ਚੋਰਾਂ ਨੂੰ ਮੋਰ
ਐਨਾ ਨੂੰ ਹਾਇਡ ਪਾਰਕ ਹੋਟਲ, ਨਾਇਟਬ੍ਰਿਜ਼ ਵਿਖੇ ਉਤਾਰ ਕੇ ਮੈਂ ਆਪਣੀ ਮੀਟਿੰਗ ਲਈ ਚਲਾ ਗਿਆ। ਮੀਟਿੰਗ ਤੋਂ ਬਾਅਦ ਚੈਲਸੀਆ ਵਿਚ ਮੇਰੀ ਇਕ ਮੁਲਾਕਾਤ ਸੀ। ਅਗਲੇ ਦਿਨ ਮੈਂ ਸਪੇਨ ਨੂੰ ਘੋੜਿਆਂ ਦੇ ਵਪਾਰੀ ਜੋਸ਼ੇ ਮਾਰੀਆ ਨੂੰ ਮਿਲਣ ਜਾਣਾ ਸੀ।
ਜਦੋਂ ਮੈਂ ਹੋਟਲ ਵਿਚ ਮੁੜ ਕੇ ਅਇਆ ਤਾਂ ਐਨਾ, ਲੂਸੀਆ ਅਤੇ ਜੇਨ-ਮਾਰਖ ਨਾਲ ਰਿਸੈਪਸ਼ਨ ਵਿਚ ਮੇਰਾ ਇੰਤਜ਼ਾਰ ਕਰ ਰਹੀ ਸੀ। ਉਹ ਮੈਨੂੰ ਬੜ੍ਹੇ ਤਪਾਕ ਨਾਲ ਮਿਲੇ। ਮੈਂ ਉਹਨਾਂ ਦੇ ਡੈਵਨ ਨਾ ਆ ਸਕਣ ਦਾ ਅਫਸੋਸ ਪ੍ਰਗਟਾਇਆ। ਜੇਨ-ਮਾਰਖ ਕਹਿਣ ਲੱਗਾ ਕਿ ਉਹਨਾਂ ਨੂੰ ਮੌਂਟੀ ਕਾਰਲੋ ਵਿਚ ਕੋਈ ਅੜੀਕਾ ਪੈ ਗਿਆ ਸੀ ਤੇ ਕਦੇ ਜ਼ਰੂਰ ਮੇਰੇ ਘਰ ਤਸ਼ਰੀਫ ਲਿਆਉਣਗੇ। ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਕਿੱਥੇ ਠਹਿਰੇ ਹੋਏ ਹਨ ਤਾਂ ਉਸਨੇ ਦੱਸਿਆ ਕਿ ਸ਼ੇਅਰਟਨ ਹੋਟਲ, ਜੋ ਕਿ ਹਾਇਡ ਪਾਰਕ ਦੇ ਬਿਲਕੁਲ ਸਾਹਮਣੇ ਸੀ। ਮੇਰੇ ਕਿਆਫਾ ਲਾਇਆ ਕਿ ਉਸਦਾ ਖਰਚ ਐਨਾ ਹੀ ਕਰ ਰਹੀ ਹੋਵੇਗੀ। ਮੈਂ ਉਹਨਾਂ ਨੂੰ ਰੈੱਡਮੋਰ ਵਾਕ 'ਤੇ ਬਣੇ ਜੀਐਨਿਸ ਹੋਟਲ ਵਿਚ ਭੋਜਨ ਕਰਵਾਉਣ ਲਈ ਲੈ ਗਿਆ।
ਭੋਜਨ ਉਪਰੰਤ ਅਸੀਂ ਸਾਰੇ ਸ਼ੇਅਰਟਨ ਹੋਟਲ ਵਿਚ ਆ ਗਏ। ਐਨਾ ਹੋਟਲ ਵੱਲੋਂ ਸਾਨੂੰ ਦਿੱਤੇ ਗਏ ਕਮਰਿਆਂ ਤੋਂ ਨਾ ਖੁਸ਼ ਸੀ। ਉਹ ਕਮਰਾ ਬਦਲਨਾ ਚਾਹੁੰਦੀ ਸੀ। ਮੈਂ ਡਿਊਟੀ ਮੈਨੇਜ਼ਰ ਨੂੰ ਮਿਲਿਆ। ਉਸਨੇ ਦੱਸਿਆ ਕਿ ਲੰਡਨ ਵਿਚ ਇਕ ਚਾਇਨਿਸ ਡੈਲੀਗੇਸ਼ਨ ਆਇਆ ਹੋਣ ਕਰਕੇ ਕੋਈ ਹੋਟਲ ਪੂਰਾ ਭਰਿਆ ਹੋਇਆ ਸੀ ਤੇ ਕਮਰੇ ਬਹੁਤ ਘੱਟ ਖਾਲੀ ਸਨ। ਮੈਨੂੰ ਤਾਂ ਸਾਡਾ ਕਮਰਾ ਠੀਕ-ਠਾਕ ਵਧੀਆ ਜਾਪਦਾ ਸੀ। ਪਰ ਫੇਰ ਵੀ ਮੈਨੇਜ਼ਰ ਨੇ ਸਾਨੂੰ ਹੋਰ ਕਮਰਾ ਦਿਖਾ ਦਿੱਤਾ, ਜੋ ਐਨਾ ਦੇ ਨਖਰੇ ਹੇਠ ਆ ਗਿਆ।
ਐਨਾ ਨੇ ਲੂਸੀਆ ਦੇ ਵਾਲ ਕਟਵਾਉਣ ਲਈ ਹੋਟਲ ਦੀ ਹੇਅਰ ਡਰੈਸਰ ਨੂੰ ਕਮਰੇ ਵਿਚ ਬੁਲਾਇਆ ਹੋਇਆ ਸੀ। ਮੈਂ ਜੇਨ ਨੂੰ ਸ਼ਰਾਬ ਪੀਣ ਲਈ ਲੈ ਗਿਆ। ਉਹ ਬੜਾ ਮਿਲਣਸਾਰ ਸੀ। ਉਸ ਨੇ ਉਸ ਤੋਂ ਪੂਰਬਲੇ ਹਫਤੇ ਰਿਹਾਇਸ਼ੀ ਬੰਦੋਬਸਤ ਵਿਚ ਰਹੀਆਂ ਤਰੁਟੀਆਂ ਬਾਰੇ ਮੈਥੋਂ ਖਿਮਾ ਮੰਗੀ ਤੇ ਦੁਬਾਰਾ ਮੈਨੂੰ ਮੌਂਟੀ ਕਾਰਲੋ ਵਿਖੇ ਆ ਕੇ ਰਹਿਣ ਦਾ ਤੇ ਗ੍ਰੈਂਡ ਪਰਿਫਕਸ ਦੇਖਣ ਦਾ ਸੱਦਾ ਦਿੱਤਾ। ਅਸੀਂ ਖਾਸਾ ਚਿਰ ਤੱਕ ਪੀਂਦੇ ਰਹੇ। ਜੀਐਨਿਸ ਵਿਚ ਖਾਧੇ ਖਾਣੇ ਵਿਚ ਰਲੀ ਰੈੱਡ ਵਾਇਨ ਨਾਲ ਸਾਨੂੰ ਸਰੂਰੀ ਚੜ੍ਹੀ ਹੋਈ ਸੀ।
ਜਦੋਂ ਅਸੀਂ ਹੋਟਲ ਵਾਪਿਸ ਪਰਤੇ ਤਾਂ ਐਨਾ ਮਸਤੀ ਦੇ ਰੌਂਅ ਵਿਚ ਸੀ। ਉਹ ਡਿਸਪੋਜ਼ਲ ਕੈਮਰੇ ਨਾਲ ਸਭ ਦੀਆਂ ਤਸਵੀਰਾਂ ਖਿੱਚਣ ਲਗ ਗਈ। ਮੈਂ ਕੁਝ ਦੇਰ ਲੂਸੀਆ ਅਤੇ ਜੇਨ-ਮੈਰਖ ਦੇ ਕਮਰੇ ਵਿਚ ਬੈਠਾ। ਮੈਂ ਸਵੇਰ ਨੂੰ ਛੇ ਵਜੇ ਉਠਣਾ ਸੀ ਤੇ ਕੁਝ ਘੰਟੇ ਸੌਂ ਲੈਣਾ ਚਾਹੁੰਦਾ ਸੀ। ਇਸ ਲਈ ਮੈਂ ਸੌਣ ਆਪਣੇ ਕਮਰੇ ਵਿਚ ਚਲਾ ਗਿਆ ਤੇ ਐਨਾ ਨੂੰ ਆਖ ਦਿੱਤਾ ਕਿ ਜਦੋਂ ਉਹਦਾ ਦਿਲ ਕਰੇ। ਉਹ ਆ ਜਾਵੇ।
ਅਗਲੀ ਸਵੇਰ ਆਪਣੇ ਨਾਲ ਨਿਰਵਸਤਰ ਪਈ ਐਨਾ ਨੂੰ ਉਠਾਉਣ ਨੂੰ ਮੇਰਾ ਮਨ ਨਾ ਮੰਨਿਆ। ਗੁੱਡਬਾਏ ਕਿੱਸ ਕਰਨ ਲੱਗਾ ਤਾਂ ਉਹ ਜਾਗ ਪਈ ਤੇ ਬਾਂਹੋਂ ਫੜ੍ਹ ਕੇ ਮੈਨੂੰ ਬਿਸਤਰੇ 'ਤੇ ਖਿਚ ਲਿਆ।
ਹੋਟਲ ਦੇ ਗੈਰਜ਼ ਵਿਚੋਂ ਆਪਣੀ ਕਾਰ ਲੈ ਕੇ ਹੀਥਰੋ ਏਅਰਪੋਰਟ ਵੱਲ ਚਲਾ ਗਿਆ। ਕਾਹਲੀ ਵਿਚ ਗੱਡੀ ਪਾਰਕ ਕਰਕੇ ਮੈਂ ਟਰਮਿਨਲ ਦੋ 'ਤੇ ਪਹੁੰਚ ਗਿਆ। ਜਿਉਂ ਹੀ 'ਚੈਕ-ਇਨ' ਕਰਨ ਲਈ ਮੈਂ ਆਪਣੀਆਂ ਜ਼ੇਬਾਂ ਟੋਹੀਆਂ ਤਾਂ ਮੈਨੂੰ ਆਪਣੀ ਮੂਰਖਤਾ ਉੱਤੇ ਗੁੱਸਾ ਆਇਆ। ਮੈਂ ਆਪਣਾ ਪਾਸਪੋਰਟ ਘਰ ਹੀ ਭੁੱਲ ਆਇਆ ਸੀ। ਦਰਅਸਲ, ਲੇਲਿਆਂ ਨੂੰ ਬਚਾਉਣ ਦੇ ਆਹਰ ਵਿਚ ਮੈਂ ਲੇਟ ਹੋ ਗਿਆ ਸੀ ਤੇ ਹਫੜਾ-ਦਫੜੀ ਵਿਚ ਮੈਨੂੰ ਪਾਸਪੋਰਟ ਚੁੱਕਣਾ ਯਾਦ ਹੀ ਨਹੀਂ ਸੀ ਰਿਹਾ।
ਮੈਂ ਆਪਣੇ ਅਸਤਬਲ ਦੀ ਨੌਕਰ ਬੈਕੀ ਨੂੰ ਫੋਨ ਕੀਤਾ, ਜੋ ਮੇਰੇ ਘਰ ਦੀ ਮੇਰੀ ਗੈਰ ਹਾਜ਼ਰੀ ਵਿਚ ਦੇਖ-ਰੇਖ ਕਰਿਆ ਕਰਦੀ ਸੀ। ਮੈਨੂੰ ਪੱਕਾ ਨਹੀਂ ਸੀ ਪਤਾ ਕਿ ਪਾਸਪੋਰਟ ਮੈਂ ਕੋਟ ਦੀ ਜ਼ੇਬ ਵਿਚ ਰੱਖਿਆ ਸੀ ਜਾਂ ਮੇਰੇ ਕਮਰੇ ਵਿਚ ਪਈ ਅਲਮਾਰੀ ਵਿਚ ਪਿਆ ਸੀ। ਮੈਂ ਹਰ ਸੰਭਵ ਸਥਾਨ 'ਤੇ ਬੈਕੀ ਨੂੰ ਟੋਲਣ ਲਈ ਕਿਹਾ।
ਘੜੀ ਦੀ ਟਿਕਟਿਕ ਸੁਣਦਾ ਮੈਂ ਬੈਕੀ ਦੇ ਫੋਨ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਸਮਾਂ ਗੁਜ਼ਰਦਾ ਗਿਆ ਤੇ ਮੇਰੀ ਫਲਾਇਟ ਵਾਲਾ ਦਰਵਾਜ਼ਾ ਬੰਦ ਹੋ ਗਿਆ। ਹੁਣ ਮੇਰਾ ਜ਼ਹਾਜ ਚੜ੍ਹਨਾ ਅਸੰਭਵ ਸੀ। ਮੇਰਾ ਮੋਬਾਇਲ ਫੋਨ ਖੜ੍ਹਕਿਆ। ਬੈਕੀ ਨੇ ਦੱਸਿਆ ਕਿ ਪਾਸਪੋਰਟ ਉਸਨੂੰ ਕਿਧਰੇ ਵੀ ਨਹੀਂ ਸੀ ਲੱਭਿਆ। ਹੁਣ ਮੇਰੇ ਕੋਲ ਡੈਵਨ ਪਰਤ ਕੇ ਖੁਦ ਲੱਭਣ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਰਿਹਾ।
ਮੈਂ ਆਪਣੀ ਕਾਰ ਚਲਾਉਂਦਿਆਂ ਮੈਡਰਿਡ ਫੋਨ ਕਰਕੇ ਸੂਚਿਤ ਕਰ ਦਿੱਤਾ ਕਿ ਮੈਂ 8 ਵਜੇ ਵਾਲੀ ਫਲਾਇਟ ਵਿਚ ਆਵਾਂਗਾ। ਜੋ 11 ਵਜੇ ਉਸੇ ਜਾ ਕੇ ਲੱਗੇਗੀ। ਭਾਵੇਂ ਇਸ ਦਾ ਮਤਲਵ ਪ੍ਰੀਤੀ ਭੋਜਨ ਤੋਂ ਖੁੰਝ ਜਾਣਾ ਸੀ, ਪਰ ਫੇਰ ਵੀ ਮੈਂ ਹਰ ਹਾਲ ਉਥੇ ਉਪੜਨਾ ਚਾਹੁੰਦਾ ਸੀ।
"ਕੋਈ ਚਿੰਤਾ ਨਹੀਂ, ਜੇਮਜ਼। ਮੈਂ ਤੇਰੀ 4 ਵਜੇ ਵਾਲੀ ਫਲਾਇਟ ਵਿਚ ਸੀਟ ਰਿਜ਼ਰਬ ਕਰਾ ਦਿਨਾਂ।" ਵਾਪਰੀ ਜੋਸ਼ੇ ਮਾਰੀਆ ਦੀ ਨਿੱਘੀ ਆਵਾਜ਼ ਸੁਣੀ ਤਾਂ ਮੈਂ ਸਥਿਰ ਹੋ ਗਿਆ।
ਐਮ 4 ਮੋਟਰਵੇਅ 'ਤੇ ਗੱਡੀ ਭਜਾਈ ਜਾਂਦਿਆਂ ਮੈਂ ਐਨਾ ਨੂੰ ਉਸਦੇ ਨਵੇਂ ਮੋਬਾਇਲ ਫੋਨ 'ਤੇ ਫੋਨ ਕੀਤਾ। ਉਸਨੂੰ ਇਹ ਸੁਣ ਕੇ ਹੈਰਾਨੀ ਹੋਈ। ਮੈਂ ਸਾਰੀ ਵਾਰਤਾ ਸੁਣਾਈ ਤੇ ਦੱਸਿਆ ਕਿ 4 ਵਜੇ ਵਾਲੀ ਉਡਾਨ ਫੜ੍ਹਨ ਦੀ ਕੋਸ਼ਿਸ਼ ਕਰਾਂਗਾ। ਉਸਨੇ ਪੁੱਛਿਆ ਕਿ ਕੀ ਬੈਕੀ ਘਰ ਹੋਵੇਗੀ?
"ਹਾਂ ਉਹਨੂੰ ਲੱਭਿਆ ਨਹੀਂ ਸੀ?"
"ਉੁਹ ਤਾਂ ਤੇਰੇ ਡਰਾ ਵਿਚ ਪਿਆ ਸੀ। ਮੈਂ ਖੁਦ ਦੇਖਿਐ।"
"ਤੂੰ ਕੀ ਕਰ ਰਹੀ ਹੈਂ?"
"ਸ਼ੋਪਿੰਗ?"
"ਹੋਰ? ਸ਼ੋਪਿੰਗ ਕਰਕੇ ਰਜਦੀ ਨਹੀਂ?"
ਪਾਸਪੋਰਟ ਮੇਰੇ ਡਰਾਅ ਵਿਚ ਹੀ ਪਿਆ ਸੀ। ਬੈਕੀ ਨੇ ਕਾਗਜ਼ ਫਰੋਲਣ ਦੀ ਖੇਚਲ ਨਹੀਂ ਸੀ ਕੀਤੀ। ਵਰਨਾ ਉਸਨੂੰ ਲੱਭ ਜਾਣਾ ਸੀ।
ਹੌਥਰੋ ਨੂੰ ਮੁੜਦਿਆਂ ਮੈਂ ਫੇਰ ਐਨਾ ਨੂੰ ਫੋਨ ਕੀਤਾ ਤੇ ਦੱਸਿਆ ਮੈਂ ਚਾਰ ਵਜੇ ਵਾਲੀ ਫਲਾਇਟ ਵਿਚ ਜਾ ਰਿਹਾ ਹਾਂ।
"ਚਾਰ ਵਜੇ ਕੋਈ ਫਲਾਇਟ ਨਹੀਂ ਜਾਂਦੀ।"
ਮੈਨੂੰ ਅਚੰਭਾ ਜਿਹਾ ਲੱਗਿਆ। ਕਿ ਉਸਨੂੰ ਕਿਵੇਂ ਪਤਾ ਹੈ ਕਿ ਚਾਰ ਵਜੇ ਕੋਈ ਫਲਾਇਟ ਨਹੀਂ ਜਾਣੀ। ਮੈਂ ਚਾਹੁੰਦੇ ਹੋਏ ਵੀ ਉਸ ਨੂੰ ਪੁੱਛ ਨਾ ਸਕਿਆ ਜਾਂ ਸ਼ਾਇਦ ਮੈਂ ਜ਼ਰੂਰੀ ਨਾ ਸਮਝਿਆ। ਕਾਹਲੀ ਵਿਚ ਹੋਣ ਕਰਕੇ ਮੈਂ ਉਸ ਨਾਲ ਕੋਈ ਫਾਲਤੂ ਦੀ ਬਹਿਸਬਾਜ਼ੀ ਵੀ ਨਹੀਂ ਸੀ ਕਰਨੀ ਚਾਹੁੰਦਾ।
ਮੈਂ ਏਅਰਪੋਰਟ ਪਹੁੰਚਿਆਂ ਤਾਂ ਐਨਾ ਦੀ ਗੱਲ ਸਹੀ ਸੱਚੀ ਨਿਕਲੀ। 4 ਵਜੇ ਕੋਈ ਉਡਾਨ ਨਹੀਂ ਸੀ ਜਾਣੀ। ਮੈਂ ਅੱਠ ਵਜੇ ਵਾਲੀ ਉਡਾਨ ਫੜ੍ਹ ਕੇ ਮੈਡਰਿਡ ਦੀ ਏਅਰਪੋਰਟ ਡੀ ਬਾਰਾਸ ਵਿਖੇ ਉਤਰਿਆ। ਕਾਰਲੋਸ ਰੋਮਾ, ਜਿਸਦੀ ਜੋਸੇ ਮਾਰੀਆ ਨੇ ਮੇਰੀ ਦੇਖਭਾਲ ਅਤੇ ਮਹਿਮਾਨਿਵਾਜ਼ੀ ਕਰਨ ਦੀ ਜ਼ਿੰਮੇਵਾਰੀ ਲਗਾਈ ਹੋਈ ਸੀ। ਮੇਰਾ ਇੰਤਜ਼ਾਰ ਕਰ ਰਿਹਾ ਸੀ। ਹੋਟਲ ਦੇ ਕਮਰੇ ਵਿਚ ਸਾਮਾਨ ਰੱਖ ਕੇ ਅਸੀਂ ਖਾਣਾ ਖਾਣ ਚਲੇ ਗਏ। ਮੈਂ ਸਭ ਤੋਂ ਪਹਿਲਾਂ ਬਰਾਂਡੀ ਦਾ ਪੈੱਗ ਲਾ ਕੇ ਥਕੇਵਾਂ ਲਾਇਆ।
ਅਗਲਾ ਪੂਰਾ ਦਿਨ 1 ਅਪ੍ਰੈਲ, ਬੁੱਧਵਾਰ ਨੂੰ ਮੈਂ ਪੂਰੀ ਤਰ੍ਹਾਂ ਮਸਰੂਫ ਰਿਹਾ। ਕੁਝ ਵਾਪਰਿਆ ਨਾਲ ਨਾਸ਼ਤਾ ਕੀਤਾ। ਦੁਪਹਿਰ ਨੂੰ ਨਾਟੂਲੀਅਰ ਬੀਅਰ ਪਾਰਲਰ ਵਿਚ ਜੋਸ਼ੇ ਮਾਰੀਆ ਨੂੰ ਮਿਲਿਆ ਤੇ ਅਸੀਂ ਦੁਪਿਹਰ ਦਾ ਖਾਣਾ ਇੱਕੱਠਿਆਂ ਖਾਧਾ। ਉਸਨੇ ਮੇਰੀ ਕਾਫੀ ਵਧੀਆ ਮਹਿਮਾਨ ਨਿਵਾਜ਼ੀ ਕੀਤੀ। ਮੈਂ ਉਸਨੂੰ ਅਸਤਬਲ ਅਤੇ ਘੋੜਿਆਂ ਦੇ ਵਪਾਰ ਨੂੰ ਫੈਲਾਉਣ ਦੇ ਗੁਰ ਸਿਖਾਏ। ਜੋਸੇ ਮਾਰੀਆ ਨੇ ਕਾਰਲੋਸ ਨੂੰ ਮੈਨੂੰ ਘੁੰਮਾਉਣ ਫਿਰਾਉਣ ਤੇ ਐਸ਼ ਕਰਵਾਉਣ ਦੀਆਂ ਸਖਤ ਹਦਾਇਤਾਂ ਦਿੱਤੀਆਂ।
ਰਾਤ ਨੂੰ ਉਹ ਮੈਨੂੰ ਫਲੈਮਕੋ ਦਾ ਆਨੰਦ ਮਾਨਣ ਲਈ ਕੈਫੇ ਡੀ ਚੀਨੀਟਸ ਵਿਚ ਲੈ ਗਿਆ। ਮੈਂ ਪੇਸ਼ਾਵਰ ਨ੍ਰਿਤਕਾਂ ਨਾਲ ਨੱਚ ਕੇ ਬੜਾ ਮਜ਼ਾ ਆਇਆ। ਉਸ ਤੋਂ ਬਾਅਦ ਕੈਫੇ ਵਾਲੇ ਮੈਨੂੰ ਆਪਣੀ ਗੈਸਟ ਬੁੱਕ ਦਿਖਾਉਣ ਲੱਗ ਪਏ। ਸਪੇਨ ਦੇ ਰਾਜਾ ਜੋਅਨ ਕਾਰਲੋਸ ਅਤੇ ਰਾਣੀ ਸੋਪੀਆ ਦੇ ਦਸਤਕ ਵੀ ਉਸ ਵਿਚ ਸਨ। ਮੈਂ ਅਗਲਾ ਪੰਨਾ ਪਲਟਾਇਆ। ਪਿੰਸ ਚਾਲਸ ਅਤੇ ਡਾਇਨਾ ਦੇ ਹਸਤਾਖਰ ਮੇਰੇ ਸਾਹਮਣੇ ਸਨ। ਪਰ ਡਾਇਨਾ ਦੀ ਜ਼ਿੰਦਗੀ ਵਿਚ ਮੇਰੇ ਰੋਲ ਨੂੰ ਉਹ ਨਹੀਂ ਸੀ ਜਾਣਦੇ।
ਮੈਂ ਬਹੁਤ ਦੇਰੀ ਨਾਲ ਉਦਣ ਹੋਟਲ ਵਿਚ ਜਾ ਕੇ ਸੁੱਤਾ। ਸ਼ਾਇਦ ਰਾਤ ਦੇ 3 ਵਜੇ ਸਨ। ਪਰ ਫੇਰ ਵੀ ਮੈਂ ਅੱਠ ਵਜੇ ਤੱਕ ਆਪਣੀ ਨੀਂਦ ਪੂਰੀ ਕਰਕੇ ਉੱਠ ਖੜ੍ਹਿਆ ਸੀ। ਯੁਰਪ ਦੇ ਹੋਟਲਾਂ ਵਿਚ ਮੈਂ ਅਕਸਰ ਹੀ ਸਾਜਰੇ ਉੱਠ ਖੜਦਾ ਹਾਂ। ਮੈਂ ਟੈਲੀਵਿਜ਼ਨ ਚਲਾ ਕੇ ਸਕਾਈ ਨਿਉਜ਼ ਚੈਨਲ ਲਾਇਆ। 2 ਅਪ੍ਰੈਲ ਦਾ ਦਿਨ ਸੀ, ਜੋ ਮੈਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ। ਪਹਿਲੀ ਹੀ ਖਬਰ ਮੇਰੇ ਬਾਰੇ ਸੀ। ਮੇਰੇ ਘਰ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਸੀ। ਮੈਨੂੰ ਲੱਗਿਆ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹੋਵਾਂ। ਮੈਂ ਆਪਣੇ ਆਪ ਨੂੰ ਝੰਜੋੜ ਕੇ ਦੇਖਿਆ। ਫੇਰ ਐਨਾ ਫਰਾਟੀ ਦੀ ਫੋਟੋ ਦਖਾਈ ਗਈ ਤੇ ਰੋਜ਼ਾਨਾ ਮਿਰਰ ਅਖਬਾਰ ਵਿਚ ਉਦਣ ਛਪੀ ਖਬਰ 'ਡਾਇਨਾ ਦੇ ਪ੍ਰੇਮ ਪੱਤਰਾਂ ਦਾ ਸਕੈਂਡਲ' ਬਾਰੇ ਚਾਨਣਾ ਪਾਇਆ ਗਿਆ।
ਮੈਨੂੰ ਆਪਣੀਆਂ ਅੱਖਾਂ ਅਤੇ ਕੰਨਾਂ 'ਤੇ ਯਕੀਨ ਨਹੀਂ ਸੀ ਆ ਰਿਹਾ। ਮਿਰਰ ਦੇ ਮੁੱਖ ਸਫੇ 'ਤੇ ਖਬਰ ਇਸ ਪ੍ਰਕਾਰ ਛਪੀ ਸੀ:-
ਸ਼ਹਿਜ਼ਾਦੀ ਡਾਇਨਾ ਦੇ ਜੇਮਜ਼ ਹੂਟ ਨੂੰ ਲਿਖੇ ਸਨਸਨੀਖੇਜ਼ ਪ੍ਰੇਮ ਪੱਤਰ ਰੋਜਾਨਾ ਮਿਰਰ ਨੇ ਬਰਾਂਮਦ ਕੀਤੇ। 39 ਸਾਲਾ ਹਿਊਟ ਦੇ ਘਰੋਂ 62 ਹੱਥ ਲਿਖਤ ਚਿੱਠੀਆਂ, ਕੱਲ੍ਹ ਉਸਦੇ ਡੈਵਨ ਸਥਿਤ ਘਰ ਚੋਂ ਉਦੋਂ ਚੁੱਕੀਆਂ ਗਈਆਂ, ਜਦੋਂ ਉਹ ਵਪਾਰ ਕਰਨ ਵਿਦੇਸ਼ ਗਿਆ ਹੋਇਆ ਸੀ। ਇਹ ਉਸਦੀ ਮੰਗੇਤਰ ਇਟੇਲੀਅਨ ਸੁੰਦਰੀ ਐਨਾ ਫਰਾਟੀ ਤੋਂ ਮਿਰਰ ਨੇ ਉਸ ਵੇਲੇ ਕਬਜ਼ੇ ਵਿਚ ਲਈਆਂ, ਜਦੋਂ ਉਹ ਇਹਨਾਂ ਨੂੰ £150,000 ਦੀ ਕੀਮਤ ਵਿਚ ਸਾਨੂੰ ਵੇਚਣਾ ਚਾਹੁੰਦੀ ਸੀ। ਅਸੀਂ ਫੌਰਨ ਉਹ ਕੈਨਸਿੰਘਟਨ ਮਹਿਲ ਦੇ ਸਪੁਰਦ ਕਰ ਦਿੱਤੀਆਂ ਤੇ ਮਹਿਲ ਦੇ ਅਧਿਕਾਰੀਆਂ ਵੱਲੋਂ ਮਿਰਰ ਦਾ ਉਹਨਾਂ ਦੀ ਮਹਿਫੂਜ਼ ਸਪੁਰਦਗੀ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਬੜ੍ਹੇ ਅਫਸੋਸ ਨਾਲ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਡਾਇਨਾ ਨੇ ਆਪਣਾ ਦਿਲ ਸਾਬਕਾ ਫੌਜੀ, ਮੇਜਰ ਹਿਊਟ ਅੱਗੇ ਖੁੱਲ੍ਹ ਕੇ ਬੇਬਾਕੀ ਨਾਲ ਇਹਨਾਂ ਚਿੱਠੀਆਂ ਵਿਚ ਫਰੋਲਿਆ ਸੀ। ਇਹਨਾਂ ਵਿਚੋਂ ਬਹੁਤੇ ਖਤ ਉਸ ਵੇਲੇ ਲਿਖੇ ਗਏ, ਜਦੋਂ ਡਾਇਨਾ ਦਾ ਇਸ਼ਕ ਕਥਿਤ ਵਿਅਕਤੀ ਨਾਲ ਸਿਖਰਾਂ ਛੂਹ ਰਿਹਾ ਸੀ।
ਫੌਜ ਵਿਚ ਰਹਿੰਦਿਆਂ ਇਰਾਕੀ ਬੰਬਾਰੀ ਅਤੇ ਮਿਜ਼ਾਇਲਾਂ ਤੋਂ ਮੈਂ ਨਹੀਂ ਸੀ ਘਬਰਾਇਆ। ਪਰ ਇਹ ਖਬਰ ਸੁਣ ਕੇ ਮੈਂ ਦਹਿਲ ਗਿਆ। ਮੇਰਾ ਸਾਰਾ ਵਜੂਦ ਕੰਬਣ ਲੱਗ ਗਿਆ। ਕੁਝ ਪਲਾਂ ਲਈ ਤਾਂ ਮੈਨੂੰ ਔਹੜਿਆ ਹੀ ਨਹੀਂ ਕਿ ਮੈਂ ਕੀ ਕਰਾਂ ਤੇ ਕੀ ਨਾ। ਮਿਲਟਰੀ ਵਿਚ ਸਾਨੂੰ ਸਿਖਾਇਆ ਜਾਂਦਾ ਹੈ ਕਿ ਅਚਨਚੇਤ ਪੈਦਾ ਹੋਏ ਸੰਕਟ ਦਾ ਕੋਈ ਫੌਰੀ ਹੱਲ ਨਾ ਲੱਭੇ ਤਾਂ ਘੱਟੋਘੱਟ ਉਸਨੂੰ ਟਾਲਣ ਦਾ ਯਤਨ ਕਰੋ ਤੇ ਹੋਰ ਖਤਰਿਆਂ ਤੋਂ ਬਚੋ। ਮੈਂ ਵੀ ਇਸ ਮਾਮਲੇ ਨਾਲ ਨਜਿੱਠਣ ਲਈ ਸਭ ਤੋਂ ਪਹਿਲਾਂ ਆਪਣੇ ਮਹਿਮਾਨ ਨਿਵਾਜ਼ ਨੂੰ ਸੂਚਿਤ ਕਰਨਾ ਅਕਲਮੰਦੀ ਸਮਝੀ ਸੀ।
ਮੈਂ ਕਾਰਲੋ ਦੇ ਕਮਰੇ ਦਾ ਜਾ ਕੇ ਬੂਹਾ ਖੜਕਾਇਆ ਤੇ ਉਸਨੂੰ ਪੁੱਛਿਆ ਕਿ ਉਸਨੇ ਟੈਲੀਵਿਜ਼ਨ 'ਤੇ ਮੇਰੇ ਬਾਰੇ ਕੁਝ ਦੇਖਿਆ ਹੈ ਤਾਂ ਉਸ ਨੇ ਨਾਂਹ ਵਿਚ ਸਿਰ ਮਾਰ ਦਿੱਤਾ। ਮੈਂ ਸੰਖੇਪ ਵਿਚ ਉਸਨੂੰ ਸਾਰੀ ਕਹਾਣੀ ਸਮਝਾ ਦਿੱਤੀ ਅਤੇ ਨਾਲ ਹੀ ਚੁਕੰਨਾ ਵੀ ਕਰ ਦਿੱਤਾ ਕਿ ਪੱਤਰਕਾਰ ਮੈਨੂੰ ਤਲਾਸ਼ਦੇ ਉਥੇ ਆਉਣਗੇ।
ਉਸਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਸਨੇ ਮੈਨੂੰ ਕੁਝ ਦਿਨ ਹੋਰ ਸਪੇਨ ਵਿਚ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਨਾਲ ਗੱਲ ਠੰਢੀ ਪੈ ਜਾਵੇਗੀ। ਮੈਨੂੰ ਵੀ ਇਹੋ ਉਚਿਤ ਲੱਗਿਆ। ਮੇਰੇ ਮੁਤਾਬਿਕ ਇਸ ਵਿਵਾਦ ਨਾਲ ਹੋਟਲ ਦੇ ਕਮਰੇ ਵਿਚ ਰਹਿ ਕੇ ਵਧੀਆ ਢੰਗ ਨਾਲ ਨਜਿੱਠਿਆਂ ਜਾ ਸਕਦਾ ਸੀ। ਉਥੇ ਮੇਰੇ ਕੋਲ ਮੋਬਾਇਲ ਫੋਨ ਵੀ ਸੀ ਤੇ ਫੈਕਸ ਮਸ਼ੀਨ ਵੀ ਮੇਰੀ ਪਹੁੰਚ ਵਿਚ ਸੀ।
ਉਸ ਵੇਲੇ ਇੰਗਲੈਂਡ ਵਿਚ ਸਵੇਰ ਦੇ ਨੌ ਵਜੇ ਸਨ। ਦਫਤਰਾਂ ਦੇ ਖੁੱਲ੍ਹਣ ਦਾ ਸਮਾਂ ਸੀ। ਵਾਪਿਸ ਆਪਣੇ ਕਮਰੇ ਵਿਚ ਆ ਕੇ ਮੈਂ ਆਪਣੇ ਵਕੀਲ ਰੌਡ ਡੈਡਕ ਨੂੰ ਇਹ ਪਤਾ ਲਾਉਣ ਲਈ ਫੋਨ ਕੀਤਾ ਕਿ ਉਸਨੂੰ ਇਸ ਮਾਮਲੇ ਬਾਰੇ ਕੋਈ ਗਿਆਨ ਹੈ ਜਾਂ ਨਹੀਂ।
"ਸਾਰੇ ਇੰਗਲੈਂਡ ਨੂੰ ਪਤੈ ਹੈ ਇਸ ਬਾਰੇ ਤਾਂ....।" ਡੈਡਕ ਦੀ ਰੁੱਖੀ ਜਿਹੀ ਅਵਾਜ਼ ਆਈ, "ਸਭ ਅਖਬਾਰਾਂ ਦੀ ਸੁਰਖੀ ਇਹੋ ਖਬਰ ਹੈ।"
ਮੈਂ ਉਸ ਨੂੰ ਕਿਹਾ ਕਿ ਆਪਾਂ ਨੂੰ ਮਾਮਲਾ ਪੁਲਿਸ ਕੋਲ ਲਿਜਾਣਾ ਚਾਹੀਦਾ ਹੈ। ਉਸ ਨੇ ਸਲਹਾ ਦਿੱਤੀ ਕਿ ਮੈਂ ਪਹਿਲਾਂ ਮਿਰਰ ਵੱਲੋਂ ਆਇਦ ਕੀਤੇ ਦੋਸ਼ਾਂ ਨੂੰ ਪੜ੍ਹ ਲਵਾਂ। ਉਸਨੇ ਮਿਰਰ ਦੇ ਪੰਨੇ ਮੈਨੂੰ ਫੈਕਸ ਕਰਨੇ ਸ਼ੁਰੂ ਕਰ ਦਿੱਤੇ।
ਪੰਨਾ ਦਰ ਪੰਨਾ ਫੈਕਸ ਵਿਚੋਂ ਨਿਕਲਦਾ ਦੇਖ ਕੇ ਮੈਂ ਆਪਣੇ ਆਪ ਨੂੰ ਵਿਸ਼ਵਾਸ਼ ਦਿਵਾਉਣ ਦਾ ਯਤਨ ਕਰ ਰਿਹਾ ਸੀ ਕਿ ਇਹ ਖਬਰ ਝੂਠੀ ਹੈ। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਐਨਾ ਮੇਰੇ ਨਾਲ ਇਸ ਪ੍ਰਕਾਰ ਦਗਾ ਕਮਾਏਗੀ। ਪਰ ਫੇਰ ਮੈਂ ਬੀਤੀਆਂ ਸਾਰੀਆਂ ਘਟਨਾਵਾਂ ਦੀਆਂ ਲੜ੍ਹੀਆਂ ਨੂੰ ਜੋੜਨ ਲੱਗ ਪਿਆ। ਐਨਾ ਦਾ ਬੁੱਧਵਾਰ ਰਾਤ ਨੂੰ ਸਵੱਖਤੇ ਆਉਣਾ... ਮੈਨੂੰ ਸਰਪਰਾਇਜ਼ ਦੇਣਾ... ਨਵਾਂ ਮੋਬਾਇਲ ਫੋਨ... ਐਕਸੇਟਰ ਵਿਚ ਉਸਦਾ ਗੁੰਮ ਹੋ ਜਾਣਾ... ਪੁਆਇੰਟ ਟੂ ਪੁਆਇੰਟ ਵਿਖੇ ਉਸ ਵੱਲੋਂ ਕੀਤੀਆਂ ਫੋਨ ਕਾਲਾਂ.... ਬਿਨਾ ਵਜ੍ਹਾ ਅਚਨਚੇਤ ਜੇਨ ਮਾਰਖ ਅਤੇ ਲੂਸੀਆ ਦਾ ਆ ਧਮਕਣਾ... ਉਹਨਾਂ ਦਾ ਲੰਡਨ ਦੇ ਮਹਿੰਗੇ ਹੋਟਲ ਵਿਚ ਠਹਿਰਨਾ... ਸੋਚ ਸੋਚ ਕੇ ਮੈਨੂੰ ਧੁੜਧੜੀ ਆਉਣ ਲੱਗੀ।
ਜਦੋਂ ਐਨਾ ਨੇ ਮੇਰੀਆਂ ਚਿੱਠੀਆਂ ਮੇਰੇ ਡਰਾਅ ਵਿਚ ਦੇਖੀਆਂ ਸਨ। ਉਦੂੰ ਬਾਅਦ ਵਿਚ ਮੈਂ ਉਹ ਵੀ ਬਾਕੀ ਚਿੱਠੀਆਂ ਨਾਲ ਆਪਣੇ ਸੇਫ ਵਿਚ ਰੱਖ ਦਿੱਤੀਆਂ ਸਨ। ਐਨਾ ਨੂੰ ਵੀ ਇਹ ਪਤਾ ਲੱਗ ਗਿਆ ਸੀ। ਅਗਲਾ ਕਦਮ ਉਸ ਲਈ ਇਹ ਜਾਨਣਾ ਸੀ ਸੀ ਕਿ ਮੈਂ ਸੇਫ ਦੀ ਚਾਬੀ ਕਿੱਥੇ ਲੁਕਾਉਂਦਾ ਹੁੰਦਾ ਸੀ। ਇਸੇ ਲਈ ਉਸਨੇ ਨਿਸ਼ਾਨੇਬਾਜ਼ੀ ਦਾ ਬਹਾਨਾ ਬਣਾਇਆ ਸੀ।
ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮਿਰਰ ਵੱਲੋਂ ਲਾਏ ਗਏ ਇਲਜ਼ਾਮਾਂ ਅਨੁਸਾਰ £150,000 ਪੌਂਡ ਬਦਲੇ ਉਹਨੂੰ ਅਜਿਹਾ ਕਰਨ ਦੀ ਕੀ ਆਫਤ ਆ ਗਈ ਸੀ। ਜਦੋਂ ਉਹ ਖੁਦ ਆਪਣਾ ਬਿਜ਼ਨਸ ਜਪਾਨੀ ਕੰਪਨੀ ਨੂੰ ਦਸ ਮਿਲੀਅਨ ਡਾਲਰ ਦਾ ਵੇਚਣ ਜਾ ਰਹੀ ਸੀ। ਉਹ ਭਲੀਭਾਂਤ ਜਾਣਦੀ ਸੀ ਕਿ ਉਸਨੂੰ ਚਿੱਠੀਆਂ ਦੀ ਕੀਮਤ £150,000 ਅਸਾਨੀ ਨਾਲ ਮਿਲ ਜਾਵੇਗੀ। ਮੈਨੂੰ ਬਹੁਤ ਸਾਰੇ ਮੀਲੀਅਨ ਡਾਲਰਾਂ ਦੇ ਅਮਰੀਕਾ ਦੇ ਸੰਗ੍ਰਹਿ ਕਰਤਾ ਅਤੇ ਯੂਨੀਵਰਸਿਟੀ ਲਾਇਬ੍ਰੇਰੀ ਤੋਂ ਅਨੇਕਾਂ ਵਾਰ ਪ੍ਰਸਤਾਵ ਆਏ ਸਨ। ਐਨਾ ਨੂੰ ਇਸ ਗੱਲ ਬਾਰੇ ਪਤਾ ਸੀ। ਮੈਂ ਕਿਸੇ ਨੂੰ ਹਾਮੀ ਭਰਨੀ ਦੂਰ ਦੀ ਗੱਲ ਜੁਆਬ ਨਹੀਂ ਸੀ ਦਿੱਤਾ, ਕਿਉਂਕਿ ਇਹ ਮੇਰੀ ਨਿੱਜੀ ਸੰਪਤੀ ਸੀ।ਜਿਸਨੂੰ ਕੋਈ ਕਿਵੇਂ ਵੇਚ ਸਕਦਾ ਸੀ।
ਮੇਰਾ ਦਿਲ ਕਹਿੰਦਾ ਸੀ ਕਿ ਇਸ ਸਾਰੇ ਖੜਯੰਤਰ ਪਿੱਛੇ ਜੇਨ ਮਾਰਖ ਦਾ ਹੱਥ ਸੀ। ਜੇ ਐਨਾ ਦੱਖਣੀ ਫਰਾਂਸ ਛੱਡ ਕੇ ਇੰਗਲੈਂਡ ਸਦੀਵੀ ਤੌਰ 'ਤੇ ਮੇਰੇ ਨਾਲ ਰਹਿਣ ਆਉਂਦੀ ਸੀ ਤਾਂ ਲੂਸੀਆ ਅਤੇ ਮਾਰਖ ਦੀ ਕਮਾਈ ਦਾ ਇਕੋ ਇਕ ਸਾਧਨ ਬੰਦ ਹੋ ਜਾਣਾ ਸੀ। ਉਹਨਾਂ ਨੇ ਜਾਂਦੇ ਚੋਰ ਦੀ ਤੜਾਗੀ ਤੋੜ੍ਹ ਲੈਣ ਦੀ ਇਹ ਵਿਉਂਤ ਬਣਾਈ ਸੀ।
ਪਰ ਮਿਰਰ ਮੇਰੇ ਕੋਲ ਫੇਕਸ ਰਾਹੀਂ ਪਹੁੰਚਿਆ ਤਾਂ ਉਸ ਵੱਲੋਂ ਵੱਖਰੀ ਕਹਾਣੀ ਵਰਣਨ ਕੀਤੀ ਗਈ ਸੀ। ਉਸ ਵਿਚ ਐਨਾ ਦੀ ਮਿਰਰ ਦੇ ਲੰਡਨ ਦਫਤਰ ਵਿਚ ਮਿਰਰ ਦੇ ਕਰਮਚਾਰੀਆਂ ਨਾਲ ਫੋਟੋ ਛਪੀ ਹੋਈ ਸੀ। ਭਾਵੇਂ ਕਿ ਫੋਟੋ ਮੱਧਮ ਸੀ ਪਰ ਮੈਂ ਮਿਰਰ ਦੇ ਸੰਪਾਦਕ ਪੀਅਸ ਮੋਰਗਨ ਨੂੰ ਸਿਆਣ ਵਿਚ ਭੁਲੇਖਾ ਨਹੀਂ ਸੀ ਖਾਹ ਸਕਦਾ। ਬੀਤੇ ਸਾਲਾਂ ਵਿਚ ਆਪਣੀ ਪੀਲੀ ਪੱਤਰਕਾਰੀ ਰਾਹੀਂ ਉਸਨੇ ਮੇਰਾ ਨਾਮ ਮਿੱਟੀ ਵਿਚ ਮਿਲਾਉਣ ਲਈ ਪੂਰਾ ਟਿੱਲ ਲਾਇਆ ਹੋਇਆ ਸੀ।
ਮੈਂ ਆਪਣੀ ਮਾਂ ਨੂੰ ਫੋਨ ਕਰਕੇ ਪੁਲਿਸ ਰਿਪੋਰਟ ਦਰਜ਼ ਕਰਵਾਉਣ ਲਈ ਕਿਹਾ। ਲੇਕਿਨ ਕਿਉਂਕਿ ਘਰ ਦਾ ਮਾਲਕ ਮੈਂ ਸੀ ਇਸ ਲਈ ਪੁਲਿਸ ਨੇ ਰਿਪੋਰਟ ਦਰਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਮਜ਼ਬੂਰਨ ਮੈਨੂੰ ਖੜ੍ਹੇ-ਪੈਰ ਵਾਪਿਸ ਆਉਣਾ ਪਿਆ। ਮੇਰੇ ਘਰ ਆਉਂਦਿਆਂ ਹੀ ਪ੍ਰੈਸ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਂ ਕਿਸੇ ਨੂੰ ਕੋਈ ਜੁਆਬ ਦਿੱਤੇ ਬਿਨਾ ਅੰਦਰ ਚਲਾ ਗਿਆ। ਫੋਨ ਕਰਕੇ ਮੈਂ ਪੁਲਿਸ ਨੂੰ ਘਰ ਬੁਲਾ ਲਿਆ। ਏਨੇ ਨੂੰ ਐਨਾ ਦਾ ਫੋਨ ਆ ਗਿਆ, "ਮੈਂ ਤੇਰੇ 'ਤੇ ਵਿਸ਼ਵਾਸ ਕੀਤਾ ਸੀ। ਤੂੰ ਮੇਰੇ ਨਾਲ ਧੋਖਾ ਕੀਤਾ ਹੈ।"
"ਸਾਲੀਏ ਧੋਖਾ ਮੈਂ ਕੀਤਾ ਹੈ ਕਿ ਤੂੰ ਮੇਰੇ ਨਾਲ ਕੀਤਾ ਹੈ?" ਮੇਰਾ ਦਿਮਾਗ ਪੂਰਾ ਭਖਿਆ ਪਿਆ ਸੀ।
"ਤੂੰ ਮੈਨੂੰ ਵਿਆਹ ਦੇ ਲਾਰੇ ਲਾ ਕੇ ਹੋਰ ਕੁੜੀਆਂ ਨੂੰ ਵੈਲਨਟਾਇਨ ਵਾਲੇ ਦਿਨ ਮਿਲਦਾ ਰਿਹਾ ਹੈਂ।"
ਮੈਂ ਸਮਝ ਗਿਆ ਸੀ ਕਿ ਮਿਰਰ ਵਾਲਿਆਂ ਨੇ ਪਿਛਲੇ ਸਾਲ ਦੀਆਂ ਟੇਪਾਂ ਅਤੇ ਉਹਨਾਂ ਦੀ ਪੱਤਰਕਾਰ ਨਾਲ ਖਿੱਚੀਆਂ ਫੋਟੋਆਂ ਦਿਖਾ ਕੇ ਐਨਾ ਨੂੰ ਮੇਰੇ ਖਿਲਾਫ ਭੜਕਾਇਆ ਸੀ, "ਜੋ ਤੂੰ ਸਮਝ ਰਹੀ ਹੈਂ। ਉਹ ਸੱਚ ਨਹੀਂ। ਪਰ ਮੈਨੂੰ ਤੈਨੂੰ ਕੋਈ ਸਫਾਈ ਦੇਣ ਦੀ ਲੋੜ੍ਹ ਨਹੀਂ ਹੈ। ਜੋ ਤੂੰ ਕੀਤੈ, ਉਸ ਤੋਂ ਬਾਅਦ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਮੇਰੀ ਮੁੰਦਰੀ ਮੋੜ ਦੇ ਤੇ ਆਪਣੇ ਰਾਹ ਪੈ। ਤੂੰ ਕਿਥੇ ਹੈਂ?"
"ਮੈਂ ਫਰਾਂਸ ਵਾਪਿਸ ਜਾ ਰਹੀ ਹਾਂ। ਮੈਨੂੰ ਵਾਟਰਲੂਅ ਸਟੇਸ਼ਨ 'ਤੇ ਆ ਕੇ ਮਿਲ ਲੈ ਜੇ ਮਿਲਣੈ।" ਇਹ ਆਖ ਕੇ ਐਨਾ ਨੇ ਫੋਨ ਰੱਖ ਦਿੱਤਾ।
ਮੈਂ ਪੁਲਿਸ ਨੂੰ ਲੈ ਕੇ ਸਟੇਸ਼ਨ 'ਤੇ ਗਿਆ ਤੇ ਉਹਨਾਂ ਨੇ ਚੋਰੀ ਦੇ ਦੋਸ਼ ਵਿਚ ਐਨਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦੀ ਗੱਡੀ ਵਿਚ ਜਾ ਰਹੀ ਐਨਾ ਨੂੰ ਨਸੀਹਤ ਦਿੱਤੀ, "ਐਨਾ ਤੂੰ ਤੇਜ਼ੀ ਨਾਲ ਖੇਡ ਖੇਡੀ ਹੈ ਇਸ ਲਈ ਤੂੰ ਹਾਰ ਗਈ।"
ਡਾਇਨਾ ਦੀਆਂ ਲਿਖੀਆਂ ਉਹ ਚਿੱਠੀਆਂ ਸ਼ਰਾਬ ਵਰਗੀਆਂ ਸਨ, ਜਿਨ੍ਹਾਂ ਨੇ ਜਿੰਨਾ ਪੁਰਾਣਾ ਹੋਣਾ ਸੀ, ਉਨੀ ਹੀ ਉਹਨਾਂ ਦੀ ਕੀਮਤ ਵੱਧਦੀ ਜਾਣੀ ਸੀ। ਇਸੇ ਲਈ ਮੈਂ ਉਹ ਡਾਇਨਾ ਦੇ ਕਹਿਣ ਦੇ ਬਾਵਜੂਦ ਵੀ ਜਲਾਈਆਂ ਨਹੀਂ ਸਨ। ਮੈਂ ਸੋਚਿਆ ਹੋਇਆ ਸੀ ਕਿ ਬੁੱਢਾਪੇ ਵਿਚ ਲੋੜ੍ਹ ਪੈਣ 'ਤੇ ਉਹਨਾਂ ਨੂੰ ਵੇਚ ਕੇ ਆਪਣੀ ਗਰਜ਼ ਸਾਰ ਲਵਾਂਗਾ। ਲੇਕਿਨ ਐਨਾ ਨੇ ਲਾਲਚ ਵਿਚ ਚੋਰੀ ਕਰਕੇ ਉਹ ਵੇਚਣੀਆਂ ਚਾਹੀਆਂ। ਚੋਰਾਂ ਨੂੰ ਮੋਰ ਪੈ ਗਏ। ਐਨਾ ਦੇ ਹਿੱਸੇ ਵੀ ਕੁਝ ਨਹੀਂ ਆਇਆ ਤੇ ਮਿਰਰ ਵਾਲਿਆਂ ਨੇ ਉਹ ਕੈਨਸਿੰਗਟਨ ਮਹੱਲ ਨੂੰ ਦੇ ਦਿੱਤੀਆਂ, ਜਿੱਥੇ ਨਾਲ ਡਾਇਨਾ ਦਾ ਕੋਈ ਵਾਸਤਾ ਹੀ ਨਹੀਂ ਸੀ ਰਿਹਾ।
No comments:
Post a Comment