A Historic Fiction Novel Based On Late Princess Diana In Punajbi By Balraj Singh Sidhu

Tuesday, 19 March 2013

ਤਤਕਰਾ

ਬਲਰਾਜ ਸਿੰਘ ਸਿੱਧੂ ਦਾ ਨਾਵਲ ਅੱਗ ਦੀ ਲਾਟ: ਪ੍ਰਿੰਸੈਸ ਡਾਇਨਾ
ਤਤਕਰਾ


ਕਾਂਡ ਪਹਿਲਾ: ਰਿਆਸਤ ਦਾ ਰਾਖਾ, ਰਾਜਕੁਮਾਰੀ ਅਤੇ ਰਾਜਕੁਮਾਰ
ਕਾਂਡ ਦੂਜਾ: ਪਹਿਲੀ ਮੁਲਾਕਾਤ ਤੇ ਪਹਿਲੀ ਚੁੰਮੀ
ਕਾਂਡ ਤੀਜਾ
ਰਾਜ ਮਹੱਲ, ਰਾਜਕੁਮਾਰੀ ਅਤੇ ਰਾਜਧ੍ਰੋਹੀ

ਕਾਂਡ ਚੌਥਾ: ਖ਼ਤਰੇ ਦੀ ਖੇਡ
ਕਾਂਡ ਪੰਜਵਾਂ: 
ਸੁਪਨਾ
ਕਾਂਡ ਛੇਵਾਂ: 
 ਹਨੀਮੂਨ
ਕਾਂਡ ਸੱਤਵਾਂ: 
ਪਿਆਰ ਤੇ ਜੰਗ
ਕਾਂਡ ਅੱਠਵਾਂ: 
ਯੁੱਧ ਨਗਾਰਾ 
ਕਾਂਡ ਨੌਵਾਂ: 
ਪੀੜ ਹਿਜ਼ਰ ਦੀ ਤੇ ਜ਼ਖਮ ਜਿਗਰ ਦਾ
ਕਾਂਡ ਦਸਵਾਂ: 
 
ਮੈਦਾਨ-ਏ-ਜੰਗ
ਕਾਂਡ ਗਿਆਰਵਾਂ: 
 ਮਿਲਾਪ ਤੇ ਵਿਛੋੜਾ 
ਕਾਂਡ ਬਾਰਵਾਂ: ਉਥਲ-ਪੁਥਲ 
ਕਾਂਡ ਤੇਰਵਾਂ: 
 ਬਰਫੀਲਾ ਮਨੁੱਖ 
ਕਾਂਡ ਚੌਧਵਾਂ: 
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ
ਕਾਂਡ ਪੰਦਰਵਾਂ: 
ਡਾਇਨਾ, ਡੋਡੀ ਤੇ ਡੈੱਥ 

ਕਾਂਡ ਸੋਲ੍ਹਵਾਂ: ਪੰਧ 
ਕਾਂਡ ਸਤਾਰਵਾਂ: ਮਨਹੂਸ ਖ਼ਬਰ 
ਕਾਂਡ ਅਠਾਰਵਾਂ: 
ਡੁੱਬਿਆ ਸੂਰਜ 

ਕਾਂਡ ਉਨੀਵਾਂ: ਅੰਤਿਮ ਯਾਤਰਾ
ਕਾਂਡ ਵੀਹਵਾਂ: ਬਾਡੀਗਾਰਡ 
ਕਾਂਡ ਇਕੀਵਾਂ: ਸਮੁੰਦਰੀ ਛੱਲ ਤੇ ਰੇਤ 
ਕਾਂਡ ਬਾਈਵਾਂ:  ਵੈਲਨਟਾਇਨ ਦਿਵਸ
ਕਾਂਡ ਤੇਈਵਾਂ: ਸਰਪ੍ਰਾਇਜ਼
ਕਾਂਡ ਚੌਵੀਵਾਂ:  ਚੋਰਾਂ ਨੂੰ ਮੋਰ 
ਕਾਂਡ ਪੰਚੀਵਾਂ: ਇਤਿਹਾਸ ਦੇ ਪੰਨੇ
ਕਾਂਡ ਛੱਬੀ: ਤੋਹਫਾ
ਕਾਂਡ ਸਤਾਈ: ਤਸਵੀਰ     
ਕਾਂਡ ਅਠਾਈ: ਵਿਵਰਜਿਤ ਸ਼ਾਹੀ ਰਿਸ਼ਤੇ 
ਕਾਂਡ ਉਨੱਤੀ: ਇਸ਼ਕ ਜਿਨ੍ਹਾਂ ਦੇ ਹੰਡੀਂ ਰਚਿਆ
ਕਾਂਡ ਤੀਹ: ਸਮਾਜ ਸੇਵਿਕਾ
ਕਾਂਡ ਇਕੱਤੀ: ਰਾਜ਼ 
ਕਾਂਡ ਬੱਤੀ: ਅੱਗ ਦੀ ਲਾਟ  


Tuesday, 5 March 2013

ਕਾਂਡ 1


ਰਿਆਸਤ ਦਾ ਰਾਖਾ, ਰਾਜਕੁਮਾਰੀ ਅਤੇ ਰਾਜਕੁਮਾਰ
ਰਿਆਸਤ ਦਾ ਰਾਖਾ
ਮੇਜਰ ਜੇਮਜ਼ ਮਿਲਫੋਰਡ ਹਿਊਵਟ

ਬਹੁਤ ਹੀ ਬੇਬਾਕ ਕਿਸਮ ਦਾ ਇਨਸਾਨ ਹਾਂ ਮੈਂ। ਮੈਂ ਯਾਨੀ ਬ੍ਰਤਾਨਵੀਂ ਫੌਜ ਦਾ ਸਾਬਕਾ ਸੁਕਾਡਰਨ ਲੀਡਰ (ਰਸਾਲੇਦਾਰ) ਮੇਜਰ ਜੇਮਜ਼ ਮਿਲਫੋਰਡ ਹਿਊਵਟ ਵਲਦ ਜੌਹਨ ਹਿਊਵਟ। ਮੈਂ ਆਇਰੀਸ਼ ਮੂਲ ਦਾ ਹਾਂ। ਮੈਨੂੰ ਮਾਣ ਹੈ ਕਿ ਦੁਨੀਆਂ ਵਿਚ ਮੇਰੀ ਕੌਮ ਨੂੰ ਬਹਾਦਰ, ਸਿਰੜੀ ਅਤੇ ਵਫ਼ਾਦਾਰ ਮੰਨਿਆ ਜਾਂਦਾ ਹੈ। 


ਮੇਰਾ ਜਨਮ 30 ਅਪ੍ਰੈਲ 1958 ਨੂੰ ਲੰਡਨਡੇਅਰੀ ਵਿਚ ਹੋਇਆ ਸੀ। ਲੰਡਨਡੇਅਰੀ ਉਤਰੀ ਆਇਰਲੈਂਡ ਦਾ ਦੂਜਾ ਵੱਡਾ ਸ਼ਹਿਰ ਹੈ। ਪਹਿਲਾਂ ਇਸ ਨੂੰ ਸਿਰਫ਼ ਡੇਅਰੀ ਹੀ ਕਹਿੰਦੇ ਸਨ, 1612 ਵਿਚ ਇਸਦਾ ਨਾਮ ਬਦਲ ਕੇ ਲੰਡਨਡੇਅਰੀ ਰੱਖ ਦਿੱਤਾ ਗਿਆ ਸੀ। ਪਰ ਆਮ ਗੱਲਬਾਤ ਦੌਰਾਨ ਅਸੀਂ ਅੱਜ ਵੀ ਇਸਨੂੰ 'ਡੇਅਰੀ' ਹੀ ਪੁਕਾਰਦੇ ਹਾਂ। 

ਲੰਡਨਡੇਅਰੀ ਆਪਣੀ ਜੌੜੀ ਭੈਣ ਕੈਰੋਲਾਇਨ ਤੋਂ ਪੌਣੇ ਦੋ ਘੰਟੇ ਬਾਅਦ ਮੇਰੀ ਪਦਾਇਸ਼ ਹੋਈ ਸੀ। ਸਾਡੀ ਇਕ ਵੱਡੀ ਭੈਣ ਸਿਹਰਾ ਹੈ, ਜੋ ਸਾਡੇ ਤੋਂ 18 ਮਹੀਨੇ ਪਹਿਲਾਂ ਡੈਵਨ (ਇੰਗਲੈਂਡ) ਵਿਖੇ ਜੰਮੀ ਸੀ। ਮੇਰਾ ਪਿਤਾ ਜੌਹਨ ਹਿਊਵਟ, ਰੌਇਲ ਮਰੀਨਜ਼ ਨਾਲ ਕਪਤਾਨ ਵਜੋਂ ਉਤਰੀ ਆਇਰਲੈਂਡ ਵਿਚ ਤਾਇਨਾਤ ਸੀ। ਮੈਨੂੰ ਮੇਰੇ ਭਾਈਚਾਰੇ ਵੱਲੋਂ ਅਕਸਰ ਦੱਸਿਆ ਜਾਂਦਾ ਸੀ ਕਿ ਮੇਰਾ ਪਿਤਾ ਇੱਜ਼ਤਦਾਰ ਅਤੇ ਹਰਮਨ ਪਿਆਰਾ ਅਫ਼ਸਰ ਸੀ। ਫੌਜ ਦੀ ਨੌਕਰੀ ਮੇਰੇ ਪਿਤਾ ਨੂੰ ਵਿਰਾਸਤ ਵਿਚ ਮਿਲੀ ਸੀ। ਮੇਰਾ ਦਾਦਾ ਰੌਇਲ ਨੇਵੀ ਵਿਚ ਅਡਮਿਰਲ (ਜਲ ਸੈਨਾ ਦਾ ਪ੍ਰਧਾਨ ਸੈਨਾਪਤੀ) ਸੀ, ਜੋ ਮੇਰੇ ਜਨਮ ਤੋਂ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਚੁੱਕਾ ਸੀ। ਮੇਰਾ ਪਿਤਾ ਉਦੋਂ ਕੇਵਲ ਸੱਤ ਸਾਲ ਦਾ ਸੀ, ਜਦੋਂ ਮੇਰੀ ਦਾਦੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ।

ਕਾਂਡ 2


 ਪਹਿਲੀ ਮੁਲਾਕਾਤ ਤੇ ਪਹਿਲੀ ਚੁੰਮੀ

ਸ਼ਹਿਜ਼ਾਦੀ ਡਾਇਨਾ 

ਮੈਨੂੰ ਅੱਜ ਵੀ ਕਿਸੇ ਸੱਜਰੇ ਲਮਹੇ ਵਾਂਗ ਚੰਗੀ ਤਰ੍ਹਾਂ ਯਾਦ ਹੈ ਉਹ ਦਿਨ, ਜਦੋਂ ਮੈਂ ਪਹਿਲੀ ਵਾਰ ਅਰਿਸਟੋਕਰੈਟ ਅਲਥਰੋਪ ਦੇ ਅੱਠਵੇਂ ਅਰਲ ਐਡਵਰਡ ਜੌਹਨ ਸਪੈਂਸਰ ਦੀ ਸਪੁੱਤਰੀ ਲੇਡੀ ਡਾਇਨਾ ਫਰੈਂਸਿਸ ਮਾਊਂਟਬੈਟਨ ਵਿਨਸਡਰ ਨੂੰ ਦੇਖਿਆ ਸੀ। ਅੱਲੜ, ਸੋਹਲ, ਸੰਗਾਊ, ਸ਼ਰਮਾਕਲ ਕਿਸਮ ਦੀ ਛੂਹੀ-ਮੂਈ ਜਿਹੀ ਮੁਟਿਆਰ। 1981 ਦੀਆਂ ਗਰਮੀਆਂ ਦੀ ਰੁੱਤ ਸੀ ਉਹ। ਮੇਰਾ ਖਿਆਲ ਹੈ ਡਾਇਨਾ ਦੇ ਵਿਆਹ ਤੋਂ ਹਫਤਾ ਪਹਿਲਾਂ ਦੀ ਘਟਨਾ ਹੈ। ਉਹ ਟਿੱਡਵਰਥ ਪੋਲੋ ਦੇਖ ਰਹੀ ਸੀ। ਮੈਂ ਘੋੜ-ਸਵਾਰ ਥਲ ਸੈਨਾ ਅਤੇ ਸ਼ਹਿਜ਼ਾਦਾ ਚਾਰਲਸ ਜਲ ਸੈਨਾ ਵੱਲੋਂ ਰੰਡਲ ਕੱਪ ਦਾ ਮੈਚ ਖੇਡ ਰਹੇ ਸੀ। ਬਹੁਤ ਸਾਰੀ ਪ੍ਰੈਸ ਅਤੇ ਮੀਡੀਆ ਉਥੇ ਮਾਜੌਦ ਸੀ। ਡਾਇਨਾ ਮੈਚ ਦੇਖਣ ਲਈ ਬਣੇ ਲੋਹੇ ਦੀਆਂ ਜਾਲੀਆਂ ਵਾਲੇ ਪੰਜਰਾਨੁਮਾ ਡੱਬੇ ਵਿਚ ਬੈਠੀ ਆਪਣੇ ਆਪ ਨੂੰ ਅਣਸੁਖਾਵਾਂ ਤੇ ਅਸੁਵਿਧਾਜਨਕ ਮਹਿਸੂਸ ਕਰ ਰਹੀ ਸੀ। ਯਕੀਨਨ ਉਸਨੂੰ ਸੱਜਰੇ ਪ੍ਰਾਪਤ ਹੋਏ ਸਿਤਾਰਾਵਾਦ ਅਤੇ ਸ਼ੁਹਰਤ ਨਾਲ ਨਜਿੱਠਣ ਦੀ ਜਾਚ ਹਾਲੇ ਨਹੀਂ ਸੀ ਆਈ। ਨਾ ਹੀ ਉਹ ਇਸਦੀ ਆਦੀ ਸੀ। ਉਹ ਇੰਗਲੈਂਡ ਦੀ ਮਲਕਾ ਇਲਿਜ਼ਬੈਥ-2 ਦੀ ਨੂੰਹ ਬਣਨ ਜਾ ਰਹੀ ਸੀ। ਇੰਗਲੈਂਡ ਦੀ ਰਾਜਗੱਦੀ ਦਾ ਅਗਲਾ ਦਾਵੇਦਾਰ ਰਾਜਕੁਮਾਰ ਚਾਰਲਸ ਉਸਦਾ ਸ਼ਰੀਕ-ਏ-ਹਿਯਾਤ ਬਣਨ ਜਾ ਰਿਹਾ ਸੀ। ਬ੍ਰਤਾਨਵੀ ਮੀਡੀਏ ਲਈ ਇਹ ਸਭ ਤੋਂ ਵੱਡੀ ਖ਼ਬਰ ਸੀ।

Sunday, 3 March 2013

ਕਾਂਡ 4

 ਖਤਰੇ ਦੀ ਖੇਡ




ਮੇਰਾ ਤੇ ਡਾਇਨਾ ਦਾ ਪਿਆਰ ਤੀਬਰਗਤੀ ਨਾਲ ਪੁੰਗਰਨ ਲੱਗਾ ਸੀ। ਲੰਡਨ ਵਿਚ ਸਾਡਾ ਦਾ ਇਸ਼ਕ ਦੁਨੀਆ ਦੀ ਸਭ ਤੋਂ ਤੇਜ਼ ਜਪਾਨੀ ਰੇਲਵੇਜ਼ ਦੀ ਮੈਗਲਵ ਟਰੇਨ MLX01 ਵਾਂਗ ਦੌੜਿਆ ਜਾ ਰਿਹਾ ਸੀ। ਸਾਡੀਆਂ ਮੁਲਾਕਾਤਾਂ ਵਧਣ ਲੱਗੀਆਂ ਤੇ ਹਿਜ਼ਰਾਂ ਦਾ ਪਾੜਾ ਘਟਣ ਲੱਗਾ ਸੀ। ਅਸੀਂ ਨਿਰਵਿਘਨ ਅਤੇ ਨਿਯਮਬਧ ਢੰਗ ਨਾਲ ਦੂਜੇ ਚੌਥੇ ਦਿਨ ਅਸੀਂ ਇਕ ਦੂਏ ਨੂੰ ਮਿਲਦੇ ਰਹਿੰਦੇ। ਇਸ ਤੋਂ ਇਲਾਵਾ ਟੈਲੀਫੋਨ 'ਤੇ ਸਾਡੀਆਂ ਰੋਜ਼ਾਨਾ ਗੱਲਾਂ ਹੁੰਦੀਆਂ ਰਹਿੰਦੀਆਂ। ਮੈਨੂੰ ਨਿੱਕੀ ਨਿੱਕੀ ਗੱਲ ਬਾਰੇ ਫੋਨ ਕਰਨਾ ਡਾਇਨਾ ਦੀ ਆਦਤ ਬਣ ਗਿਆ ਸੀ। ਮੁਸਲਸਲ ਫੋਨ ਕਰਕੇ ਉਹ ਮੈਨੂੰ ਪੁੱਛਦੀ ਰਹਿੰਦੀ ਕਿ ਮੈਂ ਕੀ ਖਾਧਾ ਹੈ? ਕੀ ਪੀਤਾ ਹੈ? ਤੇ ਉਹ ਕੀ ਖਾਵੇ?… ਵਗੈਰਾ ਵਗੈਰਾ। ਕਿਸੇ ਸਮਾਗਮ 'ਤੇ ਜਾਣ ਤੋਂ ਪਹਿਲਾਂ ਉਹ ਅਕਸਰ ਮੈਨੂੰ ਉਚੇਚਾ ਫੋਨ ਕਰਕੇ ਪੁੱਛਦੀ ਕਿ ਉਹ ਕਿਹੜੇ ਰੰਗ ਦੀ ਤੇ ਕਿਹੜੀ ਪੁਸ਼ਾਕ ਪਹਿਨੇ। ਡਾਇਨਾ ਵੱਲੋਂ ਆਪਣੀ ਨਿੱਜੀ ਜ਼ਿੰਦਗੀ ਵਿਚ ਮੈਨੂੰ ਦਿੱਤੇ ਜਾਣ ਵਾਲੇ ਐਨੇ ਮਹੱਤਵ ਕਾਰਨ ਮੇਰੇ ਦਿਲ ਵਿਚ ਡਾਇਨਾ ਪ੍ਰਤੀ ਪਿਆਰ ਦੀਆਂ ਹੋਰ ਵੀ ਮਜ਼ਬੂਤ ਪਰਤਾਂ ਚੜ੍ਹ ਜਾਂਦੀਆਂ।

ਕਾਂਡ 6


ਹਨੀਮੂਨ


ਇਕ ਰਾਤ ਮੈਂ ਤੇ ਡਾਇਨਾ ਕੈਨਸਿੰਘਟਨ ਮਹੱਲ ਸੰਭੋਗ ਉਪਰੰਤ ਨਿਰਵਸਤਰ ਪਏ ਗੱਲਾਂ ਕਰ ਰਹੇ ਸੀ। ਉਹ ਮੇਰੀ ਬਾਂਹ ਦਾ ਸਿਰਾਹਣਾ ਲਾਈ ਮੇਰੇ ਨਾਲ ਲੇਟੀ ਪਈ ਸੀ।ਅਸੀਂ ਆਪਣੀਆਂ ਬੀਤੀਆਂ ਜ਼ਿੰਦਗੀਆਂ ਫਰੋਲ ਕੇ ਖ਼ੂਬਸੂਰਤ ਯਾਦਾਂ ਨਾਲੋਂ ਨਾਖੁਸ਼ਗਵਾਰ ਘੜੀਆਂ ਨੂੰ ਛਾਂਟ ਕੇ ਨਿਖੇੜ ਰਹੇ ਸੀ।



ਜਨਮ ਲੈਣ ਬਾਅਦ ਹਰੇਕ ਵੀ ਇੰਨਸਾਨ ਦੀ ਜ਼ਿੰਦਗੀ ਵਿਚ ਅਹਿਮ ਦਿਨ ਵਿਆਹ ਦਾ ਦਿਨ ਹੁੰਦਾ ਹੈ ਤੇ ਸਭ ਤੋਂ ਮਹੱਤਵਪੂਰਨ ਰਾਤ, ਸੁਹਾਗਰਾਤ ਹੁੰਦੀ ਹੈ। ਯਕਾਯਕ ਡਾਇਨਾ ਨੂੰ ਮੈਂ ਉਸਦੀ ਸੁਹਾਗਰਾਤ ਬਾਰੇ ਪੁੱਛ ਬੈਠਾ ਤਾਂ ਉਹ ਘੋਰ ਉਦਾਸ ਹੋ ਗਈ ਸੀ, "ਸਾਡੀ ਕੀ ਸੁਆਹ ਸੁਹਾਗਰਾਤ ਸੀ। ਲੋਕੀ ਇਸ ਰਾਤ ਨੂੰ ਪਿਆਰ ਭਰੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਆ ਤੇ ਅਸੀਂ ਇਹ ਹੁਸੀਨ ਰਾਤ ਤਕਰਾਰ ਵਿਚ ਬਿਤਾਈ ਸੀ। ਮੈਂ ਰੋਂਦੀ ਰਹੀ ਤੇ ਉਹ (ਚਾਰਲਸ) ਨਾਵਲ ਪੜ੍ਹਦਾ ਰਿਹਾ ਸੀ। ਕਮਲੇ ਨੇ ਪੜ੍ਹਣ ਵਾਲੀ ਚੀਜ਼ ਤਾਂ ਪੜ੍ਹੀ ਨਾ ਤੇ ਮੈਂ ਅਣਪੜ੍ਹੀ, ਪੜ੍ਹੇ ਜਾਣ... ਵਰਕਾ ਵਰਕਾ ਉਂਗਲਾਂ ਨੂੰ ਥੁੱਕ ਲਾ ਕੇ ਫਰੋਲੇ ਜਾਣ ਲਈ ਤੜਫਦੀ ਅਤੇ ਮਚਲਦੀ ਰਹੀ ਸੀ। ਅਗਲੀ ਸਵੇਰ ਤੱਕ ਮੈਂ ਅਣਛੋਹੀ ਤੇ ਕੰਜ ਕਵਾਰੀ ਸੀ।ਜਿਵੇਂ ਸੇਜ਼ 'ਤੇ ਗਈ ਸੀ ਉਵੇਂ ਕੋਰੀ ਦੀ ਕੋਰੀ ਉੱਠ ਖੜ੍ਹੀ ਹੋਈ ਸੀ।" 

ਕਾਂਡ 8




ਯੁੱਧ ਨਗਾਰਾ


ਸ਼ਹਿਜ਼ਾਦੀ ਡਾਇਨਾ
ਸੜਕ ਮਾਰਗ ਰਾਹੀਂ ਮੈਂ ਲੀਨ (Leine) ਦਰਿਆ ਕੰਢੇ ਵਸੇ ਹੈਨਓਵਰ, ਜਰਮਨ ਪਹੁੰਚ ਗਿਆ ਸੀ ਤੇ ਆਪਣੇ ਜਵਾਨਾਂ ਨੂੰ 'ਸੀ ਯੂ ਸੂਨ' (ਜਲਦ ਫੇਰ ਮਿਲਦੇ ਹਾਂ) ਆਖ ਕੇ ਜੀਪ ਵਿਚੋਂ ਉਤਰ ਗਿਆ ਸੀ। ਜਵਾਨਾਂ ਨੇ ਜੰਗੀ ਸਮਾਨ ਨਾਲ ਪਿੱਛੋਂ ਵੱਖ ਆਉਣਾ ਸੀ ਤੇ ਅਸੀਂ ਅਫ਼ਸਰਾਂ ਨੇ ਹਵਾਈ ਜਹਾਜ਼ ਰਾਹੀਂ ਪਹਿਲਾਂ ਜਾਣਾ ਸੀ।  

     ਉਥੋਂ ਅਗਲੇ ਦਿਨ ਅਸੀਂ ਬ੍ਰਿਟਿਸ਼ ਕੈਲੋਡੋਨੀਅਨ ਦੀ ਉਡਾਨ ਰਾਹੀਂ ਹੈਨਓਵਰ ਦੀ ਏਅਰਪੋਰਟ ਤੋਂ ਅਕਰੋਟੀਰੀ, ਸਾਇਪ੍ਰਸ ਪਹੁੰਚ ਗਏ ਸੀ। ਉਥੇ ਜਾ ਕੇ ਅਸੀਂ ਰੌਇਲ ਸਕਾਊਟਜ਼ ਨਾਲ ਜਾ ਰਲੇ, ਜੋ ਸਾਡੇ ਜੰਗੀ ਦਲ ਦਾ ਹੀ ਭਾਗ ਸਨ। ਸਾਇਪ੍ਰਸ ਵਿਚ ਆਰ. ਏ. ਐੱਫ. (Royal Air Force) ਦੇ ਟਰਾਂਸਪੋਰਟ ਸਕੁਆਡਰਨ ਦੀ ਸਾਨੂੰ ਗੌਲਫ ਛੱਡਣ ਦੀ ਜ਼ਿੰਮੇਵਾਰੀ ਸੀ। ਉਹਨਾਂ ਦੇ ਮੁੱਖੀ ਦੇ ਮੋਢੇ 'ਤੇ 'ਅੱਗੇ ਵੱਧਣ ਲਈ ਤਿਆਰ-ਬਰ-ਤਿਆਰ' ਲਿੱਖਿਆ ਹੋਇਆ ਸੀ। ਉਸਨੇ ਸਾਨੂੰ ਤਕਰੀਬਨ 200 ਜਵਾਨਾਂ ਨੂੰ ਕੜਕਦੀ ਧੁੱਪ ਵਿਚ ਲਗਭਗ ਇਕ ਘੰਟਾ ਖੜ੍ਹਾਈ ਰੱਖਿਆ ਸੀ। ਜਦੋਂ ਇੰਤਜ਼ਾਰ ਵਿਚ ਬੇਜ਼ਾਰ ਹੋ ਕੇ ਅਸੀਂ ਉਸਨੂੰ ਦੇਰੀ ਦਾ ਕਾਰਨ ਪੁੱਛਦੇ ਤਾਂ ਉਹ ਇਕੋ ਹੀ ਰੱਟਿਆ ਰਟਾਇਆ ਜੁਆਬ ਦਿੰਦਾ ਸੀ, "ਹਜ਼ੂਰ-ਏ-ਆਲਾ, ਬਸ ਜਹਾਜ਼ ਤਿਆਰ ਹੀ ਹੈ, ਕਿਸੇ ਵੇਲੇ ਵੀ ਚੱਲ ਸਕਦਾ ਹੈ।"


ਕਾਂਡ 10


ਮੈਦਾਨ-ਏ-ਜੰਗ



ਜ਼ਮੀਨੀ ਜੰਗ ਅਤੇ ਸਾਡੇ ਦਰਮਿਆਨ ਦੂਰੀ ਬਹੁਤ ਘੱਟ ਗਈ ਸੀ। ਲੋਅ ਲੋਡਰਾਂ 'ਤੇ ਟੈਂਕਾਂ ਨੂੰ ਰਵਾਨਾ ਕਰਕੇ ਅਸੀਂ ਹੈਲੀਕੌਪਟਰਾਂ ਰਾਹੀਂ 200 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਇਰਾਕੀ ਸਰਹੱਦ ਤੋਂ 40 ਕਿਲੋਮੀਟਰ ਦੱਖਣ ਵੱਲ ਉਸ ਸਥਾਨ 'ਤੇ ਪਹੁੰਚ ਗਏ, ਜਿਥੋਂ ਅਸੀਂ ਜੰਗ ਵਿਚ ਕੁੱਦਣਾ ਸੀ। ਰਣਭੂਮੀ ਦੇ ਇਸ ਸਥਾਨ ਨੂੰ ਅਸੀਂ 'ਰੇਅ' ਆਖਦੇ ਸੀ। ਜਿਥੋਂ ਤੱਕ ਮਨੁੱਖੀ ਨਿਗਾਹ ਜਾਂਦੀ ਸੀ, ਸਾਡੇ ਅਤੇ ਅਮਰੀਕੀ ਫੌਜ ਦੇ ਟੈਂਕ ਅਤੇ ਬਖਤਰਬੰਦ ਗੱਡੀਆਂ ਹੀ ਨਜ਼ਰ ਆਉਂਦੀਆਂ ਸਨ। ਰੇਗਿਸਤਾਨ ਵਿਚ ਫੌਜੀ ਡੁੱਲੇ ਹੋਏ ਆਟੇ ਵਾਂਗ ਖਿੰਡੇ ਪਏ ਸਨ। 


ਕਾਂਡ 11


 ਮਿਲਾਪ ਤੇ ਵਿਛੋੜਾ


ਗੌਲਫ ਜੰਗ ਜਿੱਤ ਲੈਣ ਬਾਅਦ ਸਕੂਨ ਅਤੇ ਬੇਫਿਕਰੀ ਮਹਿਸੂਸ ਹੋ ਰਹੀ ਸੀ। ਖੁਸ਼ੀ ਅਤੇ ਚਾਅ ਤਾਂ ਹੋਣਾ ਸੁਭਾਵਿਕ ਹੀ ਸੀ। ਹੁਣ ਜਸ਼ਨ ਮਨਾਉਣ ਦਾ ਵਕਤ ਸੀ। ਖੌਰੇ, ਕਿਧਰੋਂ ਅਚਾਨਕ ਵਿਸਕੀ ਅਤੇ ਬੀਅਰ ਦੀਆਂ ਬੋਤਲਾਂ ਪ੍ਰਗਟ ਹੋ ਗਈਆਂ ਸਨ। ਅਮਰੀਕੀ ਫੌਜੀਆਂ ਨਾਲ ਮਿਲ ਕੇ ਅਸੀਂ ਗੀਤ ਗਾਉਂਦੇ ਅਤੇ ਨੱਚਦੇ ਹੋਏ ਸ਼ਰਾਬ ਪੀਣ ਲੱਗ ਪਏ ਸੀ। 



ਮੈਨੂੰ ਅਜੇ ਦਾਰੂ ਥੋੜ੍ਹੀ-ਥੋੜ੍ਹੀ ਚੜ੍ਹਨ ਹੀ ਲੱਗੀ ਸੀ ਕਿ ਸ਼ਾਰਲਟ ਲੋਪੇਜ਼ ਨੱਚਦੀ ਹੋਈ ਦਿੱਸ ਗਈ। ਲੰਡਨ ਦੇ ਨਾਇਟ ਕਲੱਬਾਂ ਵਿਚ ਨੱਚਦੀਆਂ ਅੱਥਰੀਆਂ ਮੁਟਿਆਰਾਂ ਮੈਂ ਬਹੁਤ ਦੇਖੀਆਂ ਸਨ। ਡਾਇਨਾ ਵਰਗੀ ਸਿਖਲਾਈਯਾਫਤਾ ਅਤੇ ਸੁਲਝੀ ਹੋਈ ਨ੍ਰਿਤਕੀ ਨਾਲ ਵੀ ਕਨਸਿੰਘਟਨ ਮਹੱਲ ਵਿਚ ਮੈਂ ਨੱਚ ਚੁੱਕਿਆ ਸੀ। ਟੀਨਏਅਜ਼ ਯਾਨੀ ਕਿਸ਼ੋਰ ਅਵਸਥਾ ਵਿਚ ਮੈਂ ਆਪਣੀਆਂ ਪੂਰਬਲੀਆਂ ਮਾਸ਼ੂਕਾਂ ਨਾਲ ਸੈਲਸਾ, ਟੈਂਗੋ ਅਤੇ ਬਥੇਰੇ ਡਿਸਕੋ ਡਾਂਸ ਕੀਤੇ ਸਨ। ਪਰ ਸ਼ਾਰਲਟ ਦਾ ਨਾਚ ਵੱਖਰਾ ਅਤੇ ਨਿਆਰਾ ਸੀ। ਰਕਾਨ ਦਾ ਨੱਚਦੀ ਹੋਈ ਦਾ ਇਕੱਲਾ-ਇਕੱਲਾ ਅੰਗ ਥਿਰਕਦਾ ਸੀ। ਲੋਹੜੇ ਦੀ ਲਚਕ ਸੀ ਉਸਦੇ ਸਰੀਰ ਵਿਚ। ਗਜ਼ਬ ਦਾ ਨਾਚ ਨੱਚਦੀ ਹੋਈ ਦੇ ਉਸ ਦੇ ਬਦਨ ਵਿਚ ਬਿਜਲੀ ਦਾ ਸੰਚਾਰ ਹੋ ਰਿਹਾ ਪ੍ਰਤੀਤ ਹੁੰਦਾ ਸੀ। ਮੈਂ ਪੀਣਕ ਲਾ ਕੇ ਉਸ ਵੱਲ ਤੱਕਦਾ ਹੋਇਆ ਅੱਖਾਂ ਝਮਕਣੀਆਂ ਵੀ ਭੁੱਲ ਗਿਆ ਸੀ।


ਕਾਂਡ 13



ਬਰਫੀਲਾ ਮਨੁੱਖ


ਵੈਸੇ ਤਾਂ ਹਰ ਇੰਨਸਾਨ ਇਕ ਵਾਰ ਜੰਮਦਾ ਹੈ ਤੇ ਇਕ ਵਾਰ ਹੀ ਮਰਦਾ ਹੈ। ਪਰ ਇਹ ਪੂਰਨ ਅਸਲੀਅਤ ਨਹੀਂ ਹੈ। ਜ਼ਿੰਦਗੀ ਵਿਚ ਇੰਨਸਾਨ ਅਨੇਕਾਂ ਵਾਰ ਜੰਮਦਾ ਹੈ ਤੇ ਅਨੇਕਾਂ ਵਾਰ ਮਰਦਾ ਹੈ। ਕਈ ਵਾਰ ਤਾਂ ਪਲ ਪਲ ਮਰਦਾ ਹੈ। ਚਾਹੇ ਇਹ ਸ਼ਰੀਰਕ ਰੂਪ ਵਿਚ ਨਾ ਹੋ ਕੇ ਮਾਨਸਿਕ ਜਾਂ ਆਤਮਿਕ ਤੌਰ 'ਤੇ ਹੀ ਸਹੀ। ਇਉਂ ਮੈਂ ਬ੍ਰਤਾਨਵੀ ਫੌਜ ਦਾ ਸਾਬਕਾ ਮੇਜਰ ਬਣਨ ਬਾਅਦ ਮਾਨਸਿਕ ਰੂਪ ਵਿਚ ਮਰ ਕੇ, ਦੁਬਾਰਾ ਜ਼ਿੰਦਾ ਹੋਇਆ ਸੀ ਤੇ  ਮੈਂ ਆਪਣੀ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰ ਰਿਹਾ ਸੀ। ਬ੍ਰਤਾਨਵੀ ਫੌਜ ਵਿਚ 16 ਸਾਲ ਸੇਵਾ ਨਿਭਾਉਣ ਬਾਅਦ ਮੈਂ ਉਤਰੀ ਡੈਵਨ ਦੇ ਕਸਬੇ ਐਵਰਸਫੀਲਡ ਵਿਖੇ ਆਪਣਾ ਘੋੜਸਵਾਰੀ ਸਿੱਖਿਆ ਕੇਂਦਰ  (Manor Equitation Centre) ਚਲਾ ਰਿਹਾ ਸੀ। 


ਕਾਂਡ 14

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ਼ ਪਏ


ਸਾਲ 1997 ਦੀਆਂ ਗਰਮੀਆਂ ਦੇ ਸ਼ੁਰੂਆਤੀ ਦਿਨ ਸਨ। ਮੈਨੂੰ ਮਸਰੂਫ ਰੱਖਣ ਲਈ ਗੁਜ਼ਾਰੇ ਯੋਗੇ ਗਾਹਕ ਸਾਡੇ ਕੋਲ ਐਵਰਸਫੀਲਡ ਆਈ ਜਾਂਦੇ ਸਨ। ਸਾਡਾ ਵਧੀਆ ਤੋਰਾ ਤੁਰਿਆ ਜਾ ਰਿਹਾ ਸੀ ਤੇ ਸਭ ਤੋਂ ਵੱਡੀ ਗੱਲ ਮੈਂ ਵਿਹਲਾ ਨਹੀਂ ਸੀ। ਘੋੜੇ ਖਰੀਦ ਕੇ ਵੇਚਣ ਦਾ ਵੀ ਮੈਂ ਧੰਦਾ ਸ਼ੁਰੂ ਕਰ ਲਿਆ ਸੀ , ਜਿਸ ਤੋਂ ਮੈਨੂੰ ਅੱਛਾ ਖਾਸਾ ਮੁਨਾਫਾ ਹੋਈ ਜਾ ਰਿਹਾ ਸੀ। ਹੌਲੀ ਹੌਲੀ ਫੇਰ ਮੈਂ ਆਪਣੇ ਵਪਾਰ ਨੂੰ ਵਧਾ ਲਿਆ ਤੇ ਡੈਨਮਾਰਕ ਦੇ ਇਕ ਵਪਾਰੀ ਨੀਲ ਗਰੀਸਟਨ ਨਾਲ ਆੜੀ ਪਾ ਲਈ। ਨੀਲ ਤੋਂ ਘੋੜੇ ਖਰੀਦ ਕੇ ਮੈਂ ਬ੍ਰਤਾਨਵੀਂ ਗਾਹਕਾਂ ਨੂੰ ਵੇਚ ਦਿੰਦਾ ਤੇ ਦੋਨੋਂ ਪਾਸਿਆਂ ਤੋਂ ਕਮਿਸ਼ਨ ਲੈ ਲੈਂਦਾ ਸੀ।

ਕਾਂਡ 15



ਡਾਇਨਾ, ਡੋਡੀ ਅਤੇ ਡੈੱਥ



1.2 ਅਰਬ ਅਮਰੀਕੀ ਡਾਲਰ ਦੀ ਧਨ-ਸੰਪਤੀ ਵਾਲਾ ਮੁਹੰਮਦ ਅਲ ਫਾਇਦ ਦੁਨੀਆ ਦਾ 993ਵਾਂ ਅਮੀਰ ਵਿਅਕਤੀ ਹੈ। ਮੁਹੰਮਦ ਅਲ ਫਾਇਦ ਯੂ. ਕੇ. ਦੀ ਸਭ ਤੋਂ ਇਕ ਵਿਵਾਦਗ੍ਰਸਤ ਹਸਤੀ ਰਿਹਾ ਹੈ। ਬਾਕੋਸ, ਅਲੈਗਜ਼ੈਡਰੀਆ, ਇਜ਼ੀਪਥ (ਮਿਸਰ) ਵਿਚ 27 ਜਨਵਰੀ 1929 ਨੂੰ ਜਨਮੇ ਮੁਹੰਮਦ ਅਲ ਫਾਇਦ ਦਾ ਪੂਰਾ ਨਾਮ ਅਬਦ ਅਲ ਮੁਇੰਨ ਅਲ ਫਾਇਦ ਹੈ। ਉਹ ਇਕ ਮਾਮੂਲੀ ਪ੍ਰਾਇਮਰੀ ਸਕੂਲ ਅਧਿਆਪਕ ਦਾ ਪੁੱਤਰ ਸੀ। ਮੁਹੰਮਦ ਅਲ ਫਾਇਦ ਨੇ ਆਪਣਾ ਪਹਿਲਾ ਵਪਾਰਕ ਸਫ਼ਰ ਸਕੂਲ ਪੜ੍ਹਦਿਆਂ ਘਰ ਦੇ ਬਣਾਏ ਨਿੰਬੂ ਸ਼ਰਬਤ ਵੇਚਣ ਤੋਂ ਸ਼ੁਰੂ ਕਰਕੇ, 1952 ਤੱਕ ਸਿੰਗਰ ਸਿਲਾਈ ਮਸ਼ੀਨਾਂ ਦੇ ਵਪਾਰ ਵਿਚ ਉਸਨੇ ਆਪਣੇ ਪੰਜੇ ਅੜਾ ਲਏ ਸਨ। ਇਸ ਵਪਾਰ ਦੇ ਜ਼ਰੀਏ ਉਸਦੀ ਮੁਲਾਕਾਤ ਅਦਨਾਨ ਖਾਸੋਗੀ ਨਾਲ ਹੋਈ, ਜੋ ਕਿ ਹਥਿਆਰਾਂ ਦਾ ਬਹੁਤ ਵੱਡਾ ਵਿਕਰੇਤਾ ਸੀ। ਮੁਹੰਮਦ ਅਲ ਫਾਇਦ ਤੇ ਅਦਾਨਾ ਮਿਲ ਕੇ ਮਿਸਰੀ ਫਰਨਿਚਰ ਸਾਉਦੀ ਅਰਬ ਨੂੰ ਨਿਰਯਾਤ ਕਰਕੇ ਵੇਚਣ ਲੱਗ ਪਏ ਸਨ। 1954 ਵਿਚ ਅਦਨਾਨ ਖਾਸੋਗੀ ਨੇ ਆਪਣੀ ਭੈਣ ਸਮੀਰਾ ਦਾ ਰਿਸ਼ਤਾ ਮੁਹੰਮਦ ਅਲ ਫਾਇਦ ਨੂੰ ਕਰ ਦਿੱਤਾ ਸੀ, ਜਿਨ੍ਹਾਂ ਤੋਂ ਉਹਨਾਂ ਦੇ 15 ਅਪ੍ਰੈਲ 1955 ਨੂੰ ਇਕ ਪੁੱਤਰ ਇਮਦ ਅਲ-ਦੀਨ ਅਬਦਲ ਮੁਇੰਨ ਅਲ ਫਾਇਦ ਦਾ ਜਨਮ ਹੋਇਆ, ਜੋ ਵੱਡਾ ਹੋ ਕੇ ਡੋਡੀ ਵਜੋਂ ਜਾਣਿਆ ਗਿਆ ਸੀ।

ਕਾਂਡ 17



ਮਨਹੂਸ ਖ਼ਬਰ


ਜਦ ਡਾਇਨਾ ਨੂੰ ਮੁਰਦਾ ਕਰਾਰ ਦਿੱਤਾ ਗਿਆ ਤਾਂ ਬ੍ਰਤਾਨਵੀ ਰਾਜਦੂਤ ਸਰ ਮਾਇਕਲ ਜੇਅ ਆਪਣੀ ਪਤਨੀ ਸੀਲਵੀਆ ਜੇਅ ਨਾਲ ਹਸਪਤਾਲ ਪਹੁੰਚ ਚੁੱਕਾ ਸੀ। ਉਸਨੇ ਸੋਚਿਆ ਮਹਾਰਾਣੀ ਇਲੀਜ਼ਬੈਥ-2 ਨੂੰ ਤਰੰਤ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਸੀਲਵੀਆ ਨੇ ਡਾਇਰੀ ਵਿਚੋਂ ਬੈਲਮੌਰਲ ਦਾ ਨੰਬਰ ਲੱਭਿਆ ਤੇ ਆਪਣੇ ਪਤੀ ਜੇਅ ਨੂੰ ਫੋਨ ਕਰਨ ਲਈ ਦਿੱਤਾ ਸੀ। ਉਹ ਜਾਣਦੇ ਸਨ ਕਿ ਸਾਰਾ ਸ਼ਾਹੀ ਪਰਿਵਾਰ ਬੈਲਮੌਰਲ, ਸਕਾਟਲੈਂਡ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਫਰਾਂਸ ਨਾਲੋਂ ਇੰਗਲੈਂਡ ਦਾ ਸਮਾਂ ਇਕ ਘੰਟਾ ਪਿੱਛੇ ਹੋਣ ਕਰਕੇ ਬੈਲਮੌਰਲ ਵਿਚ ਉਸ ਸਮੇਂ ਰਾਤ ਦਾ ਇਕ ਹੀ ਵੱਜਾ ਸੀ। 

ਕਾਂਡ 18



ਡੁੱਬਿਆ ਸੂਰਜ


31 ਅਗਸਤ 1997 ਸਵੇਰ ਦੇ 9.25 ਵਜੇ ਮੁੱਖੀ ਨਰਸ ਬੀਅਟਰਾਇਸ ਹਮਬਰਟ ਨੇ ਜਿਉਂ ਹੀ ਚਾਦਰ ਹਟਾ ਕੇ ਵਿਸ਼ਵ ਦਾ ਸਭ ਤੋ ਵੱਧ ਮਸ਼ਹੂਰ ਚਿਹਰਾ ਦੇਖਿਆ ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਸੀ ਆਇਆ, "ਨਹੀਂ! ਇਹ ਪ੍ਰਿੰਸੈਸ ਡਾਇਨਾ ਨਹੀਂ ਹੋ ਸਕਦੀ।... ਇਹ ਨਾਮੁਮਕਿਨ ਹੈ। ਜ਼ਰੂਰ ਮੈਂ ਸੁਪਨਾ ਦੇਖ ਰਹੀ ਹਾਂ।"

ਨਰਸ ਬੀਅਟਰਾਇਸ ਨੇ ਆਪਣੀਆਂ ਅੱਖਾਂ ਮਲੀਆਂ ਤੇ ਆਪਣੇ ਵਜੂਦ ਨੂੰ ਝੰਜੋੜ ਕੇ ਖੁਦ ਨੂੰ ਚੇਤਨ ਅਤੇ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਸੋਚਿਆ ਸੀ ਸ਼ਾਇਦ ਵੇਲੇ-ਕੁਵੇਲੇ ਦੇਰ ਤੱਕ ਕੰਮ ਕਰਨ ਨਾਲ ਉਸਦੀਆਂ ਅੱਖਾਂ ਥੱਕ ਗਈਆਂ ਸਨ ਤੇ ਉਸਨੂੰ ਝਾਉਲਾ ਝਾਉਲਾ ਦਿਸਣ ਲੱਗ ਪਿਆ ਸੀ।

ਕਾਂਡ 20


ਬਾਡੀਗਾਰਡ

ਡਾਇਨਾ ਆਪਣੇ ਬਾਡੀਗਾਰਡ ਕੈਨ ਵਾਰਫ ਨਾਲ ਅਲਟ ਟਾਵਰ ਵਿਖੇ ਬੱਚਿਆਂ ਨਾਲ ਛੁੱਟੀਆਂ ਮਨਾਉਂਦੀ ਹੋਈ।

ਪ੍ਰਿੰਸੈਸ ਡਾਇਨਾ ਨੂੰ ਇਸ ਫਾਨੀ ਜਹਾਨ ਤੋਂ ਕੂਚ ਕਰਿਆਂ ਪੂਰੇ ਵੀਹ ਦਿਨ ਹੋ ਗਏ ਸਨ। ਉਦਣ ਦਾ ਹੀ ਮੈਂ ਮੰਜਾ ਫੜ੍ਹਿਆ ਹੋਇਆ ਸੀ। ਮਹਿਬੂਬਾ ਦੇ ਮਰਨ ਦਾ ਗ਼ਮ ਤਾਂ ਉਹੀ ਸਮਝ ਸਕਦਾ ਹੈ, ਜਿਸਦੀ ਮਰੀ ਹੋਵੇ। ਬੰਦਾ ਮਾਂ ਦੇ ਅਕਾਲ ਚਲਾਣੇ ਦਾ ਉਨਾ ਦੁੱਖ ਨਹੀਂ ਮਨਾਉਂਦਾ, ਜਿੰਨਾ ਮਾਸ਼ੂਕ ਦੇ ਚੜ੍ਹਈ ਕਰ ਜਾਣ ਦਾ ਹਾਉਕਾ ਕਰ ਜਾਂਦਾ ਹੈ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਨਾਲ ਪ੍ਰੇਮ ਦੇ ਦੌਰ ਵਿਚ ਮੈਂ ਉਸਨੂੰ ਜ਼ਿਆਦਾ ਯਾਦ ਕਰਦਾ ਸੀ ਜਾਂ ਉਸਦੀ ਮੌਤ ਤੋਂ ਬਾਅਦ ਵੱਧ ਚੇਤੇ ਕਰਦਾ ਸੀ। 31 ਅਗਸਤ 1997 ਡਾਇਨਾ ਦੀ ਮੌਤ ਵਾਲੇ ਦਿਨ ਤੋਂ ਲੈ ਕੇ ਉਦਣ ਤੱਕ ਗੁਜ਼ਰੇ ਦੋ ਤਿੰਨ ਹਫਤਿਆਂ ਵਿਚ ਮੈਂ ਕੀ ਖਾਧਾ ਸੀ, ਉਹ ਤਾਂ ਚੱਜ ਨਾਲ ਯਾਦ ਨਹੀਂ। ਸ਼ਾਇਦ ਕੁਝ ਵੀ ਨਹੀਂ ਸੀ ਖਾਧਾ। ਬਹਿਰਹਾਲ, ਸ਼ਰਾਬ ਮੈਂ ਦਿਨ ਰਾਤ ਰੱਜ ਕੇ ਪੀਤੀ ਸੀ। ਮੈਂ ਪੀਂਦਾ ਪੀਂਦਾ ਮਦਹੋਸ਼ ਹੋ ਕੇ ਸੌਂ ਜਾਂਦਾ। ਜਦ ਹੋਸ਼ ਆਉਂਦੀ ਟੀਵੀ ਜਾਂ ਅਖ਼ਬਾਰ ਪੜ੍ਹਦਾ ਸ਼ਰਾਬਨੋਸ਼ੀ ਕਰੀ ਜਾਂਦਾ। ਨਸ਼ੇ ਨਾਲ ਟੱਲੀ ਤੇ ਬੇਸੁਰਤ ਹੋ ਕੇ ਫਿਰ ਸੌਂ ਜਾਂਦਾ। ਦਿਨ ਰਾਤ ਇਹੀ ਚੱਕਰ ਚੱਲੀ ਜਾਂਦਾ ਸੀ। 

Saturday, 2 March 2013

ਕਾਂਡ 22

ਵੈਲਨਟਾਇਨ ਦਿਵਸ





1998 ਦੇ ਜਨਵਰੀ ਮਹੀਨੇ ਦੇ ਆਖੀਰ ਵਿਚ ਐਨਾ ਫਰਾਤੀ ਇਟਲੀ ਵਾਪਿਸ ਚਲੀ ਗਈ ਸੀ। ਉਸਨੇ ਆਪਣੇ ਸਵਰਗਵਾਸੀ ਪਤੀ ਦੀ ਜਾਇਦਾਦ ਸੰਬਧੀ ਲਟਕਦੇ ਕੁਝ ਮਸਲਿਆਂ ਦਾ ਨਿਪਟਾਰਾ ਕਰਨਾ ਸੀ ਤੇ ਉਸਦੀਆਂ ਆਪਣੇ ਵਪਾਰ ਦੇ ਸਿਲਸਿਲੇ ਵਿਚ ਕੁਝ ਮੁਲਾਕਾਤਾਂ ਉਲੀਕੀਆਂ ਹੋਈਆਂ ਸਨ। ਮੈਂ ਤੁਰਨ ਲੱਗੀ ਐਨਾ ਤੋਂ ਉਸਦਾ ਸਥਾਈ ਭਾਵ ਲੈਂਡਲਾਇਨ ਨੰਬਰ ਮੰਗਿਆ ਸੀ ਤਾਂ ਉਸ ਨੇ  ਮੋਬਾਇਲ ਰਾਹੀਂ ਸੰਪਰਕ ਵਿਚ ਰਹਿਣ ਦਾ ਸੁਝਾਅ ਦਿੱਤਾ ਸੀ। ਉਸਦਾ ਕੰਮ ਇਕ ਜਗ੍ਹਾ ਟਿਕ ਕੇ ਬੈਠਿਆਂ ਕਰਨ ਵਾਲਾ ਨਹੀਂ ਸੀ। ਮੈਨੂੰ ਵੀ ਇਹੀ ਬਿਹਤਰ ਲੱਗਿਆ ਸੀ। ਮੈਂ ਵੀ ਘੋੜ-ਸਵਾਰੀ, ਅਸਤਬਲ ਦੀ ਦੇਖਭਾਲ ਅਤੇ ਖਰੀਦੋ-ਫਰੋਖਤ ਲਈ ਅਕਸਰ ਘਰੋਂ ਬਾਹਰ ਹੀ ਰਹਿੰਦਾ ਸੀ। ਇਟਲੀ ਕੰਮ ਕਾਰ ਦੇਖ ਕੇ ਉਸਨੇ ਅਮਰੀਕਾ ਕੁਝ ਜ਼ਰੂਰੀ ਮੀਟਿੰਗਾਂ ਲਈ ਚਲੀ ਜਾਣਾ ਸੀ।