ਬਰਫੀਲਾ ਮਨੁੱਖ
ਵੈਸੇ ਤਾਂ ਹਰ ਇੰਨਸਾਨ ਇਕ ਵਾਰ ਜੰਮਦਾ ਹੈ ਤੇ ਇਕ ਵਾਰ ਹੀ ਮਰਦਾ ਹੈ। ਪਰ ਇਹ ਪੂਰਨ ਅਸਲੀਅਤ ਨਹੀਂ ਹੈ। ਜ਼ਿੰਦਗੀ ਵਿਚ ਇੰਨਸਾਨ ਅਨੇਕਾਂ ਵਾਰ ਜੰਮਦਾ ਹੈ ਤੇ ਅਨੇਕਾਂ ਵਾਰ ਮਰਦਾ ਹੈ। ਕਈ ਵਾਰ ਤਾਂ ਪਲ ਪਲ ਮਰਦਾ ਹੈ। ਚਾਹੇ ਇਹ ਸ਼ਰੀਰਕ ਰੂਪ ਵਿਚ ਨਾ ਹੋ ਕੇ ਮਾਨਸਿਕ ਜਾਂ ਆਤਮਿਕ ਤੌਰ 'ਤੇ ਹੀ ਸਹੀ। ਇਉਂ ਮੈਂ ਬ੍ਰਤਾਨਵੀ ਫੌਜ ਦਾ ਸਾਬਕਾ ਮੇਜਰ ਬਣਨ ਬਾਅਦ ਮਾਨਸਿਕ ਰੂਪ ਵਿਚ ਮਰ ਕੇ, ਦੁਬਾਰਾ ਜ਼ਿੰਦਾ ਹੋਇਆ ਸੀ ਤੇ ਮੈਂ ਆਪਣੀ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰ ਰਿਹਾ ਸੀ। ਬ੍ਰਤਾਨਵੀ ਫੌਜ ਵਿਚ 16 ਸਾਲ ਸੇਵਾ ਨਿਭਾਉਣ ਬਾਅਦ ਮੈਂ ਉਤਰੀ ਡੈਵਨ ਦੇ ਕਸਬੇ ਐਵਰਸਫੀਲਡ ਵਿਖੇ ਆਪਣਾ ਘੋੜਸਵਾਰੀ ਸਿੱਖਿਆ ਕੇਂਦਰ (Manor
Equitation Centre) ਚਲਾ ਰਿਹਾ ਸੀ।
1995 ਸਾਲ ਵਪਾਰਕ ਪੱਖ ਤੋਂ ਸੋਹਣਾ ਵਰ੍ਹਾ ਰਿਹਾ ਸੀ । ਫਰਾਂਸ, ਸਵਿਟਜ਼ਰਲੈਂਡ, ਨੌਰਵੇਅ ਅਤੇ ਯੂਰਪ ਭਰ ਵਿਚੋਂ ਪ੍ਰਯਟਕ ਆਉਂਦੇ ਰਹੇ। ਮੈਂ ਸ਼ੁਰੂ ਤੋਂ ਆਪਣੇ ਸਕੂਲ ਨੂੰ ਮਹਿਜ਼ ਘੋੜਸਵਾਰੀ ਸਿਖਲਾਈ ਕੇਂਦਰ ਨਾ ਰੱਖ ਕੇ ਸੈਲਾਨੀਆਂ ਦੀ ਠਹਿਰਗਾਹ ਤੇ ਖਿੱਚ ਦਾ ਕੇਂਦਰ ਬਣਾਉਣਾ ਦਾ ਖਾਹਿਸ਼ਮੰਦ ਸੀ, ਜਿੱਥੇ ਆ ਕੇ ਘੁੰਮਕੜ ਯਾਤਰੀ ਮੀਟ ਸ਼ਰਾਬ ਦਾ ਲੁਤਫ ਲੈਂਦੇ ਹੋਏ ਪੇਂਡੂ ਜਨ-ਜੀਵਨ ਵਿਚ ਆਪਣੀਆਂ ਛੁੱਟੀਆਂ ਖੁਸ਼ਗਵਾਰ ਅਤੇ ਆਨੰਦਮਈ ਬਿਤਾਅ ਸਕਣ। ਪਰ ਘੋੜਸਵਾਰੀ ਫਿਰ ਵੀ ਮੇਰੀ ਪ੍ਰਾਥਮਿਕਤਾ ਰਹੀ ਸੀ। ਮੇਰੇ ਕੋਲ ਸਿਖਾਂਦਰੂ, ਸ਼ਿਕਾਰੀ ਅਤੇ ਸਿੱਖਿਅਤ ਗਾਹਕ ਆਉਂਦੇ ਰਹੇ ਸਨ। ਮੇਰੇ ਕੋਲ ਜਿੱਥੇ ਅਣਸਿੱਖਿਅਤਾਂ ਲਈ ਮਾਊਂਟ ਅਤੇ ਹੰਟਰ ਨਸਲ ਦੇ ਘੋੜੇ ਸਨ, ਉਥੇ ਤਜ਼ਰਬੇਕਾਰਾਂ ਵਾਸਤੇ ਇਨਵੈਂਟਰ ਅਤੇ ਹੋਰ ਉਮਦਾ ਨਸਲਾਂ ਦੇ ਘੋੜਿਆਂ ਦਾ ਘਾਟਾ ਨਹੀਂ ਸੀ।
ਸ਼ਿਕਾਰ ਦੇ ਸ਼ੌਕੀਨਾਂ ਲਈ ਮੇਰਾ ਸਕੂਲ ਹੋਰ ਵੀ ਲਾਹੇਵੰਦ ਸੀ ਕਿਉਂਕਿ ਨਜ਼ਦੀਕ ਹੀ ਘਣਾ ਜੰਗਲ ਸੀ, ਜਿਸ ਵਿਚ ਹੋਰ ਜਾਨਵਰਾਂ ਤੋਂ ਇਲਾਵਾ ਲੂੰਬੜੀਆਂ ਦੇ ਝੁੰਡਾਂ ਦੀ ਭਰਮਾਰ ਅਸਾਨੀ ਨਾਲ ਲੱਭ ਜਾਂਦੀ ਸੀ। ਡਾਰਟਮੋਰ ਅਤੇ ਐਕਸਮੋਰ ਤੇਜ਼ ਉੱਚੇ ਉੱਡਨ ਵਾਲੇ ਚਕੋਰਾਂ ਦਾ ਗੜ੍ਹ ਮੰਨਿਆ ਜਾਂਦਾ ਸੀ। ਆਪਣੇ ਗਾਹਕਾਂ ਨਾਲ ਮੈਂ ਅਣਗਿਣਤ ਯਾਦਗਾਰੀ ਸਪਤਾਹ ਅੰਤ ਮਨਾਏ ਸਨ। ਮਾੜੀ ਤੋਂ ਮਾੜੀ ਨਿਸ਼ਾਨਾਬਾਜ਼ੀ ਪਾਰਟੀ ਵਿਚ ਅਸੀਂ ਸਹਿਜੇ ਹੀ 200 ਕੁ ਪੰਛੀ ਤਾਂ ਫੁੰਡ ਹੀ ਲੈਂਦੇ ਸੀ। ਜਿਨ੍ਹਾਂ ਨੂੰ ਆਮ ਤੌਰ 'ਤੇ ਭੂਮੀਏ ਦਾ ਸੀਰੀ ਸਥਾਨਕ ਝਟਕਈਆਂ ਨੂੰ ਵੇਚ ਦਿੰਦਾ ਜਾਂ ਮੈਂ ਉਪਹਾਰ ਵਜੋਂ ਆਪਣੇ ਗਾਹਕਾਂ ਨੂੰ ਦੇ ਦਿੰਦਾ ਸੀ। ਉਹ ਉਨ੍ਹਾਂ ਜਨੌਰਾਂ ਦੀ ਖੱਲ੍ਹਾਂ ਨੂੰ ਸ਼ੇਖੀ ਮਾਰਨ ਵਾਸਤੇ ਆਪਣੀ ਬੈਠਕ ਵਿਚ ਟੰਗਣਾ ਆਪਣਾ ਸੁਭਾਗ ਸਮਝਦੇ ਸਨ।
ਗਰਮੀਆਂ ਦੀਆਂ ਸ਼ਾਮਾਂ ਨੂੰ ਮੈਂ ਆਪਣੇ ਗਾਹਕਾਂ ਨੂੰ ਟੇਅ ਵੈਲੀ 'ਤੇ ਲੈ ਜਾਂਦਾ ਸੀ, ਜਿਥੇ ਉਹ ਬੀਅਰ ਪੀਂਦੇ ਹੋਏ ਉਥੋਂ ਦੇ ਤਲਾਬਾਂ ਵਿਚੋਂ ਸੈਲਮਨ ਅਤੇ ਟਰੋਟ ਮੱਛੀਆਂ ਫੜ੍ਹਦੇ ਸਨ। ਮੈਨੂੰ ਟਾਮਰ ਦਰਿਆ ਦੇ ਇਕ ਹਿੱਸੇ ਦਾ ਭੇਤ ਸੀ, ਜਿਥੇ ਆਥਣ ਵੇਲੇ ਮੱਛੀਆਂ ਦੇ ਝੁੰਡ ਇਕੱਤਰ ਹੋ ਜਾਇਆ ਕਰਦੇ ਸਨ। ਜੇ ਉਥੇ ਵੀ ਕਿਸੇ ਨੂੰ ਮੱਛਲੀ ਸ਼ਿਕਾਰ ਵਿਚ ਵਿਸ਼ੇਸ਼ ਪ੍ਰਾਪਤੀ ਨਾ ਹੁੰਦੀ ਤਾਂ ਦਿਨ ਛਿਪਦਿਆਂ ਐਵਰਸਫੀਲਡ ਦੇ ਤਲਾਅ ਵਿਚੋਂ ਸਤਰੰਗੀ ਟਰੋਟ ਫੜ੍ਹ ਕੇ ਉਹ ਆਪਣਾ ਝੱਸ ਪੂਰਾ ਕਰ ਸਕਦੇ ਸਨ।
ਮੈਂ ਖੁਸ਼ ਸੀ ਜਾਂ ਕਹਿ ਲਵੋ ਘੱਟੋ-ਘੱਟ ਮੈਨੂੰ ਆਤਮ ਸੰਤੁਸ਼ਟੀ ਸੀ। ਅਠੱਤੀ ਸਾਲ ਦੀ ਉਮਰ ਵਿਚ ਮੈਂ ਦੋ ਕੰਮ ਸਫਲਤਾਪੂਰਵਕ ਕਰ ਰਿਹਾ ਸੀ। ਇਕ ਤਾਂ ਆਪਣਾ ਬਿਜ਼ਨਸ ਚਲਾ ਰਿਹਾ ਸੀ ਤੇ ਦੂਜਾ ਲੋਕਾਂ ਨੂੰ ਘੋੜ ਸਵਾਰੀ ਸਿਖਾ ਰਿਹਾ ਸੀ। ਇਹਨਾਂ ਦੋਨਾਂ ਕੰਮਾਂ ਵਿਚ ਹੀ ਮੈਨੂੰ ਅਕਹਿ ਪ੍ਰਸੰਨਤਾ ਹਾਸਿਲ ਹੁੰਦੀ ਸੀ। ਮੈਨੂੰ ਵਧੇਰੇ ਧਨ ਕਮਾਉਣ ਜਾਂ ਹੋਰ ਸੰਪਤੀ ਬਣਾਉਣ ਦੀ ਕੋਈ ਵਧੇਰੇ ਲਾਲਸਾ ਵੀ ਨਹੀਂ ਸੀ ਤੇ ਨਾ ਹੀ ਮਾਇਆ ਦਾ ਕੋਈ ਫਿਕਰ ਸੀ। ਮੇਰੀ ਅੱਛੀ ਖਾਸੀ ਕਮਾਈ ਹੋਈ ਜਾ ਰਹੀ ਸੀ। ਮੈਂ ਇਹ ਉਪਰੋਕਤ ਵਰਣਿਤ ਦੋਨੋਂ ਕੰਮ, ਬਾਕੀ ਬਚਦੀ ਤਮਾਮ ਜ਼ਿੰਦਗੀ ਇਸੇ ਪ੍ਰਕਾਰ ਜਾਰੀ ਰੱਖਣਾ ਚਾਹੁੰਦਾ ਸੀ।
ਮੇਰੀ ਪ੍ਰਵਰਿਸ਼ ਡੈਵਨ ਵਿਚ ਹੋਈ ਹੋਣ ਕਰਕੇ ਉਥੇ ਬਚਪਨ ਬਿਤਾਉਂਦਿਆਂ ਹੀ ਮੈਂ ਘੋੜ ਸਵਾਰੀ ਅਤੇ ਪੇਂਡੂ ਜੀਵਨ ਨੂੰ ਪਿਆਰਨਾ ਸਿੱਖ ਗਿਆ ਸੀ। ਡੈਵਨ ਆਪਣੀ ਮਾਂ ਦੇ ਘੋੜਸਵਾਰੀ ਸਿਖਲਾਈ ਸਕੂਲ ਨੂੰ ਮੈਂ ਫੌਜ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਬਾਅਦ ਚਲਾਉਣਾ ਜਾਰੀ ਰੱਖਣਾ ਚਾਹੁੰਦਾ ਸੀ। ਬਸਕਿਸਮਤੀ ਨਾਲ ਉਥੇ ਰਿਹਾਇਸ਼ੀ ਇਮਾਰਤਾਂ ਤਾਮੀਰ ਹੋ ਗਈਆਂ ਅਤੇ ਨਵੀਂਆਂ ਸੜਕਾਂ ਬਣ ਜਾਣ ਕਾਰਨ ਸਾਡਾ ਅਸਤਬਲ ਪਿੰਡ ਦੀ ਭੂਮੀ ਨਾਲੋਂ ਕੱਟਿਆ ਗਿਆ ਸੀ। ਸਾਡੀ ਜ਼ਮੀਨ 'ਤੇ ਰਿਹਾਇਸ਼ੀ ਮਕਾਨ ਬਣਾਉਣ ਦੇ ਇੱਛੁਕ ਇਕ ਪ੍ਰਾਪਰਟੀ ਡੀਲਰ ਨੇ ਮੈਨੂੰ ਸਾਡੀ ਜ਼ਮੀਨ ਖਰੀਦਣ ਦੀ ਵਧੀਆ ਪੇਸ਼ਕਸ਼ ਕੀਤੀ ਸੀ, ਜਿਸਨੂੰ ਮੈਂ ਠੁਕਰਾ ਨਹੀਂ ਸੀ ਸਕਿਆ। ਸਮੇਂ ਸਿਰ ਜ਼ਮੀਨ ਵੇਚ ਕੇ ਮੈਂ ਫਾਇਦੇ ਵਿਚ ਰਿਹਾ ਸੀ, ਕਿਉਂਕਿ ਉਸ ਤੋਂ ਫੌਰਨ ਬਾਅਦ ਕੀਮਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਪੌਂਡਾਂ ਨਾਲ ਮੈਂ ਬਰੈਟਨ ਕਲੇਅਵੈਲੀ ਪਿੰਡ ਨੇੜੇ ਐਵਰਸਫੀਲਡ ਮੈਨਰ ਇਹ ਜਗ੍ਹਾ ਖਰੀਦ ਲਿੱਤੀ ਸੀ।
ਚਾਲੀ ਏਕੜ ਖੇਤਾਂ ਵਿਚ ਘਿਰਿਆ ਪਹਾੜੀ ਦੇ ਪੈਰਾਂ ਵਿਚ ਅੱਠ ਸੌਣ ਕਮਰਿਆਂ ਦਾ ਘਰ ਸੀ। ਜਿਸਦੇ ਇਰਦ-ਗਿਰਦ ਵਿਸ਼ਾਲ ਘੋੜਿਆਂ ਲਈ ਵਾੜਾ, ਬਾਗ-ਬਗੀਚੇ ਤੇ ਪਿਛਵਾੜੇ ਡਾਰਟਮੋਰ ਦਾ ਘਣਾ ਜੰਗਲ ਬਹਿਸ਼ਤੀ ਨਜ਼ਾਰਾ ਪੇਸ਼ ਕਰਦਾ ਸੀ। ਮਕਾਨ ਦੇ ਪੱਛਮ ਵੱਲ ਵਗਦੀ ਨਦੀ ਦਾ ਮਨੋਹਰ ਦ੍ਰਿਸ਼ ਸੀ। ਦਰਜਨ ਤੋਂ ਵੱਧ ਘੋੜੇ ਰੱਖਣ ਲਈ ਅਸਤਬਲ ਅਤੇ ਵਿਸ਼ਾਲ ਭਵਨ, ਜਿਸ ਵਿਚ ਜਿੰਨੇ ਮਰਜ਼ੀ ਮਹਿਮਾਨ ਆ ਕੇ ਠਹਿਰ ਲੈਣ ਕੋਈ ਦਿੱਕਤ ਨਹੀਂ ਸੀ। ਇਥੇ ਮੈਂ ਕੁਝ ਤਲਾਅ ਖੁਦਵਾ ਕੇ ਵਿਚ ਮੱਛੀਆਂ ਪਾਲੀਆਂ ਸਨ।ਇਸ ਮਕਾਨ ਨੂੰ ਖਰੀਦਣ ਬਾਅਦ ਲੋੜੀਂਦੀ ਤਬਦੀਲੀ ਅਤੇ ਮੁਰੰਮਤ ਕਰਵਾਉਂਦਿਆਂ ਇਹ ਮੇਰੇ ਜ਼ਿਹਨ ਵਿਚ ਸੀ ਕਿ ਮੈਂ ਇਥੇ ਆਪਣੀ ਨਵੀਂ ਜ਼ਿੰਦਗੀ ਦੀ ਉਸਾਰੀ ਸ਼ੁਰੂ ਕਰਨ ਜਾ ਰਿਹਾ ਸੀ।
ਉਸ ਤੋਂ ਪਿੱਛਲੇ ਚਾਰ ਸਾਲ ਦੋਜ਼ਖ ਭਰੇ ਗੁਜ਼ਰੇ ਸਨ। ਪ੍ਰੈਸ ਵੱਲੋਂ ਕੀਤੇ ਜਾ ਰਹੇ ਨਿਰੰਤਰ ਹਮਲਿਆਂ ਨਾਲ ਜੂਝਣ ਲਈ ਮੇਰੇ ਵਿਚਲੀ ਤਾਕਤ ਦਿਨੋਂ ਦਿਨ ਘਟਦੀ ਗਈ ਸੀ। ਮੇਰੇ ਵਿਚ ਤਾਕਤ ਅਤੇ ਲੜਨ ਦੀ ਸਮਰਥਾ ਖਤਮ ਹੋ ਗਈ ਸੀ। ਮੈਂ ਬਿਨਾ ਕਿਸੇ ਵਿਘਨ ਦੇ ਆਪਣਾ ਨਿਤਾਪ੍ਰਤਿ ਦਾ ਕਾਰ-ਵਿਹਾਰ ਜਾਰੀ ਰੱਖਣਾ ਚਾਹੁੰਦਾ ਸੀ। 1991 ਵਿਚ ਗੌਲਫ ਜੰਗ ਵਿਚ ਟੈਂਕ ਰਿਸਾਲੇ ਦੀ ਪ੍ਰਤੀਨਿਧਤਾ ਦਾ ਹੁਲਾਸ ਉਸ ਸਮੇਂ ਨਿਰਾਸ਼ਤਾ ਵਿਚ ਤਬਦੀਲ ਹੋ ਗਿਆ ਸੀ, ਜਦੋਂ ਇਕ ਅਖਬਾਰ ਨੇ ਮੇਰਾ 'ਤੇ ਸ਼ਹਿਜ਼ਾਦੀ ਡਾਇਨਾ ਦਾ ਇਸ਼ਕ ਜਨਤਕ ਤੌਰ 'ਤੇ ਨਸ਼ਰ ਕਰ ਦਿੱਤਾ ਸੀ। ਉਸੇ ਪਲ ਤੋਂ ਇਕ ਫੌਜੀ ਅਫ਼ਸਰ ਵਜੋਂ ਮੇਰੇ ਦਿਨਾਂ ਦੀ ਪੁੱਠੀ ਗਿਣਤੀ ਆਰੰਭ ਹੋ ਗਈ ਸੀ। ਮੈਂ ਮਾਨਸਿਕ ਤਨਾਅ ਦਾ ਸ਼ਿਕਾਰ ਹੋ ਗਿਆ ਸੀ। ਘਟਿਆਂਬੱਧੀ ਮੈਂ ਜੀਉਂਦੇ ਜਾਗਦੇ ਇਨਸਾਨ ਤੋਂ ਪੱਥਰ ਦਾ ਬੁੱਤ ਬਣਿਆ ਆਪਣੀ ਦੁਨੀਆਂ ਵਿਚ ਗੁਆਚ ਜਾਂਦਾ ਸੀ। ਮੈਂ ਸੁੰਨ ਹੋ ਕੇ ਰਹਿ ਜਾਂਦਾ ਸੀ। ਮੇਰੇ ਵਿਚ ਇਹ ਤਬਦੀਲੀ ਇਉਂ ਹੁੰਦੀ ਸੀ ਜਿਵੇਂ ਛਲਕਦਾ ਪਾਣੀ ਬਰਫ ਬਣ ਜਾਣ ਬਾਅਦ ਠੋਸ ਪਦਾਰਥ ਬਣ ਜਾਂਦਾ ਹੈ।
ਡਾਇਨਾ ਨੇ ਸਭ ਤੋਂ ਚੋਰੀ ਮਹੱਲ ਵਿਚੋਂ ਆਪਣੀਆਂ ਟੇਪਾਂ ਰਿਕਾਰਡ ਕਰ ਕੇ 1991 ਵਿਚ ਪੱਤਰਕਾਰ ਐਂਡਰੂ ਮੋਰਟਨ ਨੂੰ ਆਪਣੀ ਜੀਵਨੀ ਲਿੱਖਣ ਲਾ ਦਿੱਤਾ ਸੀ। ਮੋਰਟਨ ਨੇ ਮੈਨੂੰ ਲਿੱਖਿਆ ਸੀ ਕਿ ਉਹ ਮੇਰੇ ਨਾਲ ਡਾਇਨਾ ਬਾਰੇ ਗੱਲਬਾਤ ਕਰਨ ਲਈ ਮਿਲਣਾ ਚਾਹੁੰਦਾ ਸੀ। ਡਾਇਨਾ ਦਾ ਇਸ ਬਾਰੇ ਪ੍ਰਤੀਕ੍ਰਮ ਵੀ ਇਹੋ ਹੁੰਦਾ ਸੀ, "ਮੈਂ ਕੁਝ ਨਹੀਂ ਕਹਿਣਾ। ਆਪਣੇ ਰਿਸ਼ਤੇ ਬਾਰੇ ਕਿਸੇ ਨੂੰ ਦੱਸ ਜਾਂ ਨਾ ਦੱਸ। ਜੋ ਚੰਗਾ ਲਗਦੈ ਕਰ।"
ਮੈਨੂੰ ਡਾਇਨਾ ਨਾਲ ਆਪਣੇ ਰਿਸ਼ਤੇ ਬਾਰੇ ਝੂਠ ਵੀ ਬੋਲਣਾ ਪੈਣਾ ਸੀ। ਮੈਂ ਐਂਡਰੂ ਨੂੰ ਮਿਲਣ ਤੋਂ ਇੰਨਕਾਰ ਕਰ ਦਿੱਤਾ ਸੀ। ਡਾਇਨਾ ਦੇ ਕੁਝ ਦੋਸਤਾਂ ਨੇ ਲੇਖਕ ਨਾਲ ਗੱਲਬਾਤ ਵੀ ਕੀਤੀ ਸੀ। ਜਿਨ੍ਹਾਂ ਵਿਚ ਉਸਦੀ ਪਰਮ ਸਹੇਲੀ ਕੈਰੋਲਾਇਨ ਬਾਰਥਲੋਮਿਉ ਵੀ ਸੀ। ਜੋ ਉਸ ਨੂੰ ਸਕੂਲ ਤੋਂ ਜਾਣਦੀ ਸੀ। ਉਸ ਨੇ ਡਾਇਨਾ ਦੀਆਂ ਸਮੱਸਿਆਵਾਂ ਬਾਰੇ ਹਮਦਰਦੀ ਭਰੀਆਂ ਟਿੱਪਣੀਆਂ ਵੀ ਕੀਤੀਆਂ ਸਨ। ਉਸਨੂੰ ਡਾਇਨਾ ਦੀ ਬਿਮਾਰੀ, ਵਿਹੁਅਤਾ ਜੀਵਨ ਵਿਚਲੀ ਟੁੱਟ ਭੱਜ ਤੇ ਸਾਡੇ ਸੰਬੰਧ ਬਾਰੇ ਪੂਰਨ ਗਿਆਨ ਸੀ। ਜਦੋਂ ਲੋਕਾਂ ਨੇ ਕਿਤਾਬ ਛਪਣ ਬਾਅਦ ਇਹ ਜਾਨਣਾ ਚਾਹਿਆ ਸੀ ਕਿ ਕੀ ਕੈਰੋਲਾਇਨ ਨੇ ਲੇਖਕ ਨਾਲ ਪਹੁੰਚ ਕਰਕੇ ਡਾਇਨਾ ਨੂੰ ਨਿਰਾਸ਼ ਕੀਤਾ ਸੀ ਤਾਂ ਡਾਇਨਾ ਪੂਰਬਨਿਰਧਾਰਿਤ ਪ੍ਰੈਸ ਫੋਟੋ ਸ਼ੂਟ ਲਈ ਕੈਰੋਲਾਇਨ ਦੇ ਘਰ ਚਲੀ ਗਈ ਸੀ ਤੇ ਉਸ ਨਾਲ ਜਾ ਕੇ ਜੱਫੀਆਂ ਪਾ ਪਾ ਉਸਨੇ ਫੋਟੋਆਂ ਖਿਚਵਾਈਆਂ ਸਨ। ਪਰ ਸੱਚ ਬਾਅਦ ਵਿਚ ਲੋਕਾਂ ਸਾਹਮਣੇ ਆਇਆ ਸੀ ਕਿ ਕਿਤਾਬ ਲਈ ਸਾਰੀ ਸਮਗਰੀ ਡਾਇਨਾ ਨੇ ਖੁਦ ਮੁਹੱਈਆ ਕਰਵਾਈ ਸੀ ਤੇ ਇਹ ਸਾਰਾ ਪ੍ਰੋਜੈਕਟ ਉਸ ਦਾ ਹੀ ਆਡੀਆ ਸੀ। ਉਸਨੇ ਬਹੁਤ ਸਾਰੀਆ ਟੇਪਾਂ ਰਿਕਾਰਡ ਕਰਕੇ ਐਂਡਰੂ ਮੋਰਟਨ ਨੂੰ ਦੇਣ ਲਈ ਆਪਣੇ ਦੋਸਤ ਡਾਕਟਰ ਜੇਮਜ਼ ਕੌਲਹਰਟਜ਼ ਹੱਥ ਭੇਜੀਆਂ ਸਨ।
ਉਸ ਤੋਂ ਅਗਲੇ ਸਾਲ ਡਾਇਨਾ ਦੀਆਂ ਟੇਪਾਂ ਉੱਤੇ ਅਧਾਰਤ ਉਹ ਪੁਸਤਕ ਡਾਇਨਾ: ਉਸਦੀ ਸੱਚੀ ਕਹਾਣੀ ( Diana:
Her True Story ) ਛਪ ਗਈ ਸੀ ਤੇ ਉਸੇ ਸਾਲ ਹੀ ਜੂਨ 1992 ਵਿਚ ਸੰਡੇ ਟਾਇਮਜ਼ ਨੇ ਐਂਡਰੂ ਮੋਰਟਨ ਦੀ ਲਿੱਖੀ ਪੁਸਤਕ ਡਾਇਨਾ: ਹਰ ਟਰੂ ਸਟੋਰੀ ਸਿਲਸਿਲੇ ਵਾਰ ਛਾਪਣੀ ਸ਼ੁਰੂ ਕਰ ਦਿੱਤੀ ਸੀ। ਜਿਸ ਵਿਚ ਡਾਇਨਾ ਦੀ ਵਿਆਹੁਤਾ ਜ਼ਿੰਦਗੀ ਵਿਚ ਆਈਆਂ ਤਰੇੜ੍ਹਾਂ ਦਾ ਖੁੱਲਮ-ਖੁੱਲ੍ਹਾ ਖੁਲਾਸਾ ਸੀ। ਕਿਤਾਬ ਵਿਚ ਡਾਇਨਾ ਨਾਲ ਮੇਰੀ ਦੋਸਤੀ ਦੇ ਅਨੇਕਾਂ ਹਵਾਲੇ ਸਨ। ਉਸ ਵਿਚ ਕਈ ਗੱਲਾਂ ਗਲਤ ਵੀ ਲਿੱਖਿਆ ਗਈਆਂ ਸਨ, ਜਿਵੇਂ ਕਿ ਡਾਇਨਾ ਦੇ ਬੱਚੇ ਮੇਰੇ ਨਾਲ ਘੋੜਸਵਾਰੀ ਕਰਨ ਜਾਂਦੇ ਸਨ। ਮੇਰਾ ਖਿਆਲ ਹੈ ਕਿ ਜੇ ਮੈਂ ਲੇਖਕ ਨੂੰ ਮਿਲ ਲੈਂਦਾ ਤਾਂ ਦੱਸ ਦੇਣਾ ਸੀ ਕਿ ਡਾਇਨਾ ਦੇ ਬੱਚੇ ਕਦੇ ਵੀ ਮੇਰੇ ਨਾਲ ਘੋੜਸਵਾਰੀ ਕਰਨ ਨਹੀਂ ਸਨ ਗਏ।
ਸਾਰਾ ਖਿਲਾਅ ਅਫ਼ਵਾਹਾਂ ਦੇ ਗੁਭਾਰ ਨਾਲ ਭਰਿਆ ਪਿਆ ਸੀ, ਜਿਸ ਵਿਚੋਂ ਕੁਝ ਸੱਚੀਆਂ, ਲੇਕਿਨ ਅਧਿਕਤਰ ਝੂਠ ਦਾ ਪੁਲੱਦਾ ਸਨ। ਉਨ੍ਹਾਂ ਵਿੱਚੋਂ ਇਕ ਅਨੁਸਾਰ ਮੈਂ ਅਤੇ ਡਾਇਨਾ ਫੁਲਹਮ ਵਿਖੇ ਇਕ ਘਰ ਵਿਚ ਇਕੱਠੇ ਰਹਿੰਦੇ ਪ੍ਰਚਾਰਿਆ ਜਾ ਰਿਹਾ ਸੀ। ਨਿਸਦਿਨ ਪ੍ਰੈਸ ਵੱਲੋਂ ਲਗਾਏ ਜਾਂਦੇ ਇਲਜ਼ਾਮਾਂ ਸਬੰਧੀ ਤੁਸੀਂ ਬਹੁਤੀ ਦੇਰ ਤੱਕ ਖਾਮੋਸ਼ ਨਹੀਂ ਰਹਿ ਸਕਦੇ। ਮੈਂ ਵੀ ਆਪਣੀ ਚੁੱਪ ਤੋੜ੍ਹਨ ਲਈ ਡੇਲੀ ਐਕਸਪ੍ਰੈਸ ਅਖ਼ਬਾਰ ਦੀ ਪੱਤਰਪ੍ਰੇਰਕ ਐਨਾ ਪਾਸਟਰਨਕ ਨੂੰ ਇੰਟਰਵਿਊ ਦਿੱਤੀ ਸੀ। ਜਿਸ ਵਿਚ ਮੈਂ ਡਾਇਨਾ ਨਾਲ ਆਪਣੀ ਦੋਸਤੀ ਨੂੰ ਤਾਂ ਸਵਿਕਾਰਿਆ ਸੀ, ਪਰ ਰਿਸ਼ਤੇ ਦੇ ਸੰਦਰਭ ਵਿਚ ਝੂਠ ਬੋਲ ਦਿੱਤਾ ਸੀ। ਇਸ ਨੇ ਮਾਮਲਾ ਸੁਲਝਾਉਣ ਦੀ ਬਜਾਏ ਤਾਣੀ ਹੋਰ ਵੀ ਉਲਝਾ ਦਿੱਤੀ ਸੀ। ਪ੍ਰੈਸ ਕੋਲ ਮੇਰੇ ਤੇ ਡਾਇਨਾ ਦੇ ਰਿਸ਼ਤੇ ਦੀ ਸਚਾਈ ਸਾਬਤ ਕਰਦੇ ਅਨੇਕਾਂ ਸਬੂਤ ਸਨ। ਉਸ ਤੋਂ ਪਸ਼ਚਾਤ ਮੈਂ ਮਜ਼ਾਕ ਦਾ ਪਾਤਰ ਤੇ ਪ੍ਰੈਸ ਦਾ ਪ੍ਰਮੁੱਖ ਨਿਸ਼ਾਨਾ ਬਣ ਗਿਆ ਸੀ।
ਕਿਤਾਬ ਵਿਚ ਉਜਾਗਰ ਕੀਤੀ ਜਾਣਕਾਰੀ ਅਤੇ ਤੱਥ ਡਾਇਨਾ ਨੂੰ ਤਲਾਕ ਲੈਣ ਵਿਚ ਸਹਾਈ ਹੋ ਨਿਬੜੇ ਸਨ। ਮੈਂ ਕੈਰੋਲਾਇਨ ਹੱਥ ਸੁਨੇਹਾ ਦੇ ਕੇ ਡਾਇਨਾ ਨੂੰ ਕਿਹਾ ਸੀ ਕਿ ਮੈਨੂੰ ਖੁਸ਼ੀ ਹੈ ਕਿ ਉਸਨੂੰ ਅਜ਼ਾਦੀ ਮਿਲ ਗਈ ਸੀ। ਡਾਇਨਾ ਨੇ ਕਿਹਾ ਸੀ ਕਿ ਉਹ ਵਿਦੇਸ਼ ਚਲੀ ਜਾਣਾ ਚਾਹੁੰਦੀ ਸੀ ਤੇ ਆਪਣੇ ਬੱਚਿਆਂ ਉੱਤੇ ਆਪਣਾ ਸਮਾਂ ਨਿਛਾਵਰ ਕਰਨਾ ਲੋਚਦੀ ਸੀ।
ਸ਼ਹਿਜ਼ਾਦਾ ਚਾਰਲਸ ਨੇ ਵੀ ਆਪਣੀ ਸ਼ਾਦੀ ਤਿੜਕਣ, ਬੇਵਫਾਈ ਅਤੇ ਕੈਮਿਲਾ ਪਾਰਕਰ ਬੋਲ ਦੇ ਉਸਦੀ ਜ਼ਿੰਦਗੀ ਵਿਚ ਨਿਭਾਏ ਜਾਂਦੇ ਕਿਰਦਾਰ ਬਾਰੇ 1994 ਵਿਚ ਛਪੀ ਜੌਹਨਥਨ ਕਿੰਬਰਲੀ ਵੱਲੋਂ ਲਿੱਖੀ ਆਪਣੀ ਜੀਵਣੀ ਵਾਲੀ ਪੁਸਤਕ (The
Prince of Whales: An
Intimate Portrait of the Man Born to Be King) ਡਾਇਨਾ ਨਾਲ ਸੰਬੰਧਤ ਬਹੁਤ ਸਾਰੀਆਂ ਅਣਅਧਿਕਾਰਿਤ ਤੇ ਅਣਪ੍ਰਵਾਨਿਤ ਕਿਤਾਬਾਂ ਮਾਰਕੀਟ ਵਿਚ ਆ ਗਈਆਂ ਸਨ। ਐਨਾ ਪਾਸਟਰਨਕ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਇਹ ਯੋਗ ਸਮਾਂ ਸੀ ਕਿ ਇਕ ਸਹੀ ਕਿਤਾਬ ਰਾਹੀਂ ਯਥਾਰਥਕ ਤੱਥ ਪੇਸ਼ ਕਰਕੇ ਸਾਰੇ ਮਾਮਲੇ ਉੱਤੇ ਮਿੱਟੀ ਪਾਈ ਜਾ ਸਕੇ। ਉਸ ਵਕਤ ਟੇਡੀ ਖੀਰ ਨੂੰ ਸਿੱਧੀ ਕਰਨ ਲਈ ਇਹ ਸਮਝਦਾਰੀ ਵਾਲਾ ਕਦਮ ਜਾਪਦਾ ਸੀ। ਪਰ ਜਦੋਂ ਪ੍ਰਕਾਸ਼ਕ ਨੇ ਐਨਾ ਦਾ ਤਿਆਰ ਕੀਤਾ ਖਰੜਾ ਦੇਖਿਆ ਤਾਂ ਉਸਨੇ ਨੇ ਉਸ ਵਿਚ ਤਬਦੀਲੀਆਂ ਕਰਨ ਅਤੇ ਵਧੇਰੇ ਸਨਸਨਖੇਜ਼ ਮਸਾਲਾ ਭਰਨ ਦੀ ਮੰਗ ਕੀਤੀ ਸੀ। ਮੇਰੀ ਇਸ ਜੰਝਾਲ ਵਿਚ ਹੋਰ ਫਸਣ ਦੀ ਕੋਈ ਇੱਛਾ ਨਹੀਂ ਸੀ ਤੇ ਜਦੋਂ ਮੈਂ ਇਸ ਵਿਚੋਂ ਨਿਕਲਣ ਦਾ ਫੈਸਲਾ ਕੀਤਾ ਸੀ ਤਾਂ ਮੈਨੂੰ ਜਾਣੂ ਕਰਵਾਇਆ ਗਿਆ ਸੀ ਕਿ ਅਜਿਹਾ ਸੰਭਵ ਨਹੀਂ ਸੀ। ਮੇਰੇ ਦਿਮਾਗ ਵਿਚ ਖਲਬਲੀ ਮੱਚੀ ਪਈ ਸੀ। ਮੈਨੂੰ ਐਨਾ ਪਾਸਟਰਨਕ ਵੱਲੋਂ ਗਲਤ ਸਲਾਹ ਦਿੱਤੀ ਗਈ ਸੀ। ਜਿਸਦਾ ਨਤੀਜਾ ਪੇਚੀਦਾ ਸਮਝੌਤਾ ਯਾਨੀ ਪ੍ਰਿਸੈਸ ਇੰਨ ਲਵ (Princess
in Love by Anna Pasternak) ਕਿਤਾਬ ਦਾ ਛਪਣਾ ਸੀ, ਜਿਸਦਾ ਮੈਂ ਅਤੇ ਲੇਖਿਕਾ ਐਨਾ ਪਾਸਟਰਨਕ ਦੋਨੋਂ ਖੰਡਨ ਕਰ ਚੁੱਕੇ ਸੀ। ਵਿਸ਼ਵਾਸ਼ਘਾਤ ਤੋਂ ਉਸਦਾ ਮਤਲਬ ਸਾਡੇ ਇਸ਼ਕ ਉੱਥੇ ਅਧਾਰਿਤ ਕਿਤਾਬ ਲਿਖਣ ਲਈ ਮੇਰਾ ਸਮਗਰੀ ਮੁਹਈਆ ਕਰਨਾ ਸੀ। ਕਿਤਾਬ ਛਪਣ ਬਾਅਦ ਮੇਰੇ ਤੇ ਡਾਇਨਾ ਦੇ ਰਿਸ਼ਤੇ ਬਾਰੇ ਹੋਰ ਵੀ ਵੱਧ ਰੌਲਾ ਰੱਪਾ ਪੈ ਗਿਆ ਸੀ। ਸ਼ਾਹੀ ਪਰਿਵਾਰ ਦੇ ਸ਼ੁਭਚਿੰਤਕ ਮੈਨੂੰ ਗਾਲ੍ਹਾਂ ਕੱਢਣ ਅਤੇ ਧਮਕੀਆਂ ਦੇਣ ਲੱਗ ਪਏ ਸਨ। ਮੇਰੇ ਖਿਲਾਫ ਅਖ਼ਬਾਰਾਂ ਵਿਚ ਅਨਾਬ-ਸ਼ਨਾਬ ਲੇਖ ਛਪਣ ਲੱਗੇ ਸਨ। ਜੋ ਮੈਨੂੰ ਪ੍ਰੇਸ਼ਾਨ ਕਰ ਜਾਂਦੇ ਸਨ।
20 ਨਵੰਬਰ 1995 ਦੀ ਰੋਜ਼ ਨੂੰ ਅਸੀਂ ਤਿੰਨ ਜਣੇ ਘਰ ਸਾਂ, ਮੈਂ , ਮੇਰੀ ਮਾਂ ਸ਼ਰਲੀ ਅਤੇ ਮੇਰਾ ਦੋਸਤ ਅਸਟੇਟ ਏਜੰਟ ਟੈਰੰਸ ਰੌਅਲੈਂਡ। ਮੌਸਮ ਖੁਸ਼ਗਵਾਰ ਨਹੀਂ ਸੀ। ਧੁੰਦ ਪੈਣ ਕਾਰਨ ਦੁਪਿਹਰ ਵੇਲੇ ਹੀ ਕਾਫੀ ਹਨੇਰਾ ਪਸਰ ਚੁੱਕਾ ਸੀ। ਮੈਂ ਘੋੜਸਵਾਰੀ ਦੇ ਕੋਰਸ ਨੂੰ ਖਾਰਜ ਕਰਕੇ ਅਸਤਬਲ ਅਤੇ ਘਰ ਦੀ ਸਾਫ-ਸਫਾਈ ਅਤੇ ਮੁਰੰਮਤ ਵਿਚ ਜੁੱਟ ਗਿਆ ਸੀ।
ਅਸੀਂ ਰਾਤਰੀ ਭੋਜ ਸਵੱਖਤੇ ਹੀ ਕਰ ਲਿਆ ਸੀ ਤੇ ਟੈਲੀਵਿਜ਼ਨ ਮੂਹਰੇ ਬੀ. ਬੀ. ਸੀ. ਦੇ ਪੈਨੋਰਾਮਾ ਪ੍ਰੋਗਰਾਮ ਦੀ ਖਾਸ ਪੇਸ਼ਕਸ਼ ਦੇਖਣ ਲਈ ਬੈਠ ਗਏ ਸੀ। ਇਹ ਕਈ ਦਿਨ ਪਹਿਲਾਂ ਹੀ ਅਲਾਨਿਆ ਜਾ ਚੁੱਕਾ ਸੀ ਕਿ ਇਸ ਪ੍ਰੋਗਰਾਮ ਵਿਚ ਸ਼ਹਿਜ਼ਾਦੀ ਡਾਇਨਾ ਦੀ ਮੁਲਾਕਾਤ ਨਸ਼ਰ ਕੀਤੀ ਜਾਵੇਗੀ। ਸ਼ਹਿਜ਼ਾਦਾ ਚਾਰਲਸ ਨਾਲ 1981 ਵਿਚ ਮੰਗਣੀ ਹੋਣ ਉਪਰੰਤ ਡਾਇਨਾ ਦੀ ਇਹ ਪਹਿਲੀ ਟੀ.ਵੀ. ਇੰਟਰਵਿਊ ਸੀ। ਹੁਣ ਉਸਨੂੰ ਚਾਰਲਸ ਨਾਲੋਂ ਵੱਖ ਹੋਇਆ ਤਿੰਨ ਵਰ੍ਹੇ ਬੀਤ ਚੁੱਕੇ ਸਨ।
ਕਿਸੇ ਨੇ ਤਸੱਵਰ ਵੀ ਨਹੀਂ ਕੀਤਾ ਸੀ ਤੇ ਨਾ ਹੀ ਕਿਸੇ ਨੂੰ ਕੋਈ ਅੰਦਾਜ਼ਾ ਸੀ ਕਿ ਡਾਇਨਾ ਕੀ ਕਹੇਗੀ। ਖਾਸਕਰ ਮੈਨੂੰ ਤਾਂ ਬਿਲਕੁਲ ਹੀ ਇਲਮ ਨਹੀਂ ਸੀ ਕਿ ਉਹ ਕੀ ਬਿਆਨ ਦੇਵੇਗੀ, ਭਾਵੇਂ ਕਿ ਮੇਰੇ ਕੋਲ ਅਜੇ ਵੀ ਉਸਦਾ ਨਿੱਜੀ ਫੋਨ ਨੰਬਰ ਸੀ, ਪਰ ਸਾਨੂੰ ਗੱਲਬਾਤ ਕਰਿਆਂ ਕਾਫੀ ਅਰਸਾ ਹੋ ਗਿਆ ਸੀ। ਸ਼ਹਿਜ਼ਾਦਾ ਚਾਰਲਸ ਕੈਮਿਲਾ ਪਾਰਕਰ ਬੋਲਜ਼ ਨਾਲ ਆਪਣੇ ਸਰੀਰਕ ਸੰਬੰਧ ਅਤੇ ਹਮਗਮਨੀ ਜੌਹਨਾਥਨ ਕਿੰਬਰਲੀ ਨਾਲ ਟੈਲੀਵਿਜ਼ਨ ਮੁਲਾਕਾਤ ਵਿਚ ਪਹਿਲਾਂ ਹੀ ਕਬੂਲ ਚੁੱਕਾ ਸੀ। ਇਹੀ ਇਕ ਨੁਕਤਾ ਸੀ ਜੋ ਵਧੇਰੇ ਲੋਕਾਂ ਨੂੰ ਉਸ ਮੁਲਾਕਾਤ ਵਿਚੋਂ ਯਾਦ ਸੀ। ਮੈਨੂੰ ਇਸ ਬਾਰੇ ਰੱਤੀ ਭਰ ਵੀ ਸੰਦੇਹ ਨਹੀਂ ਸੀ ਕਿ ਡਾਇਨਾ ਇਸ ਵਿਸ਼ੇ 'ਤੇ ਆਪਣੀ ਕੋਈ ਟਿੱਪਣ ਕਰਨ ਤੋਂ ਗੁਰੇਜ਼ ਕਰੇਗੀ।
ਮੈਂ ਡਾਇਨਾ ਦੀ ਮੁਲਾਕਾਤ ਇਕੱਲਿਆਂ ਦੇਖਣਾ ਚਾਹੁੰਦਾ ਸੀ, ਇਸ ਲਈ ਜਲਦ ਸੌਣ ਦਾ ਬਹਾਨਾ ਬਣਾ ਕੇ ਮੈਂ ਆਪਣੀ ਖੁਆਬਗਾਹ ਵਿਚ ਚਲਾ ਗਿਆ ਸੀ। ਦੂਜਾ ਅਗਲੇ ਦਿਨ ਮੈਂ ਘੋੜਿਆਂ ਨੂੰ ਕਸਰਤ ਕਰਵਾਉਣ ਲਈ ਅੰਮ੍ਰਿਤ ਵੇਲੇ ਉੱਠਣਾ ਸੀ। ਜਦੋਂ ਮੈਂ ਆਪਣੇ ਕਮਰੇ ਵਿਚ ਜਾ ਕੇ ਟੈਲੀਵਿਜ਼ਨ ਚਲਾਇਆ ਤਾਂ ਪ੍ਰੋਗਰਾਮ ਪਹਿਲਾਂ ਹੀ ਆਰੰਭ ਹੋ ਚੁੱਕਾ ਸੀ। ਡਾਇਨਾ ਆਪਣੇ ਮਾਨਸਿਕ ਤਨਾਅ, ਭੁੱਖ ਨਾ ਲੱਗਣ ਦੀ ਬਿਮਾਰੀ ਅਤੇ ਸ਼ਾਹੀ ਮਹੱਲ ਅੰਦਰ ਆਪਣੇ ਦੁਸ਼ਮਣਾਂ ਦੇ ਖੌਫ ਮੁਅਤੱਲਕ ਦੱਸ ਰਹੀ ਸੀ। ਇਹ ਉਹ ਵਿਸ਼ੇ ਸਨ, ਜਿਨ੍ਹਾਂ ਬਾਰੇ ਮੈਂ ਭਲੀਭਾਂਤ ਜਾਣੂ ਸੀ। ਫੇਰ ਕੈਮਿਲਾ ਦਾ ਜ਼ਿਕਰ ਆ ਗਿਆ ਤੇ ਡਾਇਨਾ ਤਤਫਟ ਬੋਲੀ, "ਸਾਡੇ ਵਿਆਹ ਵਿਚ ਅਸੀਂ ਤਿੰਨ ਜਣੇ ਸੀ, ਜਿਸ ਕਾਰਨ ਭੀੜ ਸੀ।( There
were three of us in our marriage and it was bit crowded )"
ਇਹ ਫਿਕਰਾ ਮੇਰੇ ਲਈ ਕਾਫੀ ਜਾਣਿਆ-ਪਹਿਚਾਣਿਆ ਸੀ, ਕਿਉਂਕਿ ਡਾਇਨਾ ਦੇ ਮੂੰਹੋਂ ਮੈਂ ਪਹਿਲਾਂ ਅਨੇਕਾਂ ਵਾਰ ਸੁਣ ਚੁੱਕਿਆ ਸੀ। ਬਹਿਰਹਾਲ, ਟੈਲੀਵਿਜ਼ਨ ਦੀ ਸਕਰੀਨ 'ਤੇ ਬੈਠੇ ਉਸ ਵਿਅਕਤੀ ਲਈ ਇਹ ਮੂਲੋਂ ਸੱਜਰਾ ਤੇ ਅਣਸੁਣਿਆ ਸੀ। ਮੈਨੂੰ ਇਉਂ ਜਾਪਦਾ ਸੀ ਜਿਵੇਂ ਬੀ. ਬੀ. ਸੀ. ਵਾਲੇ ਡਾਇਨਾ ਦੀ ਥਾਂ ਕਿਸੇ ਅਦਾਕਾਰਾ ਤੋਂ ਅਦਾਰਾਕੀ ਕਰਵਾ ਰਹੇ ਹੋਣ।
ਬਜਾਏ ਸਵੈਵਿਸ਼ਵਾਸੀ, ਆਸ਼ਿਕਮਿਜ਼ਾਜ, ਵਿਨੋਦਮਈ ਅਤੇ ਮਸਖਰੀ ਡਾਇਨਾ ਦੇ, ਜੋ ਆਪਣੀਆਂ ਅਦਾਵਾਂ ਅਤੇ ਭਰਮਾਉਣ ਕਲਾ ਲਈ ਸਹਿਜੇ ਹੀ ਨੋਬਲ ਪੁਰਸਕਾਰ ਜਿੱਤ ਸਕਦੀ ਸੀ। ਉਥੇ ਪੁਰਾਣੀ ਅੱਲੜ ਤੇ ਅਣਭੋਲ ਸ਼ਹਿਜ਼ਾਦੀ ਡਾਇਨਾ ਸੀ। ਜੋ ਸੰਗਾਊ, ਲੱਜਾਵਾਨ ਤੇ ਮੁਲਾਕਾਤੀ ਨਾਲ ਘੱਟ-ਵੱਧ ਹੀ ਨਜ਼ਰਾਂ ਮਿਲਾਉਂਦੀ ਸੀ। ਜਦੋਂ ਉਸ ਨੇ ਅੱਖਾਂ ਚੁੱਕ ਕੇ ਸ਼ਿਆਹ ਗੂੜੇ ਆਈਲਾਈਨਰ (ਜੋ ਉਹ ਆਮ ਤੌਰ 'ਤੇ ਨਹੀ ਸੀ ਵਰਤਦੀ) ਰਾਹੀਂ ਮੁਲਾਕਾਤੀ ਨੂੰ ਦੇਖਿਆਂ ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਕੋਈ ਗਵਾਹ ਗਵਾਹੀ ਦੇ ਰਿਹਾ ਹੋਵੇ ਤੇ ਆਪਣੇ ਬੋਲੇ ਜਾਣ ਵਾਲਾ ਹਰ ਇਕ ਸ਼ਬਦ ਚੁਣ-ਚੁਣ ਅਤੇ ਸੰਕੋਚ ਨਾਲ ਬੋਲ ਰਿਹਾ ਹੋਵੇ।
ਮੈਨੂੰ ਉਸ ਨਾਲ ਹਮਦਰਦੀ ਹੋ ਰਹੀ ਸੀ। ਬਿਨਾ ਕਿਸੇ ਸਾਥੀ ਪੱਤਰਕਾਰ ਜਾਂ ਲੇਖਕ ਦੋਸਤ ਦੀ ਮਦਦ ਲਿੱਤਿਆਂ ਆਪਣਾ ਪੱਖ ਤੇ ਆਪਣੀ ਕਹਾਣੀ ਦੁਨੀਆਂ ਅੱਗੇ ਬਿਆਨ ਕਰਨੀ ਕੋਈ ਸੌਖਾ ਕਾਰਜ ਨਹੀਂ ਸੀ। … ਤੇ ਫੇਰ ਇਕ ਅਸਮਾਨੀ ਗੋਲਾ ਡਿੱਗਿਆ ਸੀ।
"ਕੀ ਤੁਸੀਂ ਕਪਤਾਨ ਹਿਊਵਟ ਨਾਲ ਰਿਸ਼ਤਾ ਦੋਸਤੀ ਤੋਂ ਵੱਧ ਕੇ ਸਨ ਤੇ ਇਹ ਸੰਬੰਧ ਸਥਾਪਿਤ ਕਰਕੇ ਬਦਚਲਨੀ ਤੇ ਬੇਵਫਾਈ ਕੀਤੀ ਹੈ?"
ਡਾਇਨਾ ਨੇ ਆਪਣਾ ਸਿਰ ਚੁੱਕਿਆ ਤੇ ਅਵਾਜ਼ ਨੀਵੀਂ ਕਰ ਲਈ ਸੀ, "ਹਾਂ ਮੈਂ ਉਸਨੂੰ ਚਾਹੁੰਦੀ ਸੀ। Yes,
I adored him… Yes, I loved him…… ਹਾਂ, ਮੈਂ ਉਸਨੂੰ ਪਿਆਰ ਕੀਤਾ ਸੀ।…" ਥੋੜ੍ਹਾ ਰੁੱਕ ਕੇ ਡਾਇਨਾ ਬੋਲਣਾ ਜਾਰੀ ਰਖਦੀ ਹੈ, "ਪਰ ਮੇਰੇ ਨਾਲ ਵਿਸ਼ਵਾਸਘਾਤ ਹੋਇਆ ਹੈ।"
ਮੇਰੇ ਦਿਲ ਦੀ ਧੜਕਣ ਵੱਧ ਗਈ ਤੇ ਨਬਜ਼ ਤੇਜ਼ ਚਲਣ ਲੱਗ ਪਈ ਸੀ। ਮੁਲਾਕਾਤੀ ਨੇ ਡਾਇਨਾ ਨੂੰ ਇਹ ਨਹੀਂ ਪੁੱਛਿਆ ਸੀ ਕਿ ਕਿਵੇਂ ਵਿਸ਼ਵਾਸਘਾਤ ਹੋਇਆ ਸੀ। ਉਹ ਹੋਰ ਵਿਸ਼ਿਆਂ ਬਾਰੇ ਪ੍ਰਸ਼ਨ ਕਰਨ ਲੱਗ ਪਿਆ ਸੀ। ਜੋ ਮੈਨੂੰ ਹੁਣ ਯਾਦ ਨਹੀਂ ਕਿਉਂਕਿ ਉਸ ਵਕਤ ਮੇਰੇ ਦਿਮਾਗ ਦੇ ਘੋੜੇ ਸਰਪਟ ਦੌੜ ਰਹੇ ਸਨ।
ਮੈਂ ਟੈਲੀਵਿਜ਼ਨ ਬੰਦ ਕਰ ਦਿੱਤਾ ਸੀ ਤੇ ਬਿਸਤਰੇ ਉੱਤੇ ਲੇਟ ਕੇ ਡਾਇਨਾ ਦੇ ਦਿੱਤੇ ਬਿਆਨ ਦਾ ਅੰਜ਼ਾਮ ਸੋਚਣ ਲੱਗ ਪਿਆ ਸੀ। ਪਰ ਮੈਂ ਬਹੁਤੀ ਦੇਰ ਆਪਣੀਆਂ ਸੋਚਾਂ ਨਾਲ ਸੰਘਰਸ਼ ਕਰਨ ਲਈ ਇਕੱਲਾ ਨਹੀਂ ਸੀ ਰਿਹਾ ਤੇ ਬਿਨਾ ਕਿਸੇ ਚਿਤਾਵਨੀ ਦੇ ਮੇਰੇ ਕਮਰੇ ਅੰਦਰ ਅੱਖਾਂ ਨੂੰ ਚੁੰਧਿਆ ਦੇਣ ਵਾਲੀਆਂ ਕੈਮਰਿਆਂ ਦੀਆਂ ਫਲੈਸ਼ ਲਾਇਟਾਂ ਪੈਣ ਲੱਗ ਪਈਆਂ ਸਨ। ਮੇਰੇ ਘਰ ਦਾ ਆਲਾ-ਦੁਆਲਾ ਲਾਇਟਾਂ ਦੇ ਚਾਨਣ ਵਿਚ ਇਉਂ ਪ੍ਰਕਾਸ਼ਮਾਨ ਹੋ ਗਿਆ ਸੀ ਜਿਵੇਂ ਰਾਤ ਨਹੀਂ ਬਲਕਿ ਦਿਨ ਛੇਤੀ ਚੜ੍ਹ ਗਿਆ ਹੁੰਦਾ ਹੈ।
ਮੈਨੂੰ ਕੁਝ ਨਹੀਂ ਸੀ ਸੁਝ ਰਿਹਾ। ਪੁਲਿਸ ਨੂੰ ਸੂਚਿਤ ਕਰਾਂ ਜਾਂ ਨਾ? ਮੈਂ ਦੁਚਿਤੀ ਵਿਚ ਸੀ। ਡਾਇਨਾ ਨਾਲ ਮੇਰੀ ਦੋਸਤੀ ਜ਼ਾਹਿਰ ਹੋਣ ਬਾਅਦ ਮੈਨੂੰ ਦੱਸਿਆ ਗਿਆ ਸੀ ਕਿ ਮੈਂ ਦਹਿਸ਼ਤਗਰਦਾਂ ਦੀ ਨਿਸ਼ਾਨਾ ਸੂਚੀ ਵਿਚ ਸੀ। ਮੇਰੇ ਘਰ ਉੱਤੇ ਆਪਰੇਸ਼ਨ ਆਰਡਰ ਲੱਗਾ ਹੋਇਆ ਸੀ। ਜਿਸਦਾ ਮਤਲਬ ਜੇ ਮੈਂ 999 ਐਮਰਜ਼ੈਂਸੀ ਨੰਬਰ ਡਾਇਲ ਕਰਕੇ ਕੋਡਵਰਡ 'ਜੁਰਾਸਿਕ' ਦੇਵਾ ਤਾਂ ਜਾਂਚੀ ਪਰਖੀ ਹੋਈ ਪੁਲਿਸ ਟੁੱਕੜੀ ਅਤੇ ਐਂਬੂਲੈਂਸ ਸਕਿੰਟਾਂ ਵਿਚ ਮੇਰੇ ਦਰਵਾਜ਼ੇ 'ਤੇ ਹੋਵੇਗੀ। ਇਸ ਵਿਚ ਸਿਰਫ ਪੁਲਿਸ ਹੀ ਸ਼ਾਮਿਲ ਨਹੀਂ ਸੀ ਬਲਕਿ ਹੈਲੀਕਪਟਰ, ਫਾਇਰਬ੍ਰਿਗੇਡ ਅਤੇ ਲੋੜ੍ਹ ਪੈਣ 'ਤੇ ਸੜਕਾਂ ਬੰਦ ਕਰਨਾ ਵੀ ਸ਼ਾਮਿਲ ਸੀ। ਸਾਰੀਆਂ ਸੇਵਾਵਾਂ ਦੀ ਵੱਧ ਤੋੜ ਵੱਧ ੨੦ ਮਿੰਟ ਵਿਚ ਪਹੁੰਚਣ ਦੀ ਗਰੰਟੀ ਸੀ।
ਮੈਂ ਇਸ ਬੇਵਕਤੀ ਪ੍ਰਕਾਸ਼ ਦਾ ਕਾਰਨ ਜਾਨਣ ਦੇ ਮਕਸਦ ਨਾਲ ਹੇਠਾਂ ਗਿਆ ਤੇ ਪਰਦਾ ਚੁੱਕ ਕੇ ਦੇਖਿਆ ਸੀ। ਮੈਨੂੰ ਬਾਹਰ ਇਕ ਪਰਛਾਵਾਂ ਦਿਖਾਈ ਦਿੱਤਾ ਸੀ। ਉਸ ਦੇ ਪਿੱਛੇ ਇਕ ਵੱਡੀ ਸਰਚਲਾਈਟ ਪੈ ਰਹੀ ਸੀ, ਜਿਵੇਂ ਦੀ ਦੂਜੀ ਵਿਸ਼ਵ ਜੰਗ ਵਿਚ ਐਂਟੀ ਏਅਰ ਕਰਾਫਟ ਗੰਨਰਜ਼ ਨੇ ਵਰਤੀ ਸੀ। ਲਾਇਟਾਂ ਮੇਰੇ ਘਰ ਤੋਂ ਕੁਝ ਦੂਰੀ 'ਤੇ ਸਥਿਤ ਪਹਾੜੀ ਉੱਤੇ ਲਗਾਈਆਂ ਗਈਆਂ ਸਨ ਤੇ ਸਿੱਧੀਆਂ ਮੇਰੇ ਸੌਣ ਕਮਰੇ ਉੱਤੇ ਪੈ ਰਹੀਆਂ ਸਨ। ਪੱਤਰਕਾਰ ਮੇਰੀ ਜਾਗੀਰ ਦੇ ਚਾਰੇ ਪਾਸੇ ਘੇਰਾ ਪਾ ਕੇ ਡੇਰਾ ਲਾਈ ਬੈਠੇ ਸਨ। ਮੈਂ ਦੂਜੇ ਕਮਰੇ ਵਿਚ ਜਾ ਕੇ ਝਾਤੀ ਮਾਰ ਕੇ ਬਾਹਰ ਦੇਖਿਆ ਤਾਂ ਦਰਜਨਾਂ ਦੀ ਤਦਾਦ ਵਿਚ ਟੈਲੀਵਿਜ਼ਨ ਦੇ ਸਮਚਾਰ ਵਾਲੇ ਤੋਪਾਂ ਵਾਂਗ ਕੈਮਰੇ ਬੀੜੀ ਮੋਰਚਾਬੰਦੀ ਕਰੀ ਖੜ੍ਹੇ ਸਨ। ਜਦੋਂ ਵੀ ਡਾਇਨਾ ਦੀ ਨਿੱਜੀ ਜ਼ਿੰਦਗੀ ਅਖ਼ਬਾਰਾਂ ਦੀ ਸੁਰਖੀ ਬਣਦੀ ਸੀ ਤਾਂ ਇਹ ਮਹਿਜ਼ ਇਕ ਸਧਾਰਨ ਪ੍ਰਕਿਆ ਹੋਇਆ ਕਰਦੀ ਸੀ। ਪਰੰਤੂ ਮੈਂ ਹਮੇਸ਼ਾ ਕੋਈ ਟਿੱਪਣੀ ਜਾਂ ਬਿਆਨ ਦੇਣ ਤੋਂ ਕੰਨੀ ਕਤਰਾਈ ਸੀ, ਪ੍ਰੈਸ ਤੋਂ ਅਸਾਨੀ ਨਾਲ ਖਹਿੜਾ ਛਡਾਉਣ ਦਾ ਇਹ ਮੇਰਾ ਆਪਣਾ ਹੀ ਢੰਗ ਸੀ।
ਜਦੋਂ ਮੈਂ ਹੈਠਾਂ ਰਸੋਈ ਵਿਚ ਗਿਆ ਤਾਂ ਮੇਰੀ ਮਾਂ ਤੇ ਟੈਰੰਸਨ ਉਥੇ ਪਹਿਲਾਂ ਹੀ ਮੌਜੂਦ ਸਨ। ਉਹਨਾਂ ਨੂੰ ਇਹ ਸਾਰਾ ਮਾਜਰਾ ਦੱਸਣ ਦੀ ਜ਼ਰੂਰਤ ਨਹੀਂ ਪਈ ਸੀ। ਬਿਨਾ ਦੱਸਿਆਂ ਹੀ ਉਹ ਸਭ ਸਮਝ ਗਏ ਸਨ। ਬਾਹਰੋਂ ਕੁਰਬਲ-ਕੁਰਬਲ ਕਰਦੇ ਫਿਰਦੇ ਲੋਕਾਂ ਦੀਆਂ ਅਵਾਜ਼ਾਂ ਆ ਰਹੀਆਂ ਸਨ। ਯਕਾਯਕ ਦਰਵਾਜ਼ੇ ਭੰਨ੍ਹਣ ਦਾ ਖੜਕਾ ਹੋਇਆ ਸੀ। ਮੈਨੂੰ ਬੜਾ ਗੁੱਸਾ ਆ ਰਿਹਾ ਸੀ। ਚਿੱਤ ਕਰਦਾ ਸੀ ਪੱਤਰਕਾਰਾਂ ਨੂੰ ਗੋਲੀਆਂ ਨਾਲ ਉਡਾ ਦੇਵਾਂ। ਪਰ ਮੈਂ ਆਪਣਾ ਜਾਵਤਾ ਕਾਇਮ ਰੱਖਿਆ ਸੀ। ਇਹ ਮੇਰੀ ਸ਼ਖਸੀਅਤ ਦੀ ਖਾਸੀਅਤ ਹੈ ਕਿ ਨਾਜੁਕ ਤੋਂ ਨਾਜੁਕ ਪ੍ਰਸਿਥਤੀ ਵਿਚ ਵੀ ਮੈਂ ਜੋਸ਼ ਦੀ ਬਾਜਏ ਹੋਸ਼ ਤੋਂ ਕੰਮ ਲੈਂਦਾ ਹਾਂ ਤੇ ਆਪਣਾ ਦਿਮਾਗੀ ਸੰਤੁਲਤ ਡਗਮਗਾਉਣ ਨਹੀਂ ਦਿੰਦਾ। ਗੌਲਫ ਜੰਗ ਵਿਚ ਟੈਕਾਂ ਦੇ ਸਕੂਆਡਰਨ ਦੀ ਪ੍ਰਤੀਨਿਧਤਾਂ ਕਰਦਿਆਂ ਹੋਇਆਂ ਵੀ ਮੈਂ ਬੜੇ ਠਰਮੇ ਤੋਂ ਕੰਮ ਲਿਆ ਸੀ। ਸ਼ਾਇਦ ਇਸੇ ਵਜ੍ਹਾ ਕਰਕੇ ਮੇਰੇ ਸਾਥੀਆਂ ਨੇ ਮੇਰੀ ਛੇੜ 'ਆਈਸਮੈਨ' ਭਾਵ ਬਰਫੀਲਾ ਪੁਰਸ਼ ਪਾ ਦਿੱਤੀ ਸੀ।
ਟੈਰੰਸ ਪੱਤਰਕਾਰ ਨਾਲ ਮਾਮਲਾ ਨਜਿੱਠਣ ਵਿਚ ਮਾਹਰ ਸੀ। ਪਹਿਲਾਂ ਵੀ ਜਦੋਂ ਕਦੇ ਘਰ ਤੋਂ ਬਾਹਰ ਜਾਂਦੇ ਰਸਤੇ 'ਤੇ ਪੱਤਰਕਾਰ ਕੁੱਤੇ ਨੂੰ ਸੈਰ ਕਰਨ ਦਾ ਬਹਾਨਾ ਬਣਾ ਕੇ ਘੁੰਮਦੇ ਨਜ਼ਰ ਆਉਂਦੇ ਤਾਂ ਉਹ ਉਹਨਾਂ ਨੂੰ ਉਥੋਂ ਚਲਦੇ ਬਣਨ ਲਈ ਨਿਰਝਿਜਕ ਆਖ ਦਿੰਦਾ ਸੀ। ਜਦੋਂ ਕਦੇ ਵੀ ਟੈਰੰਸ ਨੂੰ ਘਰ ਕੋਲ ਕਿਸੇ ਦੇ ਭਟਕਣ ਦੀ ਬਿੜਕ ਆਉਂਦੀ ਤਾਂ ਰਾਤ-ਬਰਾਤੇ ਉਹ ਬੈਟਰੀ ਲੈ ਕੇ ਬਾਹਰ ਚਲਾ ਜਾਂਦਾ ਸੀ। ਜੇ ਕੋਈ ਫੋਟੋਗ੍ਰਾਫਰ ਚੋਰੀ ਫੋਟੋ ਖਿਚਣ ਦਾ ਦਾਅ ਲਾਉਂਦਾ ਨਜ਼ਰ ਆਉਂਦਾ ਤਾਂ ਉਹ ਝਿੜਕ ਕੇ ਉਸਨੂੰ ਭਜਾ ਦਿੰਦ ਸਾ। ਲੇਕਿਨ ਅੱਜ ਲਾਇਟ ਅਤੇ ਕੈਮਰਿਆਂ ਦੀ ਮੌਜੂਦਗੀ ਨਾਲ ਇਹ ਸਪਸ਼ਟ ਸੀ। ਉਹ ਬਾਹਰ ਗਿਆ ਤੇ ਉਸਨੇ ਪੱਤਰਕਾਰਾਂ ਨੂੰ ਆਖ ਦਿੱਤਾ ਸੀ ਕਿ ਮੈਂ ਮਿਲਣਾ ਅਤੇ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਲਈ ਉਹ ਚਲੇ ਜਾਣ ਤਾਂ ਜੋ ਪਿੰਡ ਅਰਾਮ ਨਾਲ ਸੌਂ ਸਕੇ।
ਉਦੋਂ ਤਾਂ ਉਹ ਟਲ ਗਏ ਸਨ। ਪਰ ਸਵੇਰਾ ਹੁੰਦਿਆਂ ਹੀ ਪੱਤਰਕਾਰਾਂ, ਰੇਡੀਉ ਅਤੇ ਟੈਲੀਵਿਜ਼ਨ ਵਾਲੀਆਂ ਦਾ ਫੇਰ ਭਾਰੀ ਮਾਤਰਾ ਵਿਚ ਤਾਂਤਾ ਲੱਗ ਗਿਆ ਸੀ। ਤਕਰੀਬਨ 30 ਕਾਰਾਂ ਗੇਟ 'ਤੇ ਅਤੇ 15 ਘਰ ਦੇ ਪਿਛਵਾੜੇ ਸੜਕ ਉੱਤੇ ਸਨ। ਨੌਰਫਲਕ ਤੋਂ ਲਿਆਂਦਾ ਮੇਰੀ ਮਾਂ ਦਾ ਟੈਰੀਅਰ ਨਸਲ ਦਾ ਕਲੋਬਸ ਬੜਾ ਜ਼ਹਿਰੀ ਕੁੱਤਾ ਸੀ। ਜਦੋਂ ਉਹ ਪਿਛਲੇ ਦਰਵਾਜ਼ੇ ਵੱਲ ਅਹੁਲਿਆ ਤਾਂ ਬਿਨਾ ਡਰਿਆਂ ਇਕ ਪੱਤਰਕਾਰ ਨੇ ਡਾਇਨਾ ਦੇ ਰਾਤੀ ਦਿੱਤੇ ਬਿਆਨ ਉੱਤੇ ਮੈਨੂੰ ਟਿੱਪਣੀ ਕਰਨ ਨੂੰ ਕਿਹਾ ਸੀ।ਸੱਚਮੁਚ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਸੀ ਸਿਵਾਏ ਉਹਨਾਂ ਨੂੰ ਉਥੋਂ ਚਲੇ ਜਾਣ ਲਈ ਕਹਿਣ ਦੇ।
ਸਥਾਨਕ ਪੁਲਿਸ ਬਿਨਾ ਬੁਲਾਇਆਂ ਆਪੇ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਆ ਗਈ ਸੀ। ਰਸੋਈ ਵਿਚ ਬੈਠ ਕੇ ਪੁਲਿਸ ਅਫ਼ਸਰ ਸਾਡੇ ਨਾਲ ਕੌਫੀ ਪੀ ਕੇ ਚਲੇ ਗਏ ਸਨ ਤੇ ਉਹਨਾਂ ਨੇ ਲੋਕਾਂ ਨੂੰ ਉਥੋਂ ਦੂਰ ਕਰਨ ਲਈ ਉਹ ਸਭ ਕੀਤਾ, ਜੋ ਉਹ ਕਰ ਸਕਦੇ ਸਨ। ਅਗਲਾ ਦਿਨ ਜਦੋਂ ਸਾਡੇ ਕੋਲ ਖਾਣ ਲਈ ਰਾਸ਼ਨ ਮੁੱਕ ਗਿਆ ਤਾਂ ਉਹਨਾਂ ਨੇ ਟੈਰੰਸ ਨੂੰ ਸਥਾਨਕ ਦੁਕਾਨ ਵਿਚ ਖਰੀਦਾਰੀ ਕਰਨ ਲਈ ਸੁਰੱਖਿਆ ਵੀ ਪ੍ਰਦਾਨ ਕੀਤੀ।ਪਰ ਮੈਂ ਘਰ ਹੀ ਰਿਹਾ। ਮੈਂ ਆਪਣੇ ਆਪ ਨੂੰ ਆਪਣੇ ਹੀ ਘਰ ਵਿਚ ਕੈਦ ਹੋਇਆ ਮਹਿਸੂਸ ਕਰ ਰਿਹਾ ਸੀ।
ਹਫਤੇ ਬਾਅਦ ਮੈਂ ਘਰੋਂ ਬਾਹਰ ਪੈਰ ਧਰਿਆ ਸੀ ਤਾਂ ਉਸ ਵਕਤ ਤੱਕ ਡਾਇਨਾ ਦੇ ਬਿਆਨ ਨੂੰ ਹਜ਼ਮ ਕਰਨ ਲਈ ਮੈਨੂੰ ਕਾਫੀ ਸਮਾਂ ਮਿਲ ਗਿਆ ਸੀ। ਜਿਨ੍ਹਾਂ ਮੈਂ ਉਸ ਬਾਰੇ ਸੋਚਦਾ ਸੀ, ਮੈਂ ਉਹ ਓਨਾ ਹੀ ਜ਼ਿਆਦਾ ਅਭਿਆਸਿਆ ਹੋਇਆ ਜਾਪਦਾ ਸੀ। ਜਦੋਂ ਮਾਰਟੀਨ ਬਸ਼ੀਰ ਨੇ ਉਸਨੂੰ ਮੇਰੇ ਪ੍ਰਤੀ ਵਫਾਦਾਰ ਨਾ ਹੋਣ ਬਾਰੇ ਸਵਾਲ ਕੀਤਾ ਤਾਂ ਉਹ ਬੜੀ ਅਦਾਕਾਰੀ, ਕਾਰਾਗਰੀ ਤੇ ਚਲਾਕੀ ਨਾਲ ਰਿਸ਼ਤੇ ਨੂੰ ਇਸ਼ਕ ਮਿਜ਼ਾਜ਼ੀ ਤੋਂ ਇਸ਼ਕ ਹਕੀਕੀ ਵੱਲ ਮੋੜ ਕੇ ਲੈ ਗਈ ਸੀ ਤੇ ਭਾਵੁਕ ਹੁੰਦੀ ਹੋਈ ਬੋਲੀ ਸੀ, "ਹਾਂ… ਮੈਂ ਉਸਨੂੰ ਚਾਹਿਆ ਸੀ। ਮੈਂ ਉਸ ਨਾਲ ਪਿਆਰ ਕਰਦੀ ਸੀ। ਪਰ ਉਸਨੇ ਮੇਰੇ ਨਾਲ ਧੋਖਾ ਅਤੇ ਵਿਸ਼ਵਾਸ਼ਘਾਤ ਕੀਤੈ।"
ਮੈਂ ਤਾਂ ਉਸ ਨਾਲ ਸੱਚੇ ਦਿਲੋਂ ਇਸ਼ਕ ਨਿਭਾਈ ਜਾ ਰਿਹਾ ਸੀ। ਉਹੀ ਪਿੱਛੇ ਹਟੀ ਸੀ ਤੇ ਤੋੜਾ ਮੇਰੇ 'ਤੇ ਝਾੜ ਰਹੀ ਸੀ, ਜਿਵੇਂ ਕਿ ਸਾਡੇ ਪਿਆਰ ਦਾ ਭੇਤ ਦੁਨੀਆਂ ਨੂੰ ਪਤਾ ਲੱਗਣ ਵਿਚ ਮੈਂ ਹੀ ਕਸੂਰਵਾਰ ਸੀ। ਇਸ ਬਿਆਨਬਾਜ਼ੀ ਨਾਲ ਜਦੋਂ ਉਸਨੇ ਇਹ ਜੋੜ ਦਿੱਤਾ ਕਿ ਮੈਂ ਉਸ ਨਾਲ ਵਿਸ਼ਾਵਾਸਘਾਤ ਕੀਤਾ ਹੈ ਤਾਂ ਡਾਇਨਾ ਇਕਦਮ ਆਪਣਾ ਗੁਨਾਹ ਛੁਪਾ ਕੇ ਦੁਨੀਆਂ ਦੀ ਹਮਦਰਦੀ ਜਿੱਤਣ ਵਿਚ ਕਾਮਯਾਬ ਹੋ ਗਈ ਸੀ। ਇਸਦੇ ਬਾਵਜੂਦ ਕਿ ਇਹ ਵਾਕ ਕਿੰਨਾ ਵੀ ਅਭਿਆਸ ਕਰਕੇ ਕਿਉਂ ਨਾ ਬੋਲੇ ਗਏ ਹੋਣਗੇ, ਪਰ ਫੇਰ ਵੀ ਉਹ ਸ਼ਬਦ ਮੇਰੇ ਲਈ ਅਹਿਮ ਮਹੱਤਤਾ ਰੱਖਦੇ ਸਨ। ਉਸਨੇ ਐਨੀ ਨਿਸੰਗਤਾ ਤੇ ਬੇਬਾਕੀ ਨਾਲ ਜ਼ਿੰਦਗੀ ਵਿਚ ਪਹਿਲਾਂ ਕਦੇ ਕਿਸੇ ਮਰਦ ਨੂੰ ਪਿਆਰ ਕਰਨਾ ਨਹੀਂ ਸੀ ਸਵਿਕਾਰਿਆ।... ਤੇ ਅਫਸੋਸ ਹੈ ਕਿ ਉਸ ਤੋਂ ਬਾਅਦ ਉਹ ਨਾ ਹੀ ਉਸ ਪ੍ਰਕਾਰ ਦਾ ਇਕਬਲ-ਏ-ਇਸ਼ਕ ਕਦੇ ਕਰ ਸਕੀ।
ਬਹਿਰਹਾਲ, ਸੱਚ ਤਾਂ ਇਹ ਸੀ ਕਿ ਪੰਜ ਸਾਲ ਮੈਂ ਵੀ ਉਸਨੂੰ ਮੁਹੱਬਤ ਕਰਦਾ ਰਿਹਾ ਸੀ। ਭਾਵੇਂ ਮੈਂ ਕਿੰਨਾ ਵੀ ਉਸਨੂੰ ਛਪਾਉਣ ਜਾਂ ਝੂਠਲਾਉਣ ਦਾ ਯਤਨ ਕਰਦਾ, ਪਰ ਮੈਂ ਜਾਣਦਾ ਸੀ ਕਿ ਮੈਂ ਉਸ ਨਾਲ ਅਜੇ ਵੀ ਪਿਆਰ ਕਰਦਾ ਸੀ। ਡਾਇਨਾ ਬਾਰੇ ਚਿਤਵਦਿਆਂ ਹੀ ਠੋਸ ਬਰਫ ਬਣਿਆ ਮੇਰਾ ਵਜੂਦ ਪਿਘਲ ਕੇ ਪਾਣੀ ਬਣ ਜਾਂਦਾ। ਤੇ ਮੈਂ ਸੋਚਣ ਲੱਗ ਜਾਂਦਾ ਕਿ ਮੇਰੇ ਸਾਥੀਆਂ ਨੇ ਮੇਰੀ ਸਹੀ ਅੱਲ ਰੱਖੀ ਸੀ ਆਈਸਮੈਨ ਯਾਨੀ ਬਰਫੀਲਾ ਪੁਰਸ਼।
No comments:
Post a Comment