A Historic Fiction Novel Based On Late Princess Diana In Punajbi By Balraj Singh Sidhu

Saturday, 2 March 2013

ਕਾਂਡ 22

ਵੈਲਨਟਾਇਨ ਦਿਵਸ





1998 ਦੇ ਜਨਵਰੀ ਮਹੀਨੇ ਦੇ ਆਖੀਰ ਵਿਚ ਐਨਾ ਫਰਾਤੀ ਇਟਲੀ ਵਾਪਿਸ ਚਲੀ ਗਈ ਸੀ। ਉਸਨੇ ਆਪਣੇ ਸਵਰਗਵਾਸੀ ਪਤੀ ਦੀ ਜਾਇਦਾਦ ਸੰਬਧੀ ਲਟਕਦੇ ਕੁਝ ਮਸਲਿਆਂ ਦਾ ਨਿਪਟਾਰਾ ਕਰਨਾ ਸੀ ਤੇ ਉਸਦੀਆਂ ਆਪਣੇ ਵਪਾਰ ਦੇ ਸਿਲਸਿਲੇ ਵਿਚ ਕੁਝ ਮੁਲਾਕਾਤਾਂ ਉਲੀਕੀਆਂ ਹੋਈਆਂ ਸਨ। ਮੈਂ ਤੁਰਨ ਲੱਗੀ ਐਨਾ ਤੋਂ ਉਸਦਾ ਸਥਾਈ ਭਾਵ ਲੈਂਡਲਾਇਨ ਨੰਬਰ ਮੰਗਿਆ ਸੀ ਤਾਂ ਉਸ ਨੇ  ਮੋਬਾਇਲ ਰਾਹੀਂ ਸੰਪਰਕ ਵਿਚ ਰਹਿਣ ਦਾ ਸੁਝਾਅ ਦਿੱਤਾ ਸੀ। ਉਸਦਾ ਕੰਮ ਇਕ ਜਗ੍ਹਾ ਟਿਕ ਕੇ ਬੈਠਿਆਂ ਕਰਨ ਵਾਲਾ ਨਹੀਂ ਸੀ। ਮੈਨੂੰ ਵੀ ਇਹੀ ਬਿਹਤਰ ਲੱਗਿਆ ਸੀ। ਮੈਂ ਵੀ ਘੋੜ-ਸਵਾਰੀ, ਅਸਤਬਲ ਦੀ ਦੇਖਭਾਲ ਅਤੇ ਖਰੀਦੋ-ਫਰੋਖਤ ਲਈ ਅਕਸਰ ਘਰੋਂ ਬਾਹਰ ਹੀ ਰਹਿੰਦਾ ਸੀ। ਇਟਲੀ ਕੰਮ ਕਾਰ ਦੇਖ ਕੇ ਉਸਨੇ ਅਮਰੀਕਾ ਕੁਝ ਜ਼ਰੂਰੀ ਮੀਟਿੰਗਾਂ ਲਈ ਚਲੀ ਜਾਣਾ ਸੀ।



ਮੇਰਾ ਜਦੋਂ ਵੀ ਦਿਲ ਕਰਦਾ, ਮੈਂ ਐਨਾ ਨੂੰ ਫੋਨ ਕਰ ਲੈਂਦਾ ਸੀ। ਕਦੇ ਸਵੇਰੇ ਉਹ ਇਟਲੀ ਹੁੰਦੀ ਤੇ ਸ਼ਾਮ ਨੂੰ ਫਰਾਂਸ। ਅਮਰੀਕਾ ਜਾ ਕੇ ਵੀ ਉਹਨੇ ਹਮੇਸ਼ਾਂ ਮੇਰੇ ਨਾਲ ਤਾਲਮੇਲ ਬਣਾਈ ਰੱਖਿਆ ਸੀ। ਜੇਕਰ ਮੋਬਾਇਲ ਫੋਨ ਨਾ ਹੁੰਦਾ ਤਾਂ ਸਾਡਾ ਇਸ ਪ੍ਰਕਾਰ ਨਿਰਅੰਤਰ ਇਕ ਦੂਜੇ ਦੇ ਸੰਪਰਕ ਵਿਚ ਰਹਿ ਸਕਣਾ ਸੰਭਵ ਹੀ ਨਹੀਂ ਸੀ। ਮੈਂ ਮੋਟਰੋਲਾ ਦੇ ਖੋਜੀ ਵਿਗਿਆਨੀ ਮਾਰਟਿਨ ਕੂਪਰ ਦਾ ਮਨ ਹੀ ਮਨ ਸ਼ੁਕਰਗੁਜ਼ਾਰ ਹੁੰਦਾ, ਜਿਸ ਦੀ ਮੋਬਾਇਲ ਫੋਨ ਦੀ ਕੱਡੀ ਕਾਢ ਨਾਲ ਮੇਰਾ ਅਤੇ ਐਨਾ ਦਾ ਇਸ਼ਕ ਦੂਰੀਆਂ ਦੇ ਬਾਵਜੂਦ ਵੀ ਪ੍ਰਵਾਨ ਚੜ੍ਹ ਰਿਹਾ ਸੀ। ਮੈਂ ਐਨਾ ਦੇ ਪਿਆਰ ਵਿਚ ਪਾਗਲ ਹੋਇਆ, ਐਵਰਸਫੀਲਡ ਆਪਣਾ ਨਿਤਾਪ੍ਰਤੀ ਦਾ ਕਾਰ-ਵਿਹਾਰ ਨਿਰਵਿਘਨ ਕਰੀ ਜਾ ਰਿਹਾ ਸੀ।


ਫਰਵਰੀ ਦੇ ਦੂਜੇ ਹਫਤੇ ਵਿਚ ਮੈਂ ਆਪਣੀਆਂ ਅਗਲੇ ਹਫਤੇ ਦੀਆਂ ਮਸਰੂਫੀਅਤਾਂ ਦੇਖਣ ਲਈ ਡਾਇਰੀ ਫਰੋਲੀ ਤਾਂ ਮੇਰੇ ਅੱਗੇ 14 ਫਰਵਰੀ 1998 ਸਨੀਵਾਰ ਨੂੰ ਵੈਲਨਟਾਇਨ ਦਿਵਸ ਵਾਲਾ ਪੰਨਾ ਆ ਗਿਆ ਸੀ। ਮੈਂ ਉਸ ਉੱਤੇ ਵੱਡੇ ਸਾਰੇ ਅੱਖਰਾਂ ਵਿਚ ਐਨਾ ਦਾ ਨਾਮ ਦਰਜ਼ ਕਰ ਦਿੱਤਾ ਸੀ।

ਸੰਤ ਵੈਲਨਟਾਇਨ ਨੂੰ ਸਪਰਪਿਤ ਇਹ ਦਿਨ ਦੁਨੀਆਂ ਭਰ ਵਿਚ ਇਹ ਪ੍ਰੇਮੀਆਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਇਸ ਸ਼ੁਭ ਅਵਸਰ ਨੂੰ ਪ੍ਰੇਮੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਆਪਣੇ ਪਿਆਰਿਆਂ ਨਾਲ ਤੋਹਫਿਆਂ ਦਾ ਅਦਾਨ-ਪ੍ਰਦਾਨ ਕਰਿਆ ਕਰਦੇ ਹਨ। ਇਤਿਹਾਸ ਅਤੇ ਮਿਥਿਹਾਸ ਵਿਚ ਬਹੁਤ ਸੰਤ ਵੈਲਨਟਾਇਨ ਹੋਏ ਹਨ। ਕੈਥੋਲਿਕ ਮਹਾਨ ਕੋਸ਼ ਅਨੁਸਾਰ ਤਿੰਨ ਸੰਤ ਵੈਲਨਟਾਇਨਾਂ ਨੂੰ ਇਸ ਮੁਬਾਰਕ ਦਿਨ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ ਵਿਚੋਂ ਇਕ ਰੋਮ ਦਾ ਪਾਦਰੀ ਸੀ, ਦੂਜਾ ਧਰਮਅਧਿਅਖਸ਼ ਇੰਟਰਾਮਾ (ਟੈਰਨੀ, ਇਟਲੀ) ਦਾ ਰਹਿਣ ਵਾਲਾ ਸੀ ਤੇ ਤੀਜਾ ਅਫਰੀਕਾ ਵਿਚ ਇਸਾਈ ਮੱਤ ਤਿਆਗਣ ਤੋਂ ਇਨਕਾਰੀ ਹੋਇਆ ਸ਼ਹੀਦ ਸੀ। 

ਇੰਟਰਾਮਾ ਦੇ ਧਰਮਅਧਿਅਖਸ਼ ਵੈਲਨਟਾਇਨਜ਼ ਬਾਰੇ ਇਹ ਕਹਾਣੀ ਪ੍ਰਚਲਤ ਹੈ ਕਿ ਉਸਨੇ ਇਸਾਈਆਂ ਨੂੰ ਰੋਮਨਾਂ ਦੀ ਕੈਦ ਵਿਚੋਂ ਅਜ਼ਾਦ ਕਰਵਾਇਆ ਸੀ ਤੇ ਜਿਸਦੇ ਪ੍ਰਣਾਮਸਰੂਪ ਉਸਨੂੰ ਜ਼ੇਲ੍ਹ ਵਿਚ ਕੈਦ ਕਰ ਦਿੱਤਾ ਗਿਆ ਸੀ। ਉਸਦੇ ਜ਼ੇਲ੍ਹਰ ਅਸਟੇਰੀਅਸ ਦੀ ਪੁੱਤਰੀ ਨਾਲ ਪ੍ਰੇਮ ਸੰਬੰਧ ਬਣ ਗਏ ਸਨ, ਜੋ ਉਸਨੂੰ ਰੋਜ਼ ਖਾਣਾ ਦੇਣ ਆਇਆ ਕਰਦੀ ਸੀ। ਉਸਨੇ ਆਪਣੀ ਮੌਤ ਤੋਂ ਪਹਿਲਾਂ ਆਖਰੀ ਖਤ ਲਿੱਖਦਿਆਂ ਦਸਤਕ ਕੀਤੇ ਸਨ, 'ਪਿਆਰ ਸਹਿਤ ਤੇਰੇ ਵੈਲਨਟਾਇਨ ਵੱਲੋਂ।' ਇੰਨ-ਬਿੰਨ ਉਹੀ ਵਾਕ ਅੱਜ ਵੀ ਵੈਲਨਟਾਇਨ ਦੇ ਕਾਰਡਾਂ ਵਿਚ ਲਿੱਖਿਆ ਜਾਂਦਾ ਹੈ। ਉਸਦੀ ਮ੍ਰਿਤਕ ਦੇਹ ਵੀ ਰੋਮ ਵਿਚ ਹੀ 197 ਇਸਵੀਂ ਵਿਚ ਅਰੂਲੀਅਨ ਬਾਦਸ਼ਾਹ ਦੇ ਸ਼ਾਸ਼ਨ ਕਾਲ ਸਮੇਂ ਟੈਰਨੀ, ਇਟਲੀ ਵਿਖੇ ਦਫਨਾਈ ਗਈ ਸੀ।

ਰੋਮ ਵਾਲਾ ਸੰਤ ਵੈਲਨਟਾਇਨਜ਼ ਤੀਜੀ ਸ਼ਤਾਪਦੀ ਵਿਚ ਉਦੋਂ ਹੋਇਆ ਸੀ, ਜਦੋਂ ਬਾਦਸ਼ਾਹ ਕਲਿਊਡਿਸ ਤੀਜੇ ਦਾ ਰਾਜ ਸੀ। ਕਲਿਊਡਿਸ ਦੂਜੇ ਨੇ ਆਪਣੇ ਸਿਪਾਹੀਆਂ ਨੂੰ ਵਧੀਆ ਯੋਧੇ ਬਣਾਉਣ ਦੀ ਹੋੜ ਵਿਚ ਲੋਕਾਂ ਨੂੰ ਜ਼ਬਰੀ ਬ੍ਰਹਮਚਾਰ ਦਾ ਪਾਲਣ ਕਰਨ ਦਾ ਕਾਨੂੰਨ ਬਣਾ ਦਿੱਤਾ ਸੀ ਤੇ ਨੌਜਵਾਨਾਂ ਦੇ ਗ੍ਰਹਿਸਥ ਜੀਵਨ ਅਪਨਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਸੰਤ ਵੈਲਨਟਾਇਨਜ਼ ਨੇ ਇਸ ਕਾਨੂੰਨ ਤੋਂ ਬਾਗੀ ਹੋ ਕੇ ਪ੍ਰੇਮੀ ਜੋੜਿਆਂ ਦੇ ਚੋਰੀ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਸਨ। ਜਿਸ ਕਾਰਨ ਬਾਦਸ਼ਾਹ ਕਲਿਊਡਿਸ ਤੀਜੇ ਨੇ ਉਸਨੂੰ ਸਜ਼ਾ-ਏ-ਮੌਤ ਦੇ ਕੇ ਸ਼ਹੀਦ ਕਰ ਦਿੱਤਾ ਸੀ। ਵੈਲਨਟਾਇਨ ਉਸ ਸੰਤ ਦੇ ਸ਼ਹੀਦੀ ਪੁਰਬ ਵਜੋਂ 270 ਈਸਵੀ ਤੋਂ ਮਨਾਇਆ ਜਾਂਦਾ ਹੈ। ਸੰਤ ਵੈਲਨਟਾਇਨਜ਼ ਨੂੰ 269 ਈਸਵੀ ਵਿਚ ਵਾਇਆ ਫਲੈਮੀਨੀਆ, ਰੋਮ, ਇਟਲੀ ਵਿਖੇ ਦਫਨਾਇਆ ਗਿਆ ਸੀ। ਫੁੱਲਾਂ ਦੇ ਮੁਕਟ ਨਾਲ ਸਜੀ ਸੰਤ ਦੀ ਖੋਪੜੀ ਸੈਂਟਾ ਮਾਰੀਆ, ਰੋਮ, ਇਟਲੀ ਦੇ ਇਕ ਗਿਰਜ਼ਾਘਰ ਵਿਚ ਪ੍ਰਦਰਸ਼ਿਤ ਹੈ। ਉਸ ਦੇ ਬਾਕੀ ਅੰਗ ਸੈਂਟਾ ਪਰਾਸਡੇ, ਰੋਮ, ਇਟਲੀ ਅਤੇ ਵਾਇਟਫਰਾਰੀਅਰ ਸਟਰੀਟ ਕਾਰਮੀਲਾਇਟ ਚਰਚ, ਡਬਲਿਨ, ਆਇਰਲੈਂਡ ਵਿਚ ਸ਼ਸੋਬਿਤ ਹਨ।

 ਤੀਜਾ ਸੰਤ ਵੈਲਨਟਾਇਨਜ਼ ਅਫਰੀਕਾ ਵਿਚ ਹੋਇਆ ਸੀ ਤੇ ਉਸਦਾ ਸੀਸ ਨਵੀਂ ਵਿਨਚੈਸਟਰ, ਇੰਗਲੈਂਡ ਦੇ ਇਸਾਈ ਮਠ ਸਪੁਰਦ ਕਰ ਦਿੱਤਾ ਗਿਆ ਸੀ।

ਵੈਲਨਟਾਇਨ ਵਾਲੇ ਦਿਨ ਮੈਂ ਉੱਠਦਿਆਂ ਹੀ ਮੈਂ ਐਨਾ ਨੂੰ ਇਸ ਸ਼ੁਭ ਅਵਸਰ ਦੀਆਂ ਵਧਾਈਆਂ ਦਾ ਟੈਕਸਟ ਮੈਸੇਜ਼ ਕਰ ਕੇ ਆਪਣੇ ਅਸਤਬਲ ਨੂੰ ਚਲਾ ਗਿਆ ਸੀ। ਜਦੋਂ ਤਿੰਨ ਚਾਰ ਘੰਟੇ ਬਾਅਦ ਮੈਂ ਘਰ ਪਰਤਿਆ ਤਾਂ ਡਾਕ ਰਾਹੀਂ ਇਕ ਵੈਲਨਟਾਇਨ ਕਾਰਡ ਅਤੇ ਗੁਲਾਬ ਦਾ ਫੁੱਲ ਆਇਆ ਪਿਆ ਸੀ। ਯਕਦਮ ਮੈਨੂੰ ਖਿਆਲ ਆਇਆ ਕਿ ਇਹ ਐਨਾ ਫਰਾਤੀ ਵੱਲੋਂ ਭੇਜਿਆ ਗਿਆ ਹੋਵੇਗਾ। ਮੇਰੇ ਬੁੱਲ੍ਹਾਂ 'ਤੇ ਮੁਸਕੁਰਾਹਟ ਨੱਚ ਉੱਠੀ ਸੀ। ਮੈਂ ਕਾਰਡ ਖੋਲ੍ਹਿਆ। ਉਸ ਵਿਚ ਭੇਜਣ ਵਾਲੇ ਦਾ ਨਾਮ ਨਹੀਂ ਸੀ ਲਿੱਖਿਆ। ਇੰਗਲੈਂਡ ਵਿਚ ਸਦੀਆਂ ਪਹਿਲਾਂ ਆਪਣਾ ਨਾਮ ਅਤੇ ਸਿਰਨਾਵਾਂ ਗੁਪਤ ਰੱਖ ਕੇ ਪ੍ਰੇਮ ਪੱਤਰ ਭੇਜਣ ਦਾ ਰਿਵਾਜ਼ ਸੀ। ਪਰ ਆਧੁਨਿਕ ਸਮਾਜ ਵਿਚ ਇਹ ਖਤਮ ਹੋ ਚੁੱਕਾ ਹੈ ਤੇ ਅੱਜਕੱਲ੍ਹ ਕੋਈ ਵੀ ਪ੍ਰੇਮੀ ਜਾਂ ਪ੍ਰੇਮਿਕਾ ਆਪਣੀ ਸ਼ਨਾਖਤ ਗੁੱਝੀ ਨਹੀਂ ਰੱਖਦੇ। ਯਕੀਨਨ ਇਹ ਕਿਸੇ ਹੋਰ ਵੱਲੋਂ ਘੱਲਿਆ ਗਿਆ ਸੀ, ਕਿਉਂਕਿ ਐਨਾ ਨੇ ਆਪਣਾ ਨਾਮ ਅਵੱਸ਼ ਲਿੱਖਣਾ ਸੀ। ਕਾਰਡ ਵਿਚ ਸਿਰਫ਼ ਇਕ ਟੈਲੀਫੂਨ ਨੰਬਰ ਦਿੱਤਾ ਗਿਆ ਸੀ, ਜੋ ਇੰਗਲੈਂਡ ਦਾ ਮੋਬਾਇਲ ਨੰਬਰ ਸੀ। ਕੇਵਲ ਇਸ਼ਾਰੇ ਵਜੋਂ ਏਨਾ ਹੀ ਲਿੱਖਿਆ ਸੀ ਕਿ ਲੰਡਨ ਆਪਣੀ ਇਕ ਪਾਰਟੀ ਵਿਚ ਮੁਲਾਕਾਤ ਹੋਈ ਸੀ।

ਵਾਸਤਵ ਵਿਚ ਉਸ ਮਹੀਨੇ ਦੇ ਮੁੱਢ ਵਿਚ ਮੈਂ ਇਕ ਦੋਸਤ ਨਾਲ ਲੰਡਨ ਇਕ ਪਾਰਟੀ ਵਿਚ ਸ਼ਿਰਕਤ ਕੀਤੀ ਵੀ ਸੀ, ਜਿਥੇ ਅਨੇਕਾਂ ਦਿਲਫਰੇਬ ਲੜਕੀਆਂ ਨਾਲ ਮੈਂ ਆਸ਼ਕਾਨਾ ਭਕਾਈ ਮਾਰਦਾ ਰਿਹਾ ਸੀ।

ਇਸ ਕਾਰਡ ਨੂੰ ਪੜ੍ਹਦਿਆਂ ਹੀ ਮੈਨੂੰ ਦਾਲ ਵਿਚ ਕੁਝ ਕਾਲਾ ਨਜ਼ਰ ਆਇਅ ਸੀ। ਉਸ ਤੋਂ ਪੂਰਬਲੇ ਵਰ੍ਹੇ ਰੋਜ਼ਾਨਾ ਮਿਰੱਰ ਅਖ਼ਬਾਰ ਦੀ ਇਕ ਪੱਤਰਕਾਰਾ ਦੇ ਇਸ ਕਿਸਮ ਦੇ ਖੜਯੰਤਰ ਦਾ ਮੈਂ ਸ਼ਿਕਾਰ ਹੋ ਚੁੱਕਾ ਸੀ। ਮੈਨੂੰ ਕਾਫੀ ਹੱਦ ਤੱਕ ਇਹ ਭਰੋਸਾ ਸੀ   ਕਿ ਫੇਰ ਮੈਨੂੰ ਉਸੇ ਪ੍ਰਕਾਰ ਦੇ ਮੱਕੜਜ਼ਾਲ ਵਿਚ ਫਸਾਇਆ ਜਾ ਰਿਹਾ ਹੈ। ਮੇਰੇ ਅਨੁਮਾਨ ਮੁਤਾਬਕ ਪਹਿਲਾਂ ਵਾਲੀ ਪੱਤਰਕਾਰਾ ਦੁਆਰਾ ਇਹ ਖੇਡ ਮੁੜ ਦੋਹਰਾਏ ਜਾਣ ਦੀ ਵੀ ਪੂਰੀ ਸੰਭਾਵਨਾ ਸੀ। ਇਹ ਉਹੀ ਹੈ ਜਾਂ ਕੋਈ ਹੋਰ? ਸਚਾਈ ਜਾਨਣ ਅਤੇ ਆਪਣਾ ਖਦਸ਼ਾ ਦੂਰ ਕਰਨ ਲਈ ਮੈਨੂੰ ਉਸਨੂੰ ਜ਼ਰੂਰ ਰੂਬਰੂ ਮਿਲਣਾ ਪੈਣਾ ਸੀ।

ਅਜਿਹੀਆਂ ਸਾਜਿਸ਼ਾਂ ਬੜੀਆਂ ਸੋਚੀਆਂ ਵਿਚਾਰੀਆਂ ਅਤੇ ਗਿਣ-ਮਿਥ ਕੇ ਕੀਤੀਆਂ ਜਾਂਦੀਆਂ ਹਨ। ਪਿਛਲੀ ਮਰਤਬਾ ਹੋਇਆ ਇੰਝ ਸੀ ਕਿ ਸੰਡੇ ਟਾਇਮਜ਼ ਦੇ ਸਾਬਕਾ ਸੰਪਾਦਕ ਐਂਡਰੀ ਨੀਅਲ ਨੇ ਆਪਣੇ ਪੱਤਕਾਰੀ ਦੇ ਤਜ਼ਰਬਿਆਂ ਉੱਤੇ ਅਧਾਰਿਤ ਆਪਣੀ ਕਿਤਾਬ 'ਫੁੱਲ ਡਿਸਕਲੋਜ਼ਰ' ਦੀ ਘੁੰਢ ਚੁਕਾਈ ਰਸਮ ਕਰਨ ਲਈ ਲੰਡਨ ਦੇ ਡੈਪਹਾਇਨਜ਼ ਰੈਸਟੋਰੈਂਟ ਵਿਚ ਇਕ ਸਮਾਗਮ ਆਯੋਜਿਤ ਕੀਤਾ ਸੀ। ਇਹ ਪ੍ਰਤਿਸ਼ਠ ਅਤੇ ਪ੍ਰਸਿੱਧ ਸਖਸ਼ੀਅਤਾਂ ਨਾਲ ਭਰਿਆ ਸਮਾਰੋਹ ਸੀ। ਢੇਰ ਸਾਰਾ ਟੈਲੀਵਿਜ਼ਨ, ਰੇਡੀਓ ਅਤੇ ਅਖ਼ਬਾਰਾਂ ਨਾਲ ਜੁੜਿਆ ਮੀਡੀਆ ਅਤੇ ਕਈ ਐਮ. ਪੀ. ਵੀ ਉਥੇ ਆਏ ਹੋਏ ਸਨ। ਮੈਂ ਇਸ ਸ਼ਾਮ ਦਾ ਸ਼ੈਮਪੇਨ ਅਤੇ ਸੋਹਣੀਆਂ ਦੇ ਸੁਮੇਲ ਨਾਲ ਖੂਬ ਆਨੰਦ ਮਾਣਿਆ ਸੀ। ਉਥੇ ਮੇਰਾ ਕਿਸੇ ਨੇ ਇਕ ਖ਼ੂਬਸੂਰਤ ਕੁੜੀ ਜੈੱਨਟ ਨਾਲ ਤੁਆਰਫ ਕਰਵਾਉਂਦਿਆਂ ਦੱਸਿਆ ਸੀ ਕਿ ਉਹ ਇਕ ਪੁਸ਼ਾਕ ਬਣਾਉਣ ਵਾਲੀ ਬਹੁਤ ਵੱਡੀ ਫੈਕਟਰੀ ਦੀ ਮਾਲਕਣ ਸੀ। ਮੈਂ ਅਤੇ ਜੈੱਨਟ ਕਾਫੀ ਦੇਰ ਤੱਕ ਗੱਪ-ਸ਼ੱਪ ਲੜਾਉਂਦੇ ਰਹੇ ਸੀ। ਮੈਂ ਉਸਨੂੰ ਫਸਾਉਣ ਲਈ ਇੱਛੁਕ ਸੀ ਤੇ ਫਸਣ ਲਈ ਉਹ ਵੀ ਪੱਬਾਂ ਭਾਰ ਹੋਈ ਪਈ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸਦਾ ਟੈਲੀਫੋਨ ਨੰਬਰ ਲੈਂਦਾ, ਉਹ ਭੀੜ ਵਿਚ ਕਿਧਰੇ ਗਵਾਚ ਗਈ ਸੀ ਤੇ ਮੁੜ ਕੇ ਮੈਨੂੰ ਨਹੀਂ ਸੀ ਥਿਆਈ।

ਮੇਰੇ ਜ਼ਿਹਨ ਵਿਚ ਅਨੇਕਾਂ ਵਾਰ ਖਿਆਲ ਆਇਆ ਸੀ ਕਿ ਮੈਂ ਐਂਡਰੂ ਨੀਅਲ ਨੂੰ ਫੋਨ ਕਰਕੇ ਪਾਰਟੀ ਲਈ ਉਸਦਾ ਧੰਨਵਾਦ ਕਰਾਂ ਤੇ ਜੇਕਰ ਉਹ ਜਾਣਦਾ ਹੋਵੇ ਤਾਂ ਉਸ ਤੋਂ ਜੈੱਨਟ ਦਾ ਨੰਬਰ ਲਵਾਂ। ਲੇਕਿਨ ਆਪਣੀ ਮਸਰੂਫੀਅਤ ਸਦਕਾ ਮੈਂ ਘੌਲ ਹੀ ਕਰਦਾ ਰਿਹਾ ਸੀ। ਦੂਜਾ ਅਹਿਮ ਕਾਰਨ ਇਹ ਵੀ ਸੀ ਕਿ ਫੋਨ ਕਰਨ 'ਤੇ ਐਂਡਰੂ ਨੇ ਆਪਣੀ ਪੁਸਤਕ ਸੰਬੰਧੀ ਮੈਥੋਂ ਮੇਰੀ ਰਾਏ ਅਤੇ ਵਿਚਾਰ ਪੁੱਛਣ ਲੱਗ ਜਾਣਾ ਸੀ ਤੇ ਮੈਂ ਉਸਦੀ ਕਿਤਾਬ ਪੜ੍ਹੀ ਨਹੀਂ ਸੀ। ਲੇਖਕਾਂ ਦੀ ਜਾਤ ਨੂੰ ਆਪਣੀਆਂ ਰਚਨਾਵਾਂ ਦੀ ਤਾਰੀਫ ਸੁਣਨ ਦੀ ਭੈੜੀ ਬਿਮਾਰੀ ਹੁੰਦੀ ਹੈ। ਕੁਝ ਦੇਰ ਬਾਅਦ ਆਪੇ ਹੀ ਰਫਤਾ-ਰਫਤਾ ਇਹ ਵਾਕਿਆ ਮੇਰੀ ਯਾਦਦਾਸ਼ਤ ਵਿਚ ਧੁੰਦਲਾ ਪੈਂਦਾ ਗਿਆ ਸੀ।

ਜ਼ਿੰਦਗੀ ਵਿਚ ਪਹਿਲੀ ਵਾਰ ਮੈਨੂੰ 1997 ਵਿਚ ਵੈਲਨਟਾਇਨ ਦੇ ਉਪਲਕਸ਼ 'ਤੇ ਐਵਰਸਫੀਲਡ ਮੇਰੇ ਘਰ ਗੁਲਾਬ ਦਾ ਫੁੱਲ ਆਇਆ ਸੀ। ਮੈਂ ਨੰਬਰ ਘੁੰਮਾਇਆ ਤਾਂ ਕਿਸੇ ਕੁੜੀ ਨੇ ਫੋਨ ਚੁੱਕਿਆ ਸੀ। ਮੈਂ ਉਸ ਤੋਂ ਪੁੱਛਿਆ ਸੀ ਕਿ ਉਹ ਕੌਣ ਹੈ ਤੇ ਮੈਨੂੰ ਕਿਵੇਂ ਜਾਣਦੀ ਹੈ ਤਾਂ ਉਸਨੇ ਦੱਸਿਆ ਕਿ ਉਹ ਜੈੱਨਟ ਹੈ ਤੇ ਐਂਡਰੂ ਨੀਅਲ ਦੀ ਪਾਰਟੀ 'ਤੇ ਮੈਨੂੰ ਮਿਲੀ ਸੀ। ਮੈਨੂੰ ਪਾਰਟੀ ਵਾਲਾ ਉਹ ਵਿਸਰਿਆ ਕਿੱਸਾ ਚੇਤੇ ਆ ਗਿਆ ਸੀ। ਉਸਨੇ ਮੈਨੂੰ ਮਿਲਣ ਦੀ ਪ੍ਰਬਲ ਇੱਛਾ ਜ਼ਾਹਿਰ ਕੀਤੀ ਸੀ। ਮੈਂ ਆਪਣੇ ਕੰਮਕਾਰ ਦੇ ਝੰਜਟਾਂ ਕਾਰਨ ਲੰਡਨ ਨਹੀਂ ਸੀ ਜਾ ਸਕਦਾ। ਇਸ ਲਈ ਮੈਂ ਉਸਨੂੰ ਸੁਝਾਇਆ ਕਿ ਜੇ ਉਹ ਡੈਵਨ ਆ ਸਕਦੀ ਹੈ ਤਾਂ ਆ ਜਾਵੇ। ਚੌਵੀ ਘੰਟੇ ਮੇਰੇ ਘਰ ਦੇ ਦਰਵਾਜ਼ੇ ਉਸ ਲਈ ਖੁੱਲ੍ਹੇ ਰਹਿਣਗੇ। ਉਹ ਮਿਲਣ ਲਈ ਉਤਾਹੂ ਸੀ, ਪਰ ਡੈਵਨ ਨਹੀਂ ਸੀ ਆ ਸਕਦੀ। ਖੈਰ, ਅਸੀਂ ਉਸ ਤੋਂ ਮਗਰੋਂ ਫੋਨ ਰਾਹੀਂ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਿਆ ਸੀ। ਹੌਲੀ-ਹੌਲੀ ਅਸੀਂ ਇਕ ਦੂਜੇ ਨਾਲ ਕਾਫੀ ਹੱਦ ਤੱਕ ਖੁੱਲ੍ਹਦੇ ਗਏ ਤੇ ਲੁੱਚੀਆਂ ਗੱਲਾਂ ਨਿਰਸੰਕੋਚ ਮਾਰਨ ਲੱਗ ਪਏ ਸੀ।

ਕੁਦਰਤੀ ਮਾਰਚ ਵਿਚ ਮੈਨੂੰ ਲੰਡਨ ਇਕ ਕੰਮ ਪੈ ਗਿਆ ਸੀ। ਫੁਰਤੀ ਨਾਲ ਆਪਣਾ ਕੰਮ ਨਿਪਟਾ ਕੇ ਮੈਂ ਵੈਲਨਟਾਇਨ ਦੇ ਫੁੱਲ ਵਾਲੀ ਨੂੰ ਆਪਣੇ ਲੰਡਨ ਹੋਣ ਬਾਰੇ ਸੂਚਿਤ ਕੀਤਾ ਸੀ। ਉਹ ਮਿਲਣ ਲਈ ਉਤਸੁਕ ਹੋ ਗਈ ਤੇ ਮੇਰਾ ਟਿਕਾਣਾ ਪੁੱਛ ਕੇ ਜਲਦ ਉਥੇ ਪਹੁੰਚ ਗਈ ਸੀ।

 ਮੈਂ ਉਸਨੂੰ ਦੇਖ ਕੇ ਦੰਗ ਰਹਿ ਗਿਆ ਸੀ। ਇਹ ਉਹ ਲੀੜਿਆਂ ਦੀ ਫੈਕਟਰੀ ਵਾਲੀ ਸੁਨੱਖੀ ਕੁੜੀ ਜੈੱਨਟ ਨਹੀਂ ਸੀ। ਬਲਕਿ ਕੋਈ ਹੋਰ ਹੀ ਮੋਟੀ, ਭੈੜੀ ਤੇ ਬਦਸ਼ਕਲ ਜਿਹੀ ਸੀ। ਇਤਫਾਕ ਨਾਲ ਇਸ ਦਾ ਨਾਮ ਵੀ ਜੈੱਨਟ ਹੀ ਸੀ। ਬੇਲੋੜਾ ਮੇਅਕੱਪ ਕਰਕੇ ਅਤੇ  ਕਾਮ ਉਕਸਾਊ ਲਿਬਾਸ ਪਾ ਕੇ ਉਸਨੇ ਸੋਹਣੀ ਲੱਗਣ ਲਈ ਪੂਰਾ ਜ਼ੋਰ ਤਾਂ ਲਾਇਆ ਸੀ। ਪਰ ਫੇਰ ਵੀ ਉਹ ਦਿਲਕਸ਼ ਨਹੀਂ ਸੀ ਲੱਗਦੀ। ਘੰਟਿਆਂਬਧੀ ਟੈਲੀਫੂਨ 'ਤੇ ਠਰਕ ਭੋਰਨ ਅਤੇ ਯੱਕੜ ਮਾਰਨ ਉਪਰੰਤ ਮੁਲਾਕਾਤ ਵੇਲੇ 'ਹੈਲੋ' ਕਹਿਣਸਾਰ 'ਗੁੱਡਬਾਏ' ਸ਼ਬਦ ਬਰਛੇ ਵਾਂਗ ਉਹਨੂੰ ਗੱਡ ਦੇਣਾ ਮੈਨੂੰ ਸਭਿਆਕ ਨਹੀਂ ਸੀ ਜਾਪਿਆ। ਮੈਂ ਉਸਨੂੰ ਮੇਅਫੇਅਰ, ਲੰਡਨ ਦੇ ਕਾਲਡਰਿਜ਼ ਹੋਟਲ ਵਿਚ ਲੈ ਗਿਆ ਸੀ। ਦਿਲਚਸਪੀ ਨਾ ਹੋਣ ਕਰਕੇ ਮੇਰੀ ਉਸ ਨਾਲ ਕੋਈ ਗੱਲਬਾਤ ਕਰਨ ਨੂੰ ਚਿੱਤ ਨਹੀਂ ਸੀ ਕਰਦਾ। ਮੇਰਾ ਸਾਰਾ ਮਜ਼ਾ ਕਿਰਕਿਰਾ ਹੋਇਆ ਪਿਆ ਸੀ। ਮੈਂ ਉਸਨੂੰ ਮੈਨਿਊ ਤੋਂ ਕੁਝ ਖਾਣ ਵਾਸਤੇ ਆਰਡਰ ਕਰਨ ਲਈ ਕਿਹਾ। ਉਹ ਮੈਨਿਊ ਤੋਂ ਵੱਖੋ-ਵੱਖਰੇ ਕਈ ਕਿਸਮ ਦੇ ਫੋਕੇ ਪਾਣੀਆਂ ਦੀ ਸੂਚੀ ਪੜ੍ਹ ਕੇ ਚਕ੍ਰਿਤ ਰਹਿ ਗਈ ਸੀ। ਸ਼ਾਇਦ ਉਹ ਪਹਿਲੀ ਵਾਰ ਪੰਜ ਸਿਤਾਰਾ ਹੋਟਲ ਵਿਚ ਗਈ ਸੀ। ਮੈਂ ਉਸਨੂੰ ਦੱਸਿਆ ਕਿ ਇਹ ਉਹ ਹੋਟਲ ਹੈ ਜਿਥੇ ਕਦੇ ਫਰਾਂਸਿਸੀ ਬਾਦਸ਼ਾਹ ਨਪੋਲੀਅਨ ਤੀਜੇ ਦੀ ਪਤਨੀ ਐਮਪਰੈੱਸ ਐਗੀਊਨੀ 1860 ਵਿਚ ਇੰਗਲਿਸ਼ਸਤਾਨ ਦੀ ਮਲਕਾ ਵਿਕਟੋਰੀਆ ਨੂੰ ਮਿਲਣ ਆਉਂਦੀ ਹੁੰਦੀ ਸੀ। ਹੁਣ ਵੀ ਉਥੇ ਗਾਇਕਾ ਮਰਾਇਆ ਕੈਰੀ ਅਤੇ ਹੌਲੀਵੁੱਡ ਦੇ ਅਭਿਨੇਤਾ ਬ੍ਰੈਡ ਪਿੱਟ ਵਰਗੇ ਅਕਸਰ ਆਉਂਦੇ ਜਾਂਦੇ ਰਹਿੰਦੇ ਹਨ।
ਇਕ ਤਾਂ ਉਹ ਜੈੱਨਟ ਸੁੰਦਰ ਨਹੀਂ ਸੀ, ਦੂਜਾ ਉਸਨੂੰ ਮੌਕੇ ਦੀ ਨਜ਼ਾਕਤ ਨੂੰ ਭਾਂਫਦਿਆਂ ਗੱਲ ਕਰਨ ਦਾ ਸਲੀਕਾ ਨਹੀਂ ਸੀ। ਬੜਾ ਰੁੱਖਾ ਜਿਹਾ ਸੁਭਾਅ ਸੀ ਉਹਦਾ। ਇਕ ਕਰੇਲਾ, ਦੂਜਾ ਨਿੰਮ ਚੜ੍ਹਿਆ ਵਾਲੇ ਮੁਹਾਵਰੇ ਦੀ ਉਹ ਢੁਕਵੀਂ ਉਦਾਹਰਨ ਸੀ। ਕਾਰਲਿੰਗ ਬੀਅਰ ਦਾ ਇਕ ਇਕ ਪਾਇੰਟ ਪੀ ਕੇ, ਖਾਣਾ ਖਵਾ ਕੇ ਮੈਂ ਉਸਨੂੰ ਟੈਕਸੀ ਵਿਚ ਬੈਠਾ ਕੇ ਉਥੋਂ ਤਿੱਤਰ ਕਰ ਦਿੱਤਾ ਸੀ। ਉਸ ਦੇ ਜਾਣ ਬਾਅਦ ਮੈਂ ਸ਼ੁਕਰ ਮਨਾਇਆ ਸੀ ਕਿ ਮੁਸੀਬਤ ਟਲ੍ਹ ਗਈ। ਦਰਅਸਲ ਮੇਰੀ ਮੁਸੀਬਤ ਉਸ ਪਲ ਤੋਂ ਸ਼ੁਰੂ ਹੋਈ ਸੀ। ਬਦਕਿਸਮਤੀ ਨਾਲ ਮੈਂ ਉਸਦੀ ਚਾਲ ਵਿਚ ਫਸ ਗਿਆ ਸੀ। ਉਹ ਆਪਣਾ ਪੱਤਾ ਕਾਰਾਗਰੀ ਅਤੇ ਚਤੁਰਾਈ ਨਾਲ ਖੇਡ ਚੁੱਕੀ ਸੀ। ਅਸਲ ਵਿਚ ਉਸਦਾ ਨਾਮ ਕੈਰੋਲ ਆਏ ਮਿਊਂਗ ਸੀ ਤੇ ਉਹ ਰੋਜ਼ਾਨਾ ਮਿਰੱਰ ਅਖ਼ਬਾਰ ਦੇ ਸਨਸਨੀਖੇਜ਼ ਸਮਾਚਾਰ ਵਿਭਾਗ ਲਈ ਕੰਮ ਕਰਦੀ ਸੀ।

ਥੋੜ੍ਹੇ ਦਿਨਾਂ ਬਾਅਦ ਮੇਰੇ ਨਾਲ ਹੋਟਲ ਵਿਚ ਭੋਜਨ ਕਰਦਿਆਂ ਚੋਰੀ ਖਿੱਚੀਆਂ ਫੋਟੋਆਂ ਅਤੇ ਮਸਾਲਾ ਲਾ ਕੇ ਬਣਾਈ ਕਹਾਣੀ ਛਾਪਦਿਆਂ ਉਸਨੇ ਬਿਆਨ ਕੀਤਾ ਸੀ ਕਿ ਮੈਂ ਉਸਨੂੰ ਆਪਣਾ ਬਿਸਤਰਾ ਗਰਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਮੁਲਾਕਾਤ ਸਮੇਂ ਕਦੋਂ ਅਤੇ ਕਿਵੇਂ ਉਹਨਾਂ ਨੇ ਮੇਰੀਆਂ ਤਸਵੀਰਾਂ ਖਿੱਚੀਆਂ ਸਨ, ਮੈਨੂੰ ਇਸ ਦੀ ਭਿਣਕ ਵੀ ਨਹੀਂ ਸੀ ਲੱਗੀ। ਮੇਰੀਆਂ ਟੈਲੀਫੋਨ ਦੀਆਂ ਰਿਕਾਰਡ ਕੀਤੀਆਂ ਗੱਲਾਂ ਉਸ ਕੋਲ ਸਬੂਤ ਵਜੋਂ ਸਨ, ਜਿਨ੍ਹਾਂ ਨੂੰ ਉਸਨੇ ਆਪਣੀ ਕਹਾਣੀ ਵਿਚ ਕੀਤੀਆਂ ਝੂਠੀਆਂ ਟਿੱਪਣੀਆਂ ਦੀ ਪ੍ਰੌੜਤਾ ਲਈ ਹਵਾਲਿਆਂ ਵਜੋਂ ਵਰਤਿਆ ਸੀ। ਮੈਂ ਜੇ ਕਿਧਰੇ ਉਸਦੀ ਪਹਿਲਾਂ ਸ਼ਕਲ ਦੇਖੀ ਹੁੰਦੀ ਤਾਂ ਉਸ ਨਾਲ ਹਰਗਿਜ਼ ਵੀ ਟੈਲੀਫੋਨ 'ਤੇ ਕੋਈ ਵਾਰਤਾਲਾਪ ਨਾ ਕਰਦਾ। ਹਕੀਕਤ ਤਾਂ ਇਹ ਹੈ ਕਿ ਮੈਂ ਨਾਪਸੰਦ ਔਰਤ ਨਾਲ ਕਦੇ ਵੀ ਸੈਕਸ ਕਰ ਹੀ ਨਹੀਂ ਸਕਦਾ। ਮੈਥੋਂ ਹੁੰਦਾ ਹੀ ਨਹੀਂ। 

ਬਹਿਰਹਾਲ, ਜਦੋਂ ਮੈਨੂੰ 1998 ਵਿਚ ਜਦੋਂ ਵੈਲਨਟਾਇਨ ਮੌਕੇ ਦੁਬਾਰਾ ਗੁਲਾਬ ਦਾ ਫੁੱਲ ਤੇ ਕਾਰਡ ਆਇਆ ਤਾਂ ਮੈਂ ਸੰਦੇਹ ਦੂਰ ਕਰਨ ਹਿੱਤ ਫੌਰਨ ਨੰਬਰ ਮਿਲਾਇਆ ਸੀ। ਇਸ ਵਾਰ ਵੀ ਅੱਗੋਂ ਫੇਰ ਕਿਸੇ ਕੁੜੀ ਦੀ ਅਵਾਜ਼ ਆਈ ਸੀ। ਮੇਰੇ ਸ਼ੱਕ ਦੀ ਕੋਈ ਗੁਜ਼ਾਇਸ਼ ਬਾਕੀ ਨਹੀਂ ਸੀ ਬਚੀ। ਮੈਂ ਗੁੱਸੇ ਵਿਚ ਭੜਕਦਿਆਂ ਆਪਣਾ ਤੋੜਾ ਝਾੜਿਆ ਸੀ, "ਬੀਬਾ, ਮੈਂ ਬੁੱਝ ਗਿਆਂ, ਤੂੰ ਪੱਤਕਾਰ ਹੈਂ। ਮੇਰੇ ਕੋਲ ਤੇਰੀਆਂ ਕਾਰ-ਸ਼ੈਤਾਨੀਆਂ ਨਹੀਂ ਚੱਲਣੀਆਂ। ਤੂੰ ਆਪਣਾ ਤੇ ਮੇਰਾ ਟਾਇਮ ਬਰਬਾਦ ਨਾ ਈ ਕਰੇਂ ਤਾਂ ਚੰਗਾ ਹੋਵੇਗਾ।"

ਅੱਗੋਂ ਉਸ ਲੜਕੀ ਨੇ ਮੇਰੀ ਗੱਲ ਦਾ ਬੁਰਾ ਮਨਾਉਂਦਿਆਂ ਵਿਅਕਤ ਕੀਤਾ ਸੀ ਕਿ ਮੇਰੀ ਸੋਚਣੀ ਗਲਤ ਸੀ। ਉਸਦਾ ਅਖ਼ਬਾਰਾਂ ਜਾਂ ਪੱਤਰਕਾਰੀ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਸੀ। 

ਉਹ ਮੇਰੇ ਅੱਗੇ ਗਿੜਗਿੜਾਈ ਸੀ, "ਹਾਏ ਓਏ ਮੇਰਿਆ ਰੱਬਾ, ਮੈਂ ਤੈਨੂੰ ਕਿਵੇਂ ਸਮਝਾਵਾਂ? ਮੈਨੂੰ ਸਹੁੰ ਲੱਗੇ, ਮੈਂ ਜਰਨਲਿਸਟ ਨਹੀਂ ਹਾਂ।"

"ਜੇ ਹੋਈ ਤਾਂ ਜਿਥੇ ਟੱਕਰੀ, ਉਥੇ ਹੀ ਤੇਰਾ ਥੱਪੜਾਂ ਨਾਲ ਮੂੰਹ ਭੰਨ੍ਹ ਦੇਊਂ।"

"ਭਾਵੇਂ ਜਾਨੋਂ ਮਾਰ ਦੇਵੀਂ। ਬਸ ਇਕ ਵਾਰ ਮੇਰੇ ਭੇਜੇ ਫੁੱਲ ਦਾ ਹੀ ਮਾਣ ਰੱਖ ਲੈ ਤੇ ਮੈਨੂੰ ਮਿਲ ਕੇ ਦੇਖ ਲੈ। ਮੈਂ ਤੈਨੂੰ ਪਾਰਟੀ ਤੋਂ ਬਾਅਦ ਦੀ ਮਿਲਣ ਲਈ ਤੜਫਦੀ ਪਈ ਹਾਂ। ਤੂੰ ਮੈਨੂੰ ਬਹੁਤ ਪਿਆਰਾ ਲੱਗਦੈਂ। ਤੂੰ ਐਨਾ ਸੋਹਣਾ ਹੈਂ ਕਿ ਜੀਅ ਕਰਦਾ ਹੈ ਕਿ ਤੈਨੂੰ ਸਾਹਮਣੇ ਬਿਠਾ ਕੇ ਨਿਹਾਰਦੀ ਰਹਾਂ... ਬਸ ਨਿਹਾਰਦੀ ਰਹਾਂ।"

ਉਸਦੀਆਂ ਗੱਲਾਂ ਵਿਚੋਂ ਸਚਾਈ ਝਲਕਦੀ ਸੀ। ਉਸਦਾ ਮਿਲਣ ਲਈ ਉਤਾਵਲਾਪਨ ਦੇਖਕੇ ਮੇਰਾ ਮਨ ਪਸੀਜ਼ ਗਿਆ ਸੀ ਤੇ ਮੈਂ ਲੰਡਨ ਵਿਚ ਉਸਨੂੰ ਮਿਲਣ ਲਈ ਸਮਾਂ ਅਤੇ ਸਥਾਨ ਮੁਕੱਰਰ ਕਰ ਲਿਆ ਸੀ।

ਮਿਥੇ ਦਿਨ ਲੰਡਨ ਉਪੜ ਕੇ ਮੈਂ ਕਈ ਵਾਰ ਮਿਲਣੀ ਦੇ ਸਥਾਨ ਬਦਲੇ। ਮੈਂ ਉਸ ਨੂੰ ਕਿਸੇ ਜਗ੍ਹਾ ਬੁਲਾਉਂਦਾ। ਜਦ ਤੱਕ ਉਹ ਉਥੇ ਪਹੁੰਚਦੀ ਤਾਂ ਮੈਂ ਉਥੋਂ ਦੂਰ ਕਿਸੇ ਹੋਰ ਸਥਾਨ 'ਤੇ ਆਉਣ ਲਈ ਕਹਿ ਦਿੰਦਾ। ਆਪ ਮੈਂ ਕਿਸੇ ਹੋਰ ਥਾਂ 'ਤੇ ਹੀ ਬੈਠਾ ਰਹਿੰਦਾ। ਮੈਨੂੰ ਪੂਰਨ ਵਿਸ਼ਵਾਸ ਸੀ ਕਿ ਜੇ ਤਾਂ ਉਹ ਪੱਤਰਕਾਰ ਹੋਈ ਤਾਂ ਹਰ ਹਾਲ ਵਿਚ ਮੈਨੂੰ ਮਿਲੇਗੀ ਅਤੇ ਜੇਕਰ ਉਹ ਸਧਾਰਨ ਅਤੇ ਸਹੀ ਲੜਕੀ ਹੋਈ ਤਾਂ ਖਿੱਝ ਕੇ ਮੈਨੂੰ ਮਿਲਣ ਦਾ ਖਿਆਲ ਤਿਆਗ ਦੇਵੇਗੀ। ਕਾਫੀ ਦੇਰ ਭਕਾਈ ਕਰਵਾਉਣ ਬਾਅਦ ਆਖਿਰਕਾਰ ਮੈਂ ਉਸਨੂੰ ਈਬਰੀ ਸਟਰੀਟ ਦੀ ਵਾਇਨ ਬਾਰ ਵਿਚ ਅੱਧੇ ਘੰਟੇ ਵਿਚ ਪਹੁੰਚਣ ਲਈ ਆਖ ਦਿੱਤਾ। ਮੇਰੀ ਹੈਰਾਨਗੀ ਦੀ ਹੱਦ ਨਾ ਰਹੀ, ਜਦੋਂ ਮਿਸ ਮਿਊਂਗ ਉਥੇ ਵੀ ਆ ਧਮਕੀ। ਉਸਨੂੰ ਦੇਖਦਿਆਂ ਹੀ ਮੇਰਾ ਗੁੱਸਾ ਹੱਦਾਂ-ਬੰਨ੍ਹੇ ਟੱਪ ਗਿਆ ਸੀ, "ਤੂੰ ਸਾਲੀਏ ਆਪਣੇ ਆਪ ਨੂੰ ਸਮਝਦੀ ਕੀ ਹੈ? ਭੈਣ ਚੋ... ਜੋ ਜੀਅ ਕਰਦੈ ਅਖ਼ਬਾਰਾਂ ਵਿਚ ਅਨਾਬ-ਸ਼ਨਾਬ ਬਕੀ ਜਾਂਦੀ ਹੈ?"

"ਦੇਖ ਭੜਕ ਨਾ। ਮੈਂ ਕੁਝ ਵੀ ਗਲਤ ਨਹੀਂ ਸੀ ਲਿੱਖਿਐ। ਆਪਾਂ ਇਕ ਇਕ ਡਰਿੰਕ ਪੀਂਦੇ ਹਾਂ। ਤੂੰ ਠੰਡਾ ਹੋ। ਮੈਂ ਤੈਨੂੰ ਸਮਝਾਉਂਦੀ ਹਾਂ। ਮੈਂ ਤੇਰੇ ਹੱਕ ਵਿਚ ਹਾਂ।"

"ਭੈਂਗੀਏ ਜਿਹੀਏ, ਤੇਰੇ ਨਾਲੋਂ ਤਾਂ ਕਿਸੇ ਚੁੜੇਲ ਨਾਲ ਦਾਰੂ ਪੀ'ਲੂ। ਤੇਰੇ 'ਤੇ ਤਾਂ ਮੈਂ ਥੁੱਕਾਂ ਵੀ ਨਾ। ਭੈਣ ਦੇਣੀ ਗਸ਼ਤੀ, ਕਿਸੇ ਥਾਂ ਦੀ। ਚਾਰ ਛਿੱਲੜਾਂ ਪਿੱਛੇ ਜਣੇ-ਖਣੇ ਦੇ ਥੱਲੇ ਪੈਣ ਲਈ ਤੇਰੇ ਵਰਗੀਆਂ ਤਿਆਰ ਹੋ ਜਾਂਦੀਆਂ।"

ਮੈਂ ਹਰਗਿਜ਼ ਨਹੀਂ ਸੀ ਚਾਹੁੰਦਾ ਕਿ ਮੇਰੀਆਂ ਉਸ ਨਾਲ ਦੁਬਾਰਾ ਫੋਟੋਆਂ ਖਿੱਚ ਹੋਣ। ਲਿਹਾਜ਼ਾ ਮੈਂ ਉਥੋਂ ਉਸੇ ਵਕਤ ਬਾਹਰ ਨਿਕਲ ਆਇਆ ਸੀ। ਪ੍ਰੈਸ ਦੇ ਹੰਢੇ ਹੋਏ ਫੋਟੋਗ੍ਰਾਫਰਾਂ ਦੇ ਸਾਡੇ 'ਤੇ ਜ਼ੂਮ ਕੀਤੇ ਕੈਮਰਿਆਂ ਦੇ ਟੈਲੀਫੋਟੋ ਲੈਂਸਾਂ ਦੀ ਕੈਦ ਤੋਂ ਬਚ ਸਕਣਾ ਅਸੰਭਵ ਹੁੰਦਾ ਹੈ। ਇਸ ਤੱਥ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ। 

ਮੀਡੀਏ ਨਾਲ ਨਜਿੱਠਣ ਬਾਰੇ ਮੇਰੀ ਕਦੇ ਕਿਸੇ ਨੇ ਅਗਵਾਈ ਨਹੀਂ ਸੀ ਕੀਤੀ ਅਤੇ ਨਾ ਹੀ ਇਸ ਸੰਬੰਧੀ ਮੈਂ ਕਿਸੇ ਤੋਂ ਕੋਈ ਸਲਾਹ ਲੈਣ ਦੀ ਮੇਰੀ ਜੇਬ ਇਜ਼ਾਜਤ ਦਿੰਦੀ ਸੀ।

ਕੈਮਿਲਾ ਕਰੇਜ਼ ਨਾਲ ਭਾਵੇਂ ਮੇਰੇ ਸੰਬੰਧਾਂ ਦਾ ਛੁਣਛਣਾ ਪਹਿਲਾਂ ਵਾਂਗ ਨਹੀਂ ਸੀ ਛਣਕਦਾ। ਪਰ ਫੇਰ ਵੀ ਮਿੱਠੀ ਬੋਲ ਬਾਣੀ ਅਤੇ ਸਾਡਾ ਰਾਬਤਾ ਕਾਇਮ ਸੀ। ਉਸ ਨੇ ਮੈਨੂੰ ਆਪਣੇ ਇਕ ਦੋਸਤ ਪੀਟਰ ਟਰੋਵਲ ਨਾਲ ਮਿਲਾਉਂਦਿਆਂ, ਉਸਦੀ ਸਿਫਾਰਿਸ਼ ਕੀਤੀ ਸੀ ਕਿ ਮੈਂ ਪੀਟਰ 'ਤੇ ਭਰੋਸਾ ਕਰ ਸਕਦਾ ਹਾਂ ਤੇ ਉਹ ਮੀਡੀਏ ਦਾ ਚੰਗਾ ਭੇਤੀ ਹੈ। ਪੀਟਰ ਨੂੰ ਕੈਮਿਲਾ ਨੇ ਮੇਰੀ ਸਮੱਸਿਆ ਤੋਂ ਜਾਣੂ ਕਰਵਾਇਆ ਹੋਇਆ ਸੀ ਤੇ ਅਖ਼ਬਾਰਾਂ ਜ਼ਰੀਏ ਉਹ ਮੇਰੇ ਬਾਰੇ ਕਾਫੀ ਕੁਝ ਜਾਣਦਾ ਸੀ। ਕੈਮਿਲਾ ਨੇ ਮੈਨੂੰ ਪੀਟਰ ਸੇਵਾਵਾਂ ਲੈ ਕੇ ਜਨਤਕ ਸੰਬੰਧ ਸੁਧਾਰਨ ਲਈ ਪ੍ਰੇਰਿਆ ਸੀ। ਮੈਂ ਵੀ ਕੈਮਿਲਾ ਦੇ ਵਿਚਾਰ ਨਾਲ ਸਹਿਮਤ ਹੋ ਗਿਆ ਸੀ।

ਪੀਟਰ ਨੇ ਮੈਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਸੀ, "ਤੂੰ ਫਿਕਰ ਨਾ ਕਰ ਜੇਮਜ਼। ਜਿਕਣ ਮੈਂ ਆਹਦਾਂ ਬਾਈ ਤੂੰ ਓਕਣੇ ਕਰੀ ਚੱਲ। ਮੈਂ ਤੇਰੇ ਪਬਲਿਕ ਰਿਲੇਸ਼ਨ ਦੇ ਸਾਰੇ ਮਸਲੇ ਲੋਟ ਕਰਨ ਦਾ ਅੱਜ ਤੋਂ ਹੀ ਬੀੜਾ ਚੁੱਕਦਾਂ।"

"ਪੀਟਰ ਦੇਖੀਂ ਕਿਤੇ ਕਾਗਜ਼ੀ ਤੰਬੂ ਜਿਹੇ ਨਾ ਤਾਣੀ ਜਾਈਂ। ਮੈਂ ਬਹੁਤ ਔਖਾਂ। ਮਿੱਤਰਾ ਮੁਹਾਵਰਾ ਤਾਂ ਤੈਂ ਵਰਤ ਲਿਐ, ਪਰ ਤੈਨੂੰ ਬੀੜਾ ਚੁੱਕਣ ਦਾ ਮਤਲਬ ਪਤੈ।"

"ਲੈ ਮੈਨੂੰ ਕੀ ਭੁੱਲਿਐ।" 

"ਨਹੀਂ ਯਾਰ ਪੁਰਾਣੇ ਸਮਿਆਂ ਵਿਚ ਏਸ਼ੀਆਈ ਰਾਜਿਆਂ ਦਾ ਸੈਨਾਪਤੀ ਆਪਣੇ ਬਾਦਸ਼ਾਹ ਦੇ ਪਾਨ ਵਿਚੋਂ ਬੀੜਾ ਚੁੱਕ ਕੇ ਅਹਿਦ ਕਰਦਾ ਹੁੰਦਾ ਸੀ ਕਿ ਜਾਂ ਉਹ ਦੁਸ਼ਮਣ ਦਾ ਸਿਰ ਵੱਢ ਕੇ ਲਿਆਵੇਗਾ ਨਹੀਂ ਆਪਣਾ ਸਿਰ ਬਾਦਸ਼ਾਹ ਨੂੰ ਉਸੇ ਤੂਬਾਕੂ ਦੇ ਦਾਣੇ ਵਾਂਗ ਭੇਂਟ ਕਰੇਗਾ। ਹੁਣ ਦੇਖ ਲੈ ਉਹੀ ਗੱਲ ਨਾ ਹੋਵੇ।"

"ਤੂੰ ਤਾਂ ਭੋਲਾ ਪੰਛੀ ਐ ਜੇਮਜ਼। ਦੇਖੀਂ ਪ੍ਰੈਸ ਆਲਿਆਂ ਨੂੰ ਤਾਂ ਮੈਂ ਵਾਹਣੀ ਪਾ'ਦੂੰ। ਨੋਟਾਂ ਵਿਚ ਬਹੁਤ ਤਾਕਤ ਹੁੰਦੀ ਹੈ। ਹੁਣ ਤੋਂ ਤੇਰੇ ਨੋਟ ਜੋ ਕਹਿਣਗੇ, ਪ੍ਰੈਸ ਵਾਲੇ ਉਹੀ ਬੋਲਣਗੇ।"

ਪੀਟਰ ਦੇ ਇਸ਼ਾਰੇ ਨਾਲ ਮੰਗਣ 'ਤੇ ਮੈਂ ਅਣਮੰਨੇ ਜਿਹੇ ਮਨ ਨਾਲ ਉਸ ਨੂੰ ਹਜ਼ਾਰ ਪੌਂਡ ਦੇ ਦਿੱਤਾ ਸੀ।

"ਹੁਣ ਤੂੰ ਸਿਰਹਾਣੇ ਬਾਂਹ ਧਰ ਕੇ ਸੌਂ। ਜਦੋਂ ਕੋਈ ਪੱਤਰਕਾਰ ਤੈਨੂੰ ਕੁਝ ਪੁੱਛੇ, ਤੂੰ ਕਹੀ ਪੀਟਰ ਨਾਲ ਗੱਲ ਕਰ'ਲੋ। ਸਾਲਿਆਂ ਦੇ ਮੂੰਹ 'ਤੇ ਛਿੱਕਲੀ ਚਾੜ੍ਹਦੂੰ।"

ਪੀਟਰ ਨੇ ਕੁਝ ਨਾ ਕੀਤਾ। ਪ੍ਰੈਸ ਵਿਚ ਮੇਰੇ ਬਾਰੇ ਕੁਝ ਨਾ ਕੁਝ ਬਾਦਸਤੂਰ ਛਪਦਾ ਰਿਹਾ ਸੀ । ਉਹ ਕਦੇ ਕਿਸੇ ਬਹਾਨੇ, ਕਦੇ ਕਿਸੇ ਬਹਾਨੇ ਮੇਰੇ ਹੱਕ ਵਿਚ ਖ਼ਬਰ ਲਵਾਉਣ ਲਈ ਮੈਥੋਂ ਪੌਂਡ ਝਾੜਦਾ ਰਿਹਾ ਸੀ। ਅੱਕ ਕੇ ਮੈਂ ਉਸ ਨੂੰ ਇਕ ਦਿਨ ਸਾਸਰੀਕਾਲ ਕਹਿ ਹੀ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਮੇਰਾ ਕੈਮਿਲਾ ਤੋਂ ਵੀ ਮਨ ਖੱਟਾ ਜਿਹਾ ਹੋ ਗਿਆ ਸੀ ਤੇ ਮੈਂ ਆਪਣੇ ਫੋਨ ਵਿਚੋਂ ਉਸਦੇ ਨੰਬਰ 'ਤੇ ਪਾਬੰਦੀ ਲਾ ਕੇ ਉਸਦਾ ਨੰਬਰ ਡਲੀਟ ਕਰ ਦਿੱਤਾ ਸੀ।

ਮੈਂ ਕਈ ਦਿਨਾਂ ਤੱਕ ਨਿੱਤ 'ਮਿਰੱਰ' ਅਖ਼ਬਾਰ ਖਰੀਦਦਾ ਰਿਹਾ ਸੀ। ਕਾਫੀ ਅਰਸੇ ਤੱਕ ਮਿਸ ਮਿਊਂਗ ਨੇ ਕੁਝ ਨਾ ਛਾਪਿਆ ਤਾਂ ਮੈਨੂੰ ਤਸੱਲੀ ਜਿਹੀ ਹੋ ਗਈ ਤੇ ਸਕੂਨ ਆ ਗਿਆ ਸੀ। ਉਸ ਵੱਲੋਂ ਆਪਣੀ ਬੇਇਜ਼ਤੀ ਕਰਵਾਏ ਜਾਣ ਬਾਅਦ ਗੁੱਭ-ਗੁਲਾਟ ਕੱਢੇ ਜਾਣ ਦਾ ਵਹਿਮ ਮੈਂ ਹੌਲੀ-ਹੌਲੀ ਆਪਣੇ ਦਿਲ ਵਿਚੋਂ ਕੱਢ ਦਿੱਤਾ ਸੀ। 

ਡਾਇਨਾ ਨਾਲ ਮਨਾਏ ਵੈਲਟਾਇਨ ਦੇ ਦਿਹਾੜਿਆਂ ਦੀਆਂ ਯਾਦਾਂ ਵੀ ਬਹੁਤ ਸਾਂਭਣਯੋਗ ਹਨ। ਪਹਿਲਾ ਵੈਲਨਟਾਇਨ ਅਸੀਂ 14 ਫਰਵਰੀ ਨੂੰ 1987 ਨੂੰ ਮਨਾਇਆ ਸੀ। ਉਪਹਾਰ ਵਜੋਂ ਡਾਇਨਾ ਨੇ ਮੈਨੂੰ ਇਕ ਲੱਕੜ ਦੀ ਕੌਲੀ ਦਿੱਤੀ ਸੀ, ਜਿਸ ਉੱਤੇ ਸਟੀਲ ਦੀ ਪੱਤੀ ਦਾ ਇਕ ਜਿੰਦਰਾ ਮੜ੍ਹਿਆ ਹੋਇਆ ਸੀ। ਗਿਫ਼ਟ ਬੌਕਸ ਖੋਲ੍ਹ ਕੇ ਮੈਂ ਜਦ ਉਹ ਕੌਲੀ ਦੇਖੀ ਤਾਂ ਮਜ਼ਾਕ ਨਾਲ ਉਸਨੂੰ ਕਿਹਾ, "ਵਾਹ। ਹੁਣ ਮੈਂ ਚਿਕਨ ਸੂਪ ਇਸੇ ਕੌਲੀ ਵਿਚ ਪਿਆ ਕਰਾਂਗਾ।" 

"ਤੈਨੂੰ ਇਸ ਕੌਲੀ ਦੇਣ ਦਾ ਮਤਲਬ ਪਤਾ ਹੈ?" ਡਾਇਨਾ ਨੇ ਬੁੱਲ੍ਹਾਂ ਵਿਚ ਮੁਸਕਰਾਉਂਦੀ ਹੋਈ ਨੇ ਸਵਾਲ ਕੀਤਾ ਸੀ।

"ਊਂਅ... ਨਹੀਂ।"

"ਬੁੱਧੂ ਰਾਮ। ਵੇਲਜ਼ ਵਿਚ ਵੈਲਨਟਾਇਨ ਵਾਲੇ ਦਿਨ ਔਰਤਾਂ ਵੱਲੋਂ ਆਪਣੇ ਮਹਿਬੂਬ ਨੂੰ ਲੱਕੜ ਦੀ ਕੌਲੀ ਜਿਸ ਉੱਤੇ ਚਾਬੀ ਸੁਰਾਖ ਜਾਂ ਜਿੰਦਰਾ ਉਕਰਿਆ ਹੁੰਦਾ ਸੀ ਦੇਣ ਦੀ ਪ੍ਰਥਾ ਰਹੀ ਹੈ। ਮਰਦ ਉਸਦੇ ਬਦਲੇ ਲੱਕੜੇ ਦੇ ਚਮਚੇ ਉੱਤੇ ਚਾਬੀ ਖੁਣਵਾ ਕੇ ਦਿਆ ਕਰਦੇ ਸਨ। ਇਹ ਗੱਲ ਦਾ ਸੂਚਕ ਮੰਨਿਆ ਜਾਂਦਾ ਸੀ ਕਿ ਤੂੰ ਮੇਰੇ ਦਿਲ ਦਾ ਜਿੰਦਾ ਆਪਣੇ ਪਿਆਰ ਦੀ ਚਾਬੀ ਨਾਲ ਖੋਲ੍ਹ ਦਿੱਤਾ ਹੈ ਅਤੇ ਆਪਾਂ ਇਕ ਦੂਜੇ ਦੇ ਪੂਰਕ ਹਾਂ।"



ਇਹ ਦੱਸਦਿਆਂ ਹੋਇਆਂ ਡਾਇਨਾ ਦੀਆਂ ਬਿਨ ਕਜ਼ਲਿਉਂ ਕਜ਼ਲਾਈਆਂ ਅੱਖੀਆਂ ਵਿਚ ਚਮਕ ਆ ਗਈ ਸੀ ਤੇ ਮੈਂ ਉਸਦੀ ਗੱਲ੍ਹ ਨੂੰ ਚੁੰਮ ਕੇ ਉਸਨੂੰ ਆਪਣੇ ਗਲ੍ਹ ਨਾਲ ਲਾ ਲਿਆ ਸੀ।


ਡਾਇਨਾ ਬਹੁਤ ਉਦਾਸ ਸੁਰ ਵਿਚ ਬੋਲਣ ਲੱਗੀ ਸੀ, "ਜੇਮਜ਼ ਆਪਣੇ ਅੰਗਰੇਜ਼ੀ ਸਮਾਜ ਵਿਚ ਇਹ ਵੀ ਧਾਰਨਾ ਰਹੀ ਹੈ ਕਿ ਵੈਲਨਟਾਇਨ ਵਾਲੇ ਦਿਨ ਕੁਆਰੀ ਲੜਕੀ ਸਭ ਤੋਂ ਪਹਿਲਾਂ ਜਿਸ ਪਰਾਏ ਲੜਕੇ ਨੂੰ ਦੇਖਦੀ ਹੈ, ਉਹ ਉਸ ਲੜਕੀ ਲਈ ਸਭ ਤੋਂ ਯੋਗ ਵਰ ਹੁੰਦਾ ਹੈ। ਮੇਰੀਆਂ ਭੈਣਾਂ ਜੇਨ ਤੇ ਸਿਹਰਾ ਚਾਰਲਸ ਨਾਲ ਵਿਆਹ ਕਰਵਾਉਣ ਦੀਆਂ ਇੱਛੁਕ ਸਨ। ਇਸ ਲਈ ਉਹਨਾਂ ਨੇ ਘਰ ਵਿਚ ਚਾਰਲਸ ਦੀਆਂ ਫੋਟੋਆਂ ਲਾਈਆਂ ਹੋਈਆਂ ਸਨ। ਮੈਂ ਖ਼ੁਦ ਵੀ ਚਾਰਲਸ ਨੂੰ ਪਸੰਦ ਕਰਦੀ ਸੀ। ਇਸ ਲਈ ਜਦੋਂ ਵੀ ਮੈਂ ਵੈਲਨਟਾਇਨ ਵਾਲੇ ਦਿਨ ਉੱਠਦੀ ਸੀ ਤਾਂ ਸਭ ਤੋਂ ਪਹਿਲਾਂ ਮੈਨੂੰ ਚਾਰਲਸ ਦੀ ਤਸਵੀਰ ਨਜ਼ਰੀਂ ਪੈਂਦੀ ਸੀ। ਕਿਉਂਕਿ ਉਸ ਪੂਰਬਲੀ ਰਾਤ ਮੈਂ ਆਪ ਉਹ ਆਪਣੇ ਮੰਜੇ ਦੀ ਸਾਹਮਣੀ ਕੰਧ 'ਤੇ ਲਾ ਕੇ ਸੌਂਦੀ ਹੁੰਦੀ ਸੀ। ਪਰ ਇਹ ਸਭ ਧਾਰਨਾਵਾਂ ਗਲਤ ਹੁੰਦੀਆਂ ਹਨ।"



"ਇਹ ਸਭ ਸੰਜੋਗਾਂ ਦੇ ਖੇਲ ਹਨ। ਬੱਲੀਏ ਜ਼ਰਾ ਸੋਚ ਕੇ ਦੇਖ ਜੇ ਤੂੰ ਪ੍ਰਿੰਸ ਚਾਰਲਸ ਦੀ ਪਤਨੀ ਨਾਲ ਬਣਦੀ ਤਾਂ ਆਪਣਾ ਮੇਲ ਕਿੱਥੋਂ ਹੋਣਾ ਸੀ?" ਮੈਂ ਡਾਇਨਾ ਦੀ ਠੋਡੀ ਨੂੰ ਆਸਰਾ ਦੇ ਕੇ ਉਸਦੀਆਂ ਅੱਖਾਂ ਆਪਣੀਆਂ ਅੱਖਾਂ ਵਿਚ ਪਵਾ ਲਿੱਤੀਆਂ ਸਨ। ਮੇਰੇ ਨਾਲ ਨਜ਼ਰਾਂ ਚਾਰ ਕਰਦਿਆਂ ਉਸਨੇ ਖਾਮੋਸ਼ ਰਹਿ ਕੇ ਸਿਰ ਹਿਲਾਉਂਦਿਆਂ ਸਹਿਮਤੀ ਪ੍ਰਗਟਾਈ ਸੀ।



ਉਸ ਤੋਂ ਅਗਲੇ ਵਰ੍ਹੇ ਡਾਇਨਾ ਦੇ ਵਿਦੇਸ਼ ਗਈ ਹੋਣ ਕਰਕੇ ਭਾਵੇਂ ਅਸੀਂ ਮਿਲ ਤਾਂ ਨਹੀਂ ਸੀ ਸਕੇ। ਪਰ ਦੁਨੀਆਂ ਦੇ ਦੂਜੇ ਕੋਨੇ ਅਸਟਰੇਲੀਆਂ ਤੋਂ ਉਹ ਮੈਨੂੰ ਬ੍ਰਤਾਨੀਆਂ ਦੀ ਸਾਰੀ ਰਾਤ ਫੋਨ ਕਰਦੀ ਰਹੀ ਸੀ ਤੇ ਮੈਨੂੰ ਦੱਸ ਰਹੀ ਸੀ ਕਿ ਉਹ ਉਥੇ ਮੇਰੀ ਕਿੰਨੀ ਘਾਟ ਮਹਿਸੂਸ ਕਰ ਰਹੀ ਸੀ। 



1989 ਦਾ ਵੈਲਨਟਾਇਨ ਵਾਲਾ ਦਿਨ ਤਾਂ ਮੈਨੂੰ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਮੈਂ ਤੇ ਡਾਇਨਾ ਲੌਂਗ ਡਰਾਇਵ ਲਈ ਹਾਈਗਰੋਵ ਤੋਂ ਡੋਬਰ ਵੱਲ ਜਾ ਰਹੇ ਸੀ ਕਿ ਬਰਫ ਬਹੁਤ ਜ਼ਿਆਦਾ ਪੈਣ ਲੱਗ ਗਈ ਸੀ। ਅਸੀਂ ਮੋਟਰਵੇਅ ਦੀ ਬਜਾਏ ਸਕੈਂਡਰੀ ਰੂਟ ਲਿਆ ਹੋਇਆ ਸੀ। ਅਸੀਂ ਕਾਰ ਇਕ ਲੇਅਬਾਏ 'ਤੇ ਰੋਕ ਲਿੱਤੀ ਸੀ। ਅੱਗੇ ਪੈਂਡਾ ਜ਼ਿਆਦਾ ਸੀ ਤੇ ਮੌਸਮ ਬਹੁਤ ਖਰਾਬ ਹੋਈ ਜਾ ਰਿਹਾ ਸੀ। ਅਸੀਂ ਨਿਰਣਾ ਨਹੀਂ ਸੀ ਕਰ ਪਾ ਰਹੇ ਕਿ ਅੱਗੇ ਜਾਈਏ ਜਾ ਪਿੱਛੇ ਮੁੜੀਏ। ਯਕਾਯਕ ਡਾਇਨਾ ਕਹਿਣ ਲੱਗੀ ਸੀ, "ਜਿਹੜਾ ਫੱਨ (ਮਜ਼ਾ) ਆਪਾਂ ਉਥੇ ਕਰਨਾ ਸੀ, ਕਿਉਂ ਨਾ ਇਥੇ ਹੀ ਕਰ ਲਈਏ?" 



"ਕੀ ਮਤਲਬ ਹੈ ਤੇਰਾ?"



"ਮਤਲਬ ਹੁਣ ਸਮਝ ਆ ਜਾਊਗਾ। ਤੇਰਾ ਕੋਰਟ ਮਾਰਸ਼ਲ ਕਰਨ ਲੱਗੀ ਆਂ।" 

ਡਾਇਨਾ ਨੇ ਬਟਨ ਦੱਬ ਕੇ ਮੇਰੇ ਵਾਲੀ ਕਾਰ ਦੀ ਸੀਟ ਦੀ ਢੋਹ ਲੰਮੀ ਪਾ ਦਿੱਤੀ ਸੀ, "ਮੇਜਰ ਜੇਮਜ਼ ਹਿਊਵਟ ਤੁਹਾਨੂੰ ਇਕ ਅਬਲਾ ਨੂੰ ਬਿਰਹਾ ਵਿਚ ਤੜਫਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤੇ ਸ਼ਹਿਜ਼ਾਦੀ ਵੇਲਜ਼ ਤੁਹਾਨੂੰ ਇਕ ਹੁਸੀਨ ਜਿਹੀ ਸਜ਼ਾ ਦੇਣ ਜਾ ਰਹੀ ਹੈ। ਬਿਨਾ ਚੂੰ ਚਾਂਅ ਜਾਂ ਕਿਤੂੰ ਪਰੰਤੂ ਕਰਿਆਂ ਲੰਮੇ ਲੇਟ ਜਾਉ।"



ਮੈਂ ਡਾਇਨਾ ਦਾ ਮਨਸੂਬਾ ਸਮਝ ਗਿਆ ਸੀ, "ਰਾਜਕੁਮਾਰੀ ਦਾ ਹੁਕਮ ਸਿਰ ਮੱਥੇ ਮੁਜ਼ਰਮ ਆਪਣੇ ਕੱਪੜੇ ਹੱਥੀਂ ਲਾਹੁਣ ਲਈ ਵੀ ਤਿਆਰ ਹੈ।"



ਸੈਂਟਰਲ ਲੌਕਿੰਗ ਤੋਂ ਕਾਰ ਨੂੰ ਲੌਕ ਕਰਕੇ ਡਾਇਨਾ ਆਪਣੀ ਸੀਟ ਤੋਂ ਉੱਠੀ ਤੇ ਮੇਰੇ ਉੱਪਰ ਆ ਕੇ ਪੈ ਗਈ ਸੀ। ਉਸ ਨੇ ਮੇਰੀਆਂ ਗੱਲ੍ਹਾਂ ਨਾਲ ਆਪਣੇ ਰੁਖਸਾਰ ਘਸਾਉਂਦਿਆਂ ਹੋਇਆਂ ਮੇਰੀ ਕਮੀਜ਼ ਦੇ ਬਟਨ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ। ਮੈਂ ਡਾਇਨਾ ਨੂੰ ਆਪਣੀਆਂ ਬਾਹਾਂ ਵਿਚ ਨੂੜ ਲਿਆ ਸੀ ਤੇ ਅਸੀਂ ਇਕ ਦੂਜੇ ਵਿਚ ਆਭੇਦ ਹੋ ਗਏ ਸੀ।... 


ਮੇਰੀ ਹਿਯਾਤੀ ਦਾ ਇਹ ਸਭ ਤੋਂ ਬੇਹਤਰੀਨ ਤੇ ਖ਼ੂਬਸੂਰਤ ਵੈਲਨਟਾਇਨ ਡੇਅ ਸੀ।

No comments:

Post a Comment