ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ਼ ਪਏ
ਸਾਲ 1997 ਦੀਆਂ ਗਰਮੀਆਂ ਦੇ ਸ਼ੁਰੂਆਤੀ ਦਿਨ ਸਨ। ਮੈਨੂੰ ਮਸਰੂਫ ਰੱਖਣ ਲਈ ਗੁਜ਼ਾਰੇ ਯੋਗੇ ਗਾਹਕ ਸਾਡੇ ਕੋਲ ਐਵਰਸਫੀਲਡ ਆਈ ਜਾਂਦੇ ਸਨ। ਸਾਡਾ ਵਧੀਆ ਤੋਰਾ ਤੁਰਿਆ ਜਾ ਰਿਹਾ ਸੀ ਤੇ ਸਭ ਤੋਂ ਵੱਡੀ ਗੱਲ ਮੈਂ ਵਿਹਲਾ ਨਹੀਂ ਸੀ। ਘੋੜੇ ਖਰੀਦ ਕੇ ਵੇਚਣ ਦਾ ਵੀ ਮੈਂ ਧੰਦਾ ਸ਼ੁਰੂ ਕਰ ਲਿਆ ਸੀ , ਜਿਸ ਤੋਂ ਮੈਨੂੰ ਅੱਛਾ ਖਾਸਾ ਮੁਨਾਫਾ ਹੋਈ ਜਾ ਰਿਹਾ ਸੀ। ਹੌਲੀ ਹੌਲੀ ਫੇਰ ਮੈਂ ਆਪਣੇ ਵਪਾਰ ਨੂੰ ਵਧਾ ਲਿਆ ਤੇ ਡੈਨਮਾਰਕ ਦੇ ਇਕ ਵਪਾਰੀ ਨੀਲ ਗਰੀਸਟਨ ਨਾਲ ਆੜੀ ਪਾ ਲਈ। ਨੀਲ ਤੋਂ ਘੋੜੇ ਖਰੀਦ ਕੇ ਮੈਂ ਬ੍ਰਤਾਨਵੀਂ ਗਾਹਕਾਂ ਨੂੰ ਵੇਚ ਦਿੰਦਾ ਤੇ ਦੋਨੋਂ ਪਾਸਿਆਂ ਤੋਂ ਕਮਿਸ਼ਨ ਲੈ ਲੈਂਦਾ ਸੀ।
ਇਹ ਗਰਮੀਆਂ ਡਾਇਨਾ ਲਈ ਵੀ ਖੁਸ਼ੀ ਦਾ ਸੁਨੇਹਾ ਲੈ ਕੇ ਆਈਆਂ ਸਨ। ਮੈਂ ਅਖਬਾਰਾਂ ਵਿਚ ਉਸਦੀਆਂ ਹੱਸਦੀ ਖੇਡਦੀ ਦੀਆਂ ਤਸਵੀਰਾਂ ਅਕਸਰ ਦੇਖਦਾ ਰਹਿੰਦਾ ਸੀ। ਉਸ ਤੋਂ ਪਿਛਲੀ ਫਰਵਰੀ ਵਿਚ ਤਲਾਕ ਲੈ ਕੇ ਡਾਇਨਾ ਅਜ਼ਾਦ ਅਤੇ ਬੰਧਨਾਂ ਤੋਂ ਮੁਕਤ ਹੋ ਕੇ ਖੁੱਲ੍ਹੀ ਫਿਜ਼ਾ ਵਿਚ ਸਾਹ ਲੈ ਰਹੀ ਸੀ। ਲੇਕਿਨ ਉਹ ਜਿਥੇ ਵੀ ਜਾਂਦੀ ਫੋਟੋਗ੍ਰਾਫਰ ਤੇ ਪੱਤਰਕਾਰ ਉਸਦੇ ਮਗਰ ਮਗਰ ਪ੍ਰਛਾਵੇਂ ਵਾਂਗ ਲੱਗੇ ਰਹਿੰਦੇ ਸਨ।
ਇਕ ਦਿਨ ਅਖ਼ਬਾਰ ਵਿਚ ਕੰਨਾਂ ਦੇ ਕਾਂਟੇ ਛੇੜ ਰਹੀ ਦੀ ਉਸਦੀ ਫੋਟੋ ਦੇਖ ਕੇ ਮੇਰਾ ਉਸਨੂੰ ਫੋਨ ਕਰਨ ਨੂੰ ਚਿੱਤ ਕਰ ਆਇਆ ਸੀ ਤੇ ਮੈਂ ਕੈਨਸਿੰਘਟਨ ਮਹੱਲ ਫੋਨ ਕਰ ਦਿੱਤਾ ਸੀ। ਡਾਇਨਾ ਨੇ ਚੁੱਕਿਆ ਤੇ ਮੇਰੀ ਅਵਾਜ਼ ਸੁਣ ਕੇ ਉਹ ਬੜ੍ਹਾ ਖੁਸ਼ ਹੋਈ, "ਤੈਨੂੰ ਮੇਰੀ ਭੁੱਲ ਕੇ ਕਿਵੇਂ ਯਾਦ ਆ ਗਈ?"
"ਤੈਨੂੰ ਭੁੱਲਿਆ ਹੀ ਮੈਂ ਕਦੋਂ ਸੀ?" ਮੇਰੇ ਬੋਲਾਂ ਵਿਚ ਗੜਕਾ ਸੀ।
"ਆਸ਼ਕੀ ਊਂਸ਼ਕੀ ਕਿਵੇਂ ਚੱਲ ਰਹੀਆਂ ਐ ਤੇਰੀ?"
"ਅਸੀਂ ਗਰੀਬਾਂ ਨੇ ਕਿਹੜੀ ਆਸ਼ਕੀ ਕਰਨੀ ਹੈ। ਤੂੰ ਸੁਣਾ ਕਿਹਦੇ ਨਾਲ ਪੇਚਾ ਪਾ ਲਿਆ ਕੱਲ੍ਹ ਲੰਡਨ ਕਾਂਟੇ ਛੇੜੀ ਜਾਂਦੀ ਸੀ?"
"ਤੈਨੂੰ ਕੀਹਨੇ ਕਿਹੈ?"
"ਮੈਨੂੰ ਕੀਹਨੇ ਕਹਿਣਾ? ਇਹ ਤਾਂ ਅਖਬਾਰਾਂ 'ਚ ਫੋਟੋ ਛਪੀ ਹੋਈ ਆ ਤੇਰੀ ਨਗਾਂ ਵਾਲੇ ਝੂੰਮਕੇ ਸੂਤ ਕਰਦੀ ਦੀ।"
"ਅੱ...ਛਾ....! ਉਹ ਤਾਂ ਵਾਲ ਠੀਕ ਕਰਨ ਲੱਗੀ ਸੀ, ਕਿਸੇ ਢਹਿ-ਜਾਣੇ ਨੇ ਨੱਪ ਦਿੱਤਾ ਕੈਮਰੇ ਦਾ ਬਟਨ। ਮੇਰਾ ਤਾਂ ਇੰਗਲੈਂਡ ਤੋਂ ਮਨ ਜਿਹਾ ਅੱਕ ਪਿਐ। ਨਿਆਣਿਆਂ ਕਰਕੇ ਇਥੇ ਰਹਿ ਰਹੀ ਆਂ। ਨਹੀਂ ਵਿਦੇਸ਼ ਵਿਚ ਰਹਿ ਕੇ ਖੁਸ਼ ਹਾਂ। ਨਾਲੇ ਬਹਾਨੇ ਨਾਲ ਲੈਂਡਮਾਈਨ ਚੈਰਟੀ ਲਈ ਪੁੰਨ ਦਾ ਕੰਮ ਹੋ ਜਾਂਦਾ ਹੈ।"
"ਸਾਰੀ ਉਮਰ ਚੈਰਟੀ ਲਈ ਹੀ ਕੰਮ ਕਰੀ ਜਾਣੈ? ਕੁੱਝ ਆਪਣੇ ਬਾਰੇ ਵੀ ਸੋਚ।"
"ਮੈਂ ਤਾਂ ਸੋਚਿਆ ਹੋਇਐ।"
"ਕੀ?"
"ਕਿਸੇ ਨੱਬਲ ਜਿਹੇ ਮੋਟੋ ਸਾਰੇ ਕਾਲੇ ਨਾਲ ਵਿਆਹ ਕਰਵਾ ਕੇ ਸਾਰੀ ਦੁਨੀਆਂ ਵਿਚ ਤਰਥੱਲੀ ਮਚਾ ਦੇਣੀ ਹੈ।" ਐਨਾ ਆਖ ਕੇ ਡਾਇਨਾ ਖਿੜਖਿੜਾ ਕੇ ਉੱਚੀ ਉੱਚੀ ਹੱਸਣ ਲੱਗ ਪਈ ਸੀ।
"ਦੇਖੀਂ ਛਮਕ ਜਿਹੀ ਹੈਗੀ ਐਂ ਤੂੰ ਮੋਟਾ ਕਾਲਾ ਮਾਰ ਹੀ ਨਾ ਦਵੇ ਤੈਨੂੰ?...ਓਏ ਡੱਚ! ਮੈਂਸਲ ਮੰਡੇਲੇ ਨਾਲ ਕਰਵਾ ਲੈ। ਦੋਨੋਂ ਤੁਸੀਂ ਰਲ੍ਹ ਕੇ ਭਾਸ਼ਨ ਦਿਆ ਕਰਿਉ ਨਾਲੇ ਲੋਕ ਸੇਵਾ ਕਰੀ ਜਾਇਉ।"
"ਮੰਡੇਲਾ ਤਾਂ ਮੇਰੇ ਬਾਪੂਆਂ ਵਰਗੈ।... ਮਖੌਲ ਛੱਡ। ਸੱਚੀਂ ਤੇਰੀ ਜ਼ਿੰਦਗੀ ਵਿਚ ਕੋਈ ਨਹੀਂ ਆਈ? "
"ਸਹੁੰ ਲੱਗੇ ਧਰਮ ਨਾਲ ਤੂੰ ਹੀ ਖਿਆਲਾਂ 'ਚੋਂ ਨਹੀਂ ਨਿਕਲਦੀ।"
"ਕੱਢ ਲੈ ਮੈਨੂੰ ਖਿਆਲਾਂ 'ਚੋਂ ਚੰਗਾ ਰਹੇਂਗਾ। ਓ. ਕੇ., ਮੈਂ ਹੁਣ ਤਾਂ ਕਿਤੇ ਜਾਣਾ ਹੈ। ਪਤਝੜ ਵਿਚ ਬੱਚਿਆਂ ਨੇ ਸਕੂਲ ਵਾਪਸ ਚਲੇ ਜਾਣੈ। ਫੇਰ ਆਪਾਂ ਮਿਲਾਂਗੇ। ਗੱਲਬਾਤ ਕਰਦਾ ਰਿਹਾ ਕਰ। ਆਪਣੀਆਂ ਭੈਣਾਂ ਅਤੇ ਮਾਂ ਨੂੰ ਮੇਰੀ ਸਾਸਰੀਕਾਲ ਕਹੀ। ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ।"
"ਤੂੰ ਵੀ ਆਪਣੇ ਬੱਚਿਆਂ ਨੂੰ ਉਹਨਾਂ ਦੀ ਮਾਂ ਦੇ ਯਾਰ ਵੱਲੋਂ ਪਿਆਰ ਦੇਵੀਂ।"
"ਦੱਤ! ਕੰਜਰ ਕਿਸੇ ਥਾਂ ਦਾ।" ਆਖ ਕੇ ਡਾਇਨਾ ਨੇ ਫੋਨ ਰੱਖ ਦਿੱਤਾ ਸੀ।
ਮੈਨੂੰ ਡਾਇਨਾ ਨਾਲ ਗੱਲ ਕਰਕੇ ਬਹੁਤ ਪ੍ਰਸੰਨਤਾ ਹੋਈ ਸੀ। ਚੰਗਾ ਲੱਗਿਆ ਕਿ ਮੈਂ ਉਸ ਨੂੰ ਫੋਨ ਕੀਤਾ ਸੀ। ਲੇਕਿਨ ਮੇਰੇ ਤੇ ਡਾਇਨਾ ਨੂੰ ਕੋਰਾ ਝੂਠ ਬੋਲਣ ਦਾ ਬੋਝ ਵੀ ਸੀ। ਮੈਂ ਉਸਨੂੰ ਚਿੱਟਾ ਝੂਠ ਬੋਲਿਆ ਸੀ ਕਿ ਮੇਰੀ ਕਿਸੇ ਨਾਲ ਅਸ਼ਨਾਈ ਨਹੀਂ ਸੀ। ਦਰਅਸਲ, ਮੇਰੀ ਜ਼ਿੰਦਗੀ ਵਿਚ ਇਕ ਕੈਮਿਲਾ ਨਾਮ ਦੀ ਲੜਕੀ ਆ ਚੁੱਕੀ ਸੀ। ਗਰਮੀਆਂ ਦੌਰਾਨ ਅਸੀਂ ਇਕ ਦੂਜੇ ਦੇ ਕਾਫੀ ਕਰੀਬ ਆ ਗਏ ਸੀ ਤੇ ਸਾਡੇ ਵਧੀਆ ਸੰਬੰਧ ਸਥਾਪਿਤ ਹੋ ਚੁੱਕੇ ਸਨ।
ਕੈਮਿਲਾ ਲੰਡਨ ਦੇ ਇਕ ਅਸਟੇਟ ਏਜੰਟ ਕੋਲ ਨੌਕਰੀ ਕਰਦੀ ਸੀ। ਉਸ ਨੂੰ ਦੋ ਕੁ ਹਫਤੇ ਦੀਆਂ ਅਗਸਤ ਵਿਚ ਛੁੱਟੀਆਂ ਹੋਣੀਆਂ ਸਨ ਤੇ ਅਸੀਂ ਇਹਨਾਂ ਛੁੱਟੀਆਂ ਵਿਚ ਮਾਰਬੇਲਾ (ਸਪੇਨ) ਜਾਣ ਦਾ ਮਨਸੂਬਾ ਬਣਾਇਆ ਹੋਇਆ ਸੀ, ਜਿਥੇ ਮੇਰੇ ਦੋਸਤ ਰੁਪਰਟ ਦੇ ਪਰਿਵਾਰ ਦਾ ਵਿਲਾ ਸੀ। ਰੁਪਰਟ ਨੇ ਤਾਂ ਖੁਦ ਉਥੇ ਹੋਣਾ ਨਹੀਂ ਸੀ, ਪਰ ਉਸਦਾ ਦਾ ਭਰਾ ਚਾਰਲੀ ਉਥੇ ਆਪਣੇ ਕੁਝ ਦੋਸਤਾਂ ਮਿੱਤਰ ਨਾਲ ਰਹਿੰਦਾ ਸੀ ਤੇ ਸਾਡੇ ਲਈ ਉਹਨਾਂ ਕੋਲ ਵਾਧੂ ਕਮਰੇ ਸਨ।
ਮੈਂ ਇਕ ਦੋ ਵਾਰ ਉਹਨਾਂ ਕੋਲ ਜਾ ਕੇ ਰਹਿ ਆਇਆ ਸੀ। ਉਹਨਾਂ ਦੇ ਵਿਲੇ ਦੇ ਕੋਲ ਹੀ ਇਕ ਕੈਫੇ ਸੀ, ਜਿਥੇ ਅੰਗਰੇਜ਼ੀ ਨਾਸ਼ਤਾ ਬਹੁਤ ਸੁਆਦ ਬਣਦਾ ਸੀ। ਅਸੀਂ ਹਮੇਸ਼ਾਂ ਉਥੇ ਤਾਜ਼ੇ ਸੰਗਤਰੇ ਦੇ ਜੂਸ ਜਾਂ ਕੌਫੀ ਨਾਲ ਨਾਸ਼ਤਾ ਉਥੇ ਹੀ ਕਰਿਆ ਕਰਦੇ ਸੀ। ਸਮੁੰਦਰੀ ਤਟ ਉਥੋਂ ਕੋਈ ਬਹੁਤੀ ਦੂਰ ਨਹੀਂ ਸੀ ਤੇ ਮਜ਼ੇ ਦੀ ਗੱਲ ਨਜ਼ਦੀਕ ਹੀ ਇਕ ਛੋਟੀ ਜਿਹੀ ਨਿਊਜ਼ਏਜੰਟ ਦੀ ਦੁਕਾਨ ਸੀ, ਜਿਥੋਂ ਬ੍ਰਤਾਨਵੀ ਅੰਗਰੇਜ਼ੀ ਅਖ਼ਬਾਰ ਅਸਾਨੀ ਨਾਲ ਮਿਲ ਜਾਇਆ ਕਰਦਾ ਸੀ। ਬਹੁਤ ਭੀੜੀ ਜਿਹੀ ਉਸ ਦੁਕਾਨ ਨੂੰ ਇਕ ਸਪੈਨਿਸ਼ ਬਿਰਧ ਇਸਤਰੀ ਚਲਾਉਂਦੀ ਸੀ। ਜਦ ਮੈਂ ਪਹਿਲੇ ਦਿਨ ਉਥੇ ਅਖਬਾਰ ਲੈਣ ਗਿਆ ਸੀ ਤਾਂ ਉਸ ਨੇ ਮੈਨੂੰ ਪਹਿਚਾਣਦਿਆਂ ਕਿਹਾ ਸੀ, "ਤੂੰ ਜੇਮਜ਼ ਹਿਊਵਟ ਹੈਂ ਨਾ?"
ਇਕ ਵਾਰ ਤਾਂ ਮੈਂ ਭੁਚੱਕਾ ਜਿਹਾ ਖੜ੍ਹਾ ਉਸਦੇ ਮੂੰਹ ਵੱਲ ਦੇਖਦਾ ਰਹਿ ਗਿਆ ਸੀ। ਫੇਰ ਮੈਨੂੰ ਇਹ ਬੁਝਾਰਤ ਬੁੱਝਦਿਆਂ ਬਹੁਤੀ ਦੇਰ ਨਹੀਂ ਸੀ ਲੱਗੀ ਕਿ ਇਹ ਅਖ਼ਬਾਰਾਂ ਅਤੇ ਉਹਨਾਂ ਦੇ 'ਹੋਲਾ' ਮੈਗਜ਼ੀਨ ਦੀ ਮਿਹਰਬਾਨੀ ਸੀ, ਜੋ ਡਾਇਨਾ ਨਾਲ ਸੰਬੰਧਾਂ ਕਾਰਨ ਮੇਰੀਆਂ ਤਸਵੀਰਾਂ ਤੇ ਖ਼ਬਰਾਂ ਮਸਾਲਾ ਲਾ ਕੇ ਛਾਪਦੇ ਰਹਿੰਦੇ ਸਨ।
ਉਹ ਦੁਕਾਨਦਾਰ ਬਹੁਤ ਹੀ ਮਿਲਣਸਾਰ ਦੇ ਚੰਗੇ ਸੁਭਾਅ ਦੀ ਇਸਤਰੀ ਸੀ ਤੇ ਜਿੰਨੀ ਕੁ ਮੈਂ ਸਪੈਨਿਸ਼ ਬੋਲਦਾ ਸੀ, ਉਸ ਨਾਲੋਂ ਕਿਤੇ ਵੱਧ ਉਹ ਅੰਗਰੇਜ਼ੀ ਵਧੀਆ ਬੋਲਦੀ ਸੀ। ਮੈਂ ਉਸ ਤੋਂ 'ਡੇਲੀ ਟੈਲੀਗ੍ਰਾਫ' ਲੈਣ ਗਿਆ ਤਾਂ ਉਸਨੇ ਮੈਨੂੰ ਗੱਲਾਂ ਵਿਚ ਉਲਝਾਉਂਦਿਆਂ ਕਿਹਾ ਸੀ, "ਡਾਇਨਾ ਬੜ੍ਹੀ ਚਾਲੂ ਹੈ।"
ਮੈਨੂੰ ਸੁਣ ਕੇ ਬੜ੍ਹਾ ਅਸਚਰਜ਼ ਜਿਹਾ ਹੋਇਆ ਸੀ ਤੇ ਮੈਂ ਉਸਨੂੰ ਕਿਹਾ ਸੀ, "ਨਹੀਂ ਤੈਨੂੰ ਕੀਹਨੇ ਕਿਹੈ? ਉਹ ਤਾਂ ਬਹੁਤ ਸਾਊ ਸ਼ਰੀਫ ਤੇ ਸ਼ਰਮਾਕਲ ਜਿਹੀ ਕੁੜੀ ਹੈ। ਮਸਾਂ ਮੁੱਲ ਦਾ ਬੋਲਦੀ ਹੈ ਤੇ ਕੋਈ ਸੌ ਵਾਰ ਬੁਲਾਵੇ ਤਾਂ ਇਕ ਵਾਰ ਗੱਲ ਕਰਦੀ ਹੈ।"
"ਅੱਛਾ... ਆ? ਦੇਖ ਲੈ ਭਾਈ ਤੈਨੂੰ ਗਲਤਫਹਿਮੀ ਹੈ ਉਹਦੇ ਬਾਰੇ। ਡਾਇਨਾ ਤਾਂ ਬਹੁਤ ਹੰਢੀ ਹੋਈ ਚੀਜ਼ ਆ। ਉਹ ਤਾਂ ਇਕ ਅਜੇ ਛੱਡਦੀ ਨਹੀਂ ਦੂਜਾ ਫੜ੍ਹ ਲੈਂਦੀ ਹੈ।"
ਐਨਾ ਕਹਿੰਦਿਆਂ ਉਸਨੇ ਮੇਰੇ ਮੂਹਰੇ ਇਕ ਮੈਗਜ਼ੀਨ ਖੋਲ੍ਹ ਕੇ ਰੱਖ ਦਿੱਤਾ ਸੀ, ਜਿਸ ਵਿਚ ਡੋਡੀ ਫਾਇਦ ਨਾਲ ਡੋਡੀ ਦੇ ਪਿਤਾ ਦੇ ਨਿੱਜੀ ਜੌਟ ਜੌਨੀਕਲ 'ਤੇ ਡਾਇਨਾ ਡੋਡੀ ਨਾਲ ਸਾਊਥ ਫਰਾਂਸ ਵਿਖੇ ਛੁੱਟੀਆਂ ਮਨਾ ਰਹੀ ਸੀ।
ਮੈਂ ਅੱਖੀਂ ਫੋਟੋਆਂ ਦੇਖ ਕੇ ਵੀ ਉਹਨਾਂ 'ਤੇ ਬਹੁਤਾ ਭਰੋਸਾ ਜਿਹਾ ਨਾ ਕੀਤਾ ਤੇ ਉਸ ਔਰਤ ਨੂੰ ਦੱਸਿਆ ਸੀ, "ਇਹ ਕੁਝ ਨਹੀਂ ਪੱਤਰਕਾਰ ਆਪਣੇ ਅਖ਼ਬਾਰ ਮੈਗਜ਼ੀਨ ਵੇਚਣ ਦੇ ਮਾਰੇ ਐਵੇਂ ਮਸਾਲਾ ਲਾ ਕੇ ਝੂਠੀਆਂ ਖਬਰਾਂ ਛਾਪ ਦਿੰਦੇ ਹਨ। ਉਹ ਕਿਸੇ ਦੋਸਤ ਨਾਲ ਮਹਿਜ਼ ਛੁੱਟੀਆਂ ਮਨਾ ਰਹੀ ਹੈ। ਬਸ ਇਸ ਤੋਂ ਵੱਧ ਕੁਝ ਵੀ ਨਹੀਂ।"
ਉਸ ਔਰਤ ਨੂੰ ਧਰਵਾਸਾ ਦੇ ਕੇ ਪਤਾ ਨਹੀਂ ਕਿਉਂ ਮੈਂ ਉਹ ਡਾਇਨਾ ਤੇ ਡੋਡੀ ਦੀਆਂ ਫੋਟੋਆਂ ਵਾਲਾ ਮੈਗਜ਼ੀਨ ਵੀ ਖਰੀਦ ਲਿਆਇਆ ਸੀ। ਉਸ ਮੈਗਜ਼ੀਨ ਅਨੁਸਾਰ ਡਾਇਨਾ ਦੀਆਂ ਡੋਡੀ ਨਾਲ ਛੇ ਹਫਤਿਆਂ ਵਿਚ ਤੀਜੀਆਂ ਛੁੱਟੀਆਂ ਸਨ। ਬਿਨਾ ਅੱਗ ਦੇ ਧੂੰਆਂ ਨਹੀਂ ਹੁੰਦਾ। ਜ਼ਰੂਰ ਉਹਨਾਂ ਦੋਨਾਂ ਦਰਮਿਆਨ ਕੋਈ ਖਿਚੜੀ ਪੱਕ ਰਹੀ ਸੀ। ਮੈਂ ਡੋਡੀ ਨੂੰ ਨਹੀਂ ਸੀ ਜਾਣਦਾ ਕਿ ਉਹ ਕੌਣ ਸੀ। ਮੈਨੂੰ ਚਾਰਲੀ ਤੇ ਉਸਦੇ ਦੋਸਤਾਂ ਨੇ ਦੱਸਿਆ ਕਿ ਉਹ ਹੈਰੋਡ ਸਟੋਰ ਦੇ ਮਾਲਕ ਮੁਹੰਮਦ ਫਾਇਦ ਦਾ ਆਇਜ਼ਾਸ਼ ਅਮੀਰਜ਼ਾਦਾ ਹੈ ਤੇ ਆਪਣੀ ਹਰ ਕਮੀਜ਼ ਬਦਲਣ ਨਾਲ ਨਵੀਂ ਔਰਤ ਬਦਲ ਲੈਂਦਾ ਹੈ। ਮੈਗਜ਼ੀਨ ਅਨੁਸਾਰ ਡੋਡੀ ਨੇ ਡਾਇਨਾ ਦੇ ਇਸ਼ਕ ਵਿਚ ਆਪਣੀ ਅਮਰੀਕਣ ਮੰਗੇਤਰ ਕੈਲੀ ਫਿਸ਼ਰ ਨੂੰ ਵੀ ਛੱਡ ਦਿੱਤਾ ਸੀ। ਇਹ ਸਭ ਪੜ੍ਹ ਸੁਣ ਕੇ ਇਕ ਵਾਰ ਤਾਂ ਮੈਨੂੰ ਝਟਕਾ ਜਿਹਾ ਲੱਗਿਆ ਸੀ। ਪਰ ਮੇਂ ਆਪਣੇ ਆਪ ਨੂੰ ਸੰਭਾਲੀ ਰੱਖਿਆ ਸੀ। ਤਸਵੀਰਾਂ ਵਿਚ ਡਾਇਨਾ ਉਸ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਡਾਇਨਾ ਦੀ ਖੁਸ਼ੀ ਵਿਚ ਹੀ ਮੇਰੀ ਖੁਸ਼ੀ ਸੀ। ਮੈਂ ਆਪਣੇ ਮਨ ਵਿਚ ਡੋਡੀ ਪ੍ਰਤੀ ਪੈਦਾ ਹੋਈ ਜਲਣ ਨੂੰ ਬਾਹਰ ਕੱਢ ਕੇ ਸੁੱਟਣਾ ਹੀ ਬਿਹਤਰ ਸਮਝਿਆ ਸੀ। ਜਿੰਨੀ ਨਹਾਤੀ, ਉਨਾ ਪੁੰਨ। ਹੁਣ ਡਾਇਨਾ ਨਾਲ ਮੇਰਾ ਰਿਸ਼ਤਾ ਹੀ ਕੀ ਸੀ? ਮੈਂ ਵੀ ਤਾਂ ਕੈਮਿਲਾ ਨਾਲ ਆਪਣੇ ਨਵੇਂ ਸੰਬੰਧ ਬਣਾ ਲਏ ਸਨ। ਇਸ ਲਈ ਡਾਇਨਾ ਨੂੰ ਵੀ ਕਿਸੇ ਦਾ ਸਾਥ ਮਾਨਣ ਦਾ ਹੱਕ ਬਣਦਾ ਸੀ। ਤਕਦੀਰ ਵਿਚ ਲਿੱਖਿਆ ਹੁੰਦਾ ਤਾਂ ਮੇਰਾ ਤੇ ਡਾਇਨਾ ਦਾ ਰਿਸ਼ਤਾ ਸਹੀ-ਸਲਾਮਤ ਚੱਲੀ ਜਾਣਾ ਸੀ। ਸ਼ਾਇਦ ਸਾਡੇ ਦੋਨਾਂ ਦੇ ਸਿਤਾਰੇ ਉਸ ਵੇਲੇ ਗਰਦਿਸ਼ ਵਿਚ ਚੱਲ ਰਹੇ ਸਨ।
ਡਾਇਨਾ ਨੇ ਆਪਣੀ ਜ਼ਿੰਦਗੀ ਦੀ ਜੰਗ ਜਿੱਤ ਕੇ ਉਹ ਹਾਸਿਲ ਕਰ ਲਿਆ ਸੀ, ਜੋ ਉਹ ਕਰਨਾ ਚਾਹੁੰਦੀ ਸੀ। ਉਸ ਨੂੰ ਤਲਾਕ ਮਿਲ ਗਿਆ ਸੀ। ਜਿਸਦੀ ਕਿ ਉਸਨੂੰ ਉੱਕਾ ਹੀ ਉਮੀਦ ਨਹੀਂ ਸੀ। ਆਰਥਿਕ ਪੱਖੋਂ ਉਹ ਸੁਰੱਖਿਅਤ ਸੀ। ਸਭ ਤੋਂ ਵੱਡੀ ਗੱਲ ਉਸਦੇ ਦੋਨੋਂ ਪੁੱਤਰ ਉਸਦੇ ਸੰਪਰਕ ਅਤੇ ਭਰੋਸੇ ਵਿਚ ਸਨ। ਉਸ ਵਰ੍ਹੇ ਦੀਆਂ ਗਰਮੀਆਂ ਵਿਚ ਏਡਜ਼ ਖੈਰਾਤ ਲਈ ਉਸਨੇ ਆਪਣੇ ਕੱਪੜੇ ਵੇਚ ਕੇ ਬਹੁਤ ਸਾਰਾ ਧੰਨ ਤੇ ਪ੍ਰਸੰਸਾ ਖੱਟੀ ਸੀ। ਡਾਇਨਾ ਨੇ ਇਹ ਸਿੱਧ ਕਰ ਵਿਖਾਇਆ ਸੀ ਕਿ ਆਪਣੇ ਆਪ ਨੂੰ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰੱਖਣ ਲਈ ਡਾਇਨਾ ਨੂੰ ਸ਼ਾਹੀ ਘਰਾਣੇ ਦੇ ਠੱਪੇ ਦੀ ਕੋਈ ਜ਼ਰੂਰਤ ਨਹੀਂ ਸੀ। ਐੱਚ. ਆਰ. ਐੱਚ ਯਾਨੀ ਹਰ ਰੌਇਲ ਹਾਈਨੈੱਸ ਦਾ ਟਾਇਟਲ ਖੁੱਸ ਜਾਣ ਨਾਲ ਡਾਇਨਾ ਦੀ ਛਵੀ ਅਤੇ ਮਕਬੂਲੀਅਤ ਨੂੰ ਕੋਈ ਫ਼ਰਕ ਨਹੀਂ ਪਿਆ ਸੀ। ਟੈਲੀਵਿਜ਼ਨ, ਪ੍ਰੈਸ ਅਤੇ ਫੋਟੋਗ੍ਰਾਫਰਾਂ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਣ ਦਾ ਵੱਲ ਡਾਇਨਾ ਬੜ੍ਹੀ ਪੁਖਤਗੀ ਨਾਲ ਸਿੱਖ ਗਈ ਸੀ। ਉਹ ਸਹੀ ਸ਼ਬਦਾਂ ਵਿਚ ਇਕ ਨੇਤਾ ਸੀ ਤੇ ਮੈਂ ਇਸ ਗੱਲ ਕਰਕੇ ਉਸਦਾ ਉਪਾਸ਼ਕ ਸੀ।
ਹੁਣ ਉਸਨੂੰ ਆਪਣੀ ਨਿੱਜੀ ਜ਼ਿੰਦਗੀ ਕਿਸੇ ਤੋਂ ਲੁਕਾਉਣ ਦੀ ਕੋਈ ਅਵਸ਼ਕਤਾ ਨਹੀਂ ਸੀ। ਉਹ ਇਕ ਆਮ ਅਤੇ ਅਜ਼ਾਦ ਨਾਗਰਿਕ ਸੀ। ਉਹ ਡੋਡੀ ਫਾਇਦ ਜਾਂ ਕਿਸੇ ਵੀ ਮਰਦ ਨਾਲ ਆਪਣੀਆਂ ਛੁੱਟੀਆਂ ਬਿਤਾ ਸਕਦੀ ਸੀ। ਉਸਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ। ਮੈਨੂੰ ਨਹੀਂ ਲੱਗਦਾ ਸੀ ਕਿ ਉਸਨੇ ਡੋਡੀ ਨਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਹੋਵੇਗਾ। ਹਿਯਾਤੀ ਦਾ ਅਜਿਹਾ ਅਹਿਮ ਫੈਸਲਾ ਕੋਈ ਚੰਦ ਦਿਨਾਂ ਦੀ ਮੁਲਾਕਾਤ ਜਾਂ ਰਿਸ਼ਤੇ ਬਾਅਦ ਨਹੀਂ ਲੈ ਸਕਦਾ। ਪਰ ਇਕ ਗੱਲ ਸਪਸ਼ਟ ਸੀ ਕਿ ਡਾਇਨਾ ਡੋਡੀ ਦੇ ਸੰਗ ਸ਼ਰੇਆਮ ਆਪਣੀ ਸੁਤੰਤਰਤਾ ਦਾ ਆਨੰਦ ਮਾਣ ਰਹੀ ਸੀ। ਡਾਇਨਾ ਯਕੀਨਨ ਇਸ ਗੱਲ ਤੋਂ ਵੀ ਪੂਰਨ ਸੁਚੇਤ ਸੀ ਕਿ ਅਖ਼ਬਾਰ ਉਸ ਬਾਰੇ ਕੀ ਛਾਪ ਰਹੇ ਸਨ। ਮੈਨੂੰ ਯਾਦ ਹੈ ਕਿ ਜਦੋਂ ਉਹ ਸਾਡੇ ਕੋਲ ਡੈਵਨ ਵਿਖੇ ਆਉਂਦੀ ਹੁੰਦੀ ਸੀ ਤਾਂ ਮੈਨੂੰ ਐਤਵਾਰ ਦੇ ਸਾਰੇ ਅਖ਼ਬਾਰ ਖਰੀਦ ਕੇ ਲਿਆਉਣ ਲਈ ਭੇਜਦੀ ਹੁੰਦੀ ਸੀ। ਵੱਖਰੀ ਗੱਲ ਇਹ ਸੀ ਕਿ ਪਹਿਲਾਂ ਵਾਂਗ ਹੁਣ ਡਾਇਨਾ ਨੂੰ ਕੋਈ ਪਰਵਾਹ ਨਹੀਂ ਸੀ ਕਿ ਕੌਣ ਕੀ ਲਿੱਖ ਰਿਹਾ ਸੀ।
ਮੈਂ ਕੈਮਿਲਾ ਨਾਲ ਮਾਰਬੈਲਾ ਦੇ ਰੈਂਡਾ ਪਿੰਡ ਵਿਚ ਛੁੱਟੀਆਂ ਦਾ ਆਨੰਦ ਮਾਨਣ ਰਿਹਾ ਸੀ। ਦਿਨ ਅਸੀਂ ਸਮੁੰਦਰੀ ਤੱਟ 'ਤੇ ਗੁਜ਼ਾਰਦੇ ਜਾਂ ਬਲਦਾਂ ਦੇ ਭੇੜ ਦੇਖਦੇ ਤੇ ਰਾਤ ਨੂੰ ਪੋਰਤੋ ਬੈਨੁਸ ਦੇ ਨਾਇਟਕਲੱਬ ਨੂੰ ਚਲੇ ਜਾਂਦੇ। ਇਕ ਰਾਤ ਅਸੀਂ ਸੁਭਾਹ ਨੂੰ ਪਹਾੜਾਂ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਰਾਤ ਨੂੰ ਵੱਧ ਪੀ ਜਾਣ ਕਾਰਨ ਮੈਂ ਸਵੇਰ ਨੂੰ ਦੇਰੀ ਨਾਲ ਉੱਠਿਆ ਸੀ। ਚਾਰਲੀ ਅਤੇ ਕੈਮਿਲਾ ਤਿਆਰ ਹੋ ਕੇ ਮੇਰੀ ਉਡੀਕ ਕਰ ਰਹੇ ਸਨ। ਮੇਰੀ ਰਾਤ ਦੀ ਪੀਤੀ ਪੂਰੀ ਤਰ੍ਹਾਂ ਉਤਰੀ ਨਹੀਂ ਸੀ ਤੇ ਮੈਂ ਨੀਮ ਮਦਹੋਸ਼ੀ ਜਿਹੀ ਦੇ ਆਲਮ ਵਿਚ ਉੱਠ ਕੈਮਿਲਾ ਹੋਰਾਂ ਕੋਲ ਗਿਆ ਸੀ। ਅਸੀਂ ਕਾਰ ਵਿਚ ਬੈਠ ਕੇ ਜਾਣ ਲੱਗੇ ਸੀ ਤਾਂ ਮੈਨੂੰ ਯਾਦ ਆਇਆ ਕਿ ਮੈਂ ਆਪਣਾ ਮੋਬਾਇਲ ਫੋਨ ਕਮਰੇ ਵਿਚ ਹੀ ਭੁੱਲ ਆਇਆਂ ਸੀ। ਇਕ ਪਲ ਲਈ ਤਾਂ ਮੈਂ ਸੋਚਿਆ ਕਿ ਉਸਦੀ ਕੋਈ ਜ਼ਰੁਰਤ ਨਹੀਂ ਸੀ। ਮੈਨੂੰ ਕਿਸਦਾ ਫੋਨ ਆਉਣਾ ਸੀ? ਪਿਛਲੇ ਇਕ ਹਫਤੇ ਤੋਂ ਨਾ ਤਾਂ ਉਸ ਤੋਂ ਮੈਂ ਕਿਸੇ ਨੂੰ ਫੋਨ ਕੀਤਾ ਸੀ ਤੇ ਨਾ ਹੀ ਉਸਦੀ ਘੰਟੀ ਵਜੀ ਸੀ। ਖੌਰੇ, ਮੇਰੇ ਮਨ ਵਿਚ ਕੀ ਆਇਆ ਸੀ ਕਿ ਮੈਂ ਫੋਨ ਲੈਣ ਚਲਾ ਗਿਆ ਸੀ। ਸੋਚਿਆ ਪਹਾੜਾਂ ਨੂੰ ਜਾ ਰਹੇ ਸੀ, ਸ਼ਾਇਦ ਫੋਨ ਦੀ ਕੋਈ ਲੋੜ੍ਹ ਪੈ ਸਕਦੀ ਸੀ। ਮੈਂ ਆਪਣੇ ਕਮਰੇ ਵਿਚ ਜਾ ਕੇ ਆਪਣਾ ਫੋਨ ਚੁੱਕਿਆ ਤਾਂ ਉਸ 'ਤੇ ਦੱਸ ਵੋਇਸ ਮੈਸਿਜ਼ ਆਏ ਹੋਏ ਸਨ। ਮੇਰੇ ਮਨ ਵਿਚ ਖਿਆਲ ਆਇਆ ਸੀ ਕਿ ਜ਼ਰੂਰ ਐਵਤਾਰ ਦੇ ਕਿਸੇ ਅਖ਼ਬਾਰ ਨੇ ਮੇਰੇ ਬਾਰੇ ਕੁਝ ਅਨਾਬ-ਸ਼ਨਾਬ ਬਕਿਆ ਹੋਵੇਗਾ।
ਉਹਨਾਂ ਵਿਚੋਂ ਇਕ ਸੰਦੇਸ਼ ਰੁਪਰਟ ਦਾ ਸੀ। ਉਹ ਕੋਈ ਵੀ ਜਾਣਕਾਰੀ ਦੇਣ ਲਈ ਮੇਰਾ ਭਰੋਸੇਯੋਗਸੂਤਰ ਸੀ, ਇਸ ਲਈ ਮੈਂ ਫੌਰਨ ਉਸ ਨੂੰ ਜੁਆਬੀ ਕਾਲ ਕਰ ਦਿੱਤੀ ਸੀ। ਆਂਸਰਿੰਗ ਮਸ਼ੀਨ 'ਤੇ ਉਹਦੀ ਅਵਾਜ਼ ਉਪਰੀ ਜਿਹੀ ਜਾਪਦੀ ਸੀ। ਅਕਸਰ ਉਹਦੀ ਅਵਾਜ਼ ਵਿਚ ਜੋਸ਼-ਖਰੋਸ਼ ਅਤੇ ਉਤਸ਼ਾਹ ਹੋਇਆ ਕਰਦਾ ਸੀ। ਪਰ ਇਸ ਵਾਰ ਉਸਦੀ ਅਵਾਜ਼ ਢਿੱਲੀ ਜਿਹੀ ਸੀ।
ਮੈਂ ਰੁਪਰਟ ਨੂੰ ਫੋਨ ਲਾਇਆ ਸੀ।
"ਜੇਮਜ਼, ਮੈਨੂੰ ਪਤਾ ਹੈ ਤੂੰ ਕਿੱਥੇ ਹੈਂ ਤੇ ਜਾਣਦਾ ਹਾਂ ਉਥੇ ਤੈਨੂੰ ਇਹ ਗੱਲ ਪਤਾ ਨਹੀਂ ਲੱਗੀ ਹੋਣੀ।... ਯਾਰ ਇਕ ਬਹੁਤ ਹੀ ਮਨਹੂਸ ਖ਼ਬਰ ਹੈ।... ਮੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕਿਵੇਂ ਦੱਸਾਂ?
"ਕੀ ਬੁਝਾਰਤਾਂ ਜਿਹੀਆਂ ਪਾਈ ਜਾਂਦਾ ਹੈ... ਸਾਫ ਸਾਫ ਦੱਸ ਕਿਹੜਾ ਪਹਾੜ ਡਿੱਗ ਪਿਐ?" ਮੈਂ ਉਸਨੂੰ ਖਿੱਝ ਕੇ ਪਿਆ ਸੀ।
"ਪਹਾੜ ਹੀ ਡਿੱਗ ਪਿਆ ਮਿੱਤਰਾ... ਕੇਲ ਕਰਿੰਤੇ ਹੰਝ ਨੋ ਅਚਿੰਤੇ ਬਾਜ਼ ਪਏ ਨੇ ਬਾਈ... ਡਾਇਨਾ ਅਕਾਲ ਚਲਾਣਾ ਕਰ ਗਈ... ਰਾਤ ਪੈਰਿਸ 'ਚ ਹੋਏ ਕਾਰ ਐਂਕਸੀਡੈਂਟ ਵਿਚ ਉਹ ਤੇ ਡੋਡੀ ਮਾਰੇ ਗਏ।"
ਰੁਪਰਟ ਦੀ ਗੱਲ ਸੁਣ ਕੇ ਮੈਂ ਉਥੇ ਹੀ ਮੰਜੇ 'ਤੇ ਧੜੱਮ ਕਰਕੇ ਡਿੱਗ ਪਿਆ ਸੀ ਤੇ ਮੇਰੀਆਂ ਧਾਹਾਂ ਨਿਕਲ ਗਈਆਂ ਸਨ। ਮੇਰੀ ਭਾਲ ਵਿਚ ਕੈਮਿਲਾ ਹੋਰੀਂ ਵੀ ਮੇਰੇ ਕਮਰੇ ਵਿਚ ਆਏ ਤਾਂ ਮੈਂ ਉਹਨਾਂ ਨੂੰ ਖ਼ਬਰ ਸੁਣਾਈ। ਭਾਵੇਂ ਕਿ ਮੈਨੂੰ ਰੁਪਰਟ ਵੱਲੋਂ ਦਿੱਤੀ ਗਈ ਖ਼ਬਰ ਉੱਤੇ ਕੋਈ ਸੰਦੇਹ ਨਹੀਂ ਸੀ। ਪਰ ਫੇਰ ਵੀ ਪਤਾ ਨਹੀਂ ਕਿਉਂ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਕੈਮਲਾ ਨੂੰ ਆਖ ਦਿੱਤਾ ਕਿ ਮੈਂ ਕੁਝ ਦੇਰ ਆਪਣੇ ਕਮਰੇ ਵਿਚ ਇਕੱਲਾ ਰਹਿਣਾ ਚਾਹੁੰਦਾ ਹਾਂ। ਉਹਨਾਂ ਨੇ ਮੇਰੀ ਭਾਵਨਾ ਦੀ ਕਦਰ ਕੀਤੀ ਸੀ ਤੇ ਕਮਰੇ ਤੋਂ ਬਾਹਰ ਜਾਂਦੇ ਹੋਏ ਮੈਨੂੰ ਆਖ ਗਏ ਸਨ ਕਿ ਅਗਰ ਮੈਨੂੰ ਉਹਨਾਂ ਦੀ ਕੋਈ ਲੋੜ੍ਹ ਹੋਵੇ ਤਾਂ ਮੈਂ ਉਹਨਾਂ ਨੂੰ ਬੁਲਾਉਣ ਲਈ ਝਿਜਕਾਂ ਨਾ।
ਮੈਂ ਆਪਣੇ ਕਮਰੇ ਵਿਚ ਪਿਆ ਰੇਡੀਉ ਚਲਾਇਆ ਤੇ ਉਸ ਦੇ ਅੰਗਰੇਜ਼ੀ ਸਟੇਸਨ ਲੱਭਣ ਲੱਗਾ ਸੀ। ਹਰ ਸਟੇਸ਼ਨ ਉੱਤੇ ਇਕੋ ਹੀ ਖ਼ਬਰ ਆ ਰਹੀ ਸੀ ਤੇ ਉਹ ਡਾਇਨਾ ਦੀ ਮੌਤ ਦੀ ਖ਼ਬਰ ਸੀ। ਮੈਂ ਉਹ ਸਮਾਂਚਾਰ ਸੁਣਦਾ ਹੋਇਆ ਆਪਣੇ ਕਮਰੇ ਦੇ ਇਕ ਸਿਰੇ ਤੋਂ ਦੂਜੇ ਵੱਲ ਟਹਿਲਦਾ ਰਿਹਾ ਸੀ ਤੇ ਫੇਰ ਮੇਰਾ ਬੰਨ੍ਹ ਟੁੱਟ ਗਿਆ ਸੀ। ਮੈਂ ਜ਼ਾਰੋਜ਼ਾਰ ਉੱਚੀ ਉੱਚੀ ਰੋਣ ਲੱਗ ਪਿਆ ਸੀ। ਮੈਂ ਬਹੁਤ ਹੀ ਗਹਿਰੇ ਸਦਮੇ ਵਿਚ ਸੀ।
ਤਿੰਨ ਚਾਰ ਘੰਟੇ ਲਗਾਤਾਰ ਰੋਣ ਬਾਅਦ ਹੌਲਾ ਹੋ ਕੇ ਮੈਂ ਫਿਰ ਰੇਡੀਉ ਸੁਣਨ ਲੱਗ ਪਿਆ ਸੀ ਤੇ ਮੈਂ ਡਾਇਨਾ ਨਾਲ ਸੰਬੰਧਤ ਹਰ ਸਮਾਚਾਰ... ਹਰ ਰਿਪੋਰਟ ਬੜ੍ਹੇ ਧਿਆਨ ਨਾਲ ਸੁਣੀ ਸੀ। ਕੋਈ ਪੱਤਰਕਾਰਾਂ ਜਾਂ ਫੋਟੋਗ੍ਰਾਫਰਾਂ ਨੂੰ ਕਸੂਰਵਾਰ ਠਹਿਰਾ ਰਿਹਾ ਸੀ। ਕੋਈ ਇਸ ਪਿੱਛੇ ਗਹਿਰੀ ਸਾਜ਼ਿਸ਼ ਦੱਸ ਰਿਹਾ ਸੀ... ਕੋਈ ਮਹਿਜ਼ ਇਕ ਹਾਦਸਾ.... ਕੋਈ ਕੁਝ ਤੇ ਕੋਈ ਕੁਝ... ।ਇਕ ਗੱਲ ਮੈਂ ਪੱਕੀ ਜਾਣਦਾ ਸੀ ਕਿ ਅਸਲੀਅਤ ਸਾਹਮਣੇ ਆਉਣ ਨੂੰ ਬਹੁਤ ਵਕਤ ਲੱਗੇਗਾ। ਮੇਰੇ ਦਿਮਾਗ ਵਿਚ ਹਥੌੜੇ ਵੱਜ ਰਹੇ ਸਨ। ਮੇਰੇ ਤਨ ਬਦਨ ਵਿਚ ਇਕ ਭਗਦੜ ਜਿਹੀ ਮੱਚੀ ਪਈ ਸੀ। ਮੇਰੀਆਂ ਛੁੱਟੀਆਂ ਦਾ ਸਾਰਾ ਮਜ਼ਾ ਕਿਰਕਿਰਾ ਹੋ ਗਿਆ ਸੀ। ਮੈਨੂੰ ਪਹਾੜੀਵਾਦੀਆਂ ਕਿਥੋਂ ਮਨਮੋਹਕ ਲੱਗਣੀਆਂ ਸਨ, ਜਦ ਉਹ ਔਰਤ ਜਿਸ ਨਾਲ ਮੈਂ ਆਪਣੀ ਜ਼ਿੰਦਗੀ ਦੇ ਪੰਜ ਵਰ੍ਹੇ ਪਿਆਰ ਵਿਚ ਪਿਰੋ ਕੇ ਬਿਤਾਏ ਸਨ, ਇਸ ਜਹਾਨ ਤੋਂ ਰੁਖਸਤ ਹੋ ਚੁੱਕੀ ਸੀ। ਮੇਰਾ ਉਥੇ ਇਕ ਪਲ ਵੀ ਠਹਿਰਨ ਨੂੰ ਮਨ ਨਹੀਂ ਸੀ ਕੀਤਾ।
ਉਸ ਤੋਂ ਇਕ ਰਾਤ ਪਹਿਲਾਂ ਪੋਰਤੋ ਬੈਨੂਸ ਦੇ ਇਕ ਨਾਇਟਕਲੱਬ ਵਿਚ ਇਕ ਬ੍ਰਤਾਨਵੀ ਪੱਤਰਕਾਰ ਨੇ ਮੈਨੂੰ ਦੇਖ ਲਿਆ ਸੀ। ਮੈਂ ਜਾਣਦਾ ਸੀ ਕਿ ਇਸ ਘਟਨਾ ਤੋਂ ਬਾਅਦ ਪੱਤਰਕਾਰ ਮੈਨੂੰ ਮੇਰਾ ਪ੍ਰਤੀਕ੍ਰਮ ਜਾਨਣ ਲਈ ਜ਼ਰੂਰ ਲੱਭਣਗੇ। ਮੇਰੇ ਅਜਿਹਾ ਸੋਚਣਾ ਗਲਤ ਨਹੀਂ ਸੀ, ਦੋ ਤਿੰਨ ਘੰਟੇ ਵਿਚ ਹੀ ਮੈਨੂੰ ਉਹਨਾਂ ਨੇ ਲੱਭ ਲਿਆ ਸੀ। ਪਰ ਚਾਰਲੀ ਨੇ ਆਪ ਹੀ ਉਹਨਾਂ ਨੂੰ ਮੇਰੇ ਕਹਿਣ ਤੋਂ ਬਿਨਾ ਹੀ ਇਹ ਕਹਿ ਕੇ ਟਰਕਾ ਦਿੱਤਾ ਸੀ ਕਿ ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ ਅਤੇ ਨਾ ਹੀ ਕਹਿਣ ਲਈ ਮੇਰੇ ਕੋਲ ਕੁਝ ਸੀ। ਮੈਨੂੰ ਮਹਿਸੂਸ ਹੋਇਆ ਸੀ ਕਿ ਮੈਨੂੰ ਵਾਪਿਸ ਆਪਣੇ ਘਰ ਪਰਤਣਾ ਚਾਹੀਦਾ ਸੀ।
ਮੈਂ ਪਰਿਵਾਰਿਕ ਦੋਸਤ ਟੈਰੰਸ ਰੌਨਲਡ ਨੂੰ ਫੋਨ ਕੀਤਾ ਸੀ। ਉਹ ਵੀ ਕਾਫੀ ਦੁੱਖੀ ਪ੍ਰਤੀਤ ਹੁੰਦਾ ਸੀ। ਮੇਰੇ ਘਰ ਮੂਹਰੇ ਪੱਤਰਕਾਰ ਤੇ ਟੈਲੀਵਿਜ਼ਨ ਵਾਲੇ ਪਹਿਲਾਂ ਹੀ ਡੇਰੇ ਲਾਈ ਬੈਠੇ ਸਨ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਮੈਨੂੰ ਉਸਨੂੰ ਧਰਵਾਸਾ ਦਿੱਤਾ ਸੀ, "ਫਿਕਰ ਨਾ ਕਰ ਮੈਂ ਆ ਰਿਹਾ ਹਾਂ।"
ਮੈਂ ਉਸੇ ਦੁਪਿਹਰ ਨੂੰ ਮੈਲਗਾ ਤੋਂ ਉਡਾਨ ਫੜ੍ਹ ਕੇ ਗੈੱਟਵਿਕ ਏਅਰਪੋਰਟ 'ਤੇ ਲੰਡਨ ਆ ਗਿਆ ਤੇ ਉਥੋਂ ਇਕ ਦੋਸਤ ਨੇ ਮੈਨੂੰ ਡੈਵਨ ਮੇਰੇ ਘਰ ਛੱਡ ਦਿੱਤਾ ਸੀ। ਮੇਰੇ ਘਰ ਨੂੰ ਪੱਤਰਕਾਰਾਂ ਤੇ ਫੋਟੋਗ੍ਰਾਫ੍ਰਰਾਂ ਨੇ ਘੇਰਾ ਪਾਇਆ ਹੋਇਆ ਸੀ। ਮੈਂ ਆਪਣੀ ਮਾਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਸਲਾਹ ਕੀਤੀ ਸੀ ਤੇ ਅਸੀਂ ਇਸ ਨਿਚੋੜ 'ਤੇ ਪਹੁੰਚੇ ਕਿ ਮੈਨੂੰ ਪ੍ਰੈਸ ਨੂੰ ਕੋਈ ਨਾ ਕੋਈ ਬਿਆਨ ਤਾਂ ਜ਼ਰੂਰ ਦੇਣਾ ਪਵੇਗਾ। ਵਰਨਾ ਉਹਨਾਂ ਨੇ ਉਥੋਂ ਨਹੀਂ ਜਾਣਾ ਸੀ। ਟੈਰੰਸ ਨੇ ਪੱਤਰਕਾਰਾਂ ਤੇ ਫੋਟੋਗ੍ਰਾਫ੍ਰਰਾਂ ਨੂੰ ਦੱਸ ਦਿੱਤਾ ਕਿ ਮੈਂ ਇਕ ਸੰਖੇਪ ਜਿਹਾ ਬਿਆਨ ਦੇਣ ਬਾਹਰ ਜਾ ਰਿਹਾ ਹਾਂ, ਇਸ ਦੁੱਖ ਦੀ ਘੜੀ ਵਿਚ ਉਹ ਮੈਨੂੰ ਜ਼ਿਆਦਾ ਕੋਈ ਹੋਰ ਸੁਆਲ ਜੁਆਬ ਨਾ ਕੀਤੇ ਜਾਣ। ਉਹ ਮੰਨ ਗਏ ਸਨ।
ਮੈਂ ਮਾਰਟਲ ਬਰਾਂਡੀ ਦੀ ਬੋਤਲ ਖੋਲ੍ਹ ਕੇ ਆਪਣੇ ਲਈ ਪੈੱਗ ਬਣਾਇਆ ਤੇ ਕਾਗਜ਼ ਪੈੱਨ ਚੁੱਕ ਕੇ ਆਪਣਾ ਬਿਆਨ ਲਿਖਣ ਲੱਗ ਪਿਆ ਸੀ। ਮੈਂ ਆਪਣੇ ਜਜ਼ਬਾਤਾਂ ਨੂੰ ਬਿਆਨ ਕਰਨ ਲਈ ਢੁੱਕਵੇਂ ਸ਼ਬਦ ਸੋਚ ਸੋਚ ਕੇ ਵਰਤੇ ਸਨ। ਜਦੋਂ ਮੈਨੂੰ ਯਕੀਨ ਹੋ ਗਿਆ ਸੀ ਕਿ ਜੋ ਮੈਂ ਕਹਿਣਾ ਚਾਹੁੰਦਾ ਸੀ, ਉਹ ਲਿੱਖ ਲਿਆ ਸੀ ਤਾਂ ਮੈਂ ਆਪਣਾ ਜ਼ਾਮ ਖਤਮ ਕੀਤਾ ਤੇ ਬਾਹਰ ਚਲਾ ਗਿਆ ਸੀ। ਭਾਰੀ ਮਾਤਰਾ ਵਿਚ ਪੱਤਰਕਾਰ, ਰੇਡੀਉ ਅਤੇ ਟੈਲੀਵਿਜ਼ਨ ਵਾਲੇ ਉਥੇ ਇਕੱਤਰ ਹੋਏ ਸਨ।
ਮੈਂ ਆਪਣਾ ਭਾਸ਼ਨ ਬਹੁਤ ਹੀ ਸੰਖੇਪ ਜਿਹਾ ਰੱਖਦਿਆਂ ਕਿਹਾ ਸੀ ਕਿ ਮੈਨੂੰ ਇਸ ਦੁੱਖਦਾਈ ਖ਼ਬਰ ਸੁਣ ਕੇ ਬਹੁਤ ਅਫਸੋਸ ਹੋਇਆ ਸੀ ਤੇ ਇਸ ਦੁੱਖ ਦੀ ਘੜੀ ਵਿਚ ਡੋਡੀ ਅਤੇ ਡਾਇਨਾ ਦੇ ਪਰਿਵਾਰ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ। ਐਨਾ ਕੁ ਕਹਿ ਕੇ ਮੈਂ ਅੰਦਰ ਆ ਗਿਆ ਸੀ। ਸਭ ਪੱਤਰਕਾਰ ਮੇਰੇ ਨਾਲ ਨਰਮਾਈ ਨਾਲ ਪੇਸ਼ ਆਏ ਸਨ। ਕਿਸੇ ਨੇ ਕੋਈ ਫਾਲਤੂ ਸਵਾਲ ਨਹੀਂ ਕੀਤਾ ਸੀ। ਪ੍ਰੈਸ ਦੇ ਵਰਤਾਰੇ ਵਿਚ ਆਇਆ ਇਹ ਬਦਲਾਅ ਤੇ ਵਖਰੇਵਾਂ ਮੈਂ ਪਹਿਲੀ ਵਾਰ ਦੇਖਿਆ ਸੀ। ਡਾਇਨਾ ਜ਼ਿੰਦਗੀ ਤੋਂ ਤੰਗ ਆ ਕੇ ਅਨੇਕਾਂ ਆਤਮਹੱਤਿਆ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਜਿਨ੍ਹਾਂ ਵਿਚੋਂ ਪੰਜ ਬਾਰੇ ਮੈਂ ਜਾਣਦਾ ਸੀ। ਪਰ ਉਹ ਮਰੀ ਨਹੀਂ ਸੀ। ਜਦੋਂ ਉਹ ਜਿਉਣਾ ਚਾਹੁੰਦੀ ਸੀ ਤਾਂ ਉਸਨੂੰ ਭਰ ਜਵਾਨੀ ਵਿਚ ਮੌਤ ਨੇ ਆ ਦਬੋਚਿਆ ਸੀ। ਛੱਤੀ ਸਾਲ ਕੋਈ ਮਰਨ ਦੀ ਉਮਰ ਹੁੰਦੀ ਹੈ ਭਲਾਂ? ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1383 'ਤੇ ਸ਼ੇਖ ਫਰੀਦੇ ਦੇ ਸਲੋਕਾਂ ਵਿਚ ਜੋ ਲਿੱਖਿਆ ਹੈ, ਡਾਇਨਾ ਦੀ ਮੌਤ ਉੱਤੇ ਹੂਬਾਹੂ ਢੁੱਕਦਾ ਹੈ, "ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥"
AArsh Maan commented:
ReplyDeleteSsa bhaji Main Deep Punjab To Main Agg Di Laat te kai hor vi kahania te lekh thode read kite par Agg di laat ne Mainu Poori Raat laptop to Akh parey ni karan diti hale vi poora ni hoyea main 14 kaand ta ha boht khoobsurat tarike naal pesh kita James ne Par thode bina Eh Saade kol nahi c pohchna kyu ki mainu english jiyada nahi aundi par Punjabi krke mann khush ho geya Boht Mehrbani bhaji hor vi aisa koi naval hoyea ta link jaroor send kreo thoda Fan Mandi Wala Deep main vi song writer ha main apna song da link send krda plz listen bhaji thanx again