏ ਉਸਨੂੰ ਕਾਫੀ ਦੇਰ ਤੱਕ ਐਬੂਲੈਂਸ ਵਾਲਿਆਂ ਨੇ ਪੌਂਟ ਡੀ ਐਲਮਾਂ ਟਨਲ ਵਿਚ ਹੀ ਰੱਖਿਆ। ਸ਼ਾਇਦ ਕੋਈ ਗੈਬੀ ਸ਼ਕਤੀ ਅਜਿਹਾ ਚਾਹੁੰਦੀ ਸੀ ਕਿ ਪ੍ਰਿੰਸੈਸ ਡਾਇਨਾ ਉਥੇ ਹੀ ਮਰੇ।



ਖੈਰ, ਇਹ ਤਾਂ ਮਿਥਿਹਾਸ ਸੀ। ਪਰ ਜੇਕਰ ਇਤਿਹਾਸ ਨੂੰ ਫਰੋਲੀਏ ਤਾਂ ਇਕ ਹੋਰ ਕਹਾਣੀ ਵੀ ਇਤਿਹਾਸ ਆਪਣੇ ਪੰਨ੍ਹਿਆਂ 'ਤੇ ਦਰਜ਼ ਕਰੀ ਬੈਠਾ ਹੈ।  ਸਪੈਂਸਰ ਖਾਨਦਾਨ ਦੀ ਪ੍ਰਾਪਤ ਹੁੰਦੀ ਵੰਸ਼ਾਵਲੀ ਮੁਤਾਬਕ ਇਸ ਘਰਾਣੇ ਦਾ ਮੁੱਢ ਵਿਲੀਅਮ ਲੀ ਡੀਸਪੈਂਸਰ (1263-1330) ਤੋਂ ਬੱਝਦਾ ਹੈ। ਇਤਿਹਾਸ ਦੱਸਦਾ ਹੈ ਕਿ ਇੰਗਲੈਂਡ ਵਿਚ ਸਪੈਂਸਰ ਵੰਸ਼ ਖ਼ੂਬਸੂਰਤ ਕੁੜੀਆਂ ਪੈਦਾ ਕਰਨ ਲਈ ਮਸ਼ਹੂਰ ਰਿਹਾ ਹੈ। ਇਸੇ ਲਈ ਇਹਨਾਂ ਦੀਆਂ ਲੜਕੀਆਂ ਦੇ ਹਮੇਸ਼ਾਂ ਅਮੀਰ ਅਤੇ ਉੱਚ ਘਰਾਣਿਆਂ ਵਿਚ ਵਿਆਹ ਹੁੰਦੇ ਰਹੇ ਹਨ। ਦਿਲਚਸਪ ਗੱਲ ਤਾਂ ਇਹ ਹੈ ਕਿ ਸਪੈਂਸਰ ਪਰਿਵਾਰ ਦੀਆਂ ਬਹੁਤੀਆਂ ਸਪੁੱਤਰੀਆਂ ਦੇ ਅਲੜ ਉਮਰੇ ਬੁੱਢੇ ਧਨਾਢਾਂ ਨਾਲ ਵਿਆਹ ਹੁੰਦੇ ਰਹੇ ਹਨ ਤੇ ਕੁਝ ਸਾਲਾਂ ਬਾਅਦ ਉਹ ਆਪਣੇ ਜਵਾਨ ਪ੍ਰੇਮੀਆਂ ਨਾਲ ਸੰਬੰਧ ਸਥਾਪਿਤ ਕਰਕੇ ਇਸ ਬੰਧਨ ਤੋਂ ਮੁਕਤ ਹੁੰਦੀਆਂ ਰਹੀਆਂ ਹਨ।


ਸ਼ਹਿਜ਼ਾਦੀ ਡਾਇਨਾ ਦੇ ਜਨਮ ਤੋਂ ਤਕਰੀਬਨ 200 ਸਾਲ ਪਹਿਲਾਂ 7 ਜੂਨ 1757 ਵਿਚ ਜੌਹਨ ਸਪੈਂਸਰ (ਪਹਿਲਾ ਅਰਲ) ਦੇ ਘਰ ਅਲਥਰੋਪ ਅਸਟੇਟ ਵਿਖੇ ਮਾਰਗਰਟ ਜੌਰਜ਼ੀਨੀਆ ਦੀ ਕੁੱਖੋਂ ਲੇਡੀ ਜੌਰਜ਼ੀਨੀਆ ਸਪੈਂਸਰ ਪੈਦਾ ਹੋਈ ਸੀ। ਡਾਇਨਾ ਵਾਂਗ ਉਹਦਾ ਨਾਮ ਵੀ ਮਾਤਾ ਅਤੇ ਪਿਤਾ ਦੇ ਨਾਮ ਦਾ ਮਿਸ਼ਰਣ ਸੀ ਤੇ ਦੋਨੋਂ ਜੂਨ ਦੇ ਪਹਿਲੇ ਹਫਤੇ ਜੰਮੀਆਂ ਸਨ। ਪੁਰਾਤਨ ਅੰਗਰੇਜ਼ ਪਰਿਵਾਰਾਂ ਵਿਚ ਬੱਚੇ ਦੇ ਨਿੱਜੀ ਨਾਮ ਨਾਲ ਦੋਨੋਂ ਮਾਪਿਆਂ ਜਾਂ ਖਾਨਦਾਨ ਦੇ ਵਡੇਰੇ ਦਾ ਨਾਂ ਲਗਾਉਣ ਦੀ ਰੀਤ ਸੀ। ਡਾਇਨਾ ਦੇ ਪੂਰੇ ਨਾਮ ਡਾਇਨਾ ਫਰੈਂਸਿਸ ਸਪੈਂਸਰ ਵਿਚ ਫਰੈਂਸਿਸ ਉਸਦੀ ਮਾਤਾ ਦਾ ਨਾਮ ਸੀ। ਇੱਥੇ ਜੌਰਜ਼ੀਨੀਆ ਅਤੇ ਡਾਇਨਾ ਵਿਚ ਦੋ ਗੱਲਾਂ ਰਲ੍ਹਦੀਆਂ ਹਨ। ਡਾਇਨਾ ਦੇ ਬਾਪ ਦਾ ਨਾਮ ਵੀ ਜੌਹਨ ਸੀ ਤੇ ਜੌਰਜ਼ੀਨੀਆ ਦਾ ਪਿਤਾ ਵੀ ਜੌਹਨ ਸੀ। ਜੌਰਜ਼ੀਨੀਆ ਦਾ ਪਿਤਾ ਸਪੈਂਸਰ ਪਰਿਵਾਰ ਦਾ ਪਹਿਲਾ ਅਰਲ ਬਣਿਆ ਸੀ ਤੇ ਡਾਇਨਾ ਦਾ ਪਿਤਾ ਅੱਠਵਾਂ। ਅਰਲ ਇੰਗਲੈਂਡ ਵਿਚ ਅਮੀਰ ਜਾਗੀਰਦਾਰਾਂ ਨੂੰ ਦਿੱਤੀ ਜਾਣ ਵਾਲੀ ਪਦਵੀ ਹੈ ਤੇ ਉਹਨਾਂ ਨੂੰ ਲੌਰਡ ਅਤੇ ਉਹਨਾਂ ਦੀ ਪਤਨੀ ਨੂੰ ਲੇਡੀ ਕਿਹਾ ਜਾਂਦਾ ਹੈ। ਅੱਗੋਂ ਉਹਨਾਂ ਦੇ ਬੱਚਿਆਂ ਨੂੰ ਵੀ ਲਾਰਡ ਅਤੇ ਲੇਡੀ ਸ਼ਬਦ ਨਾਲ ਸਤਿਕਾਰ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ। ਜਿਸ ਦਾ ਅਰਥ ਸ਼ਾਹੂਕਾਰ, ਨਵਾਬ ਜਾਂ ਰਈਸ ਹੁੰਦਾ ਹੈ। ਡਾਇਨਾ ਦੇ ਮਾਪਿਆਂ ਵਾਂਗ ਜੌਰਜ਼ੀਨੀਆ ਦੇ ਮਾਪਿਆਂ ਵਿਚਕਾਰ ਬਹੁਤੀ ਬਣਦੀ ਨਹੀਂ ਸੀ।

ਹੁਸਨ ਪੱਖੋਂ ਜੌਰਜ਼ੀਨੀਆ ਵੀ ਉੱਚੀ, ਲੰਮੀ ਪਤਲੀ ਨਿਰੀ ਅੱਗ ਦੀ ਲਾਟ ਸੀ। ਕਹਿੰਦੇ ਹਨ ਜੌਰਜ਼ੀਨੀਆ ਦੀਆਂ ਮਿਸ਼ਾਲਾਂ ਵਰਗੀਆਂ ਅੱਖਾਂ ਉਦੋਂ ਸਾਰੇ ਇੰਗਲੈਂਡ ਵਿਚ ਮਸ਼ਹੂਰ ਸਨ। ਇਕ ਵਾਰ ਅਲਥਰੋਪ ਅਸਟੇਟ ਵਿਚ ਜੌਰਜ਼ੀਨੀਆ ਬੱਘੀ 'ਚੋਂ ਉਤਰੀ ਤਾਂ ਇਕ ਜਮਾਦਾਰ ਨੇ ਉਸ ਕੋਲ ਆ ਕਿ ਕਿਹਾ ਕਿ ਮੇਰੇ ਸ਼ਿਗਾਰ ਵੱਲ ਇਕ ਨਜ਼ਰ ਦੇਖ ਕੇ ਇਸਨੂੰ ਜਲਾ ਦੇਵੇਂ ਤਾਂ ਤੇਰੀ ਮਿਹਰਬਾਨੀ ਹੋਵੇਗੀ। ਇਸ ਘਟਨਾਂ ਤੋਂ ਬਾਅਦ  ਜੌਰਜ਼ੀਨੀਆ ਨੂੰ ਆਪਣੀਆਂ ਕਾਤਲ ਅੱਖਾਂ ਬਾਰੇ ਕਿਸੇ ਹੋਰ ਦੀ ਕੀਤੀ ਸਿਫਤ ਜਮਾਦਾਰ ਦੀ ਤਾਰੀਫ ਮੁਕਾਬਲੇ ਫਿੱਕੀ ਜਾਪਣ ਲੱਗ ਗਈ ਸੀ।

ਜੌਰਜ਼ੀਨੀਆ ਥੌਮਸ ਗੇਨਜ਼ਬਰਗ ਅਤੇ ਜਸੂਹਾ ਰੇਅਨਲਡਸ ਮੂਹਰੇ ਬੁੱਤ ਬਣ ਕੇ ਬੈਠ ਜਾਂਦੀ ਸੀ ਤੇ ਉਹ ਉਸਦੀਆਂ ਤਸਵੀਰਾਂ ਬਣਾਉਂਦੇ ਰਹਿੰਦੇ ਸਨ। ਡਾਇਨਾ ਮਾਰੀਓ ਟੈਸਟੀਨੋ ਮੂਹਰੇ ਪੋਜ਼ ਬਣਾ ਕੇ ਫੋਟੋ ਸ਼ੂਟ ਕਰਵਾਉਂਦੀ ਸੀ। ਦੋਨਾਂ ਨੂੰ ਹੀ ਤਸਵੀਰਕਸ਼ ਹੋਣ ਦਾ ਸ਼ੌਂਕ ਸੀ।

ਡਾਇਨਾ ਜ਼ਿਆਦਾਤਰ ਆਪਣਾ ਮੋਨੋਗ੍ਰਾਮ ਡੀ ਹੀ ਵਰਤਿਆ ਕਰਦੀ ਸੀ ਤੇ ਜੌਰਜ਼ੀਨੀਆ ਜੀ, ਜੋ ਇਹਨਾਂ ਦੋਨਾਂ ਦੇ ਨਾਮ ਦਾ ਪਹਿਲਾ ਅੰਗਰੇਜ਼ੀ ਅੱਖਰ ਹੈ। ਡਾਇਨਾ ਦਾ ਵਿਆਹ 20 ਸਾਲ ਦੀ ਅੱਲੜ ਉਮਰ ਵਿਚ ਹੋ ਗਿਆ ਸੀ ਤੇ ਜੌਰਜ਼ੀਨੀਆਂ ਦੀ ਸ਼ਾਦੀ ਵੀ ਜਵਾਨੀ ਦੀਆਂ ਦਹਿਲੀਜ਼ਾਂ 'ਤੇ ਪੈਰ ਰੱਖਦਿਆਂ ਸਤਾਰਵੇਂ ਜਨਮਦਿਨ 'ਤੇ ਉਸ ਤੋਂ ਕਈ ਸਾਲ ਵੱਡੇ ਪੱਕੜ ਉਮਰ ਵਾਲੇ ਡੈਵਨਸ਼ਾਇਰ, ਲੰਡਨ ਦੇ ਪੰਜਵੇਂ ਡਿਊਕ ਵਿਲੀਅਮ ਕੈਵਨਡਿੱਸ਼ (14 ਦਸੰਬਰ 1748 – 29 ਜੁਲਾਈ 1811) ਨਾਲ 7 ਜੂਨ 1774 ਨੂੰ ਹੋ ਗਿਆ ਸੀ। ਡਾਇਨਾ ਵਾਂਗ ਜੌਰਜ਼ੀਨੀਆ ਨੇ ਵੀ ਵਿਆਹ ਦੌਲਤ ਅਤੇ ਸ਼ੁਹਰਤ ਪ੍ਰਾਪਤ ਕਰਨ ਦੇ ਚਾਅ ਵਿਚ ਕਰਵਾਇਆ ਸੀ। ਜਿਵੇਂ ਵਿਆਹ ਬਾਅਦ ਡਾਇਨਾ ਨੂੰ ਹਰ ਰੌਇਲ ਹਾਈਨੈੱਸ ਪ੍ਰਿੰਸੈਸ ਔਫ ਵੇਲਜ਼ ਦਾ ਟਾਇਟਲ ਮਿਲਿਆ ਸੀ, ਉਵੇਂ ਜੌਰਜ਼ੀਨੀਆ ਨੂੰ ਹਰ ਗ੍ਰੇਸ, ਦਾ ਡੱਚਿਜ਼ ਔਫ ਡੈਵਨਸ਼ਾਇਰ ਦਾ ਲਕਬ ਮਿਲ ਗਿਆ ਸੀ। ਉਹਨਾਂ ਪਤੀ ਪਤਨੀ ਦਾ ਮਨ ਵੀ ਪਹਿਲੇ ਦਿਨ ਤੋਂ ਨਹੀਂ ਸੀ ਮਿਲਿਆ। ਜੌਰਜ਼ੀਨੀਆ ਦਾ ਖਾਨਦਾਨ ਰੁਤਬੇ ਵਜੋਂ ਡਿਊਕ ਵਿਲੀਅਮ ਕੈਵਨਡਿੱਸ਼ ਦੇ ਘਰਾਣੇ ਤੋਂ ਨਿਵਾ ਸੀ। ਜੌਰਜ਼ੀਨੀਆ ਨੂੰ ਉੱਚ ਪਰਿਵਾਰ ਦੇ ਕਾਰਵਿਹਾਰ ਅਤੇ ਰਹੁ-ਰੀਤਾਂ ਦਾ ਬਹੁਤਾ ਗਿਆਨ ਨਹੀਂ ਸੀ। ਇਸ ਨਾਲ ਜੌਰਜ਼ੀਨੀਆ ਲਈ ਅਨੇਕਾਂ ਹੋਰ ਵੀ ਸਮੱਸਿਆਵਾਂ ਪੈਦਾ ਹੋ ਗਈਆਂ ਸਨ। ਡਿਊਕ ਅੰਦਰ ਆਪਣਾ ਵੰਸ਼ ਵਧਾਉਣ ਲਈ ਪੁੱਤਰ ਪ੍ਰਾਪਤੀ ਦੀ ਇੱਛਾ ਸੀ। ਲੇਕਿਨ ਜਦੋਂ ਜੌਰਜ਼ੀਨੀਆ ਕੈਵਨਡਿੱਸ਼, ਡੈਵਨਸ਼ਾਇਰ ਦੀ ਡੱਚਿਜ਼ ਨੌ ਸਾਲ ਤੱਕ ਕੋਈ ਤੰਦਰੁਸਤ ਬੱਚਾ ਨਾ ਪੈਦਾ ਕਰ ਸਕੀ। ਉਸਦੇ ਦੋ ਜਨੇਪੇ ਹੋਏ, ਪਰ ਬੱਚੇ ਮਰੇ ਹੋਏ ਪੈਦਾ ਹੁੰਦੇ ਰਹੇ। ਇਹ ਵੀ ਰੌਚਕ ਤੱਥ ਹੈ ਕਿ ਸਪੈਂਸਰ ਖਾਨਦਾਨ ਦੇ ਬਹੁਤੇ ਬੱਚੇ ਆਪਣੀ ਪੂਰੀ ਆਯੂ ਹੰਢਾਏ ਬਿਨਾ ਜਲਦੀ ਮਰਦੇ ਰਹੇ ਹਨ। 

ਡਾਇਨਾ ਵਾਂਗ ਜੌਰਜ਼ੀਨੀਆ ਨੂੰ ਵੀ ਚਿੱਠੀਆਂ ਲਿੱਖਣ ਦਾ ਸ਼ੌਂਕ ਸੀ ਤੇ ਵਧੀਆ ਚਿੱਠੀਆਂ ਲਿੱਖਦੀ ਸੀ। ਜੌਰਜ਼ੀਨੀਆ ਨੇ ਆਪਣੇ ਜੀਵਨ ਕਾਲ ਵਿਚ 12 ਲੱਖ ਚਿੱਠੀਆਂ ਆਪਣੇ ਹੱਥੀਂ ਲਿੱਖ ਕੇ ਪਾਈਆਂ ਸਨ ਤੇ ਡਾਇਨਾ ਨੇ ਦੱਸ ਲੱਖ। ਜੌਰਜ਼ੀਨੀਆ ਇਕ ਵਧੀਆ ਲੇਖਿਕਾ ਸੀ ਤੇ ਬਹੁਤ ਉਮਦਾ ਕਵਿਤਾਵਾਂ ਲਿੱਖਿਆ ਕਰਦੀ ਸੀ। 1779-80 ਵਿਚ ਉਸਨੇ ਇਕ ਨਾਵਲ ਆਪਣੀ ਦਾਸੀ ਸੋਫੀਆ ਬਰੀਸਕੋ ਦੀ ਮਦਦ ਨਾਲ ਲਿੱਖ ਕੇ ਵੀ ਛਪਵਾਇਆ ਸੀ।

ਆਖੀਰ 1783 ਵਿਚ  ਜੌਰਜ਼ੀਨੀਆ ਦੇ ਇਕ ਲੜਕੀ  ਜੌਰਜ਼ੀਨੀਆ ਹੌਵਰਡ ਉਰਫ ਲਿਟਲ ਜੀ ਪੈਦਾ ਹੋਈ ਗਈ ਸੀ। ਜਿਵੇਂ ਡਾਇਨਾ ਦੇ ਦੂਜੇ ਪੁੱਤਰ ਹੈਰੀ ਦੇ ਜਨਮ ਸਮੇਂ ਪ੍ਰਿੰਸ ਚਾਰਲਸ ਹੈਰੀ ਨੂੰ ਇਕ ਨਜ਼ਰ ਦੇਖਣ ਬਾਅਦ ਪੋਲੋ ਖੇਡਣ ਚਲਾ ਗਿਆ ਸੀ। ਉਸੇ ਪ੍ਰਕਾਰ  ਜੌਰਜ਼ੀਨੀਆ ਦਾ ਪਤੀ ਵਿਲੀਅਮ ਵੀ ਹੈਰੋ ਨੂੰ ਇਕ ਨਜ਼ਰ ਤੱਕ ਬਾਅਦ ਹਿਕਾਰਤ ਵਿਚ ਸ਼ਿਕਾਰ ਖੇਡਣ ਚਲਾ ਗਿਆ ਸੀ। ਚਾਰਲਸ ਅਤੇ ਵਿਲੀਅਮ ਦੋਨੋਂ ਬਹੁਤਾ ਸਮਾਂ ਸ਼ਿਕਾਰ ਖੇਡਣ ਵਿਚ ਬਤੀਤ ਕਰਦੇ ਸਨ। 
ਇਸ ਤੋਂ ਉਪਰੰਤ ਜੌਰਜ਼ੀਨੀਆ ਅਤੇ ਵਿਲੀਅਮ ਦਾ ਰਿਸ਼ਤਾ ਬੂਰੀ ਤਰ੍ਹਾਂ ਤਿੜਕਦਾ ਗਿਆ ਸੀ। ਵਿਲੀਅਮ ਦੇ ਸ਼ਾਦੀ ਤੋਂ ਪਹਿਲਾਂ ਅਨੇਕਾਂ ਔਰਤਾਂ ਨਾਲ ਸ਼ਰੀਰਕ ਸੰਬੰਧ ਰਹਿ ਚੁੱਕੇ ਸਨ ਤੇ ਸ਼ਾਦੀ ਤੋਂ ਬਾਅਦ ਵੀ ਉਸਨੇ ਤੀਵੀਂਬਾਜ਼ੀ ਛੱਡੀ ਨਹੀਂ ਸੀ। ਇੱਕ ਨੌਕਰਾਣੀ ਸ਼ਾਰਲਟ ਸਪੈਂਸਰ ਤੋਂ ਉਸਦੇ ੧੭੮੧ ਵਿਚ ਲੜਕੀ ਵੀ ਪੈਦਾ ਹੋਈ ਸੀ, ਜਿਸਦਾ ਨਾਮ ਸ਼ਾਰਲਟ ਵਿਲੀਅਮਸ ਸੀ। ਦਾਸੀ ਤੋਂ ਪੈਦਾ ਹੋਈ ਵਿਲੀਅਮ ਕੈਵਨਡਿੱਸ਼ ਦੀ ਲੜਕੀ ਸ਼ਾਰਲਟ ਨੂੰ ਵੀ  ਜੌਰਜ਼ੀਨੀਆ ਨੂੰ ਹੀ ਪਾਲਣਾ ਪਿਆ ਸੀ, ਕਿਉਂਕਿ ਉਸਦੀ ਨੌਕਰਾਨੀ ਮਾਂ ਮਰ ਗਈ ਸੀ। ਡਾਇਨਾ ਵਾਂਗ ਜੌਰਜ਼ੀਨੀਆ ਦਾ ਵੀ ਆਪਣੇ ਬੱਚਿਆਂ ਨਾਲ ਖਾਸ ਲਗਾਅ ਸੀ। 

ਜੌਰਜ਼ੀਨੀਆ, ਜਵਾਨ ਅਤੇ ਖ਼ੂਬਸੂਰਤ ਸੀ। ਲੋਕ ਉਸ ਵੱਲ ਮੱਲੋ-ਮੱਲੀ ਖਿੱਚੇ ਚਲੇ ਜਾਂਦੇ ਸਨ। ਉਹ ਅੰਗਰੇਜ਼ੀ ਤੋਂ ਇਲਾਵਾ ਲੈਟਿਨ, ਇਟੈਲੀਅਨ ਅਤੇ ਫਰੈਂਚ ਭਾਸ਼ਾਵਾਂ ਸਿੱਖੀ ਹੋਈ ਸੀ। ਘੋੜ-ਸਵਾਰੀ ਅਤੇ ਨ੍ਰਿਤ ਉਸਦੇ ਸ਼ੌਂਕ ਰਹੇ ਸਨ। ਵਿਲੀਅਮ ਕੈਵਨਡਿੱਸ਼ ਅਤੇ ਜੌਰਜ਼ੀਨੀਆ ਵਿਚਕਾਰ ਅਕਸਰ ਤਕਰਾਰ ਰਹਿੰਦਾ ਸੀ। ਵਿਲੀਅਮ ਆਪਣੀਆਂ ਸ਼ਰੀਰਕ ਲੋੜ੍ਹਾਂ ਹੋਰ ਇਸਤਰੀਆਂ ਤੋਂ ਪੂਰੀਆਂ ਕਰਦਾ ਰਹਿੰਦਾ ਤੇ ਜੌਰਜ਼ੀਨੀਆ ਤਨਹਾਈ ਦਾ ਸ਼ਿਕਾਰ ਹੋ ਗਈ ਸੀ। ਸੁਨੱਖੀ ਹੋਣ ਕਰਕੇ ਰਾਜਨੀਤਕ ਲੋਕ ਉਸਨੂੰ ਮਹਿਫਲਾਂ ਵਿਚ ਬੁਲਾਉਂਦੇ ਰਹਿੰਦੇ ਤੇ ਉਹ ਵੀ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਪਾਰਟੀਆਂ ਦਿੰਦੀ ਰਹਿੰਦੀ। ਜੌਰਜ਼ੀਨੀਆਂ ਨੂੰ ਨਿੱਤ ਨਵੇਂ ਕੱਪੜੇ ਪਹਿਨਣ ਦਾ ਚਾਅ ਸੀ ਤੇ ਉਸਨੇ ਆਪਣੇ ਆਪ ਨੂੰ ਫੈਸ਼ਨ ਦੀ ਦੁਨੀਆਂ ਵਿਚ ਡਬੋ ਲਿਆ ਸੀ। ਜਿਵੇਂ ਡਾਇਨਾ ਨੂੰ ਲੋਕਾਂ ਨੇ 'ਦਿਲਾਂ ਦੀ ਰਾਣੀ (Queen of Hearts)' ਦੀ ਉਪਾਧੀ ਦਿੱਤੀ ਹੋਈ ਸੀ, ਉਸੇ ਤਰ੍ਹਾਂ  ਜੌਰਜ਼ੀਨੀਆ ਨੂੰ 'ਫੈਸ਼ਨ ਦੀ ਮਲਕਾ (Empreoress of Fashion)' ਦੇ ਲਕਬ ਨਾਲ ਨਿਵਾਜਿਆ ਹੋਇਆ ਸੀ।  ਜੌਰਜ਼ੀਨੀਆ ਇਕ ਵਾਰ ਜਿਹੜਾ ਕੱਪੜਾ ਪਹਿਨ ਲੈਂਦੀ ਸੀ, ਲੋਕ ਉਸਦੀ ਦੀ ਰੀਸ ਨਾਲ ਉਹੋ ਜਿਹੇ ਕਪੜੇ ਪਹਿਣ ਲੱਗ ਜਾਂਦੇ ਸਨ। ਜੌਰਜ਼ੀਨੀਆ ਲਈ ਦਰਜੀ ਉਚੇਚੇ ਕੱਪੜੇ ਸਿਉਂਦੇ। ਉਹ ਕੋਈ ਲਿਬਾਸ ਪਹਿਨਦੀ ਤਾਂ ਉਸੇ ਦਾ ਫੈਸ਼ਨ ਤੁਰ ਪੈਂਦਾ। ਪੱਛਮ ਵਿਚ ਜਨਾਨਾ ਲੰਮੀਆਂ ਫਰਾਕਾਂ ਉੱਪਰ ਦੀ ਲੱਕ 'ਤੇ ਬੈੱਲਟ ਅਤੇ ਬੱਦਰੀਆਂ ਬੰਨ੍ਹਣ ਦਾ ਰਿਵਾਜ਼ ਜੌਰਜ਼ੀਨੀਆ ਨੇ ਤੋਰਿਆ ਸੀ। ਜਾਨਵਰਾਂ ਦੇ ਖੰਭਾਂ ਵਾਲੀਆਂ ਅਮੀਰ ਔਰਤਾਂ ਵੱਲੋਂ ਪਹਿਨੀਆਂ ਜਾਣ ਵਾਲੀਆਂ ਵੱਡੀਆਂ ਟੋਪੀਆਂ ਵੀ ਫੈਸ਼ਨ ਸੰਸਾਰ ਨੂੰ ਉਸੇ ਦੀ ਹੀ ਦੇਣ ਹੈ। ਉਹ ਤਿੰਨ ਤਿੰਨ ਫੁੱਟ ਉੱਚੀਆਂ ਟਾਵਰ ਟੋਪੀਆਂ ਪਹਿਨਿਆ ਕਰਦੀ ਸੀ। 



ਲੋਕ ਵਿਲੀਅਮ ਕੈਵਨਡਿੱਸ਼ ਨਾਲੋਂ ਵੱਧ ਉਸਦੀ ਪਤਨੀ ਜੌਰਜ਼ੀਨੀਆ ਨੂੰ ਤਵੱਜੋਂ ਦਿਆ ਕਰਦੇ ਸਨ, ਜਿਸ ਤੋਂ ਉਸਦਾ ਪਤੀ ਵਿਲੀਅਮ ਕੈਵਨਡਿੱਸ਼, ਪ੍ਰਿੰਸ ਚਾਰਲਸ ਵਾਂਗ ਖਿੱਝ ਜਾਇਆ ਕਰਦਾ ਸੀ। ਕੈਵਨਡਿੱਸ਼ ਅਤੇ ਸਪੈਂਸਰ ਦੋਨੋਂ ਪਰਿਵਾਰ ਉਸ ਵੇਲੇ ਦੀ ਮਕਬੂਲ ਰਾਜਸੀ ਪਾਰਟੀ ਵਿੱਗ ਨੂੰ ਸਮਰਥਨ ਦਿੰਦੇ ਸਨ। ਵਿਲੀਅਮ ਕੈਵਨਡਿੱਸ਼ ਖੁਦ ਰਾਜਨੀਤੀ ਵਿਚ ਦਿਲਚਸਪੀ ਰੱਖਦਾ ਸੀ। ਇਸ ਲਈ ਰਾਜਨੀਤੀਕ ਖੇਤਰ ਵਿਚ ਵੀ  ਜੌਰਜ਼ੀਨੀਆ ਕਾਫੀ ਸਰਗਰਮ ਰਹੀ ਸੀ ਤੇ ਆਪਣੇ ਭਾਸ਼ਨਾਂ ਨਾਲ ਲੋਕਾਂ ਨੂੰ ਮੋਹਿਤ ਕਰਨ ਦੀ ਉਸ ਵਿਚ ਵਿਸ਼ੇਸ਼ ਕਾਬਲੀਅਤ ਸੀ। ਸਿਆਸਤੀ ਮੰਚ 'ਤੇ ਖੜ੍ਹੋਣ ਵਾਲੀ ਉਹ ਇੰਗਲੈਂਡ ਦੀ ਪਹਿਲੀ ਮਹਿਲਾ ਸੀ। 1780 ਵਿਚ ਹਸਟਿੰਗ ਤੋਂ ਵਿੱਗ ਪਾਰਟੀ ਦੇ ਲੀਡਰ ਨੇ ਜੌਰਜ਼ੀਨੀਆ ਨੂੰ ਵੋਟਾਂ ਵਿਚ ਖੜ੍ਹਾ ਵੀ ਕੀਤਾ ਸੀ। ਡਾਇਨਾ ਵਾਂਗ  ਜੌਰਜ਼ੀਨੀਆ ਵਿਚ ਵੀ ਬੇਬਾਕੀ ਸੀ।  ਬਾਦਸ਼ਾਹ ਜੌਰਜ਼ (3) ਅਤੇ ਉਸਦੇ ਮੰਤਰੀਆਂ ਦਾ ਹਾਉਸ ਔਫ ਕੌਮਨਜ਼ ਵਿਚੋਂ ਦਬਦਬਾ ਘਟਾਉਣ ਲਈ ਜੌਰਜ਼ੀਨੀਆ ਨੇ ਆਪਣੇ ਦੂਰ ਦੇ ਰਿਸ਼ਤੇ ਵਿਚੋਂ ਭਰਾ ਲੱਗਦੇ ਚਾਰਲਸ ਜੇਮਜ਼ ਫੌਕਸ ਨੂੰ 1784 ਦੀਆਂ ਵੋਟਾਂ ਪਵਾਉਣ ਲਈ ਲੋਕਾਂ ਨੂੰ ਉਹਨਾਂ ਦੇ ਘਰਾਂ ਵਿਚ ਜਾ ਕੇ ਚੁੰਮੀਆਂ ਤੱਕ ਵੀ ਦਿੱਤੀਆਂ ਸਨ। ਜੌਰਜ਼ੀਨੀਆ ਵਿੱਗਸ ਪਾਰਟੀ ਦੀ ਤਕੜੀ ਸਮਰਥਕ ਬਣੀ ਰਹੀ ਸੀ ਤੇ ਪਾਰਟੀ ਦੀਆਂ ਸਾਰੀਆਂ ਮੀਟਿੰਗਾਂ ਉਸਦੇ ਘਰ ਡੈਵਨਸ਼ਾਇਰ ਹਾਉਸ ਵਿਚ ਹੀ ਆਯੋਜਿਤ ਕੀਤੀਆਂ ਜਾਂਦੀਆਂ ਸਨ।


ਜੌਰਜ਼ੀਨੀਆ ਆਪਣੇ ਪਤੀ ਨਾਲ ਉਸਦੀ ਦੂਜੀ ਹਵੇਲੀ ਲੰਡਨ ਤੋਂ 97 ਪੱਛਮ ਵੱਲ ਸਥਿਤ ਬਾਥ ਨਾਮੀ ਕਸਬੇ ਵਿਚ ਸੀ। ਜੌਰਜ਼ੀਨੀਆ ਆਪਣੇ ਪਤੀ ਨਾਲ ਉਥੇ ਛੁੱਟੀਆਂ ਮਨਾਉਣ ਜਾਇਆ ਕਰਦੀ ਸੀ। ਬਾਥ ਦੀ ਇਕ ਮਹਿਫਿਲ ਵਿਚ  ਜੌਰਜ਼ੀਨੀਆ ਦੀ ਮੁਲਾਕਾਤ ਬ੍ਰਿਸਟਲ ਦੇ ਚੌਥੇ ਅਰਲ ਫਰੈੱਡਰਿਕ ਹਾਰਵੀ ਦੀ ਪੁੱਤਰੀ ਅਤੇ ਇਕ ਸਿਆਸਤਦਾਨ ਜੌਹਨ ਥੌਮਸ ਫੌਸਟਰ ਦੀ ਪਤਨੀ ਲੇਡੀ ਇਲੀਜ਼ਬੈੱਥ ਫੌਸਟਰ ਨਾਲ 1782 ਤੋਂ ਅਕਸਰ ਹੁੰਦੀ ਰਹਿੰਦੀ ਸੀ। ਇਲੀਜ਼ਬੈੱਥ ਫੌਸਟਰ ਉਰਫ ਬੈੱਸ ਆਪਣੇ ਪਤੀ ਨਾਲ ਲੜ੍ਹ ਕੇ ਜੁਦਾ ਰਹਿ ਰਹੀ ਸੀ, ਕਿਉਂਕਿ ਉਸਨੇ ਬੋਰਨਮਾਉਥ ਵਿਚ ਇਕ ਰਖੇਲ ਰੱਖੀ ਹੋਈ ਸੀ। ਬੈੱਸ ਆਪਣੇ ਪਤੀ ਤੋਂ ਆਪਣੇ ਬੱਚੇ ਵਾਪਿਸ ਚਾਹੁੰਦੀ ਸੀ। ਇਸ ਕੰਮ ਲਈ ਬੈੱਸ ਜਾਣਦੀ ਸੀ ਕਿ ਜੌਰਜ਼ੀਨੀਆ ਤੇ ਉਸਦਾ ਪਤੀ ਵਿਲੀਅਮ ਕੈਵਨਡਿੱਸ਼ ਉਸਦੀ ਮਦਦ ਕਰ ਸਕਦੇ ਸਨ। ਬੈੱਸ ਨੇ ਜੌਰਜ਼ੀਨੀਆ ਨਾਲ ਜ਼ਿਆਦਾ ਨੇੜ੍ਹਤਾ ਬਣਾ ਲਈ ਤੇ ਉਸਦੀ ਸਲਾਹਕਾਰ ਸਹੇਲੀ ਬਣ ਗਈ ਸੀ। ਬੈੱਸ ਇਹ ਵੀ ਜਾਣਦੀ ਸੀ ਕਿ ਵਿਲੀਅਮ ਕੈਵਨਡਿੱਸ਼ ਅਯਾਸ਼ ਤੇ ਜਨਾਨੀਬਾਜ਼ ਸੀ, ਇਸ ਲਈ ਬੈੱਸ ਨੇ ਵਿਲੀਅਮ 'ਤੇ ਵੀ ਡੋਰੇ ਪਾ ਲਏ ਸਨ। 



ਬੈੱਸ ਦੀ ਉਸਦੇ ਪਤੀ ਨਾਲ ਅਣਬਣ ਹੋਣ ਕਾਰਨ ਉਸ ਕੋਲ ਕੋਈ ਰਹਿਣ ਲਈ ਜਗ੍ਹਾਂ ਨਹੀਂ ਸੀ।  ਜੌਰਜ਼ੀਨੀਆ, ਬੈੱਸ ਨੂੰ ਆਪਣੀ ਹਵੇਲੀ ਡੈਵਨਸ਼ਾਇਰ ਹਾਉਸ, ਲੰਡਨ ਲੈ ਆਈ ਸੀ। ਲੇਡੀ ਇਲੀਜ਼ਬੈੱਥ ਫੌਸਟਰ ਦੇ ਪਹਿਲੇ ਵਿਆਹ ਵਿਚੋਂ ਦੋ ਲੜਕੇ ਸਨ।  ਜੌਰਜ਼ੀਨੀਆ ਦੇ ਪਤੀ ਵਿਲੀਅਮ ਕੈਵਨਡਿੱਸ਼ ਨੇ ਆਪਣੀ ਪੁੱਤਰ ਪੂਰਤੀ ਦੀ ਅਧੂਰੀ ਇੱਛਾ ਨੂੰ ਪੂਰਾ ਕਰਨ ਲਈ ਆਪਣੇ ਘਰ ਵਿਚ ਰਹਿ ਰਹੀ ਆਪਣੀ ਪਤਨੀ ਦੀ ਇਸ ਸਹੇਲੀ ਬੈੱਸ ਨਾਲ ਜਿਸਮਾਨੀ ਤੱਅਲਕਾਤ ਬਣਾ ਲਏ ਸਨ। ਵਿਲੀਅਮ ਕੈਵਨਡਿੱਸ਼ ਅਕਸਰ ਆਪਣੀਆਂ ਦਾਸੀਆਂ ਨੂੰ ਵਿਆਹ ਤੋਂ ਬਾਅਦ ਵੀ ਭੋਗਦਾ ਰਹਿੰਦਾ ਸੀ ਤੇ ਇਸ ਬਾਰੇ  ਜੌਰਜ਼ੀਨੀਆ ਨੂੰ ਵੀ ਇਲਮ ਸੀ। ਪਰ ਉਹ ਨਜ਼ਰਅੰਦਾਜ਼ ਕਰ ਜਾਇਆ ਕਰਦੀ ਸੀ। ਇਕ ਦਿਨ  ਜੌਰਜ਼ੀਨੀਆ ਨੇ ਵਿਲੀਅਮ ਕੈਵਨਡਿੱਸ਼ ਅਤੇ ਲੇਡੀ ਇਲੀਜ਼ਬੈੱਥ ਫੌਸਟਰ ਬੈੱਸ ਨੂੰ ਇਤਰਾਜ਼ਯੋਗ ਹਾਲਤ ਵਿਚ ਫੜ੍ਹ ਲਿਆ ਸੀ। ਜੌਰਜ਼ੀਨੀਆ ਤੋਂ ਬਰਦਾਸ਼ਤ ਨਾ ਹੋਇਆ ਤੇ ਉਹ ਦੋਨਾਂ ਨਾਲ ਬਹੁਤ ਲੜੀ। ਉਸਨੇ ਇਲੀਜ਼ਬੈੱਥ ਨੂੰ ਆਪਣੇ ਘਰੋਂ ਕੱਢਣਾ ਚਾਹਿਆ, ਪਰ ਵਿਲੀਅਮ ਕੈਵਨਡਿੱਸ਼ ਨੇ ਜੌਰਜ਼ੀਨੀਆ ਦੀ ਕੋਈ ਪੇਸ਼ ਨਾ ਜਾਣ ਦਿੱਤੀ।  ਉਧਰੋਂ ਬੈੱਸ ਵੀ ਜੌਰਜ਼ੀਨੀਆਂ ਨੂੰ ਉਸਦੇ ਜੂਆ ਖੇਡਣ ਲਈ ਲੋਕਾਂ ਤੋਂ ਫੜ੍ਹੇ ਕਰਜ਼ਿਆਂ ਦਾ ਰਾਜ਼ ਵਿਲੀਅਮ ਕੈਵਨਡਿੱਸ਼ ਨੂੰ ਦੱਸ ਦੇਣ ਦੀ ਧਮਕੀ ਦੇ ਕੇ ਦਬਕਾ ਲਿਆ ਕਰਦੀ ਸੀ।

ਪਹਿਲੀ ਬੇਟੀ ਦੇ ਜਨਮ ਤੋਂ ਸਾਲ ਬਾਅਦ ਜੌਰਜ਼ੀਨੀਆ ਤੇ ਬੈੱਸ, ਦੋਨਾਂ ਨੂੰ ਵਿਲੀਅਮ ਕੈਵਨਡਿੱਸ਼ ਨੇ ਗਰਭਵਤੀ ਕਰ ਦਿੱਤਾ ਸੀ। 1785 ਵਿਚ ਦੋਨਾਂ ਨੇ ਇਕੱਠਿਆਂ ਨੇ ਲੜਕੀਆਂ ਨੂੰ ਜਨਮ ਦਿੱਤਾ ਸੀ। ਜੌਰਜ਼ੀਨੀਆ ਦੀ ਬੇਟੀ ਹੈਰੀਅਟ ਉਰਫ ਹੈਰੋ ਦੇ ਪੈਦਾ ਹੋਣ ਨਾਲ ਪਤੀ ਪਤਨੀ ਵਿਚ ਤਨਾਅ ਹੋਰ ਵੀ ਵੱਧ ਗਿਆ ਸੀ। ਬੈੱਸ ਦੇ ਪੈਦਾ ਹੋਈ ਨਜਾਇਜ਼ ਲੜਕੀ ਕੈਰੋਲਾਇਨ ਰੋਜ਼ਾਲੀ ਸੇਂਟ ਜੂਲਸ ਨੂੰ ਲੋਕਾਂ ਦੀ ਬਦਨਾਮੀ ਤੋਂ ਬਚਣ ਲਈ ਵਿਲੀਅਮ ਕੈਵਨਡਿੱਸ਼ ਨੇ ਫਰਾਂਸ ਭੇਜ ਦਿੱਤਾ ਸੀ। 


ਉਸ ਤੋਂ ਪੰਜ ਸਾਲ ਬਾਅਦ ਤੱਕ  ਜੌਰਜ਼ੀਨੀਆ ਕੋਈ ਹੋਰ ਬੱਚਾ ਪੈਦਾ ਨਾ ਕਰ ਸਕੀ। ਪਰ ਬੈੱਸ ਨੇ ਦੋ ਸਾਲ ਬਾਅਦ ਵਿਲੀਅਮ ਕੈਵਨਡਿੱਸ਼ ਦੇ ਇਕ ਪੁੱਤਰ ਅਗਸਟਸ ਕਲਿੱਫਰਡ ਨੂੰ ਜਨਮ ਦਿੱਤਾ ਸੀ। ਜਿਸ ਨਾਲ ਵਿਲੀਅਮ ਕੈਵਨਡਿੱਸ਼, ਜੌਰਜ਼ੀਨੀਆ ਨੂੰ ਹੋਰ ਨਫਰਤ ਅਤੇ ਬੈੱਸ ਨੂੰ ਵਧੇਰੇ ਮੁਹੱਬਤ ਕਰਨ ਲੱਗ ਪਿਆ ਸੀ।

ਡਾਇਨਾ ਵਾਂਗ  ਜੌਰਜ਼ੀਨੀਆ ਵੀ ਬਹੁਤ ਵਹਿਮਣ ਸੀ। ਪੁੱਤਰ ਪੈਦਾ ਕਰਨ ਲਈ ਉਹ ਰੋਜ਼ਾਨਾ ਸਾਧਾ ਸੰਤਾਂ ਤੋਂ ਮੰਗਵਾ ਕੇ ਮੰਤ੍ਰਰਿਤ ਪਾਣੀ ਨਿਰਣੇ ਕਾਲਜੇ ਪਿਆ ਕਰਦੀ ਸੀ। ਵਿਆਹਕ ਸੰਬੰਧ ਵਿਗੜਣ ਉਪਰੰਤ ਡਾਇਨਾ ਵਾਂਗੂ  ਜੌਰਜ਼ੀਨੀਆ ਵੀ ਬਹੁਤ ਸ਼ਰਾਬ ਪੀਣ ਲੱਗ ਪਈ ਸੀ ਤੇ ਜੂਆ ਖੇਡਣ ਦੀ ਉਸਨੂੰ ਪਹਿਲਾਂ ਤੋਂ ਹੀ ਭੈੜੀ ਵਾਦੀ ਸੀ। ਹੱਦੋਂ ਵੱਧ ਸ਼ਰਾਬ ਦਾ ਸੇਵਨ ਕਰਨ ਨਾਲ ਮਿਹਦੇ ਵਿਚ ਤੇਜ਼ਾਬ ਬਣਨ ਲੱਗ ਜਾਂਦਾ ਹੈ ਤੇ ਭੋਜਨ ਨਲੀ ਸੁੰਘੜ ਜਾਇਆ ਕਰਦੀ ਹੈ। ਜਿਸਦੇ ਫਲਸਰੂਪ ਵਿਅਕਤੀ ਨੂੰ ਕੁਝ ਵੀ ਖਾਧਾ ਪਚਦਾ ਨਹੀਂ ਤੇ ਉਲਟੀ ਆ ਕੇ ਸਭ ਬਾਹਰ ਨਿਕਲ ਜਾਂਦਾ ਹੈ। ਜੌਰਜ਼ੀਨੀਆ  ਅਤੇ ਡਾਇਨਾ ਇਸ ਕਾਰਨ ਬਦਹਜ਼ਮੀ ਦੀ ਬਿਮਾਰੀ ਤੋਂ ਪੀੜਤ ਰਹੀਆਂ ਸਨ। 



ਜੌਰਜ਼ੀਨੀਆ, ਦੂਜੀ ਪੁੱਤਰੀ ਦੇ ਜਨਮ ਤੋਂ ਪੰਜ ਸਾਲ ਬਾਅਦ ਮੁੜ ਆਪਣੇ ਨੌਕਰ ਤੋਂ ਗਰਭਵਤੀ ਹੋ ਗਈ ਸੀ। ਨੌਕਰ ਨਾਲ ਜੌਰਜ਼ੀਨੀਆ ਦੇ ਸੰਬੰਧ ਪੂਰਨ ਰੂਪ ਵਿਚ ਗੁਪਤ ਸਨ ਤੇ ਕਿਸੇ ਨੂੰ ਵੀ ਇਸ ਦੀ ਜੌਰਜ਼ੀਨੀਆ ਨੇ ਭਿਣਕ ਨਹੀਂ ਲੱਗਣ ਦਿੱਤੀ ਸੀ। ਵਿਲੀਅਮ ਕੈਵਨਡਿੱਸ਼ ਨੇ 1779 ਦੇ ਆਖੀਰ ਵਿਚ ਜਨੇਪੇ ਲਈ ਜੌਰਜ਼ੀਨੀਆ ਨੂੰ ਬੈੱਸ ਨਾਲ ਫਰਾਂਸ ਭੇਜ ਦਿੱਤਾ ਸੀ। ਜਿੱਥੇ ਕੁਝ ਮਹੀਨਿਆਂ ਬਾਅਦ ਉਸਨੇ 21 ਮਈ 1790 ਨੂੰ ਇਕ ਪੁੱਤਰ ਵਿਲੀਅਮ ਕੈਵਨਡਿਸ਼ ਉਰਫ ਹੈਰਟ ਨੂੰ ਜਨਮ ਦਿੱਤਾ ਸੀ। ਵਿਲੀਅਮ ਅਤੇ ਲੋਕਾਂ ਵਿਚ ਉਸਨੇ ਇਸ ਬੱਚੇ ਨੂੰ ਵਿਲੀਅਮ ਦੀ ਔਲਾਦ ਵਜੋਂ ਹੀ ਪਰਚਾਰਿਆ ਸੀ। ਹੈਰਟ ਦੇ ਅਸਲੀ ਪਿਤਾ ਨੂੰ ਜੌਰਜ਼ੀਨੀਆ ਨੇ ਧੋਖੇ ਨਾਲ ਮਾਰ ਦਿੱਤਾ ਸੀ। ਲੇਕਿਨ ਵਿਲੀਅਮ ਨੂੰ ਪੁੱਤਰ ਪੈਦਾ ਕਰਕੇ ਦੇਣ ਨਾਲ ਵੀ ਡੈਵਨਸ਼ਾਇਰ ਡਿਊਕ ਅਤੇ ਡੱਚਿਜ਼ ਪਤੀ ਪਤਨੀ ਦੇ ਸੰਬੰਧਾਂ ਵਿਚ ਕੋਈ ਸੁਧਾਰ ਨਾ ਆਇਆ। ਉਹਨਾਂ ਵਿਚਕਾਰ ਇਲੀਜ਼ਬੈੱਥ ਨੂੰ ਲੈ ਕੇ ਝਗੜੇ ਵਧਦੇ ਰਹੇ ਤੇ ਵਿਲੀਅਮ ਨੇ ਇਲੀਜ਼ਬੈੱਥ ਨਾਲ ਆਪਣੇ ਸੰਬਧ ਬਿਲਕੁਲ ਨਾ ਤਿਆਗੇ। ਵਿਲੀਅਮ ਪਿੰ੍ਰਸ਼ ਚਾਰਲਸ ਵਾਂਗ ਆਪਣੇ ਕੁੱਤਿਆਂ ਅਤੇ ਸ਼ਿਕਾਰ ਦੇ ਸ਼ੌਂਕ ਵਿਚ ਵਿਅਸਤ ਰਹਿੰਦਾ ਸੀ। ਹੈਰਟ ਦੇ ਜਨਮ ਤੋਂ ਪਹਿਲਾਂ ਫਰਾਂਸ ਰਹਿੰਦਿਆਂ ਜੌਰਜ਼ੀਨੀਆਂ ਦੀ ਅੱਖ ਉਥੋਂ ਦੇ ਇਕ ਸਿਆਸਤਦਾਨ ਮਰੀ-ਐਨਟੋਨਿਟ ਨਾਲ ਲੜ੍ਹ ਗਈ ਸੀ। ਪਰ ਉਸਨੇ ਜੌਰਜ਼ੀਨੀਆ ਨੂੰ ਕੁਝ ਦੇਰ ਸੰਬੰਧ ਬਣਾਈ ਰੱਖਣ ਬਾਅਦ ਗਰਭਵਤੀ ਹੋਣ ਕਾਰਨ ਛੱਡ ਦਿੱਤਾ ਸੀ। 
ਲੇਡੀ ਜੌਰਜ਼ੀਨੀਆ ਬਾਥ ਵਿਖੇ ਛੁੱਟੀਆਂ ਮਨਾਉਣ ਗਈ ਹੋਈ ਸੀ। ਉਥੇ ਉਸਦੀ ਮੁਲਾਕਾਤ ਵਿੱਗ ਪਾਰਟੀ ਦੇ ਇਕ ਨੌਜਵਾਨ ਐਮ. ਪੀ.  ਅਤੇ ਗਰੇਅ ਦੇ ਦੂਜੇ ਅਰਲ, ਚਾਰਲਸ ਗਰੇਅ (13 ਮਾਰਚ 1764 ਜੁਲਾਈ 1845 ) ਨਾਲ ਹੋਈ ਸੀ। ਜੌਰਜ਼ੀਨੀਆ ਆਪਣੇ ਤੋਂ ਸੱਤ ਸਾਲ ਛੋਟੇ ਚਾਰਲਸ ਗਰੇਅ ਦੇ ਪਿਆਰ ਵਿਚ ਗ੍ਰਿਫਤਾਰ ਹੋ ਗਈ ਸੀ। ਕੋਈ ਨਾਲ ਕੋਈ ਬਹਾਨਾ ਬਣਾ ਕੇ ਜੌਰਜ਼ੀਨੀਆ ਬਾਥ ਨੂੰ ਤੁਰੀ ਰਹਿੰਦੀ, ਜਿਵੇਂ ਡਾਇਨਾ ਮੈਨੂੰ ਮਿਲਣ ਅਕਸਰ ਹਾਈਗ੍ਰੋਵ ਚਲੀ ਜਾਇਆ ਕਰਦੀ ਸੀ। ਵਿਲੀਅਮ ਲੰਡਨ ਵਿਚ ਬੈੱਸ ਨਾਲ ਮਸਰੂਫ ਰਹਿੰਦਾ ਸੀ। ਚਾਰਲਸ ਗਰੇਅ ਨਾਲ ਰੰਗ-ਰਲੀਆਂ ਦਾ ਨਤੀਜਾ ਇਹ ਹੋਇਆ ਕਿ ਜੌਰਜ਼ੀਨੀਆ ਹਾਮਲਾ ਹੋ ਗਈ ਸੀ। ਜੌਰਜ਼ੀਨੀਆ ਦੇ ਕਾਫੀ ਅਰਸੇ ਤੋਂ ਉਸਦੇ ਪਤੀ ਨਾਲ ਸੈਕਸ ਸੰਬੰਧ ਨਹੀਂ ਬਣੇ ਸਨ ਤੇ ਵਿਲੀਅਮ ਕੋਲ ਜੌਰਜ਼ੀਨੀਆ ਅਤੇ ਚਾਰਲਸ ਗਰੇਅ ਦੇ ਇਸ਼ਕ ਦਾ ਭੇਤ ਖੁੱਲ੍ਹ ਗਿਆ ਸੀ। ਵਿਲੀਅਮ ਨੇ ਜੌਰਜ਼ੀਨੀਆ ਨੂੰ ਆਰਜ਼ੀ ਤੌਰ 'ਤੇ ਜਲਾਵਤਨ ਕਰਕੇ ਫਰਾਂਸ ਭੇਜ ਦਿੱਤਾ ਸੀ, ਜਿੱਥੇ  ਜੌਰਜ਼ੀਨੀਆ ਨੇ ਚਾਰਲਸ ਦੀ ਨਜਾਇਜ਼ ਉਲਾਦ ਇਕ ਲੜਕੀ ਇਲੀਜ਼ਬੈੱਥ ਕੋਰਟਨੀ ਨੂੰ 20 ਫਰਵਰੀ 1792 ਨੂੰ ਜਨਮ ਦਿੱਤਾ ਸੀ। ਵਿਲੀਅਮ ਦੇ ਹੁਕਮ ਨਾਲ ਇਹ ਚਾਰਲਸ ਦੀ ਲੜਕੀ ਚਾਰਲਸ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਸੀ ਤੇ  ਉਹਨਾਂ ਨੇ ਬਦਨਾਮੀ ਦੇ ਡਰੋਂ ਉਸ ਲੜਕੀ ਨੂੰ ਚਾਰਲਸ ਗਰੇਅ ਦੀ ਭੈਣ ਬਣਾ ਕੇ ਪਾਲਿਆ ਸੀ। ਜੌਰਜ਼ੀਨੀਆ ਆਪਣੀ ਲੜਕੀ ਇਲੀਜ਼ਬੈੱਥ ਕੋਰਟਨੀ ਨੂੰ ਮਿਲਣ ਲਈ ਉਸਦੀ ਗੌਡਮਦਰ (ਧਰਮਮਾਤਾ) ਬਣ ਗਈ ਸੀ। ਦਰਅਸਲ ਗੌਡਪੇਰੰਟਸ (ਧਰਮਮਾਪੇ) ਬਣਨ ਦੀ ਰੀਤ ਇੰਗਲੈਂਡ ਦੇ ਸ਼ਾਹੀ ਅਤੇ ਅਮੀਰ ਲੋਕਾਂ ਨੇ ਹੀ ਤੋਰੀ ਸੀ। ਉੱਚ ਵਰਗ ਦੇ ਇਹ ਅਮੀਰ ਮਰਦ ਔਰਤਾਂ ਆਪਣੀ ਕਾਮ ਭੁੱਖ ਨੂੰ ਮਾਰਨ ਲਈ ਵਿਵਿਰਜਿਤ ਰਿਸ਼ਤੇ ਗੰਢ ਲੈਂਦੇ ਸਨ। ਬਹੁਤ ਵਾਰ ਤਾਂ ਇਹ ਆਪਣੇ ਦਾਸ ਅਤੇ ਦਾਸੀ ਨੂੰ ਭੋਗਦੇ ਰਹਿੰਦੇ ਸਨ। ਅਜਿਹੇ ਰਿਸ਼ਤਿਆਂ ਚੋਂ ਪੈਦਾ ਹੋਈ ਔਲਾਦ 'ਤੇ ਬਿਨਾ ਬਦਨਾਮੀ ਦੇ ਹੱਕ ਜਤਾਉਣ ਲਈ ਇਹ ਉਹਨਾਂ ਦੇ ਗੌਡਫਾਦਰ ਜਾਂ ਗੌਡਮਦਰ ਬਣ ਜਾਇਆ ਕਰਦੇ ਸਨ। ਗੌਡਫਾਦਰ ਅਤੇ ਗੌਡਮਦਰ ਬਣਨ ਦੀ ਪ੍ਰਥਾ ਇਸ ਪ੍ਰਕਾਰ ਚਲਾ ਦਿੱਤੀ ਗਈ ਸੀ। ਇਸ ਦੀ ਆੜ ਵਿਚ ਬੱਚੇ ਦੀ ਪਰਵਿਰਸ਼ ਦੇ ਅਧਿਕਾਰ ਪ੍ਰਾਪਤ ਹੋ ਜਾਂਦੇ ਸਨ ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਸੀ ਕਿ ਗੌਡਮਦਰ ਜਾਂ ਗੌਡਫਾਦਰ ਹੀ ਬੱਚੇ ਦਾ ਅਸਲੀ ਮਾਂ ਜਾਂ ਪਿਉ ਹੈ। 

ਜੌਰਜ਼ੀਨੀਆ ਨੂੰ 1793 ਦੀ ਪਤਝੜ ਵਿਚ ਵਾਪਿਸ ਬੁਲਾ ਕੇ ਵਿਲੀਅਮ ਨੇ ਆਪਣੇ ਘਰ ਰੱਖ ਲਿਆ ਸੀ। ਇਸ ਸਮੇਂ ਦੌਰਾਨ ਜਲਾਵਨੀ ਦੀ ਜ਼ਿੰਦਗੀ ਜਿਉਂਦਿਆਂ ਜੌਰਜ਼ੀਨੀਆ ਦੇ ਇਕ ਸਾਇਸਦਾਨ ਚਾਰਲਸ ਬਲੈਗਡਨ ਨਾਲ ਸੰਬੰਧ ਵੀ ਬਣ ਗਏ ਸਨ। ਲੇਕਿਨ ਇੰਗਲੈਂਡ ਵਾਪਿਸ ਆਉਣ ਤੋਂ ਪਹਿਲਾਂ ਹੀ ਜੌਰਜ਼ੀਨੀਆ ਉਹ ਰਿਸ਼ਤਾ ਖਤਮ ਕਰ ਆਈ ਸੀ। ਵਿਲੀਅਮ ਅਕਸਰ ਜੌਰਜ਼ੀਨੀਆ 'ਤੇ ਤਸ਼ੱਦਦ ਢਾਉਂਦਾ ਰਹਿੰਦਾ ਸੀ ਤੇ ਉਹ ਚਾਰਲਸ ਨਾਲ ਇਸ਼ਕ ਕਰਨ ਬਦਲੇ ਜੌਰਜ਼ੀਨੀਆ ਨੂੰ ਮਾਰਨਾ ਚਾਹੁੰਦਾ ਸੀ। ਇਸਦੇ ਉਸਨੇ ਅਨੇਕਾਂ ਅਸਫਲ ਯਤਨ ਕੀਤੇ ਸਨ। ਫੇਰ ਇਕ ਵਾਰ ਜੌਰਜ਼ੀਨੀਆ ਦੀ ਅੱਖ ਨੂੰ ਇਫੈਸ਼ਨ ਹੋ ਗਿਆ ਤੇ ਵਿਲੀਅਮ ਨੇ ਡਾਕਟਰ ਨੂੰ ਖਰੀਦ ਕੇ ਕਿਹਾ ਸੀ, "ਏਸ ਅੱਗ ਦੀ ਲਾਟ ਨੂੰ ਠੰਡਾ ਕਰਨਾ ਹੈ। ਬੜ੍ਹਾ ਹੰਕਾਰ ਹੈ ਇਹਨੂੰ ਆਪਣੀ ਸ਼ਕਲ-ਸੂਰਤ 'ਤੇ।" 

ਡਾਕਟਰ ਵਾਰਨ ਨੇ ਅੱਖ ਦਾ ਇਲਾਜ਼ ਕਰਨ ਬਹਾਨੇ ਜੌਰਜ਼ੀਨੀਆ ਦਾ ਸੁੰਦਰ ਚਿਹਰਾ ਕੱਟ ਵੱਢ ਕੇ ਬੂਰੀ ਖਰਾਬ ਕਰਵਾ ਦਿੱਤਾ ਸੀ। ਜੌਰਜ਼ੀਨੀਆ ਮਾਨਸਿਕ ਤਨਾਅ ਅਤੇ ਮਾਇਗ੍ਰੇਨ ਨਾਲ ਪੀੜ੍ਹਤ ਰਹਿਣ ਲੱਗ ਪਈ ਸੀ। ਜੌਰਜ਼ੀਨੀਆ ਨੂੰ ਡੈਵਨਸ਼ਾਇਰ ਹਾਉਸ ਵਿਚ ਨਜ਼ਰਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਇਕੱਲੀ ਨੂੰ ਬਾਹਰ ਜਾਣ ਦਾ ਹੁਕਮ ਨਹੀਂ ਸੀ। ਲੇਕਿਨ ਕਿਸੇ ਨਾ ਕਿਸੇ ਤਰ੍ਹਾਂ  ਜੌਰਜ਼ੀਨੀਆ ਆਪਣੀ ਪੁੱਤਰੀ ਇਲੀਜ਼ਬੈੱਥ ਕੋਰਟਨੀ ਨੂੰ ਮਿਲਦੀ ਰਹਿੰਦੀ ਸੀ।  

ਜੌਰਜ਼ੀਨੀਆ ਨੇ ਸ਼ਰਾਬ ਅਤੇ ਜੂਏ ਵਿਚ ਆਪਣੇ ਆਪਨੂੰ ਡਬੋ ਲਿਆ ਸੀ। ਉਹ ਚਾਰਲਸ ਜੇਮਜ਼ ਫੌਕਸ ਅਤੇ ਵੇਲਜ਼ ਦੇ ਉਸ ਵੇਲੇ ਦੇ ਸ਼ਹਿਜ਼ਾਦੇ ਜੌਰਜ਼ ਅਗਸਟਸ ਫਰੈੱਡਰਿਕ ਨਾਲ ਜੂਆ ਖੇਡਿਆ ਕਰਦੀ ਸੀ। ਪ੍ਰਿੰਸ ਔਫ ਵੇਲਜ਼ ਜੌਰਜ਼ ਫਰੈੱਡਰਿਕ ਦੀ ਜੌਰਜ਼ੀਨੀਆ, ਉਸਦੇ ਬਾਦਸ਼ਾਹ ਜੌਰਜ਼ (ਚੌਥਾ) ਬਣਨ ਤੱਕ ਨਿੱਜੀ ਸਲਾਹਕਾਰ ਵੀ ਰਹੀ ਸੀ। ਜੌਰਜ਼ੀਨੀਆ ਨੇ ਵੇਲਜ਼ ਸ਼ਹਿਜ਼ਾਦੇ ਨੂੰ ਇਕ ਵਾਰ ਜੂਆ ਖੇਡਦਿਆਂ ਕਿਹਾ ਸੀ, "ਯੂਅਰ ਰੌਇਲ ਹਾਈਨੈੱਸ, ਮੇਰੇ ਨਾਲ ਨਾ ਖੇਡੋ। ਤੁਹਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।"

ਇਸ 'ਤੇ ਸ਼ਹਿਜ਼ਾਦਾ ਵੇਲਜ਼ ਜੌਰਜ਼ ਨੇ ਉੱਤਰ ਦਿੱਤਾ ਸੀ, "ਇਹ ਡੈਵਨਸ਼ਾਇਰ ਦੀ ਡੱਚਿਜ਼ ਬੋਲ ਰਹੀ ਹੈ ਜਾਂ ਲੇਡੀ ਸਪੈਂਸਰ ਮੈਂ ਨਹੀਂ ਜਾਣਦਾ। ਪਰ ਜੌਰਜ਼ੀਨੀਆ। ਇਸ ਜਨਮ ਤਾਂ ਕੀ ਤੂੰ ਮੈਨੂੰ ਅਗਲੇ ਜਨਮ ਵਿਚ ਵੀ ਹਰਾ ਨਹੀਂ ਸਕੇਂਗੀ।"
ਜੌਰਜ਼ੀਨੀਆ ਨੇ ਉਸ ਸਮੇਂ ਕੁਝ ਹੀ ਸਾਲਾਂ ਦੇ ਅੰਤਰਾਲ ਵਿਚ ਜੂਆ ਖੇਡ ਕੇ ਆਪਣੇ ਉੱਪਰ ਅਜੋਕੇ ਸਮੇਂ ਦੀ £6,000,000 ਰਕਮ ਕਰਜ਼ੇ ਵਜੋਂ ਆਪਣੇ ਸਿਰ ਚੜ੍ਹਾ ਲਿੱਤੀ ਸੀ। ਲੋਕ ਉਸਨੂੰ ਇਸ ਲਈ ਕਰਜ਼ਾ ਦੇ ਦਿੰਦੇ ਸਨ ਕਿਉਂਕਿ ਉਹਨਾਂ ਨੂੰ ਆਸ ਸੀ ਕਿ ਉਹ ਉਸਦੇ ਪਤੀ ਡਿਊਕ ਵਿਲੀਅਮ ਤੋਂ ਵਿਆਜ ਸਮੇਤ ਸਾਰਾ ਧਨ ਲੈ ਲੈਣਗੇ। ਪਰ ਲੋਕਾਂ ਨੂੰ ਉਹਨਾਂ ਦੇ ਰਿਸ਼ਤੇ ਵਿਚਲੀ ਦਰਾਰ ਬਾਰੇ ਗਿਆਨ ਨਹੀਂ ਸੀ। 
ਜੌਰਜ਼ੀਨੀਆ ਨੇ ਵਿਲੀਅਮ ਅਤੇ ਲੇਡੀ ਫੌਸਟਰ ਦਾ ਵਿਆਹ ਕਰਵਾਉਣ ਦੀ ਸਹਿਮਤੀ ਵੀ ਦੇ ਦਿੱਤੀ ਸੀ। ਪਰ ਕਾਨੂੰਨ ਇਹ ਸੰਭਵ ਨਹੀਂ ਸੀ। 

ਸਾਰੇ ਮੁਲਖ ਵਿਚ ਹਮੇਸ਼ਾਂ ਚਰਚਾ ਵਿਚ ਰਹਿਣ ਵਾਲੀ ਜੌਰਜ਼ੀਨੀਆ ਗੁੰਮਨਾਮੀ ਦਾ ਜੀਵਨ ਜਿਉਣ ਬਾਅਦ 30 ਮਾਰਚ 1806 ਨੂੰ ਗੁਰਦੇ ਦੀ ਬਿਮਾਰੀ ਸੀ. ਐੱਸ. ਬੀ. (Cavernous Sinus Thrombosis) ਨਾਲ ਪ੍ਰਾਣ ਤਿਆਗ ਗਈ ਸੀ। ਜੌਰਜ਼ੀਨੀਆ ਦੀ ਮੌਤ ਸਮੇਂ ਉਸ ਦੇ ਸਿਰ ਜੂਏ ਦਾ ਅਜੋਕੀ ਰਕਮ ਦਾ £3,720,000 ਕਰਜ਼ਾ ਸੀ। ਜੌਰਜ਼ੀਨੀਆ ਦੀ ਮੌਤ ਤੋਂ ਬਾਅਦ ਜਦ ਉਸਦੇ ਪਤੀ ਵਿਲੀਅਮ ਨੂੰ ਇਸ ਕਰਜ਼ੇ ਬਾਰੇ ਪਤਾ ਚੱਲਿਆ ਤਾਂ ਉਸਨੂੰ ਦਿਲ ਦਾ ਦੌਰਾ ਪੈਣ ਵਾਲਾ ਹੋ ਗਿਆ ਸੀ। ਜੌਰਜ਼ੀਨੀਆ ਨੂੰ ਆਲ ਸੇਂਟਜ਼ ਪੈਰਿਸ਼ ਚਰਚ, ਡਰਬੀ ਦੇ ਕਥੀਡਰਲ ਵਿਚਲੇ ਨਿੱਜੀ ਕਬਰਸਤਾਨ ਵਿਚ ਦਫਨਾਇਆ ਗਿਆ ਸੀ। ਜੌਰਜੀਨੀਆ ਦਾ ਨਾਵਲ (The Sylph), ਕਵਿਤਾਵਾਂ (The Passage of the Mountain of St Gothard) ਅਤੇ ਅਨੇਕਾਂ ਚਿੱਠੀਆਂ ਅੱਜ ਬ੍ਰਿਟਿਸ਼ ਸੈਂਟਰਲ ਲਾਇਬ੍ਰੇਰੀ ਵਿਚ ਅੰਗਰੇਜ਼ੀ ਸਾਹਿਤ ਦਾ ਹਿੱਸਾ ਬਣੀਆਂ ਸਾਭੀਆਂ ਪਈਆਂ ਹਨ। ਜੌਰਜ਼ੀਨੀਆ ਦੇ ਇੰਤਕਾਲ ਬਾਅਦ ਉਸੇ ਸਾਲ ਹੀ 1806 ਵਿਚ ਚਾਰਲਸ ਗਰੇਅ ਯੂਨਾਇਟਡ ਕਿੰਗਡਮ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। 





ਜੌਰਜ਼ੀਨੀਆ ਦੇ ਦਿਹਾਂਤ ਉਪਰੰਤ ਵਿਲੀਅਮ ਨੇ  ਆਪਣੀ ਰਖੇਲ ਇਲੀਜ਼ਬੈੱਥ ਨਾਲ 1809 ਵਿਚ ਵਿਆਹ ਕਰਵਾ ਲਿਆ ਸੀ, ਜਿਵੇਂ ਪ੍ਰਿੰਸ ਚਾਰਲਸ ਨੇ ਡਾਇਨਾ ਦੀ ਮੌਤ ਬਾਅਦ ਕੈਮਿਲਾ ਪਾਰਕਰ ਬੋਲਜ਼ ਨਾਲ ਸ਼ਾਦੀ ਕੀਤੀ ਸੀ। ਇਹ ਵੀ ਇਕ ਇਤਫਾਕ ਸੀ ਕਿ ਵਿਲੀਅਮ ਨਾਲ ਵਿਆਹ ਕਰਵਾਉਣ ਬਾਅਦ  ਜੌਰਜ਼ੀਨੀਆ ਦੀ ਸੌਕਣ ਡੈਵਨਸ਼ਾਇਰ ਦੀ ਡੱਚਿਜ਼ ਬਣੀ ਤੇ ਡਾਇਨਾ ਦੀ ਰਖੇਲ ਕੈਮਿਲਾ ਵੀ ਡੈਵਨਸ਼ਾਇਰ ਦੀ ਡੱਚਿਜ਼ ਹੈ। 

ਮੈਂ ਪੁਨਰ ਜਨਮ ਵਿਚ ਵਿਸ਼ਵਾਸ਼ ਨਹੀਂ ਰੱਖਦਾ, ਪਰ ਇਤਿਹਾਸ ਦੇ ਪੰਨੇ ਫਰੋਲਣ ਬਾਅਦ ਇਸ ਤੋਂ ਇਨਕਾਰੀ ਵੀ ਤਾਂ ਨਹੀਂ ਹੋ ਸਕਦਾ। ਮੇਰੀ ਡਾਇਨਾ ਤੋਂ ਪਹਿਲਾਂ ਸਪੈਂਸਰ ਖਾਨਦਾਨ ਵਿਚ ਦੋ ਹੋਰ ਡਾਇਨਾ ਨਾਮ ਦੀਆਂ ਲੜਕੀਆਂ ਪੈਦਾ ਹੋਈਆਂ ਸਨ। ਇਕ ਤਾਂ 1735 ਵਿਚ ਪੈਦਾ ਹੋ ਕੇ 1743 ਵਿਚ ਹੀ ਹਾਦਸੇ ਵਿਚ ਮਰ ਗਈ ਸੀ ਤੇ ਇਹ ਜੌਰਜ਼ੀਨੀਆ ਦੀ ਸਕੀ ਭੂਆ ਸੀ। ਦੂਜੀ ਬੈਡਫੋਰਡ ਦੀ ਡੱਚਿਜ਼ ਡਾਇਨਾ ਰਸਲ ਸੀ, ਜੋ 1710 ਵਿਚ ਪੈਦਾ ਹੋ ਕੇ 25 ਸਾਲ ਦੀ ਭਰ ਜਵਾਨ ਉਮਰ ਵਿਚ 1735 ਨੂੰ ਇਸ ਜਹਾਨੋਂ ਕੂਚ ਕਰ ਗਈ ਸੀ।  


ਡਾਇਨਾ ਦਾ ਨਾਮ ਡਾਇਨਾ ਇਸੇ ਡਾਇਨਾ ਰਸਲ ਦੇ ਨਾਮ ਤੋਂ ਰੱਖਿਆ ਗਿਆ ਸੀ। ਲੇਕਿਨ ਡਾਇਨਾ ਦੇ ਮਾਤਾ ਪਿਤਾ ਇਹ ਨਹੀਂ ਸਨ ਜਾਣਦੇ ਕਿ ਉਹ ਕੇਵਲ ਨਾਮ ਹੀ ਨਹੀਂ ਤਕਦੀਰ ਵੀ ਡਾਇਨਾ ਰਸਲ ਵਾਲੀ ਦੇ ਰਹੇ ਸਨ। ਨਾਲੇ ਭਰ ਜਵਾਨੀ ਵਿਚ ਮੌਤ ਲਿੱਖ ਰਹੇ ਸਨ। ਡਾਇਨਾ ਰਸਲ ਯਾਨੀ ਲੇਡੀ ਡਾਇਨਾ ਸਪੈਂਸਰ ਤੀਜੇ ਅਰਲ ਚਾਰਲਸ ਸਪੈਂਸਰ ਦੀ ਪੁੱਤਰੀ ਸੀ ਤੇ ਵੇਲਜ਼ ਦੇ ਸ਼ਹਿਜ਼ਾਦੇ, ਫਰੈਡਰਿਕ ਲੂਇਸ (1 ਫਰਵਰੀ 1707-20 ਮਾਰਚ 1751 ) ਨਾਲ ਉਸਦਾ ਇਸ਼ਕ ਚਲਿਆ ਸੀ ਤੇ ਪਰਵਾਨ ਨਹੀਂ ਸੀ ਚੜ੍ਹ ਸਕਿਆ। ਕਿਉਂਕਿ ਸ਼ਹਿਜ਼ਾਦਾ ਵੇਲਜ਼ ਦੇ ਪਿਤਾ ਬਾਦਸ਼ਾਹ ਜੌਰਜ਼ ਦੂਜਮ ਨੂੰ ਇਹ ਰਿਸ਼ਤਾ ਮੰਨਜ਼ੂਰ ਨਹੀਂ ਸੀ। ਸ਼ਹਿਜ਼ਾਦਾ ਵੇਲਜ਼ ਨੇ ਸ਼ਹਿਜ਼ਾਦੀ ਅਗਸਟਾ ਨਾਲ ਸ਼ਾਦੀ ਕਰਵਾ ਲਈ ਸੀ। ਉਸ ਤੋਂ ਉਪਰੰਤ ਲੇਡੀ ਡਾਇਨਾ ਸਪੈਂਸਰ ਨੇ ਬੈਡਫੋਰਡ ਦੇ ਚੌਥੇ ਡਿਊਕ ਜੌਹਨ ਰੱਸਲ ਨਾਲ 1731 ਵਿਚ ਸ਼ਾਦੀ ਕਰ ਲਿੱਤੀ ਸੀ। ਮਰਨ ਤੋਂ ਪਹਿਲਾਂ ਡਾਇਨਾ ਰਸਲ ਨੇ ਸ਼ਹਿਜ਼ਾਦਾ ਵੇਲਜ਼ ਨੂੰ ਇਕ ਚਿੱਠੀ ਵਿਚ ਲਿਖਿਆ ਸੀ, "ਇਸ ਜਨਮ ਵਿਚ ਵਿਆਹ ਕਰਵਾ ਕੇ ਆਪਣਾ ਸਦੀਵੀ ਮੇਲ ਸੰਭਵ ਨਹੀਂ ਹੋ ਸਕਿਆ, ਪਰ ਅਗਲੇ ਜਨਮ ਵਿਚ ਮੈਂ ਤੇਰੇ ਨਾਲ ਸ਼ਾਦੀ ਜ਼ਰੂਰ ਕਰਵਾ ਕੇ ਰਹਾਂਗੀ।"



ਡਾਇਨਾ ਰੱਸਲ ਦੀ 27 ਸਤੰਬਰ 1735 ਨੂੰ ਸਾਉਥਹੈਂਪਟਨ ਹਾਉਸ, ਲੰਡਨ ਵਿਖੇ ਬਿਮਾਰੀ (Tuberculosis) ਨਾਲ ਮੌਤ ਹੋ ਗਈ ਸੀ। ਉਸਨੂੰ 9 ਅਕਤੂਬਰ 1735 ਨੂੰ ਚੀਨੀਜ਼, ਬਕਿੰਘਮਸ਼ਾਇਰ, ਇੰਗਲੈਂਡ ਵਿਚ ਦਫਨਾਇਆ ਗਿਆ ਸੀ।



ਜਦੋਂ ਡਾਇਨਾ ਅਤੇ ਪ੍ਰਿੰਸ ਚਾਰਲਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਇਹ ਡਾਇਨਾ ਰਸਲ ਦਾ ਪੁਨਰ ਜਨਮ ਪ੍ਰਤੀਤ ਹੋਣ ਲੱਗ ਜਾਂਦਾ ਹੈ। ਮੈਨੂੰ ਇਉਂ ਜਾਪਦਾ ਹੈ ਜਿਵੇਂ ਡਾਇਨਾ ਰਸਲ ਨੇ ਡਾਇਨਾ ਫਰੈਂਸਿਸ ਬਣ ਕੇ ਸ਼ਹਿਜ਼ਾਦਾ ਵੇਲਜ਼ ਨਾਲ ਆਪਣੀ ਵਿਆਹ ਕਰਵਾਉਣ ਦੀ ਅਧੂਰੀ ਇੱਛਾ ਪੂਰੀ ਕੀਤੀ ਹੋਵੇ। ਘੱਟੋ-ਘੱਟ ਇਤਿਹਾਸ ਦੇ ਪੰਨੇ ਤਾਂ ਇਸ ਸੱਚ ਦੀ ਗਵਾਹੀ ਭਰ ਰਹੇ ਹਨ।  ਡਾਇਨਾ ਨਾਲ ਜੌਰਜ਼ੀਨੀਆ ਵਾਲਾ ਦੁਖਾਂਤ ਜੋ ਵਾਪਰਿਆ ਚਲੋ ਉਸ ਨੂੰ ਅਸੀਂ ਮੌਕਾ-ਏ-ਮੇਲ ਆਖ ਸਕਦੇ ਹਾਂ। ਕਿਉਂਕਿ ਉਸ ਵਿਚ ਸਾਲਾਂ ਨਹੀਂ ਸਦੀਆਂ ਦਾ ਅੰਤਰ ਸੀ। ਪਰ ਮੇਰੀ ਜ਼ਿੰਦਗੀ ਵਿਚ ਅਮੀਰ ਵਿਆਹੁਤਾ ਔਰਤ ਦੀ ਮੁਹੱਬਤ ਵਾਲੀ ਅਹਿਮ ਘਟਨਾ ਆਪਣਾ ਰੂਪ ਪਰਤਾ ਕੇ ਬਹੁਤ ਛੇਤੀ ਘਟਨ ਲੱਗ ਪਈ ਸੀ। ਡਾਇਨਾ ਨੇ ਮੇਰੇ ਨਾਲ ਆਪਣੇ ਇਸ਼ਕ ਅਤੇ ਸੰਬਧਾਂ ਦੀ ਮਧਮ-ਮਧਮ ਧੁੱਖ ਅੱਗ ਦੀ ਲਾਟ ਨੂੰ ਬੁਝਾ ਦਿੱਤਾ ਸੀ। ਮੈਂ ਵੀ ਇਸ ਹਿਰਦੇਵੇਦਕ ਅਤੇ ਦੁੱਖਦਾਈ ਫੈਸਲੇ ਨੂੰ ਕਬੂਲ ਕੇ ਜਿਉਣਾ ਸਿੱਖ ਲਿਆ ਸੀ। ਮੈਂ ਆਪਣੇ ਆਪਨੂੰ ਹੋਰ ਕੰਮਾਂ ਅਤੇ ਘੋੜ ਸਵਾਰੀ ਵਿਚ ਵਿਅਸਥ ਰੱਖਦਾ ਸੀ। 


ਫਰਵਰੀ ਜਾਂ ਮਾਰਚ 1992 ਦੀ ਗੱਲ ਹੈ ਇਹ।ਇਕ ਦਿਨ ਮੇਰੇ ਇਕ ਦੋਸਤ ਜੈਕ ਫੋਲਕਨਰ ਦਾ ਫੋਨ ਆਇਆ ਕਿ ਕਨਜ਼ਰਵਟਿਵ ਪਾਰਟੀ ਦੇ ਐੱਮ ਪੀ ਡੇਵਿਡ ਫਬੇਰ ਦੀ ਪਤਨੀ ਸੈਲੀ ਫਬੇਰ, ਉਸਦੀ ਪਤਨੀ ਸੀਮੋਨ ਦੀ ਸਹੇਲੀ ਹੈ ਤੇ ਘੋੜ-ਸਵਾਰੀ ਸਿੱਖਣਾ ਚਾਹੁੰਦੀ ਹੈ। ਜੈਕ ਨੇ ਸੈਲੀ ਕੋਲ ਟਰੇਨਰ ਵਜੋਂ ਮੇਰੀ ਸਿਫਾਰਿਸ਼ ਕੀਤੀ ਸੀ। ਮੈਂ ਜੈਕ ਦੇ ਕਹਿਣ 'ਤੇ ਸੈਲੀ ਦਾ ਲੈਸਨ ਬੁੱਕ ਕਰ ਲਿਆ ਸੀ। ਮਿਥੇ ਦਿਹਾੜੇ, ਲੰਮੀ, ਪਤਲੀ ਤੇ 30-32 ਸਾਲਾਂ ਦੀ ਭਰ ਜਵਾਨ ਸੈਲੀ ਮੇਰੇ ਕੋਲ ਆ ਗਈ। ਉਸਦਾ ਚਿਹਰਾ ਬਹੁਤ ਮੁਰਝਾਇਆ ਹੋਇਆ ਸੀ। ਰਸਮੀ ਗੱਲਬਾਤ ਬਾਅਦ ਮੈਂ ਉਸਨੂੰ ਘੋੜੇ ਕੋਲ ਲਿਜਾ ਕੇ ਮੁੱਢਲੀ ਜਾਣਕਾਰੀ ਦਿੱਤੀ ਤੇ ਕਾਠੀ 'ਤੇ ਬੈਠਾ ਕੇ ਘੋੜੇ ਦੀ ਲਗਾਮ ਫੜ੍ਹ ਕੇ ਆਪਣੇ ਤਬੇਲੇ ਦੇ ਸਿੱਖਿਆ ਮੈਦਾਨ ਵੱਲ ਲੈ ਤੁਰਿਆ ਸੀ। ਸੈਲੀ ਨੇ ਬਚਪਨ ਵਿਚ ਥੋੜ੍ਹੀ ਬਹਤੀ ਘੋੜਸਵਾਰੀ ਸਿੱਖੀ ਹੋਈ ਸੀ।



ਵਾਰ-ਵਾਰ ਮੇਰਾ ਮਨ ਕਹਿ ਰਿਹਾ ਸੀ ਕਿ ਮੈਂ ਸੈਲੀ ਨੂੰ ਕਿਧਰੇ ਨਾ ਕਿਧਰੇ ਜ਼ਰੂਰ ਪਹਿਲਾਂ ਮਿਲਿਆ ਜਾਂ ਦੇਖਿਆ ਹੋਇਆ ਸੀ। ਕਾਫੀ ਦੇਰ ਆਪਣੇ ਹੀ ਜ਼ਿਹਨ ਵਿਚਲੀ ਕਸ਼ਮਕਸ਼ ਨਾਲ ਜੂਝਣ ਬਾਅਦ ਮੈਂ ਭਰਮ ਕੱਢ ਲੈਣਾ ਉਚਿਤ ਸਮਝਿਆ ਸੀ, "ਮਿਸਜ਼ ਫਬੇਰ, ਆਪਾਂ ਕਿਧਰੇ ਪਹਿਲਾਂ ਮਿਲੇ ਹਾਂ?"

"ਨਹੀਂ। ਬਿਲਕੁਲ ਨਹੀਂ। ਇਹ ਆਪਣੀ ਪਹਿਲੀ ਮੁਲਾਕਾਤ ਹੈ।"

"ਅੱਛਾ? ਪਤਾ ਨਹੀਂ ਕਿਉਂ ਮੈਨੂੰ ਲੱਗੀ ਜਾ ਰਿਹਾ ਹੈ ਕਿ ਮੈਂ ਤੁਹਾਨੂੰ ਜਾਣਦਾ ਹਾਂ ਜਾਂ ਤੁਹਾਨੂੰ ਕਿਧਰੇ ਦੇਖਿਆ ਹੈ।"

"ਅਵੱਸ਼ ਤੱਕਿਆ ਹੋਵੇਗਾ। ਟੈਲੀਵਿਜ਼ਨ 'ਤੇ।"

"ਟੈਲੀਵਿਜ਼ਨ 'ਤੇ ਤੁਸੀਂ ਕੀ ਕਰਦੇ ਸੀ?"

"ਮੈਂ ਚੈਨਲ ਫਾਇਵ ਕਾਰਲਟਨ ਟੀਵੀ ਦੀ ਨਿਉਜ਼ ਵਿਚ ਵੈਦਰਗਰਲ ਸੀ। ਮੌਸਮ ਦਾ ਹਾਲ ਦੱਸਿਆ ਕਰਦੀ ਸੀ।"

ਮੈਂ ਆਪਣੀ ਯਾਦਦਾਸ਼ਤ 'ਤੇ ਜ਼ੋਰ ਪਾਇਆ ਤਾਂ ਮੈਨੂੰ ਯਾਦ ਆ ਗਿਆ ਸੀ। ਸੈਲੀ ਠੀਕ ਆਖ ਰਹੀ ਸੀ। ਘੋੜਸਵਾਰੀ ਸਿਖਾਉਂਦਾ ਹੋਣ ਕਰਕੇ ਮੈਨੂੰ ਹਮੇਸ਼ਾਂ ਮੌਸਮ ਨੂੰ ਧਿਆਨ ਵਿਚ ਰੱਖ ਕੇ ਲੈਸਨ ਬੁੱਕ ਕਰਨੇ ਪੈਂਦੇ ਸਨ। ਇਸ ਕਰਕੇ ਮੈਨੂੰ ਹਮੇਸ਼ਾਂ ਮੌਸਮ ਦਾ ਹਾਲ ਜਾਨਣ ਲਈ ਟੀਵੀ ਦੇਖਣ ਜਾਂ ਰੇਡੀਉ ਸੁਣਨਾ ਪੈਂਦਾ ਸੀ। ਮੈਂ ਸੈਲੀ ਦੇ ਚਿਹਰੇ ਨੂੰ ਨਿਰਖ ਨਾਲ ਦੇਖਿਆ ਤਾਂ ਮੈਨੂੰ ਪਹਿਚਾਣ ਆ ਗਿਆ ਸੀ। ਮੈਂ ਸੱਚੀ ਉਸਨੂੰ ਟੈਲੀਵਿਜ਼ਨ 'ਤੇ ਹੀ ਦੇਖਿਆ ਸੀ। ਟੈਲੀਵਿਜ਼ਨ ਉੱਪਰ ਤਾਂ ਸ਼ਾਇਦ ਪੈਸ਼ਾਵਰ ਮੇਅਕਪ ਕਾਰਨ ਉਹ ਬਹੁਤ ਸੋਹਣੀ ਲੱਗਦੀ ਹੁੰਦੀ ਸੀ, "ਅੱਛਾ ਤਾਂ ਤੁਸੀਂ ਸੈਲੀ ਗਿਲਬਰਟ ਹੋ?"

"ਹਾਂ, ਮੈਂ ਡੇਵਿਡ ਫਬੇਰ ਨਾਲ ਵਿਆਹ ਤੋਂ ਪਹਿਲਾਂ ਸੈਲੀ ਗਿਲਬਰਟ ਦੇ ਨਾਮ ਨਾਲ ਹੀ ਜਾਣੀ ਜਾਂਦੀ ਸੀ।"

"ਐਮ ਪੀ ਡੇਵਿਡ ਫਬੇਰ ਨੂੰ ਤੁਸੀਂ ਕਿਵੇਂ ਮਿਲੇ?"

"ਮੈਂ ਔਕਸਫੋਰਡ ਕਾਲੇਜ ਸੈਕਟਰੀ ਦਾ ਕੋਰਸ ਕਰਦੀ ਸੀ ਤੇ ਏਟੀਅਨ ਦਾ ਪੜਾਕੂ ਡੇਵਿਡ ਅੋਕਸਫੌਰਡ ਯੁਨੀਵਰਸਿਟੀ ਮੌਡਰਨ ਲੈਂਗੂਏਜ਼ ਦਾ ਸਟੂਡੈਂਟ ਸੀ। ਬਸ ਸਾਡੀ ਦੋਸਤੀ ਹੋ ਗਈ ਤੇ ਅਸੀਂ ਵਿਆਹ ਕਰਵਾ ਲਿਆ।"

ਮੈਂ ਪੁੱਛਣਾ ਤਾਂ ਨਹੀਂ ਸੀ ਚਾਹੁੰਦਾ। ਪਰ ਮੈਥੋਂ ਰਹਿ ਵੀ ਨਹੀਂ ਸੀ ਹੋਇਆ ਤੇ ਮੈਂ ਸੈਲੀ ਨੂੰ ਸਵਾਲ ਦਾਗ ਦਿੱਤਾ ਸੀ, "ਮਿਸਜ਼ ਫਬੇਰ, ਪਰ ਡੇਵਿਡ ਦੀ ਉਮਰ ਤੁਹਾਡੇ ਨਾਲੋਂ ਕੁੱਝ ਜ਼ਿਆਦਾ ਨਹੀਂ?"

"ਕੁਝ ਕੀ ਬਹੁਤ ਜ਼ਿਆਦਾ ਹੈ। ਮੈਂ ਅਜੇ ਸੱਜਰੀ ਕੁੰਜ ਲਾਹੀ ਸੱਪਣੀ ਸੀ ਤੇ ਉਹ ਪੱਕੜ ਅਜ਼ਗਰ ਸੀ। ਪਤਾ ਨਹੀਂ ਕਿਉਂ ਉਸਦਾ ਰੁਤਬਾ ਦੇਖ ਕੇ ਮੇਰੀ ਅਕਲ 'ਤੇ ਪਰਦਾ ਪੈ ਗਿਆ ਸੀ। ਜਵਾਨੀ ਦਿਵਾਨੀ ਹੁੰਦੀ ਹੈ। ਅੱਲੜ ਉਮਰ  ਵਿਚ ਕੁੜੀਆਂ ਨੂੰ ਦੌਲਤ ਅਤੇ ਸ਼ੁਹਰਤ ਦੀ ਬਹੁਤ ਭੁੱਖ ਹੁੰਦੀ ਹੈ। ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦਣ ਤੇ ਐਸ਼ਪ੍ਰਸਤੀ ਦੀ ਲਾਲਾਸਾ ਹੁੰਦੀ ਹੈ। ਪੂਰੀ ਫੈਸ਼ਨਾਂ ਪੱਟੀ ਸੀ ਮੈਂ ਵੀ।" ਏਨਾ ਕਹਿੰਦੀ ਹੋਈ ਸੈਲੀ ਬਹੁਤ ਉਦਾਸ ਜਿਹੀ ਹੋ ਗਈ ਸੀ।

ਸੈਲੀ ਦੇ ਸਿਰਫ ਏਨਾ ਦੱਸਣ ਤੋਂ ਹੀ ਮੈਂ ਸਮਝ ਗਿਆ ਸੀ ਕਿ ਉਹ ਆਪਣੇ ਪਤੀ ਤੋਂ ਡਾਇਨਾ ਵਾਂਗ ਨਾਖੁਸ਼ ਸੀ। ਉਸਨੇ ਵੀ ਰਈਸ ਖਾਨਦਾਨ ਦੇ ਡੈਵਿਡ ਫਬੇਰ ਨਾਲ ਸਿਰਫ ਦੌਲਤ ਅਤੇ ਸ਼ੁਹਰਤ ਕਰਕੇ ਹੀ ਵਿਆਹ ਕਰਵਾਇਆ ਸੀ। ਜੂਲੀਅਨ ਅਤੇ ਲੇਡੀ ਕੈਰੋਲਾਇਨ ਫਬੇਰ ਦਾ ਪੁੱਤਰ ਡੇਵਿਡ ਫਬੇਰ ਕੈਵਨਡਿੱਸ਼ ਖਾਨਦਾਨ ਵਿਚੋਂ ਸੀ, ਡਚਿਜ਼ ਔਫ ਡੈਵਨਸ਼ਾਇਰ ਜੌਰਜ਼ੀਨੀਆ ਦਾ ਪਤੀ ਡੈਵਨਸ਼ਾਇਰ ਦਾ ਡਿਉਕ ਵਿਲੀਅਮ ਉਸਦਾ ਵਡੇਰਾ ਸੀ। ਡੇਵਿਡ ਦੇ ਜਨਮ ਸਮੇਂ ਉਸਦਾ ਦਾਦਾ ਹੈਰੋਲਡ ਮੈਕਮਿਲਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ। 

ਸੈਲੀ ਪਹਿਲੇ ਪਹਿਲ ਤਾਂ ਹਫਤੇ ਵਿਚ ਇਕ ਵਾਰ ਘੋੜਸਾਵਰੀ ਸਿਖਣ ਆਉਂਦੀ ਸੀ। ਫਿਰ ਬਹੁਤ ਜਲਦ ਹੀ ਉਹ ਦੋ ਵਾਰ ਆਉਣ ਲੱਗ ਪਈ। ਜਿਉਂ-ਜਿਉਂ ਅਸੀਂ ਇਕ ਦੂਸਰੇ ਨਾਲ ਖੁਲ੍ਹਦੇ ਗਏ, ਉਹ ਹਫਤੇ ਵਿਚ ਚਾਰ ਵਾਰ ਘੋੜਸਵਾਰੀ ਸਿੱਖਣ ਦੀ ਜ਼ਿੱਦ ਕਰਨ ਲੱਗ ਪਈ ਸੀ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਅਜਿਹਾ ਕਿਉਂ ਕਰਨਾ ਚਾਹੁੰਦੀ ਸੀ, ਕਿਉਂਕਿ ਮੈਂ ਪਹਿਲਾਂ ਕਦੇ ਵੀ ਕਿਸੇ ਗਾਹਕ ਨੂੰ ਹਫਤੇ ਵਿਚ ਦੋ ਤੋਂ ਵੱਧ ਵਾਰ ਘੋੜਸਾਵਰੀ ਨਹੀਂ ਸੀ ਸਿਖਾਈ, "ਮਿਸਜ਼ ਫਬੇਰ, ਐਡੀ ਛੇਤੀ ਘੋੜਸਵਾਰੀ ਸਿੱਖ ਕੇ ਜੌਕੀ ਬਣਨੈ?"

"ਨਹੀਂ। ਤੈਨੂੰ ਇਸ ਨਾਲ ਕੀ ਮਤਲਬ? ਮੈਂ ਮੂਫਤ ਥੋੜ੍ਹਾ ਸਿੱਖਦੀ ਹਾਂ। ਤੈਨੂੰ ਮੈਂ ਤੇਰੀ ਫੀਸ ਦੇ ਰਹੀ ਹਾਂ। ਤੂੰ ਉਸ ਨਾਲ ਮਤਲਬ ਰੱਖ ਤੇ ਮੈਨੂੰ ਘੋੜਸਵਾਰੀ ਸਿਖਾ, ਬਸ। ਫਾਲਤੂ ਦੇ ਸਵਾਲ ਨਾ ਪੁੱਛ।"

"ਪਰ ਮੈਂ ਆਪਣੇ ਗਾਹਕ ਨੂੰ ਠੱਗਣਾ ਵੀ ਨਹੀਂ ਚਾਹੁੰਦਾ, ਮਿਸਜ਼ ਫਬੇਰ"

"ਕੀ ਤੂੰ ਹਰ ਵੇਲੇ ਮਿਸਜ਼ ਫਬੇਰ... ਮਿਸਜ਼ ਫਬੇਰ ਕਹਿੰਦਾ ਰਹਿੰਦਾ ਹੈਂ। ਸੈਲੀ ਨ੍ਹੀਂ ਕਹਿ ਸਕਦਾ?" ਸੈਲੀ ਮੈਨੂੰ ਖਿਝ ਕੇ ਪਈ ਸੀ। 

ਉਸ ਵਕਤ ਸੈਲੀ ਦਾ ਚਿਹਰਾ ਦੇਖਦਿਆਂ ਮੈਨੂੰ ਉਸ ਵਿਚੋਂ ਡਾਇਨਾ ਦਿਸਣ ਲੱਗ ਪਈ ਸੀ। ਮੈਂ ਉਸ ਤੋਂ ਬਾਅਦ ਸੈਲੀ ਨੂੰ ਕਦੇ ਵੀ ਮਿਸਜ਼ ਫਬੇਰ ਨਹੀਂ ਸੀ ਕਿਹਾ। ਮੈਂ ਸੈਲੀ ਨੂੰ ਘੋੜਸਵਾਰੀ ਬਾਰੇ ਕੁਝ ਦੱਸਦਾ ਤਾਂ ਉਹ ਧਿਆਨ ਨਾਲ ਨਾ ਸੁਣਦੀ। ਮੈਨੂੰ ਇੰਝ ਲੱਗਦਾ ਜਿਵੇਂ ਘੋੜ ਸਵਾਰੀ ਸਿਖਣ ਵਿਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ। ਇਕ ਦਿਨ ਮੈਂ ਸੈਲੀ ਨੂੰ ਪੁੱਛ ਲਿਆ ਤਾਂ ਉਸਨੇ ਦੱਸਿਆ ਸੀ ਕਿ ਇਹ ਤਾਂ ਮਹਿਜ਼ ਉਸ ਲਈ ਘਰ ਤੋਂ ਬਾਹਰ ਰਹਿਣ ਦਾ ਇਕ ਬਹਾਨਾ ਸੀ। ਉਸਨੇ ਮੈਨੂੰ ਦੱਸਿਆ ਕਿ ਉਹ ਡਿਪਰੈਸ਼ਨ ਦਾ ਕਾਫੀ ਸ਼ਿਕਾਰ ਰਹਿੰਦੀ ਹੈ ਤੇ ਇਸ ਲਈ  ਬਾਹਰ ਘੁੰਮਣਾ ਫਿਰਨਾ ਪਸੰਦ ਕਰਦੀ ਹੈ। ਘੁੰਮਣ ਫਿਰਨ ਦਾ ਮੈਨੂੰ ਵੀ ਸ਼ੌਂਕ ਸੀ। ਮੈਂ ਘੋੜਸਵਾਰੀ ਤੋਂ ਬਿਨਾ ਵੀ ਸੈਲੀ ਨਾਲ ਘੁੰਮਣ ਫਿਰਨ ਅਤੇ ਉਸਦੇ ਘਰ ਜਾਣ ਆਉਣ ਲੱਗ ਗਿਆ ਸੀ। ਸਾਡੀ ਕਾਫੀ ਦੋਸਤੀ ਹੋ ਗਈ ਸੀ। ਕਈ ਵਾਰ ਅਸੀਂ ਬਿਨਾ ਕੋਈ ਮੰਜਿਲ ਮਿਥਿਆਂ ਦੂਰ ਕਿਧਰੇ ਕਾਰ ਵਿਚ ਨਿਕਲ ਜਾਂਦੇ। ਸੈਲੀ ਮੈਨੂੰ ਹੱਸ ਕੇ ਕਹਿੰਦੀ, "ਜੇਮਜ਼ ਮੈਨੂੰ ਲੌਂਗ ਡਰਾਇਵ 'ਤੇ ਜਾਣਾ ਬਹੁਤ ਪਸੰਦ ਹੈ। ਕਈ ਵਾਰ ਤਾਂ ਜੀਅ ਕਰਦੈ ਹੁੰਦੈ ਕਿ ਕਿਧਰੇ ਜਾ ਕੇ ਗੁਆਚ ਜਾਵਾਂ।" 

ਇਕ ਦਿਨ ਸੈਲੀ ਦੇ ਘਰ ਬੈਠੇ ਅਸੀਂ ਦਾਰੂ ਪੀ ਰਹੇ ਸੀ। ਸੈਲੀ ਦਾ ਪਤੀ ਘਰ ਨਹੀਂ ਸੀ। ਉਸਦਾ ਪੁੱਤਰ ਵੀ ਸੈਲੀ ਦੇ ਮਾਪਿਆਂ ਕੋਲ ਗਿਆ ਹੋਇਆ ਸੀ। ਬਸ ਵੱਡੇ ਸਾਰੇ ਘਰ ਵਿਚ ਅਸੀਂ ਦੋਨੋਂ ਇਕੱਲੇ ਹੀ ਸੀ। ਦਾਰੂ ਪੀਂਦੀ ਪੀਂਦੀ ਸੈਲੀ ਅਚਾਨਕ ਰੋਣ ਲੱਗ ਪਈ ਸੀ। ਮੈਂ ਟਿਸੂ ਦੇ ਕੇ ਉਸਨੂੰ ਵਰਾਉਂਦਿਆਂ ਪੁੱਛਿਆ ਕਿ ਉਸਦੇ ਰੋਣ ਦਾ ਕੀ ਕਾਰਨ ਸੀ। 


ਡੁਸਕਦੀ ਹੋਈ ਸੈਲੀ ਕਹਿਣ ਲੱਗੀ, "ਜੇਮਜ਼ ਮੈਂ ਲਵ ਮੈਰਿਜ਼ ਕਰਵਾਉਣ ਦੀ ਬਹੁਤ ਵੱਡੀ ਗਲਤੀ ਕਰ ਬੈਠੀ ਹਾਂ। ਹੁਣ ਸਾਡੇ ਪਤੀ ਪਤਨੀ ਵਿਚ ਭੋਰਾ ਪਿਆਰ ਨਹੀਂ ਰਿਹਾ ਹੈ। ਸਾਡੀ ਲਵ ਮੈਰਿਜ਼, ਲਵਲੈੱਸ ਮੈਰਿਜ਼ ਬਣ ਗਈ ਹੈ।"



ਇਕ ਦੋਸਤ ਹੋਣ ਦੇ ਨਾਤੇ ਮੈਂ ਉਸਦੀ ਸਮਸਿਆ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੁੰਦਾ ਸੀ, "ਪਰ ਮੈਨੂੰ ਤਾਂ ਦੇਖਣ ਨੂੰ ਤੁਸੀਂ ਇਕ ਖੁਸ਼ਹਾਲ ਦੰਪਤੀ ਜੋੜਾ ਜਾਪਦੇ ਹੋ?"


"ਜ਼ਰੂਰੀ ਨਹੀਂ ਜੋ ਦਿਖਦਾ ਉਹ ਸੱਚ ਹੋਵੇ। ਪਹਿਲੇ ਪਹਿਲ ਤਾਂ ਸਭ ਕੁਝ ਠੀਕ ਸੀ। ਚਾਰ ਪੰਜ ਸਾਲ ਹੋ ਗਏ ਹਨ ਸਾਡਾ ਵਿਆਹ ਹੋਏ ਨੂੰ। ਮੇਰੇ ਪੁੱਤਰ ਹੈਨਰੀ ਦੇ ਜਨਮ ਤੋਂ ਬਾਅਦ ਸਾਡੇ ਰਿਸ਼ਤੇ ਵਿਚ ਦਰਾਰ ਜਿਹੀ ਆਉਣੀ ਸ਼ੁਰੂ ਹੋ ਗਈ ਸੀ।"

"ਹੈਨਰੀ ਦੇ ਜਨਮ ਤੋਂ ਬਾਅਦ ਤਾਂ ਤੁਹਾਡੇ ਵਿਚ ਪਿਆਰ ਵਧਣਾ ਚਾਹੀਦਾ ਸੀ। ਘੱਟ ਕਿਉਂ ਗਿਆ। ਇਸਦੀ ਕੀ ਵਜ੍ਹਾ ਹੈ?" ਮੈਂ ਉਤਸਕਤਾ ਜ਼ਾਹਿਰ ਕੀਤੀ ਸੀ।

"ਮੈਨੂੰ ਖੁਦ ਨਹੀਂ ਪਤਾ ਅਸਲੀ ਕਾਰਨ ਕੀ ਹੈ। ਡੈਵਿਡ ਦੀ ਸੈਕਸ ਵਿਚ ਰੁਚੀ ਜਿਹੀ ਨਹੀਂ ਰਹੀ। ਪਤਾ ਨਹੀਂ ਮੇਰੇ ਅੰਦਰ ਕਾਮ ਦੀ ਭੁੱਖ ਜ਼ਿਆਦਾ ਵਧ ਗਈ ਹੈ ਜਾਂ ਉਹ ਬੁਢਾਪੇ ਕਾਰਨ ਠੰਡਾ ਹੋ ਗਿਆ ਹੈ। ਡੈਵਿਡ ਤੋਂ ਮੈਨੂੰ ਸੰਤੁਸ਼ਟ ਨਹੀਂ ਕਰ ਹੁੰਦਾ। ਸਾਰੀ ਰਾਤ ਡੈਵਿਡ ਨਾਲ ਪਈ ਟੱਕਰਾਂ ਜਿਹੀਆਂ ਮਾਰਦੀ, ਮੈਂ ਅਤ੍ਰਿਪਤ ਰਹਿੰਦੀ ਹਾਂ।"

"ਸੈਲੀ, ਸੈਕਸ ਹੀ ਤਾਂ ਸਭ ਕੁਝ ਨਹੀਂ ਹੁੰਦਾ ਰਿਸ਼ਤੇ ਵਿਚ?"

"ਸੈਕਸ ਤੋਂ ਬਿਨਾ ਵੀ ਰਿਸ਼ਤੇ ਵਿਚ ਕੁਝ ਨਹੀਂ ਹੁੰਦਾ, ਜੇਮਜ਼। ਜੇ ਰਿਸ਼ਤੇ ਵਿਚ ਸੈਕਸ ਨਾ ਹੋਵੇ, ਫੇਰ ਤੀਵੀਂ ਆਦਮੀ ਤੇ ਭੈਣ ਭਰਾ ਦੇ ਰਿਸ਼ਤੇ ਵਿਚ ਕੀ ਫਰਕ ਹੋਇਆ? ਮੈਂ ਖੂਬਸੂਰਤ ਹਾਂ। ਜਵਾਨ ਹਾਂ। ਮੈਨੂੰ ਰੱਜਵੇਂ ਸੈਕਸ ਦੀ ਲੋੜ੍ਹ ਹੈ। ਮੈਨੂੰ ਠਾਰਨ ਲਈ ਡੈਵਿਡ ਵਰਗਾ ਹੰਭਿਆ ਜਿਹਾ ਮੋਲ੍ਹਾ ਬਲਦ ਨਹੀਂ, ਘੋੜੇ ਵਰਗਾ ਮਰਦ ਚਾਹੀਦੈ।" ਸੈਲੀ ਬੇਬਾਕ ਹੁੰਦੀ ਜਾ ਰਹੀ ਸੀ।
"ਘੋੜੇ ਵਰਗੈ ਹੈਂ? ਕਿਹੜੀ ਨਸਲ ਦੇ ਘੋੜੇ ਵਰਗਾ?" ਆਖ ਕੇ ਮੈਂ ਹੱਸ ਪਿਆ ਸੀ।
ਸੈਲੀ ਨੀਝ ਨਾਲ ਮੇਰੇ ਚਿਹਰੇ ਵੱਲ ਦੇਖਦੀ ਹੋਈ ਬੋਲੀ ਸੀ, "ਮੇਰਾ ਮਤਲਬ ਹੈ... ਤੇਰੇ ਵਰਗਾ ਮਰਦ ਚਾਹੀਦਾ ਹੈ, ਅਥਲੈਟਿਕ ਫਿਜ਼ੀਕ ਵਾਲਾ।"

ਇਹ ਸੁਣ ਕੇ ਮੇਰੇ ਚਿਹਰੇ ਦੀਆਂ ਹਵਾਈਆਂ ਹੀ ਉੱਡ ਗਈਆਂ ਸਨ। ਮੈਂ ਕਦੇ ਵੀ ਸੈਲੀ ਬਾਰੇ ਆਪਣੇ ਮਨ ਵਿਚ ਅਜਿਹੀ ਭਾਵਨਾ ਪੈਦਾ ਨਹੀਂ ਸੀ ਕੀਤੀ। ਮੇਰਾ ਤਾਂ ਡਾਇਨਾ ਦੀਆਂ ਯਾਦਾਂ ਹੀ ਖਹਿੜਾ ਨਹੀਂ ਸਨ ਛੱਡਦੀਆਂ। ਸੈਲੀ ਮੇਰੀ ਗਾਹਕ ਸੀ ਤੇ ਏਨਾ ਕੁ ਮੈਂ ਆਪਣੇ ਹਰ ਗਾਹਕ ਦੇ ਕਰੀਬ ਹੁੰਦਾ ਸੀ ਜਿੰਨਾ ਕੁ ਮੈਂ ਸੈਲੀ ਦੇ ਸੀ। ਮੈਂ ਡੌਰ-ਭੌਰ ਜਿਹਾ ਹੋਇਆ ਬੈਠਾ ਸੀ ਕਿ ਸੈਲੀ ਨੇ ਆਪਣੇ ਵੋਦਕੇ ਦਾ ਪੈੱਗ ਇਕੋ ਸਾਹ ਡੀਕ ਲਾ ਕੇ ਖਿਚਿਆ ਦੇ ਉੱਠ ਕੇ ਮੇਰੀ ਬਾਂਹ ਫੜ੍ਹ ਲਿੱਤੀ ਸੀ, "ਆ ਚੱਲੀਏ।"

ਮੈਂ ਸੈਲੀ ਨਾਲ ਉੱਠ ਕੇ ਤੁਰ ਪਿਆ ਸੀ। ਉਹ ਮੈਨੂੰ ਆਪਣੇ ਬੈੱਡਰੂਮ ਵਿਚ ਲੈ ਗਈ ਤੇ ਭੁੱਖਿਆਂ ਵਾਂਗ ਟੁੱਟ ਕੇ ਚੁੰਮਣ ਲੱਗ ਪਈ ਸੀ। ਸੈਲੀ ਜਵਾਨ ਅਤੇ ਕਾਫੀ ਹੁਸੀਨ ਸੀ। ਜੇ ਡਾਇਨਾ ਤੋਂ ਵੱਧ ਨਹੀਂ ਸੀ ਤਾਂ ਦੁਨੀਆਂ ਦੀ ਕਿਸੇ ਹੋਰ ਔਰਤ ਤੋਂ ਘੱਟ ਵੀ ਨਹੀਂ ਸੀ। ਮੈਥੋਂ ਵੀ ਰਿਹਾ ਨਾ ਗਿਆ ਤੇ ਮੈਂ ਸੈਲੀ ਨੂੰ ਆਪਣੀਆਂ  ਬਾਹਾਂ ਵਿਚ ਮਜ਼ਬੂਤੀ ਨਾਲ ਜਕੜ ਲਿਆ ਸੀ। ਇਕ ਦੂਜੇ ਨਾਲ ਚੁੰਮਣ-ਯੁੱਧ ਕਰਦਿਆਂ ਅਸੀਂ ਵੇਗ ਦੀ ਟਿਸੀ ਵੱਲ ਵੱਧਦੇ ਜਾ ਰਹੇ ਸੀ। ਸੈਲੀ ਦੇ ਹੱਥ ਮੇਰੀ ਚਮੜੇ ਦੀ ਬੈੱਲਟ ਨੂੰ ਖੋਲ੍ਹਣ ਲਈ ਜਦੋ-ਜਹਿਦ ਕਰ ਰਹੇ ਸਨ। ਮੈਂ ਸੈਲੀ ਦੇ ਬਲਾਉਜ਼ ਦਾ ਇਕੱਲਾ ਇਕੱਲਾ ਬਟਨ ਖੋਲ੍ਹ ਕੇ ਵਕਤ ਜਾਇਆ ਕਰਨ ਦੀ ਬਜਾਏ  ਇਕੋ ਝਟਕਾ ਮਾਰ ਕੇ ਸੈਲੀ ਦਾ ਬਲਾਉਜ਼ ਪਾੜ੍ਹ ਦਿੱਤਾ ਤੇ ਉਸ ਦੇ ਗੋਰੇ ਨਾਜ਼ੂਕ ਬਦਨ ਨੂੰ ਬੇਪਰਦਾ ਕਰਕੇ ਵਾਹੋਦਾਹੀ ਚੁੰਮਣ ਲੱਗ ਪਿਆ ਸੀ। 

ਅਗਲੇ ਪਲ ਜਿਵੇਂ ਤਬਲੇ ਉੱਤੇ ਤਬਲਚੀ ਦੀਆਂ ਉਂਗਲਾਂ ਦੀ ਧਾਪ ਵੱਜਦੀ ਹੁੰਦੀ ਹੈ, ਮੇਰਾ ਜਿਸਮ ਹੇਠ ਲੇਟੀ ਸੈਲੀ ਦੇ ਬਦਨ 'ਤੇ ਵੱਜ ਰਿਹਾ ਸੀ।... ਹੇਠ ਪਈ ਸੈਲੀ ਵੀ ਖੁੱਦੋ ਵਾਂਗ ਬੁੜ੍ਹਕ ਰਹੀ ਸੀ।... ਸੈਲੀ ਵਿਸਮਾਦ ਵਿਚ ਸਰੂਰਮਈ ਚੀਕਾਂ ਮਾਰ ਰਹੀ ਸੀ, "ਹਾਂ, ਜੇਮਜ਼ ਹਾਂ... ਬਸ ਲੱਗਿਆ ਰਹਿ... ਆਹੀ ਕੁਝ ਮੈਂ ਭਾਲਦੀ ਸੀ... ਆਈ ਲਵ ਯੂ ਜੇਮਜ਼... ਹੋਰ ਦੱਬ ਕੇ... ਹਾਏ... ਹਾ....ਅ...ਏ... ਹੋਰ ਜ਼ੋਰ ਦੀ ਜਿਵੇਂ ਬਜਰੀ ਕੁੱਟੀਦੀ ਐ, ਇਉਂ ਮੈਨੂੰ ਚੰਗੀ ਤਰ੍ਹਾਂ ਭੰਨ੍ਹ...।"
ਮੈਂ ਸੈਲੀ ਅੰਦਰ ਧਸਦਾ ਜਾ ਰਿਹਾ ਸੀ, "ਹਾਏ! ਸੈਲੀ... ਬਹੁਤ ਮਜ਼ਾ ਆ ਰਿਹੈ... ਮਰਜੂੰ ਮੈਂ ਐਨਾ ਪਿਆਰ ਨਾ ਕਰ ਮੈਨੂੰ... ਹਾਏ! ਤੂੰ ਪਹਿਲਾਂ ਕਿਉਂ ਨ੍ਹੀਂ ਮਿਲੀ?" 

"ਚੱਲ ਹੁਣ ਮਿਲਗੀਆਂ ਆਂ ਛੱਡੀ ਨਾ ਮੈਨੂੰ...।"

ਮੈਂ ਜਾਣਦਾ ਸੀ ਸੈਲੀ, ਡੈਵਿਡ ਫਬੇਰ ਤੋਂ ਅਸੰਤੁਸ਼ਟ ਅਤੇ ਕਾਮ ਭੁੱਖੀ ਜਨਾਨੀ ਸੀ। ਮੈਂ ਉਸ ਤੋਂ ਆਪਣੀ ਹੇਠੀ ਨਹੀਂ ਸੀ ਕਰਵਾਉਣੀ ਚਾਹੁੰਦਾ। ਇਸ ਲਈ ਸੈਲੀ ਨੂੰ ਭੋਗਦਿਆਂ ਮੈਂ ਆਪਣੀ ਸਮਰਥਾ ਨਾਲੋਂ ਵਧੇਰੇ ਜ਼ੋਰ ਲਾਇਆ ਹੋਇਆ ਸੀ। ਸੈਲੀ ਦੇ ਮਜ਼ਬੂਤ ਕਿੰਗਸਾਇਜ਼ ਬੈੱਡ ਦੇ ਚਾਰੇ ਪਾਵੇ ਚੀਕੂੰ-ਚੀਕੂੰ ਕੂਕ ਰਹੇ ਸਨ। ਸੰਭੋਗ ਵਿਚ ਵਿਲੀਨ ਹੋਇਆਂ ਨੂੰ ਸਾਨੂੰ ਕੋਈ ਸੂਰਤ ਨਹੀਂ ਸੀ। ਪਰ ਕਮਰਾ ਇਉਂ ਕੰਬਦਾ ਸੀ ਜਿਵੇਂ ਭੁਚਾਲ ਆਇਆ ਹੁੰਦਾ ਹੈ ਤੇ ਬੈੱਡ ਇਉਂ ਹਿੱਲ ਰਿਹਾ ਸੀ ਜਿਵੇਂ ਸਮੁੰਦਰ ਵਿਚਾਲੇ ਖੜ੍ਹੀ ਕਿਸ਼ਤੀ ਡਗਮਗਾਉਂਦੀ ਹੈ।


ਸਾਡੇ ਕਾਮ ਦਾ ਤੂਫਾਨ ਜਦੋਂ ਧਮਿਆ ਤਾਂ ਸੈਲੀ ਦੀ ਉੱਚੀ ਸਾਰੀ ਸੰਤੁਸ਼ਟੀਪੂਰਨ ਹੂੰਗ ਨਿਕਲੀ ਸੀ, "ਹਾ.......ਅ! ਮੇਜ਼ਰ ਤਸੱਲੀ ਹੋ ਗਈ। ਅੱਜ ਤੂੰ ਤੀਜੀ ਵਿਸ਼ਵ ਜੰਗ ਜਿੱਤ ਗਿਐਂ। ਤਰਸੀ ਪਈ ਸੀ ਇਹੋ ਜਿਹੇ ਵਾਇਲਡ ਸੈਕਸ ਲਈ। ਜੇ ਕਿਤੇ ਗਿਨੀਸ ਬੁੱਕ ਵਾਲੇ ਆਪਾਂ ਨੂੰ ਆਲਿੰਗਨਬਧ ਹੋਇਆਂ ਦੇਖਦੇ ਤਾਂ ਉਹਨਾਂ ਨੇ ਇਸ ਨੂੰ ਸਦੀ ਦਾ ਸਰਵੋਤਮ ਸੰਭੋਗ ਆਖ ਕੇ ਆਪਣਾ ਨਾਮ ਗਿਨੀਸ ਬੁੱਕ ਵਿਚ ਲਿੱਖ ਲੈਣਾ ਸੀ।... ਫੱਕ ਔਫ ਦਾ ਸੈਂਚਰੀ... ਰਿਕਾਰਡ ਹੋਲਡਰ ਮੇਜ਼ਰ ਜੇਮਜ਼ ਹਿਊਵਟ ਐਂਡ ਸੈਲੀ ਫਬੇਰ। ਨਜ਼ਾਰਾ ਆ ਜਾਣਾ ਸੀ।"

ਮੈਂ ਮਸਕਰੀ ਕੀਤੀ ਸੀ, "ਬੱਕਰੀ ਜਾਨੋਂ ਗਈ ਖਾਨ ਆਲੇ ਨੂੰ ਸੁਆਦ ਨ੍ਹੀਂ ਆਇਆ। ਕਿਉਂ ਹੁਣ ਨਜ਼ਾਰਾ ਨਹੀਂ ਆਇਆ।"

"ਲੈ ਇਹ ਮੈਂ ਕਦੋਂ ਕਿਹੈ। ਮੈਂ ਤਾਂ ਅੰਨ੍ਹੀਂ ਹੋਈ ਪਈ ਆਂ। ਕੁਝ ਚੱਜ ਨਾਲ ਦਿਸਦਾ ਵੀ ਨ੍ਹੀਂ।"  ਸੈਲੀ ਮੈਨੂੰ ਚਿੱਚੜੀ ਵਾਂਗ ਚਿੰਬੜ ਗਈ ਸੀ।  

ਮੈਂ ਸੈਲੀ ਵੱਲ ਦੇਖਿਆ ਤਾਂ ਮੈਨੂੰ ਇਉਂ ਲੱਗਿਆ ਸੀ ਜਿਵੇਂ ਉਹ ਬਹੁਤ ਨਿਖਰ ਗਈ ਹੋਵੇ। ਅਸੀਂ ਜੱਫੀ ਪਾ ਕੇ ਪਏ ਕਾਫੀ ਦੇਰ ਗੱਲਾਂ ਕਰਦੇ ਰਹੇ ਸੀ। ਮੈਂ ਉੱਠ ਕੇ ਜਾਣ ਲਈ ਕਪੜੇ ਪਹਿਨਣ ਲੱਗਿਆ ਤਾਂ ਸੈਲੀ ਨੇ ਮੈਨੂੰ ਪੁੱਛਿਆ ਸੀ, "ਕਿੱਥੇ ਚੱਲਿਐਂ?"


"ਘਰ ਹੋਰ ਕਿੱਥੇ। ਸਾਧੂ ਚੱਲਦੇ ਭਲੇ, ਨਗਰੀ ਵਸਦੀ ਭਲੀ।"



"ਊਂਅ! ਮੈਨੂੰ  ਛੱਡ ਕੇ ਨਾ ਜਾਹ ਯਾਰ।"


"ਤੇਰਾ ਘਰਵਾਲਾ ਆਉਣ ਵਾਲਾ ਹੋਣੈ। ਉਹਨੇ ਰੰਗੇ ਹੱਥੀ ਫੜ੍ਹ ਲਿਆ ਤਾਂ ਐੱਮ ਪੀ ਸਾਹਿਬ ਆਪਾਂ ਦੋਨਾਂ ਨੂੰ 'ਕੱਠੇ ਖੜ੍ਹਾ ਕੇ ਇਕੋ ਗੋਲੀ ਨਾਲ ਮਾਰਨਗੇ। ਕਹੂ ਦੂਜੀ ਗੋਲੀ ਗੰਦਿਆਂ 'ਤੇ ਕਾਹਨੂੰ ਖਰਾਬ ਕਰਨੀ ਹੈ।"

"ਉਹਦੀ ਫਿਕਰ ਨਾ ਕਰ। ਉਹ ਫਰਾਂਸ ਗਿਆ ਹੋਇਐ। ਉਹਨੇ ਨਹੀਂ ਆਉਣਾ।" ਸੈਲੀ ਨੇ ਉੱਠ ਕੇ ਮੈਨੂੰ ਫੇਰ ਬਿਸਤਰੇ 'ਤੇ ਖਿੱਚ ਲਿਆ ਸੀ।

ਉਹ ਰਾਤ ਮੈਂ ਸੈਲੀ ਨਾਲ ਹੀ ਬਿਤਾਈ ਸੀ। ਉਸ ਤੋਂ ਬਾਅਦ ਸੈਲੀ ਘਰੋਂ ਘੋੜਸਵਾਰੀ ਦੇ ਬਹਾਨੇ ਆਉਂਦੀ, ਪਰ ਅਸੀਂ ਘੋੜਸਵਾਰੀ ਬਿਲਕੁੱਲ ਨਾ ਕਰਦੇ ਤੇ ਮੇਰੇ ਘਰ ਪਏ ਇਕ ਦੂਜੇ ਨੂੰ ਪਿਆਰ ਕਰਦੇ ਰਹਿੰਦੇ। ਡਾਇਨਾ ਨਾਲ ਕਿਧਰੇ ਬਾਹਰ ਜਾਣਾ ਜਾਂ ਘੁੰਮਣਾ ਫਿਰਨਾ ਮੁਸ਼ਕਿਲ ਹੁੰਦਾ ਸੀ, ਕਿਉਂਕਿ ਲੋਕ ਉਸਨੂੰ ਜਾਣਦੇ ਸਨ। ਪਰ ਸੈਲੀ ਨੂੰ ਕੋਈ ਨਹੀਂ ਸੀ ਜਾਣਦਾ। ਅਸੀਂ ਸ਼ਰੇਆਮ ਜੱਫੀ ਪਾਈ ਡੈਵਨ ਵਿਚ ਘੁੰਮਦੇ ਰਹਿੰਦੇ। ਸਿਨਮੇ ਅਤੇ ਰੈਸਟੋਰੈਂਟ ਨੂੰ ਜਾਂਦੇ। ਪੂਰੇ ਦੱਸ ਗਿਆਰਾਂ  ਮਹੀਨੇ ਸਾਡਾ ਇਸ਼ਕ ਇਉਂ ਹੀ ਚਲਦਾ ਰਿਹਾ ਸੀ। ਕਦੇ ਕਦੇ ਸੈਲੀ ਕਿਸੇ ਸਹੇਲੀ ਕੋਲ ਠਹਿਰਨ ਦਾ ਬਹਾਨਾ ਬਣਾ ਕੇ ਘਰੋਂ ਆ ਜਾਂਦੀ ਤੇ ਸਾਰੀ ਰਾਤ ਮੇਰੇ ਕੋਲ ਮੇਰੇ ਘਰ ਰਹਿੰਦੀ। 
ਸੈਲੀ, ਡੇਵਿਡ ਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰਨ ਲੱਗ ਪਈ ਸੀ। ਮੈਂ ਸੈਲੀ ਨਾਲ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਦਰਅਸਲ ਸੱਚ ਤਾਂ ਇਹ ਸੀ ਕਿ ਮੈਂ ਕਿਸੇ ਨਾਲ ਵੀ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਮੈਂ ਇਕ ਅਜ਼ਾਦ ਜ਼ਿੰਦਗੀ ਜਿਉਂ ਰਿਹਾ ਸੀ ਤੇ ਮੈਂ ਆਪਣੀ ਅਜ਼ਾਦੀ ਨਹੀਂ ਸੀ ਗਵਾਉਣੀ ਚਾਹੁੰਦਾ। ਵਿਆਹ ਦਾ ਬੰਧਨ ਮੈਨੂੰ ਆਪ ਸਹੇੜੀ ਗੁਲਾਮੀ ਤੋਂ ਵੱਧ ਕੁਝ ਨਹੀਂ ਸੀ ਪ੍ਰਤੀਤ ਹੁੰਦਾ। ਮੈਂ ਇਸ ਵਿਸ਼ੇ 'ਤੇ ਕਿਵੇਂ ਨਾ ਕਿਵੇਂ ਸੈਲੀ ਨੂੰ ਟਾਲ ਜਾਇਆ ਕਰਦਾ ਸੀ। ਦੂਜੇ ਹੱਥ ਮੈਨੂੰ ਡਾਇਨਾ ਦੇ ਵਾਪਿਸ ਮੇਰੇ ਕੋਲ ਪਰਤ ਆਉਣ ਦੀ ਮਹੀਨ ਜਿਹੀ ਆਸ ਵੀ ਸੀ। ਜਦ ਸੈਲੀ ਨੇ ਮੇਰੇ 'ਤੇ ਜ਼ਿਆਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮੈਂ ਅਫਰੀਕਾ ਛੇ ਮਹੀਨੇ ਲਈ ਘੁੰਮਣ ਦਾ ਬਹਾਨਾ ਬਣਾ ਕੇ ਸੈਲੀ ਨੂੰ ਬਿਨਾ ਦੱਸੇ ਘਰੋਂ ਨਿਕਲ ਪਿਆ ਸੀ। ਮੈਂ ਅਤੇ ਮੇਰੇ ਦੋਸਤ ਫਰੈਸਿਸ ਸ਼ਾਵਰਿੰਗ ਨੇ ਇਕ ਪੁਰਾਣੀ ਲੈਂਡਰਵਰ ਗੱਡੀ ਖਰੀਦੀ ਅਤੇ ਅਸੀਂ ਆਪਣੇ ਸਫਰ ਵੱਲ ਵੱਧ ਗਏ ਸੀ। ਰਸਤੇ ਵਿਚੋਂ ਜਦੋਂ ਮੈਂ ਫੋਨ ਕਰਕੇ ਸੈਲੀ ਨੂੰ ਆਪਣੇ ਅਫਰੀਕਾ ਘੁੰਮਣ ਬਾਰੇ ਦੱਸਿਆ ਤਾਂ ਉਹ ਬਹੁਤ ਤੜਫੀ ਅਤੇ ਮੇਰੇ ਨਾਲ ਕਾਫੀ ਲੜ੍ਹੀ ਸੀ। ਪਰ ਮੈਨੂੰ ਸੈਲੀ ਦੀ ਬਹੁਤੀ ਪਰਵਾਹ ਨਹੀਂ ਸੀ।ਜਿਵੇਂ ਮੇਰੇ ਜਰਮਨੀ ਜਾਣ 'ਤੇ ਡਾਇਨਾ ਖਿਝੀ ਸੀ। ਉਵੇਂ ਅਫਰੀਕਾ ਜਾਣ 'ਤੇ ਸੈਲੀ ਮੇਰੇ ਨਾਲ ਬੇਹੁਦਗੀ ਨਾਲ ਪੇਸ਼ ਆਈ ਸੀ।

ਜਦੋਂ ਮੈਂ ਅਫਰੀਕਾ ਤੋਂ ਵਾਪਿਸ ਆਇਆ ਤਾਂ ਉਦੋਂ ਤੱਕ ਡਾਇਨਾ ਦਾ ਤਲਾਕ ਹੋ ਚੁੱਕਾ ਸੀ ਤੇ ਸੈਲੀ ਦਾ ਤਲਾਕ ਹੋਣ ਵਾਲਾ ਸੀ। ਮੈਨੂੰ ਇੰਗਲੈਂਡ ਆ ਕੇ ਹੀ ਪਤਾ ਚੱਲਿਆ ਸੀ ਕਿ ਸੈਲੀ ਮੇਰੇ ਤੋਂ ਗਰਭਵਤੀ ਹੋ ਗਈ ਸੀ। ਇਸ ਬਾਰੇ ਜਦੋਂ ਡੈਵਿਡ ਨੂੰ ਪਤਾ ਲੱਗਿਆ ਤਾਂ ਉਸ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ ਸੀ। ਅਰਜ਼ੀ ਵਿਚ ਤਲਾਕ ਦਾ ਕਾਰਨ ਮੈਨੂੰ ਦੱਸਿਆ ਗਿਆ ਸੀ। ਸੈਲੀ ਨੇ ਮੇਰੇ ਪ੍ਰਤੀ ਮਨ ਵਿਚ ਉਪਜੀ ਨਫਰਤ ਕਾਰਨ ਗਰਭਪਾਤ ਕਰਵਾ ਦਿੱਤਾ ਸੀ। ਬ੍ਰਤਾਨਵੀ ਪ੍ਰੈਸ ਨੂੰ ਇਕ ਹੋਰ ਸਕੂਪ ਯਾਨੀ ਸਨਸਨੀਖੇਜ਼ ਖ਼ਬਰ ਮਿਲ ਗਈ ਸੀ। ਇੰਗਲੈਂਡ ਦੇ ਸਾਰੇ ਮੀਡੀਏ ਵੱਲੋਂ ਇਕ ਵਾਰ ਫਿਰ ਮੇਰੇ ਉੱਤੇ ਚਿਕੜ ਸਿੱਟਿਆ ਜਾ ਰਿਹਾ ਸੀ। ਬੜ੍ਹਾ ਕੁਝ ਬਕਵਾਸ ਮੇਰੇ ਬਾਰੇ ਨਿੱਤ ਅਖਬਾਰਾਂ ਵਿਚ ਛਪਿਆ ਸੀ। ਡਾਇਨਾ ਦੇ ਇਸ਼ਕ ਵਾਲੇ ਜਿਸ ਅਧਿਆਏ ਤੋਂ ਮੈਂ ਅਜ਼ਾਦ ਹੋਇਆ ਸੀ, ਜ਼ਿੰਦਗੀ ਦੇ ਅਗਲੇ ਪੜਾਅ ਵਿਚ ਉਹੀ ਦੁਬਾਰਾ ਲਿਖਿਆ ਗਿਆ ਸੀ। ਇਉਂ ਇਤਿਹਾਸ ਦੇ ਪੰਨ੍ਹਿਆਂ ਨੇ ਇਕੋ ਕਹਾਣੀ ਨੂੰ ਪਾਤਰ, ਸਮਾਂ ਅਤੇ ਸਥਾਨ ਬਦਲ ਕੇ ਮੁੜ ਸਾਂਭ ਲਿਆ ਸੀ।

No comments:

Post a Comment