A Historic Fiction Novel Based On Late Princess Diana In Punajbi By Balraj Singh Sidhu

Sunday, 3 March 2013

ਕਾਂਡ 18



ਡੁੱਬਿਆ ਸੂਰਜ


31 ਅਗਸਤ 1997 ਸਵੇਰ ਦੇ 9.25 ਵਜੇ ਮੁੱਖੀ ਨਰਸ ਬੀਅਟਰਾਇਸ ਹਮਬਰਟ ਨੇ ਜਿਉਂ ਹੀ ਚਾਦਰ ਹਟਾ ਕੇ ਵਿਸ਼ਵ ਦਾ ਸਭ ਤੋ ਵੱਧ ਮਸ਼ਹੂਰ ਚਿਹਰਾ ਦੇਖਿਆ ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਹੀ ਨਹੀਂ ਸੀ ਆਇਆ, "ਨਹੀਂ! ਇਹ ਪ੍ਰਿੰਸੈਸ ਡਾਇਨਾ ਨਹੀਂ ਹੋ ਸਕਦੀ।... ਇਹ ਨਾਮੁਮਕਿਨ ਹੈ। ਜ਼ਰੂਰ ਮੈਂ ਸੁਪਨਾ ਦੇਖ ਰਹੀ ਹਾਂ।"

ਨਰਸ ਬੀਅਟਰਾਇਸ ਨੇ ਆਪਣੀਆਂ ਅੱਖਾਂ ਮਲੀਆਂ ਤੇ ਆਪਣੇ ਵਜੂਦ ਨੂੰ ਝੰਜੋੜ ਕੇ ਖੁਦ ਨੂੰ ਚੇਤਨ ਅਤੇ ਜਾਗਰਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਸੋਚਿਆ ਸੀ ਸ਼ਾਇਦ ਵੇਲੇ-ਕੁਵੇਲੇ ਦੇਰ ਤੱਕ ਕੰਮ ਕਰਨ ਨਾਲ ਉਸਦੀਆਂ ਅੱਖਾਂ ਥੱਕ ਗਈਆਂ ਸਨ ਤੇ ਉਸਨੂੰ ਝਾਉਲਾ ਝਾਉਲਾ ਦਿਸਣ ਲੱਗ ਪਿਆ ਸੀ।


ਬੀਅਟਰਾਇਸ ਨੇ ਦੁਬਾਰਾ ਗਹੁ ਨਾਲ ਆਪਣੇ ਮੂਹਰੇ ਪਈ ਲਾਂਸ਼ ਨੂੰ ਤੱਕਿਆ ਤੇ ਯਥਾਰਥ ਦੇ ਸਨਮੁੱਖ ਹੁੰਦਿਆਂ ਹੀ ਉਸਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ। ਨਰਸ ਬੇਹੋਸ਼ ਹੋਣ ਵਾਲੀ ਹੋ ਗਈ ਸੀ। ਸਾਰਾ ਕਮਰਾ ਨਰਸ ਬੀਅਟਰਾਇਸ ਨੂੰ ਘੁੰਮਦਾ ਨਜ਼ਰ ਆਉਣ ਲੱਗਾ ਸੀ। ਲਾਸ਼ ਦੇਖਣੀ ਨਰਸ ਬੀਅਟਰਾਇਸ  ਲਈ ਕੋਈ ਨਵੀਂ ਗੱਲ ਨਹੀਂ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਨੌਕਰੀ ਕਰਦਿਆਂ  ਲੱਖਾਂ ਹਜ਼ਾਰਾਂ ਲਾਸ਼ਾਂ ਨਾਲ ਨਰਸ ਦਾ ਵਾਹ ਪਿਆ ਸੀ। ਚਿੱਟਾ ਕੋਟ ਪਹਿਨਦਿਆਂ ਹੀ ਉਹ ਪੇਸ਼ਾਵਰ ਅਤੇ ਆਤਮ-ਵਿਸ਼ਵਾਸੀ ਬਣ ਜਾਇਆ ਕਰਦੀ ਸੀ। ਲੇਕਿਨ ਅੱਜ ਉਸਦਾ ਚਿੱਟਾ ਕੋਟ ਵੀ ਉਸਨੂੰ ਕੋਈ ਬਲ ਪ੍ਰਦਾਨ ਨਹੀਂ ਸੀ ਕਰ ਰਿਹਾ। 

ਪੂਰੀ ਦੁਨੀਆ ਨੂੰ ਆਪਣੀ ਚਮਕ ਨਾਲ ਚੁੰਧਿਆ ਦੇਣ ਵਾਲੀ ਮਹਾਨ ਸਖਸ਼ੀਅਤ, ਨਰਸ ਨੂੰ ਆਪਣੇ ਮੂਹਰੇ ਪਈ ਅੱਜ ਡੁੱਬੇ ਸੂਰਜ ਵਾਂਗ ਪ੍ਰਤੀਤ ਹੋ ਰਹੀ ਸੀ। ਉਨ ਦੀ ਚਿੱਟੀ ਚਾਦਰ ਨੂੰ ਲਾਸ਼ ਦੇ ਗਲ੍ਹੇ ਤੋਂ ਮੋਢਿਆਂ ਹੇਠ ਤੁੰਨ ਕੇ ਡਾਇਨਾ ਦੇ ਚਿਹਰੇ ਨੂੰ ਪ੍ਰਦਰਸ਼ਿਤ ਕਰਦੀ ਹੋਈ ਨਰਸ ਬੀਅਟਰਾਇਸ ਸੋਚ ਰਹੀ ਸੀ, "ਕਿੰਨੀ ਦੁੱਖਦਾਈ ਗੱਲ ਹੈ ਕਿ ਲੋਕਾਂ ਦੇ ਹਜ਼ੂਮ ਵਿਚ ਘਿਰੀ ਰਹਿਣ ਵਾਲੀ ਪ੍ਰਿਸੈਸ ਔਫ ਵੇਲਜ਼, ਲੇਡੀ ਡਾਇਨਾ, ਅੱਜ ਇਕੱਲੀ ਲਵਾਰਿਸਾਂ ਵਾਂਗ ਇਕਾਂਤ ਵਿਚ ਖਾਮੋਸ਼ ਪਈ ਹੈ।"

ਤਿੰਨ ਘੰਟੇ ਪਹਿਲਾਂ ਡਾਇਨਾ ਦੀ ਲਾਸ਼ ਬੇਸਮੈਂਟ (ਭੋਰਾ) ਓਪ੍ਰੇਸ਼ਨ ਕਖਸ਼ 'ਚੋਂ ਅੱਠ ਮੰਜ਼ਿਲਾਂ ਪੀਟਾਏ ਸਾਲਪਟਰੀਐਰੇ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਬਣੇ ਇਸ ਨੀਲੀਆਂ ਕੰਧਾਂ ਵਾਲੇ ਕਮਰੇ ਵਿਚ ਲਿਆਂਦੀ ਗਈ ਸੀ। ਸਤਾਰਵੀਂ ਸਦੀ ਵਿਚ ਤਾਮੀਰ ਹੋਏ ਹਸਪਤਾਲ ਦੇ ਮੁੱਖ ਦੁਆਰ ਦੇ ਉੱਤੇ ਆਧੁਨਿਕ ਸਹੂਲਤਾਂ ਵਾਲੀ ਵੀਹਵੀਂ ਸਦੀ ਦੀ ਨਵੀਨ ਇਮਾਰਤ ਵਿਚ ਬਣੇ ਇਸ ਨੀਲੇ ਕਮਰੇ ਦਾ ਅਜੇ ਤਿੰਨ ਦਿਨ ਪਹਿਲਾਂ ਹੀ ਰੰਗ ਕੀਤਾ ਗਿਆ ਸੀ। ਇਤਫਾਕ ਨਾਲ ਨੀਲਾ ਸ਼ਹਿਜ਼ਾਦੀ ਡਾਇਨਾ ਦਾ ਮਹਿਬੂਬ ਰੰਗ ਸੀ। ਜਿਥੇ ਇਹ ਕਮਰਾ ਸਥਿਤ ਸੀ। ਉਸ ਗੈਸਟਨ ਕੌਡੀਅਰ ਨਵੀਂ ਮੌਡਰਨ ਇਮਾਰਤ ਦਾ ਨਿਰਮਾਣ ਅਜੇ ਸੱਜਰਾ ਹੀ ਹੋਇਆ ਸੀ ਤੇ ਮਰੀਜ਼ਾਂ ਲਈ ਉਸਨੂੰ 1 ਸਤੰਬਰ 1997 ਨੂੰ ਖੋਲ੍ਹਿਆ ਜਾਣਾ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਇਸ ਦਾ ਮਹੂਰਤ ਕਰਨ ਤੇ ਰੀਬਨ ਕੱਟਣ ਲਈ ਸ਼ਹਿਜ਼ਾਦੀ ਡਾਇਨਾ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਡਾਇਨਾ ਨਾਲ ਸੰਪਰਕ ਨਾ ਹੋ ਸਕਣ ਕਾਰਨ ਇਹ ਸੰਭਵ ਨਹੀਂ ਸੀ ਹੋ ਸਕਿਆ। ਜੋ ਇਨਸਾਨ ਸੰਭਵ ਨਹੀਂ ਕਰ ਸਕਦਾ, ਉਹ ਭਗਾਵਨ ਸੰਭਵ ਕਰ ਦਿਖਾਉਂਦਾ ਹੈ। ਰੱਬ ਦੇ ਖੇਲ ਦੇਖੋ, ਇਸ ਨਵੇਂ ਬਣੇ ਵਿੰਗ ਵਿਚ ਸਭ ਤੋਂ ਪਹਿਲਾ ਪ੍ਰਵੇਸ਼ ਡਾਇਨਾ ਦਾ ਹੀ ਹੋਇਆ ਸੀ। ਹਸਪਤਾਲ ਅਧਿਕਾਰੀਆਂ ਨੂੰ ਡਾਇਨਾ ਦੇ ਪਸੰਦੀਦਾ ਨੀਲੇ ਰੰਗ ਬਾਰੇ ਪਤਾ ਲੱਗਣ 'ਤੇ ਉਹਨਾਂ ਨੇ ਡਾਇਨਾ ਦੀ ਮ੍ਰਿਤਕ ਦੇਹ ਨੂੰ ਰੱਖਣ ਲਈ ਇਸ ਇਮਾਰਤ ਦੇ ਬੂਹੇ ਪੂਰਬ ਨਿਰਧਾਰਿਤ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਖੋਲ੍ਹ ਦਿੱਤੇ ਸਨ।

ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਹਸਪਤਾਲ ਦੀ ਚੀਫ ਐਮਰਜ਼ੈਂਸੀ ਨਰਸ ਜੇਨੀ ਲੌਕੋਰਚਰ ਦਾਖਿਲ ਹੋਈ। ਉਸਦੇ ਮਗਰ ਫਰਾਂਸ ਵਿਚ ਬ੍ਰਤਾਨੀਆ ਦਾ ਰਾਜਦੂਤ ਮਾਇਕਲ ਜੇਅ ਅਤੇ ਉਸਦੀ ਪਤਨੀ ਸੀਲਵੀਆ ਜੇਅ ਵੀ ਆ ਗਏ। ਨਰਸ ਬੀਅਟਰਾਇਸ ਨੇ ਆਇਰੀਸ਼ ਰੁਮਾਲ ਮੂੰਹ 'ਤੇ ਧਰ ਕੇ ਸੁਭਕਦੀ ਸੀਲਵੀਆ ਨੂੰ ਦੇਖਿਆ ਸੀ। ਸੀਲਵੀਆ ਜੇਅ ਦੀ ਡਾਇਨਾ ਨਾਲ ਦੋਸਤੀ ਰਹੀ ਸੀ। ਸੀਲਵੀਆ ਦੇ ਮਾਤਮੀ ਕਾਲੇ ਰੰਗ ਦੇ ਕਪੜੇ ਪਹਿਨੇ ਹੋਏ ਸਨ।

ਸਭ ਤੋਂ ਪਿੱਛੇ ਖੜ੍ਹਾ ਛੱਤੀ ਸਾਲਾਂ, ਹਸਪਤਾਲ ਦਾ ਜਨ ਸੰਵਾਦ ਸੰਚਾਲਕ ਥੀਰੇ ਮੀਰਸੀ ਆਪਣੀ ਥੱਕੀ ਜਿਹੀ ਅਵਾਜ਼ ਵਿਚ ਬੋਲਿਆ ਸੀ, "ਅੱਜ ਤੜਕੇ ਜਦੋਂ ਦੋ ਵੱਜ ਕੇ ਪੰਜ ਮਿੰਟ 'ਤੇ ਪ੍ਰਿਸੈਸ ਡਾਇਨਾ ਨੂੰ ਸਟਰੈਚਰ 'ਤੇ ਪਾ ਕੇ ਲਿਆਂਦਾ ਗਿਆ ਤਾਂ ਮੈਥੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿਚ ਸਹਿਕਦੀ ਹੋਈ ਨੂੰ ਇਹਨੂੰ ਦੇਖਿਆ ਹੀ ਨਹੀਂ ਸੀ ਗਿਆ। ਮੈਂ ਸੋਚਿਆ ਸੀ ਹਾਦਸੇ ਦੀ ਮਾਰ ਨਾਲ ਇਸ ਦਾ ਹੁਸੀਨ ਚਿਹਰਾ ਵਿਗੜ ਗਿਆ ਹੋਵੇਗਾ। ਘੰਟੇ ਬਾਅਦ ਜਦੋਂ ਮੈਂ ਦੇਖਣ ਦਾ ਹੌਂਸਲਾ ਕੀਤਾ ਤਾਂ ਮੈਂ ਦੰਗ ਰਹਿ ਗਿਆ ਸੀ। ਚਿਹਰੇ 'ਤੇ ਇਕ ਵੀ ਝਰੀਟ ਨਹੀਂ ਸੀ।" 

ਨਰਸ ਬੀਅਟਰਾਇਸ ਸੋਚ ਰਹੀ ਸੀ ਕਿ ਟੈਲੀਵਿਜ਼ਨ 'ਤੇ ਲੋਕ ਜਿਹੜੀਆਂ ਡਾਇਨਾ ਦੀਆਂ ਮੋਟੀਆਂ ਮੋਟੀਆਂ ਤੇ ਚਮਕੀਲੀਆਂ ਨੀਲੀਆਂ ਅੱਖਾਂ ਤੇ ਦਿਲਕਸ਼ ਮੁਸਕਾਨ ਦੇਖਿਆ ਕਰਦੇ ਸੀ। ਹੁਣ ਉਹ ਡਾਇਨਾ ਦੀ ਲਾਸ਼ ਤੋਂ ਗਾਇਬ ਸਨ। ਨਾ ਤਾਂ ਅੱਗੇ ਤੋਂ ਲੋਕਾਂ ਨੂੰ ਉਹਨਾਂ ਨਸ਼ੀਲੀਆਂ ਨੀਲੀਆਂ ਅੱਖਾਂ ਦੀ ਚਮਕ ਦਿਖਾਈ ਦੇਣੀ ਸੀ ਤੇ ਨਾ ਹੀ ਉਹ ਮੁਸਕੁਰਾਉਂਦਾ ਚਿਹਰਾ।

ਹਸਪਤਾਲ ਦੇ ਚੈਪਲ (ਗਿਰਜ਼ਾਘਰ) ਦਾ ਪਾਦਰੀ ਫਾਦਰ ਵੀਵਸ ਕਲੋਚਹਰਡ-ਬੌਸਊਟ ਉਦੋਂ ਸੁੱਤਾ ਪਿਆ ਸੀ, ਜਦੋਂ ਤੜਕੇ ਦੇ 3 ਵਜੇ ਉਸਨੂੰ  ਹਸਪਤਾਲ ਦੀ ਐਮਰਜ਼ੈਂਸੀ ਯੂਨਿਟ ਦਾ ਫੋਨ ਗਿਆ ਸੀ ਕਿ ਕਿਸੇ ਦੀ ਅੰਤਿਮ ਅਰਦਾਸ ਕਰਨੀ ਸੀ। ਉਹ ਬਿਸਤਰੇ ਤੋਂ ਫੋਨ ਸੁਣਦਾ ਹੋਇਆ ਉੱਠ ਪਿਆ ਸੀ ਤੇ ਜਿਉਂ ਹੀ ਉਹਨਾਂ ਨੇ ਦੱਸਿਆ ਕਿ ਸੰਸਾਰਕ ਯਾਤਰਾ ਪੂਰੀ ਕਰਨ ਵਾਲੀ ਵੇਲਜ਼ ਦੀ ਰਾਜਕੁਮਰੀ ਡਾਇਨਾ ਹੈ ਤਾਂ ਫਾਦਰ ਵੀਵਸ ਕਲੋਚਹਰਡ-ਬੌਸਊਟ ਨੇ ਉੱਥੇ ਹੀ ਫੋਨ ਕੱਟ ਕੇ ਰੱਖ ਦਿੱਤਾ ਸੀ, "ਸਾਲੀ ਜਨਤਾ ਦਾਰੂ ਪੀ ਕੇ ਭਕਾਈ ਮਾਰਨ ਲੱਗ ਜਾਂਦੀ ਹਾਂ। ਅਰਾਮ ਨਾਲ ਸੌਣ ਵੀ ਨਹੀਂ ਦਿੰਦੇ ਲੋਕ।" ਤੇ ਫਿਰ ਸੌਣ ਦੇ ਮੰਨਤਵ ਨਾਲ ਉਹ ਆਪਣੀ ਰਜਾਈ ਵਿਚ ਵੜ੍ਹ ਗਿਆ ਸੀ। 

ਕਿਸੇ ਚੀਜ਼ ਨੇ ਫਾਦਰ ਵੀਵਸ ਕਲੋਚਹਰਡ-ਬੌਸਊਟ ਨੂੰ ਸੌਣ ਨਹੀਂ ਸੀ ਦਿੱਤਾ। ਉਸ ਨੂੰ ਅਚਵੀ ਜਿਹੀ ਲੱਗੀ ਰਹੀ ਸੀ। ਉਸਨੇ ਉੱਠ ਕੇ ਹਸਪਤਾਲ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਸੀ ਤਾਂ ਉਹਨਾਂ ਨੇ ਤਸਦੀਕ ਕਰ ਦਿੱਤੀ ਸੀ ਕਿ ਸ਼ਹਿਜ਼ਾਦੀ ਡਾਇਨਾ ਦੀ ਕਾਰ ਹਾਦਸੇ ਨਾਲ ਮੌਤ ਹੋ ਗਈ ਸੀ। ਕਾਰ ਵਿਚ ਸਵਾਰ ਡਾਇਨਾ ਦਾ ਮਿਸਰੀ (Egyptian) ਪ੍ਰੇਮੀ ਡੋਡੀ ਅਤੇ ਡੋਡੀ ਦਾ ਡਰਾਇਵਰ ਹੈਨਰੀ ਪੋਲ ਤਾਂ ਮੌਕੇ 'ਤੇ ਹੀ ਦਮ ਤੋੜ੍ਹ ਗਏ ਸਨ। ਪਰ ਬੌਡੀਗਾਡ ਟਰੈਵਰ ਰੀਜ਼-ਜੋਨਜ਼ ਅਤੇ ਡਾਇਨਾ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ। ਬੌਡੀਗਾਰਡ ਦੇ ਗਹਿਰੀਆਂ ਸੱਟਾਂ ਲੱਗੀਆਂ ਸਨ ਤੇ ਉਸਦਾ ਲਗਭਗ ਸਾਰਾ ਚਿਹਰਾ ਦੀ ਵਿਗੜ ਗਿਆ ਸੀ। ਡਾਇਨਾ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਡਾਕਟਰ ਬਚਾ ਨਾ ਸਕੇ। ਇਹ ਸੁਣਦਿਆਂ ਹੀ ਪਾਦਰੀ ਉੱਠ ਕੇ ਹਸਪਤਾਲ ਵੱਲ ਦੌੜ ਪਿਆ ਸੀ।

ਦੋ ਘੰਟੇ ਪਹਿਲਾਂ ਰਿਟਜ਼ ਹੋਟਲ ਦੇ ਪ੍ਰਧਾਨ ਫਰੈਂਕ ਕਲੇਨ ਨੇ ਡੋਡੀ ਦੇ ਪਿਤਾ ਮੁਹੰਮਦ ਅਲ ਫਾਇਦ ਨੂੰ ਜਦੋਂ ਇਹ ਖ਼ਬਰ ਸੁਣਈ ਸੀ ਕਿ ਉਸਦੇ ਪੁੱਤ ਡੋਡੀ ਦੀ ਹਾਦਸੇ ਵਿਚ ਮੌਤ ਹੋ ਗਈ ਸੀ ਤਾਂ ਮੁਹੰਮਦ ਅਲ ਫਾਇਦ ਭੜਕ ਪਿਆ ਸੀ, "ਮੈਨੂੰ ਪਹਿਲਾਂ ਹੀ ਪਤਾ ਸੀ। ਕੁਸ਼ ਨਾ ਕੁਸ਼ ਜ਼ਰੂਰ ਹੋਊਗਾ। ਤੈਨੂੰ ਇਹ ਹਾਦਸਾ ਲੱਗਦੈ? ਦੱਸ ਤੈਨੂੰ ਭੈਣ ਮਰਾਉਣਿਆ ਇਹ ਹਾਦਸਾ ਲੱਗਦੈ? ਮੇਰੇ ਪੁੱਤ ਨੂੰ ਉਹ ਮਾਰਨ ਨੂੰ ਫਿਰਦੇ ਸੀ ਤੇ ਉਹਨਾਂ ਨੇ ਮਾਰ ਕੇ ਸਾਹ ਲਿਐ। ਮੈਂ ਦੁਨੀਆਂ ਫੂਕ'ਦੂੰ।"

ਮਿੰਟਾਂ ਵਿਚ ਹੀ ਅਰਬਾਂ-ਖਰਬਾਂਪਤੀ ਮੁਹੰਮਦ ਅਲ ਫਾਇਦ ਦਾ ਸੀਕਰੋਸਕਾਈ ਐਸ-76 ਹੈਲੀਕਪਟਰ ਪੈਰਿਸ ਦੀ ਲੀ ਬੋਰਗਟ ਏਅਰਪੋਰਟ 'ਤੇ ਉਤਰ ਗਿਆ ਸੀ। ਡੋਡੀ ਦਾ ਦੂਜਾ ਅੰਗਰੱਖਿਅਕ ਕੈੱਸ ਵਿੰਗਫੀਲਡ ਅਤੇ ਪੱਕਾ ਡਰਾਇਵਰ ਫਿਲਪ ਡੋਰਨੀਉ ਏਅਰਪੋਰਟ 'ਤੇ ਮੁਹੰਮਦ ਅਲ ਫਾਇਦ ਨੂੰ ਲੈਣ ਪਹੁੰਚੇ ਹੋਏ ਸਨ। ਮੁਹੰਮਦ ਅਲ ਫਾਇਦ ਇਸ ਗੱਲ ਤੋਂ ਬੇਖਬਰ ਸੀ ਕਿ ਡੋਡੀ ਅਤੇ ਡਾਇਵਰ ਹੈਨਰੀ ਪੋਲ ਨੂੰ ਘਟਨਾ ਵਾਲੀ ਥਾਂ ਤੋਂ ਸਿੱਧਾ ਪੈਰਿਸ ਦੇ ਮੁਰਦਾ ਘਰ ਲਿਜਾਇਆ ਗਿਆ ਸੀ। ਮੁਹੰਮਦ ਅਲ ਫਾਇਦ ਨੇ ਸਟੇਰਿੰਗ ਵੀਲ 'ਤੇ ਬੈਠੇ ਡਰਾਇਵਰ ਫਿਲਪ ਡੋਰਨੀਉ ਨੂੰ ਸਿੱਧਾ ਪੀਟਾਏ ਸਾਲਪਟਰੀਐਰੇ ਹਸਪਤਾਲ ਗੱਡੀ ਲਿਜਾਣ ਲਈ ਕਿਹਾ ਸੀ, ਜਿਥੇ ਕਿ ਉਸ ਅਨੁਸਾਰ ਅਜੇ ਡਾਇਨਾ ਦਾ ਇਲਾਜ਼ ਹੋ ਰਿਹਾ ਸੀ।

ਪੀਟਾਏ ਸਾਲਪਟਰੀਐਰੇ ਹਸਪਤਾਲ 1656 ਈਸਵੀ ਵਿਚ ਲੂਇਸ 14ਵੇਂ ਨੇ ਗਰੀਬਾਂ ਦੇ ਇਲਾਜ਼ ਲਈ ਖੈਰਾਤੀ ਹਸਪਤਾਲ ਵਜੋਂ ਬਣਵਾਇਆ ਸੀ। ਇਸ ਦਾ ਨਾਮ ਸਾਲਟਪੀਟਰ ਸ਼ਬਦ ਤੋਂ ਫਰਾਂਸਿਸੀ ਭਾਸ਼ਾ ਵਿਚ ਪੀਟਾਏ ਸਾਲਪਟਰੀਐਰੇ ਪਿਆ ਸੀ। ਕਦੇ ਸਾਲਟਪੀਟਰ ਤੇਜ਼ਾਬ ਨੂੰ ਹਥਿਆਰ ਬਣਾਉਣ ਲਈ ਹਸਪਤਾਲ ਵਾਲੀ ਜਗ੍ਹਾ 'ਤੇ ਇਸਤੇਮਾਲ ਕੀਤਾ ਗਿਆ ਸੀ। ਸਾਲਟਪੀਟਰ, ਨਾਇਟਰੋਜ਼ਨ ਦੇ ਸੋਮੇ ਵਾਲਾ ਪੋਟਾਸ਼ੀਅਮ ਨਿਟਰੇਟ ਯਾਨੀ ਤੇਜ਼ਾਬ ਰੂਪੀ ਰਸਾਇਣਕ ਤਰਲ ਪਦਾਰਥ ਹੁੰਦਾ ਹੈ। ਇਹ KNO³ ਫਾਰਮੂਲੇ ਨਾਲ ਬਣਦਾ ਹੈ। ਬਾਰੂਦ, ਪਟਾਕੇ ਅਤੇ ਖਾਧਾਂ ਬਣਾਉਣ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਪੀਟਾਏ ਸਾਲਪਟਰੀਐਰ ਹਸਪਤਾਲ ਦੀ ਸਤਾਰਵੀਂ ਸਦੀ ਵਾਲੀ ਇਮਾਰਤ ਜਿਉਂ ਦੀ ਤਿਉਂ ਖੜ੍ਹੀ ਹੈ। ਖਾਸਕਰ ਅੱਠਕੋਣੇ ਕਲਸ ਵਾਲਾ ਸੇਂਟ ਲੂਇਸ ਗਿਰਜ਼ਾਘਰ ਆਧੁਨਿਕ ਇਮਾਰਤ ਦੀ ਵਿਲੱਖਤਾ ਨੂੰ ਉਜਾਗਰ ਕਰਦਾ ਹੈ।

ਮੁਹੰਮਦ ਅਲ ਫਾਇਦ 3.50 ਵਜੇ ਹਸਪਤਾਲ ਪਹੁੰਚਿਆ ਸੀ ਤੇ ਸਭ ਤੋਂ ਪਹਿਲਾਂ ਰਾਜਦੂਤ ਮਾਇਕਲ ਜੇਅ ਅਤੇ ਫਰਾਂਸ ਦੇ ਅੰਦਰੂਨੀ ਮਾਮਲਾ ਮੰਤਰੀ ਜੇਨ-ਪੀਰੇ ਸ਼ੀਵਨਮੈਂਟ ਉਸਨੂੰ ਮਿਲੇ ਸਨ। ਉਸ ਤੋਂ ਦੱਸ ਮਿੰਟ ਬਾਅਦ ਪੂਰੇ ਚਾਰ ਵਜੇ ਡਾਕਟਰਾਂ ਨੇ ਡਾਇਨਾ ਨੂੰ ਮ੍ਰਿਤਕ ਖੋਸ਼ਿਤ ਕਰ ਦਿੱਤਾ ਸੀ। ਡਾਇਨਾ ਦੀ ਮੌਤ ਬਾਰੇ ਸੁਣਦਿਆਂ ਹੀ ਮੁਹੰਮਦ ਅਲ ਫਾਇਦ ਨੇ ਆਪਣੀਆਂ ਅੱਖਾਂ ਮੀਚੀਆਂ ਸਨ ਤੇ ਆਪਣੇ ਹੱਥਾਂ ਨਾਲ ਆਪਣੇ ਮੂੰਹ ਨੂੰ ਕੱਝ ਲਿਆ ਸੀ। ਇਉਂ ਲੱਗਦਾ ਸੀ ਜਿਵੇਂ ਉਹ ਆਪਣੇ ਅੰਦਰ ਸਬਰ-ਸੰਤੋਖ ਕਰਨ ਦੀ ਸ਼ਕਤੀ ਪੈਦਾ ਕਰ ਰਿਹਾ ਹੋਵਗਾ। ਮੁਹੰਮਦ ਅਲ ਫਾਇਦ ਨੂੰ ਉਸ ਸਮੇਂ ਪੂਰਨ ਵਿਸ਼ਵਾਸ ਸੀ ਕਿ ਇਹ ਮਹਿਜ਼ ਹਾਦਸਾ ਨਹੀਂ ਸੀ, ਬਲਕਿ ਬ੍ਰਤਾਨਵੀ ਸਥਾਪਤ ਨਿਜ਼ਾਮ ਵੱਲੋਂ ਯੋਜਨਾਬਧ ਤਰੀਕੇ ਨਾਲ ਕੀਤਾ ਗਿਆ ਕਤਲ ਸੀ, ਅਸੈਸੀਨੇਸ਼ਨ (ਰਾਜਨੀਤਕ ਮਤਭੇਦਾਂ ਕਾਰਨਾਂ ਕਾਰਨ ਕਿਸੇ ਨੂੰ ਮਾਰਨਾ) ਸੀ। ਮਹੁੰਮਦ ਅਲ ਫਾਇਦ ਨੂੰ ਇਲਮ ਸੀ ਕਿ ਉਸਦੇ ਬਹੁਤ ਸਾਰੇ ਕਰਮਚਾਰੀਆਂ ਦੇ ਫੋਨ ਬੱਗ ਹੋ ਚੁੱਕੇ ਸਨ। ਮਹੁੰਮਦ ਅਲ ਫਾਇਦ ਨੇ ਮੌਕੇ 'ਤੇ ਖੜ੍ਹਿਆਂ ਆਪਣੇ ਸਕੱਤਰ ਨੂੰ ਸਖਤੀ ਨਾਲ ਆਦੇਸ਼ ਦਿੱਤਾ ਸੀ, "ਸਾਰੇ ਸਟਾਫ ਨੂੰ ਹੁਕਮ ਦੇ ਦੇਵੋ ਕਿ ਡਾਇਨਾ ਅਤੇ ਡੋਡੀ ਬਾਰੇ ਕਿਸੇ ਨਾਲ ਗੱਲ ਜਾਂ ਕੋਈ ਟਿੱਪਣੀ ਨਹੀਂ ਕਰਨੀ। ਨਹੀਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ।"

ਡਾਇਨਾ ਅਤੇ ਡੋਡੀ ਦਾ ਸਾਰਾ ਸਮਾਨ ਅਤੇ ਸੂਟਕੇਸ ਲੰਡਨ ਭੇਜਣ ਦਾ ਆਪਣੇ ਸਾਥੀਆਂ ਨੂੰ ਹੁਕਮ ਦੇਣ ਉਪਰੰਤ  ਮਹੁੰਮਦ ਅਲ ਫਾਇਦ ਫੁਰਤੀ ਨਾਲ ਹਸਪਤਾਲ ਤੋਂ ਪੈਰਿਸ ਮੁਰਦਾਘਰ ਨੂੰ ਆਪਣੇ ਪੁੱਤਰ ਦੀ ਲਾਸ਼ ਦੇਖਣ ਲਈ ਚਲਾ ਗਿਆ ਸੀ।

ਪਾਦਰੀ ਵੀਵਸ ਹਸਪਤਾਲ ਪਹੁੰਚਿਆ ਤਾਂ ਉਥੇ ਪੁਲਿਸ, ਮੰਤਰੀ ਅਤੇ ਬਹੁਤ ਸਾਰੇ ਪੱਤਰਕਾਰਾਂ ਦੀ ਭੀੜ ਜਮ੍ਹਾ ਹੋਈ ਪਈ ਸੀ। ਮੁਹੰਮਦ ਅਲ ਫਾਇਦ ਨੂੰ ਹਸਪਤਾਲ ਵਿਚੋਂ ਬਾਹਰ ਨਿਕਲਦਿਆਂ ਦੇਖ ਕੇ ਪਾਦਰੀ ਨੂੰ ਯਕੀਨ ਹੋ ਗਿਆ ਸੀ ਕਿ ਇਹ ਸਮਾਚਾਰ ਸਹੀ ਅਤੇ ਸੱਚਾ ਸੀ।

ਹਸਪਤਾਲ ਦਾ ਇਹ 46 ਵਰਸ਼ ਦਾ ਪਾਦਰੀ, ਫਾਦਰ ਵੀਵਸ ਕਲੋਚਹਰਡ-ਬੌਸਊਟ। ਜੋ ਏਅਰ ਫਰਾਂਸ ਦੀ ਨੌਕਰੀ ਛੱਡਣ ਬਾਅਦ ਅਜੇ ਕੁਝ ਸਮਾਂ ਪਹਿਲਾਂ ਹੀ ਅਚਾਨਕ ਪਾਦਰੀ ਬਣਿਆ ਸੀ, ਇਸ ਝਟਕੇ ਨੂੰ ਸਹਿਣ ਕਰਨ ਲਈ ਆਪਣੇ ਆਪ ਨੂੰ ਸਮਰਥ ਬਣਾਉਂਦਾ ਹੋਇਆ ਮਨਬਚਨੀਆਂ ਕਰੀ ਜਾ ਰਿਹਾ ਸੀ, "ਸ਼ਾਇਦ ਮੈਂ ਇਸ ਕੁਲਹਿਣੀ ਘੜੀ ਨੂੰ ਦੇਖਣ ਲਈ ਹੀ ਪਾਦਰੀ ਬਣਿਆ ਸੀ।"

ਸਪਤਾਹ ਅੰਤ ਹੋਣ ਕਰਕੇ ਉਸ ਸਮੇਂ ਪੈਰਿਸ ਦੇ ਬਹੁਤੇ ਅਫ਼ਸਰ ਅਤੇ ਉੱਚ ਅਧਿਕਾਰੀ ਛੁੱਟੀਆਂ ਮਨਾ ਰਹੇ ਸਨ, ਜਦੋਂ ਉਹਨਾਂ ਨੂੰ ਇਹ ਖ਼ਬਰ ਮਿਲੀ ਸੀ। ਜਿਵੇਂ ਵੀ ਜਿਹੜਾ ਜਿਸ ਹਾਲਤ ਵਿਚ ਸੀ, ਉਸੇ ਤਰ੍ਹਾਂ ਉੱਠ ਤੁਰਿਆ ਸੀ। ਹਾਲ ਵਿਚ ਖੜ੍ਹੇ ਅਨੇਕਾਂ ਅਫ਼ਸਰਾਂ ਦੇ ਜ਼ੀਨਾਂ ਜਾਂ ਸੌਣ ਵਾਲੇ ਕਪੜੇ ਹੀ ਪਹਿਨੇ ਹੋਏ ਸਨ। ਕਈਆਂ ਦੀ ਤਾਂ ਅਜੇ ਤੱਕ ਸ਼ਰਾਬ ਵੀ ਨਹੀਂ ਸੀ ਉਤਰੀ। ਕਈਆਂ ਦੀ ਸ਼ੇਵ ਕਰਨ ਵਾਲੀ ਹੋਈ ਪਈ ਸੀ।

ਸਰ ਮਾਇਕਲ ਜੇਅ ਨੇ ਚਾਰ ਵੱਜ ਕੇ ਵੀਹ ਮਿੰਟ 'ਤੇ  ਪਾਦਰੀ ਨੂੰ ਡਾਇਨਾ ਦੀ ਅੰਤਿਮ ਅਰਦਾਸ ਕਰਨ ਦੀ ਬੇਨਤੀ ਕੀਤੀ ਸੀ। ਪਾਦਰੀ ਨੇ ਡਾਇਨਾ ਵਾਲੇ ਕਮਰੇ ਵਿਚ ਵੜ੍ਹ ਕੇ ਦਰਵਾਜ਼ਾ ਭੇੜ ਦਿੱਤਾ ਤੇ ਵਿਕਾਰ ਪਏ ਪੰਜੇ ਕੋਲ ਗਿਆ ਸੀ। ਉਸ ਵਕਤ ਡਾਇਨਾ ਦੀਆਂ ਖੁੱਲ੍ਹੀਆਂ ਹੋਈਆਂ ਅੱਖਾਂ ਦੇਖ ਕੇ ਪਾਦਰੀ ਨੂੰ ਲੱਗਦਾ ਸੀ, ਜਿਵੇਂ ਡਾਇਨਾ ਟਿਕਟਿਕੀ ਲਾਈ ਛੱਤ ਨੂੰ ਨਿਹਾਰ ਰਹੀ ਹੋਵੇ। ਉਸਨੂੰ ਡਾਇਨਾ ਦਾ ਸ਼ਾਂਤ ਤੇ ਖ਼ੂਬਸੂਰਤ ਚਿਹਰਾ ਦੇਖ ਕੇ ਡਾਇਨਾ ਚਾਇਨਾ ਡੌਲ ਵਰਗੀ ਜਾਪਦੀ ਸੀ। 

ਡਾਇਨਾ ਦਾ ਧਰਮ ਪਰੌਸਟੈਂਟ ਸੀ ਤੇ ਇਕ ਦਿਨ ਡਾਇਨਾ ਦੇ ਪੁੱਤਰ ਵਿਲੀਅਮ ਨੇ ਇੰਗਲੈਂਡ ਦਾ ਰਾਜਾ ਬਣਕੇ ਐਂਗਲੀਕਨ ਚਰਚ ਦਾ ਨਾਮਕ ਮੁੱਖੀ ਬਣਨਾ ਸੀ। ਪਾਦਰੀ ਫਾਦਰ ਵੀਵਸ ਕਲੋਚਹਰਡ-ਬੌਸਊਟ ਦਾ ਧਰਮ ਰੋਮਨ ਕੈਥੋਲਿਕ ਸੀ। ਪਰ ਪਾਦਰੀ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ। ਡਾਇਨਾ ਨੇ ਸਾਰੀ ਉਮਰ ਮਨੁੱਖਤਾ ਦੇ ਭਲੇ ਲਈ ਖਰਚ ਕੀਤੀ ਸੀ। ਫਿਰ ਅੰਤਿਮ ਸਮੇਂ ਪਾਦਰੀ ਉਸ ਨਾਲ ਵਿਤਕਰਾ ਕਿਵੇਂ ਕਰ ਸਕਦਾ ਸੀ? ਪਾਦਰੀ ਨੂੰ ਅੰਤਿਮ ਅਰਦਾਸ ਪੜ੍ਹਨ ਲਈ ਕੋਈ ਹਿਚਕਿਚਾਹਟ ਨਾ ਹੋਈ, ਭਾਵੇਂ ਕਿ ਇਹ ਵਿਵਾਦ ਦਾ ਵਿਸ਼ਾ ਬਣ ਸਕਦਾ ਸੀ।

ਪਾਦਰੀ ਡਾਇਨਾ ਦੇ ਕੋਲ ਗਿਆ ਤੇ ਉਸਨੇ ਪਵਿੱਤਰ ਤੇਲ ਵਿਚ ਆਪਣਾ ਅੰਗੂਠਾ ਡਬੋ ਕੇ ਡਾਇਨਾ ਦੇ ਮੱਥੇ 'ਤੇ ਤਿਲਕ ਲਾ ਦਿੱਤਾ ਸੀ। ਪਾਦਰੀ ਨੇ ਡਾਇਨਾ ਦੇ ਮੱਥੇ 'ਤੇ ਵਾਲਾਂ ਵਿਚਕਾਰ ਇਕ ਪੌਣੇ ਇੰਚ ਦਾ ਸੱਟ ਦਾ ਨਿਸ਼ਾਨ ਦੇਖਿਆ ਤਾਂ ਉਸਨੂੰ ਬਹੁਤ ਦੁੱਖ ਲੱਗਿਆ ਸੀ। ਪਾਦਰੀ ਜਾਣਦਾ ਸੀ ਕਿ ਚਾਦਰ ਵਿਚ ਲਪੇਟੀ ਡਾਇਨਾ ਵਸਤਰਹੀਣ ਸੀ। ਉਸਨੇ ਬੜੀ ਇਤਆਦ ਨਾਲ ਚਾਦਰ ਵਿਚੋਂ ਡਾਇਨਾ ਦੀ ਬਾਂਹ ਬਾਹਰ ਕੱਢੀ ਤੇ ਉਸਦੀ ਤਲੀ ਉੱਤੇ  ਪਵਿੱਤਰ ਤੇਲ ਮਲ ਦਿੱਤਾ ਸੀ। ਇਸਾਈ ਮੰਤਰ ਦਾ ਜਾਪ ਕਰਦਾ ਹੋਇਆ ਉਹ ਦੂਜੇ ਪਾਸੇ ਗਿਆ ਤੇ ਡਾਇਨਾ ਦਾ ਦੁਸਰਾ ਹੱਥ ਬਾਹਰ ਕੱਢ ਕੇ ਵੀ ਉਸਨੇ ਉਵੇਂ ਹੀ ਕੀਤਾ, ਜਿਵੇਂ ਉਸਨੇ ਪਹਿਲੇ ਹੱਥ ਨਾਲ ਕੀਤਾ ਸੀ।

ਵਿਧੀ-ਵਿਧਾਨ ਸੰਪਨ ਕਰਕੇ ਪਾਦਰੀ ਫਾਦਰ ਵੀਵਸ ਕਲੋਚਹਰਡ-ਬੌਸਊਟ ਨੇ ਕੁਰਸੀ ਖਿੱਚੀ ਤੇ ਡਾਇਨਾ ਦੇ ਮੰਜੇ ਕੋਲ ਬੈਠ ਕੇ ਧਾਰਮਿਕ ਗ੍ਰੰਥ ਵਿਚਲੀਆਂ ਪ੍ਰਥਨਾਵਾਂ ਪੜ੍ਹਣ ਲੱਗ ਪਿਆ ਸੀ। ਪੂਰੇ ਚਾਰ ਘੰਟੇ ਬਾਅਦ 8.30 'ਤੇ ਪਾਦਰੀ ਦਾ ਇਕਾਂਤਵਾਸ ਜਾਗਰਣ ਸਮਾਪਿਤ ਹੋਇਆ ਤਾਂ ਫਰਾਂਸ ਦਾ ਰਾਸ਼ਟਰਪਤੀ ਜੈਕਕੀਉਸ ਸ਼ੀਰੈਕ ਅਤੇ ਉਸਦੀ ਪਤਨੀ ਬਰਨੈਡੀਟੇ ਸ਼ੀਰੈਕ ਕਮਰੇ  ਵਿਚ ਦਾਖਿਲ ਹੋਏ ਸਨ। ਬਰਨੈਡੀਟੇ ਸ਼ੀਰੈਕ, ਡਾਇਨਾ ਨਾਲ ਕਈ ਮਨੁੱਖੀ ਕਾਰਜਾਂ ਵਿਚ ਕੰਮ ਕਰ ਚੁੱਕੀ ਸੀ ਤੇ ਸ੍ਰੀ ਮਤੀ ਸ਼ੀਰਾਕ ਨੂੰ ਫਰਾਂਸ ਦੇ ਸ਼ਾਹੀ ਇਲੀਜ਼ੇਅ ਮਹੱਲ (Élysée Palace- 55, Rue du Faubourg, Saint-Honoré, 75008 Paris, France ) ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।

ਪੰਤਾਲੀ ਮਿੰਟ ਬਾਅਦ ਫਰਾਂਸ ਦਾ ਪ੍ਰਧਾਨ ਮੰਤਰੀ ਲਾਇਨਲ ਜੌਕਸਪਿੰਨ ਆ ਕੇ ਚੁੱਪਚਾਪ ਆਪਣੀ ਡਾਇਨਾ ਨੂੰ ਸ਼ਰਧਾਜ਼ਲੀ ਦੇ ਕੇ ਚਲਾ ਗਿਆ ਸੀ। ਉਹ ਉਸ ਵੇਲੇ ਸਮੁੰਦਰੀ ਸ਼ਹਿਰ  ਲਾ ਰੌਸ਼ੈਲ (La Rochelle) ਸੋਸ਼ਲ ਪਾਰਟੀ ਦੀ ਕਾਨਫਰੈਂਸ ਵਿਚ ਸ਼ਿਰਕਤ ਕਰਨ ਲਈ ਗਿਆ ਹੋਇਆ ਸੀ, ਜਦੋਂ ਉਸਨੂੰ ਖ਼ਬਰ ਮਿਲੀ ਸੀ। ਉਹ ਤਤਫਟ ਮਿਲਟਰੀ ਹਵਾਈ ਜਹਾਜ਼ ਲੈ ਕੇ ਪੈਰਿਸ ਆ ਵੱਜਿਆ ਸੀ।

ਸੇਂਟ ਜੌਰਜ਼ ਐਂਗਲੀਕਨ ਚਰਚ ਤੋਂ ਵੱਡੇ ਪਰੌਸਟੈਂਟ ਪਾਦਰੀ ਰੈਵਰਨੈਂਡ ਮਾਰਟਿਨ ਡਰੈਪਰ ਨੇ ਆ ਕੇ ਪਦਰੀ ਫਾਦਰ ਵੀਵਸ ਕਲੋਚਹਰਡ-ਬੌਸਊਟ ਤੋਂ ਸੇਵਾ ਸੰਭਾਲ ਲਿੱਤੀ ਸੀ। ਫਾਦਰ ਵੀਵਸ ਕਲੋਚਹਰਡ-ਬੌਸਊਟ ਵੱਲੋਂ ਕਿਸੇ ਦੀ ਪੜ੍ਹੀ ਗਈ, ਇਹ ਆਖਰੀ ਅਰਦਾਸ, ਸੱਚਮੁੱਚ ਉਸਦੇ ਜੀਵਨ ਦੀ ਵੀ ਆਖਰੀ ਅਰਦਾਸ ਹੋ ਨਿਬੜੀ ਸੀ। ਫਾਦਰ ਵੀਵਸ ਕਲੋਚਹਰਡ-ਬੌਸਊਟ ਨੇ ਇਸ ਘਟਨਾ ਤੋਂ ਬਾਅਦ ਪਦਰੀ ਪਦ ਤੋਂ ਸਵੈ-ਇੱਛਾ ਨਾਲ ਅਸਤੀਫਾ ਦੇ ਦਿੱਤਾ ਸੀ।

ਦਸ ਵਜੇ ਰਾਜਦੂਤ ਮਾਇਕਲ ਜੇਅ ਨੇ ਸਭ ਨੂੰ ਸੁਚਿਤ ਕਰ ਦਿੱਤਾ ਸੀ ਕਿ ਸ਼ਹਿਜ਼ਾਦਾ ਚਾਰਲਸ ਦੁਪਹਿਰ ਨੂੰ ਪੈਰਿਸ ਆ ਰਿਹਾ ਸੀ ਤੇ ਸ਼ਾਮ ਪੰਜ ਵਜੇ ਆਪਣੀ ਸਾਬਕਾ ਪਤਨੀ ਦੇ ਪੰਜ ਭੌਤਿਕ ਮ੍ਰਿਤਕ ਸਰੀਰ ਨੂੰ ਦਫਨਾਉਣ ਲਈ ਵਾਪਿਸ ਲੰਡਨ ਲੈ ਜਾਵੇਗਾ।

ਦੁਪਹਿਰ ਨੂੰ ਗਰਮੀ ਹੋ ਜਾਣੀ ਹੋਣ ਕਾਰਨ ਡਾਕਟਰਾਂ ਨੇ ਡਾਇਨਾ ਵਾਲੇ ਕਮਰੇ ਵਿਚ ਤੁਰੰਤ ਏਅਰਕੰਡੀਸ਼ਨਰ ਲਗਾਉਣ ਦਾ ਪ੍ਰਬੰਧ ਕੀਤਾ ਸੀ। ਜਦੋਂ ਕਮਰੇ ਦੀ ਬਾਰੀ ਵਿਚ ਬਾਹਰਲੇ ਪਾਸੇ ਏਅਰ ਕੰਡੀਸ਼ਨਰ ਲਾਇਆ ਜਾ ਰਿਹਾ ਸੀ ਤਾਂ ਹਸਪਤਾਲ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਸੀ ਕਿ ਹਸਪਤਾਲ ਦੇ ਉਸ ਕਮਰੇ ਦੇ ਐਨ ਸਾਹਮਣੇ ਹੋਟਲ ਵਿਚ ਕਮਰੇ ਲੈ ਕੇ ਪੱਤਰਕਾਰ ਡਾਇਨਾ ਦੀ ਲਾਸ਼ ਦੀਆਂ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਹਨਾਂ ਨੇ ਬਾਰੀਆਂ ਬੰਦ ਕਰਕੇ ਅੰਦਰੋਂ ਚਾਦਰਾਂ ਤਾਣ ਦਿੱਤੀਆਂ ਸਨ। ਏਅਰ ਕੰਡੀਸ਼ਨਰ ਯੂਨਿਟ ਬਾਹਰ ਦੀ ਬਜਾਏ ਕਮਰੇ ਦੇ ਅੰਦਰ ਬਣੇ ਸਿੰਕ ਉੱਤੇ ਹੀ ਲਗਾ ਦਿੱਤਾ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਨੂੰ ਖਦਸਾ ਸੀ ਕਿ ਕੋਈ ਏਅਰਕੰਡੀਸ਼ਨ ਦੇ ਵਿਹਲ ਵਿਚ ਮਾਇਕਰੋ ਕੈਮਰਾ ਨਾ ਲਗਾ ਦੇਵੇ। ਪਲਾਂ ਵਿਚ ਹੀ ਕਮਰੇ ਦਾ ਤਾਪਮਾਨ 60 ਡੀਗਰੀ ਫਾਰਨਹਾਇਟ ਠੰਡਾ ਹੋ ਗਿਆ ਸੀ।

ਡਾਇਨਾ ਦੇ ਕਮਰੇ ਵਿਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਿਲਰੀ ਗਿਸਕਾਰਡ ਦੀ ਪਤਨੀ ਐਨ ਆਮੋਨੀ ਵੱਲੋਂ ਭੇਜਿਆ ਦਰਜ਼ਨ ਗੁਲਾਬ ਦੇ ਫੁੱਲਾਂ ਦਾ ਪਹਿਲਾ ਗੁੱਛਾ ਲਿਆ ਕੇ ਰੱਖ ਦਿੱਤਾ ਗਿਆ ਸੀ। ਉਸ ਤੋਂ ਪਿੱਛੋਂ ਸ਼ਹਿਜ਼ਾਦਾ ਚਾਰਲਸ ਵੱਲੋਂ ਭਿਜਵਾਏ ਦੁੱਧੀਆ ਲਿੱਲੀ ਫੁੱਲ ਸਜਾਏ ਗਏ, ਜੋ ਡਾਇਨਾ ਦੇ ਮਨ-ਪਸੰਦ ਫੁੱਲ ਸਨ।

ਡਾਇਨਾ ਨੂੰ ਨਹਾ ਕੇ ਹਸਪਤਾਲ ਦੇ ਸਟਾਫ ਵੱਲੋਂ ਮੈਅਕਪ ਕੀਤਾ ਗਿਆ ਤੇ 'ਪੈਰਿਸ ਮੈਚ' ਮੈਗਜ਼ੀਨ ਵਿਚ ਛਪੀਆਂ ਡਾਇਨਾ ਦੀਆਂ ਫੋਟੋਆਂ ਦੇਖ ਦੇਖ ਉਸਦੇ ਵਾਲਾਂ ਦਾ ਐਨ ਉਵੇਂ ਦਾ ਸਟਾਇਲ ਬਣਾਇਆ ਗਿਆ, ਜਿਵੇਂ ਦਾ ਅਸਲ ਵਿਚ ਹੁੰਦਾ ਸੀ। ਵਾਲਾਂ ਦੀ ਮੂਹਰਲੀ ਲਟ ਵਿਚ ਉਸੇ ਪ੍ਰਕਾਰ ਕੁੰਡਲ ਪਾਉਣ ਨੂੰ ਘੰਟਾ ਲੱਗ ਗਿਆ ਸੀ।

ਡਾਇਨਾ ਨੂੰ ਕਪੜੇ ਪਹਿਨਾਉਣ ਦੀ ਵਾਰੀ ਆਈ ਤਾਂ ਹਸਪਤਾਲ ਦੇ ਸਟਾਫ ਨੇ ਸਟੋਰ ਵਿਚ ਜਾ ਕੇ ਡਾਇਨਾ ਦੀਆਂ ਨਿੱਜੀ ਚੀਜ਼ਾਂ ਵਾਲਾ ਲਿਫਾਫਾ ਫਰੋਲਿਆ ਸੀ। ਉਸ ਵਿਚੋਂ  ਕਾਲੇ ਰੰਗ ਦੀ ਜੈਕਟ, ਜਨਾਨਾ ਸੱਤ ਨੰਬਰ ਸਾਇਜ਼ ਦੀ ਕਾਲੀ ਗੁਰਗਾਬੀ, ਪਰਸ,  ਜੈਗਰ-ਲੀਕੋਲਟਰੀ ਚਿੱਟੇ ਹੀਰਿਆਂ ਵਾਲੀ ਸੋਨੇ ਦੀ ਘੜੀ, ਛੇ ਮੋਤੀਆਂ ਦੀਆਂ ਲੜੀਆਂ ਵਾਲਾ ਬਾਜ਼ੂਬੰਦ, 30 ਸਾਇਜ਼ ਦੀ ਜਨਾਨਾ ਬੈੱਲਟ ਅਤੇ ਇਕ ਝੂੰਮਕੇ ਦੇ ਸਿਵਾਏ ਹੋਰ ਕੁਝ ਨਹੀਂ ਸੀ ਨਿਕਲਿਆ। ਡਾਇਨਾ ਦੇ ਉਸ ਰੋਜ਼ ਪਹਿਨੀ ਹੋਈ ਚਿੱਟੀ ਪੈਂਟ ਅਤੇ ਕਾਲਾ ਅੱਧੀਆਂ ਬਾਹਾਂ ਦਾ ਟੌਪ ਐਮਰਜ਼ੈਂਸੀ ਟੀਮ ਨੂੰ ਹਾਦਸੇ ਵਾਲੇ ਸਥਾਨ 'ਤੇ ਹੀ ਇਲਾਜ ਕਰਨ ਲਈ ਕੈਂਚੀ ਨਾਲ ਕੱਟਣਾ ਪਿਆ ਸੀ। ਉਸ ਸਮੇਂ ਡਾਇਨਾ ਦੀ ਲਾਸ਼ ਚਾਦਰ ਵਿਚ ਅਲਫ ਨਗਨ ਪਈ ਸੀ।

ਨਰਸ ਬੀਅਟਰਾਇਸ ਹਮਬਰਟ ਨੇ ਰਿਟਜ਼ ਹੋਟਲ ਤੋਂ ਡਾਇਨਾ ਦੇ ਕਪੜੇ ਮੰਗਵਾਉਣ ਲਈ ਫੋਨ ਕੀਤਾ ਤਾਂ ਉਸਨੂੰ ਦੱਸਿਆ ਗਿਆ ਸੀ ਕਿ ਡਾਇਨਾ ਦਾ ਸਾਰਾ ਸਮਾਨ ਮਾਲਕ ਮੁਹੰਮਦ ਅਲ ਫਾਇਦ ਦੇ ਹੁਕਮ ਨਾਲ ਲੰਡਨ ਨੂੰ ਭੇਜ ਦਿੱਤਾ ਗਿਆ ਸੀ। 

ਐਨੇ ਨੂੰ ਬ੍ਰਤਾਨਵੀ ਦੂਤਾਵਾਸ ਦਾ ਇਕ ਅਧਿਕਾਰੀ  ਨਰਸ ਬੀਅਟਰਾਇਸ ਹਮਬਰਟ ਕੋਲ ਆਇਆ ਸੀ ਤੇ ਕਹਿਣ ਲੱਗਾ, "ਪ੍ਰਿੰਸ ਚਾਰਲਸ ਦਾ ਸਾਨੂੰ ਬ੍ਰਿਟਿਸ਼ ਅੰਬੈਸੀ ਪੈਰਿਸ ਵਿਚ ਫੋਨ ਆਇਆ ਹੈ ਤੇ ਉਸ ਨੇ ਕਿਹਾ ਹੈ ਕਿ ਮਹਾਰਾਣੀ ਇਲੀਜ਼ਬੈਥ-2, ਡਾਇਨਾ ਦੇ ਸ਼ਾਹੀ ਗਹਿਣੇ ਵਾਪਸ ਮੰਗਦੀ ਹੈ। ਡਾਇਨਾ ਦੇ ਗਹਿਣੇ ਕਿੱਥੇ ਹਨ?"

"ਸਾਡੇ ਕੋਲ ਡਾਇਨਾ ਨੂੰ ਪਹਿਨਾਉਣ ਲਈ ਲੀੜੇ ਨ੍ਹੀਂ। ਤੂੰ ਗਹਿਣੇ ਭਾਲਦੈਂ। ਉਹਦਾ ਕੋਈ ਗਹਿਣਾ ਨਹੀਂ ਸਾਡੇ ਕੋਲ। ਲਫੇੜੇ ਨਾ ਖਾ'ਲੀ ਮੈਥੋਂ।" ਇਸ ਨਾਜ਼ੁਕ ਸਮੇਂ ਇੰਗਲੈਂਡ ਦੀ ਮਲਕਾ ਵੱਲੋਂ ਗਹਿਣੇ ਮੰਗਣ ਬਾਰੇ ਸੁਣ ਕੇ ਨਰਸ ਬੀਅਟਰਾਇਸ ਹਮਬਰਟ ਨੂੰ ਗੁੱਸਾ ਆ ਗਿਆ ਸੀ।

ਸਮੁੱਚਾ ਸ਼ਾਹੀ ਪਰਿਵਾਰ, ਮਲਕਾ ਇਲੀਜ਼ਬੈਥ-2, ਸ਼ਹਿਜ਼ਾਦਾ ਫਿਲਪ, ਸ਼ਹਿਜ਼ਾਦਾ ਚਾਰਲਸ  ਅਤੇ ਡਾਇਨਾ ਦੇ ਦੋਨੋਂ ਬੱਚੇ (ਵਿਲੀਆ ਅਤੇ ਹੈਰੀ) ਉਸ ਵੇਲੇ ਬੈਲਮੌਰਲ ਕਿਲ੍ਹੇ, ਸਕਾਟਲੈਂਡ ਵਿਚ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਮਨਾ ਰਹੇ ਸਨ, ਜਦੋਂ ਉਹਨਾਂ ਨੂੰ ਹਾਦਸੇ ਬਾਰੇ ਸਮਾਚਾਰ ਮਿਲਿਆ ਸੀ। ਉਸੇ ਵਕਤ ਉਹ ਛੁੱਟੀਆਂ ਖਾਰਜ਼ ਕਰਕੇ ਲੰਡਨ ਸਾਰਾ ਪਰਿਵਾਰ ਪਰਤ ਆਇਆ ਸੀ। ਪੈਰਿਸ ਆਉਣ ਲਈ ਜਹਾਜ਼ ਵਿਚ ਬੈਠਣ ਤੋਂ ਪਹਿਲਾਂ ਸ਼ਹਿਜ਼ਾਦਾ ਚਾਰਲਸ ਨੇ ਹਸਪਤਾਲ ਅਧਿਕਾਰੀਆਂ ਨੂੰ ਬੇਨਤੀ ਕੀਤੀ ਸੀ ਕਿ ਡਾਇਨਾ ਦੇ ਕੰਨ੍ਹਾਂ ਵਿਚ ਸੋਨੇ ਦੇ ਝੂੰਮਕੇ ਵੀ ਪਾ ਦਿੱਤੇ ਜਾਣ, ਕਿਉਂਕਿ ਡਾਇਨਾ ਕਦੇ ਵੀ ਕੰਨ ਸੁੰਨੇ ਰੱਖਣ ਦੀ ਆਦੀ ਨਹੀਂ ਸੀ। ਹਸਪਤਾਲ ਵਾਲੇ ਡਾਇਨਾ ਦਾ ਦੂਜੇ ਝੂੰਮਕਾ ਲੱਭਣ ਲੱਗੇ ਸਨ। ਪਰ ਉਹਨਾਂ ਨੂੰ ਨਹੀਂ ਸੀ ਮਿਲਿਆ। ਉਹ ਗੁਆਚਿਆ ਝੂੰਮਕਾ ਸੱਤ ਹਫਤਿਆਂ ਬਾਅਦ ਕਾਰ ਦੇ ਡੈਸ਼ਬੋਰਡ ਵਿਚ ਹਾਦਸੇ ਨਾਲ ਟੁੱਟ ਕੇ ਅੜਕਿਆ ਹੋਇਆ ਲੱਭਿਆ ਸੀ।

ਡਾਇਨਾ ਨੂੰ ਪਹਿਨਾਉਣ ਲਈ ਕਪੜਿਆਂ ਦੀ ਤਲਾਸ਼ ਦੋ ਘੰਟੇ ਚਲਦੀ ਰਹੀ ਸੀ। ਅਖੀਰ ਰਾਜਦੂਤ ਜੇਅ ਦੀ ਪਤਨੀ ਸੀਲਵੀਆ ਨੇ ਆਪਣੀ ਇਕ ਪੁਸ਼ਾਕ ਦੇਣ ਦੀ ਪੇਸ਼ਕਸ਼ ਕਰੀ ਸੀ। ਸੀਲਵੀਆ ਲੱਗਭੱਗ ਡਾਇਨਾ ਦੇ ਕੱਦ ਦੀ ਹੀ ਸੀ। ਉਸ ਤੋਂ ਕੁਝ ਸਮੇਂ ਬਾਅਦ ਡਾਇਨਾ ਦਾ ਸਾਬਕਾ ਅੰਗਰੱਖਿਅਕ ਕੈਨ ਵਾਰਫ ਅਤੇ ਨੌਕਰ ਪੋਲ ਬੂਰਲ ਪੁਸ਼ਾਕ ਵਾਲਾ ਅਟੈਚੀਕੇਸ ਲੈ ਕੇ ਹਸਪਤਾਲ ਪਹੁੰਚੇ ਅਤੇ ਉਹਨਾਂ ਨੇ ਕਾਲੇ ਰੰਗ ਦੀ ਇਕ ਪੁਸ਼ਾਕ ਅਤੇ ਸੀਲਵੀਆ ਦੀ ਚਮੜੇ ਦੀ ਜੁੱਤੀ ਨਰਸ ਬੀਅਟਰਾਇਸ ਹਮਬਰਟ ਨੂੰ ਦੇ ਦਿੱਤੀ ਸੀ।

ਡਾਇਨਾ ਨੇ ਪੋਲ ਬੂਰਲ ਨੂੰ ਮੌਤ ਤੋਂ ਕੁਝ ਦਿਨ ਪਹਿਲਾਂ ਫੋਨ ਕਰਕੇ ਪੈਰਿਸ ਬੁਲਾਇਆ ਸੀ, ਪਰ ਉਹ ਆ ਨਹੀਂ ਸੀ ਸਕਿਆ। ਪੋਲ ਦੇ ਕੰਨ੍ਹਾਂ ਵਿਚ ਡਾਇਨਾ ਦੀ ਫੋਨ ਵਾਰਤਾ ਗੂੰਝਣ ਲੱਗ ਪਈ ਸੀ, "ਪੋਲ ਮੈਂ ਬੱਚਿਆਂ ਨੂੰ ਮਿਲਣ ਲਈ ਬਹੁਤ ਬੇਤਾਬ ਹਾਂ। ਤੂੰ ਪੈਰਿਸ ਆਜਾ ਆਪਾਂ ਇਥੋਂ ਇਕੱਠੇ ਘਰ ਨੂੰ ਆਵਾਂਗੇ। ਮੈਨੂੰ ਤੇਰੇ ਨਾਲ ਜਹਾਜ਼ ਵਿਚ ਸਫ਼ਰ ਕਰਕੇ ਬਹੁਤ ਚੰਗਾ ਲੱਗਦਾ ਹੈ।"

ਪੋਲ ਨੂੰ ਕੀ ਪਤਾ ਸੀ ਡਾਇਨਾ ਦਾ ਲੰਡਨ ਨੂੰ ਆਖਰੀ ਹਵਾਈ ਜਾਹਜ਼ ਦਾ ਸਫ਼ਰ ਉਸੇ ਦੀ ਸੰਗਤ ਵਿਚ ਹੋਣਾ ਤਕਦੀਰ ਨੇ ਲਿੱਖਿਆ ਹੋਇਆ ਸੀ।

ਪੋਲ ਬੂਰਲ ਦੇ ਹੱਥੋਂ ਅਟੈਚੀ ਫੜ੍ਹ ਕੇ ਨਰਸ ਜੇਨੀ ਲੌਕੋਰਚਰ ਅਤੇ  ਨਰਸ ਬੀਅਟਰਾਇਸ ਹਮਬਰਟ ਕਮਰੇ ਅੰਦਰ ਗਈਆਂ।  ਨਰਸ ਜੇਨੀ ਲੌਕੋਰਚਰ ਨੇ ਚਾਦਰ ਹਟਾਈ ਤਾਂ ਉਹ ਡਾਇਨਾ ਦੀ ਛਾਤੀ ਤੋਂ ਧੁੰਨੀ ਤੱਕ ਪਾੜ ਦਾ ਸਿਉਂਤਾ ਹੋਇਆ ਜਖਮ ਦੇਖ ਕੇ ਭੈਅਭੀਤ ਹੋ ਗਈ ਸੀ।

ਡਾਕਟਰਾਂ ਨੂੰ ਦਿਲ ਦਾ ਓਪ੍ਰੇਸ਼ਨ ਕਰਨ ਲਈ ਡਾਇਨਾ ਦੇ ਸਰੀਰ ਦੇ ਇਸ ਭਾਗ ਨੂੰ ਚੀਰਾ ਦੇਣਾ ਪਿਆ ਸੀ। ਡਾਇਨਾ ਦੀਆਂ ਲੱਤਾਂ, ਪੈਰਾਂ ਅਤੇ ਬਾਹਾਂ 'ਤੇ ਅਨੇਕਾਂ ਜ਼ਖਮ ਸਨ। ਡਾਇਨਾ ਦੀ ਸੱਜੀ ਪਸਲੀ ਬੁਰੀ ਤਰ੍ਹਾ ਦਰੜੀ ਗਈ ਸੀ। ਸੱਜੀ ਬਾਂਹ ਦਾ ਉਪਰਲਾ ਭਾਗ ਨੀਲਾ ਹੋ ਚੁੱਕਾ ਸੀ। ਸੱਜੇ ਨਿਤੰਬ 'ਤੇ ਦੋ ਇੰਚ ਦਾ ਘਾਵ ਅਤੇ ਪੱਟਾਂ 'ਤੇ ਝਰੀਟਾਂ ਸਨ। ਇਹ ਸਾਰੇ ਜ਼ਖਮਾਂ ਦਾ ਵੇਰਵਾਂ ਭਾਵੇਂ ਡਾਕਟਰਾਂ ਨੇ ਰਿਪੋਰਟ ਚਾਰਟ ਵਿਚ ਦਰਜ਼ ਕੀਤਾ ਹੋਇਆ ਸੀ, ਪਰ ਨਰਸਾਂ ਨੇ ਉਹ ਪੜ੍ਹ ਕੇ ਨਹੀਂ ਸੀ ਦੇਖਿਆ। ਜਿਸ ਦਿਨ ਡਾਇਨਾ ਦੀ ਮੌਤ ਹੋਈ ਸੀ। ਉਹ ਹਫਤਾ ਸੰਤ ਪਟਰੀਸ਼ਾ ਨੂੰ ਸਮਰਪਿਤ ਸੀ। ਡਾਇਨਾ ਦੇ ਉਸ ਚਾਰਟ ਉੱਤੇ ਡਾਇਨਾ ਦੇ ਅਸਲ ਨਾਮ ਦੀ ਬਜਾਏ ਡਾਕਟਰਾਂ ਨੇ ਡਾਇਨਾ ਦਾ ਹਸਪਤਾਲ ਦੇ ਵਿਧਾਨ ਮੁਤਾਬਕ ਮ੍ਰਿਤਕ ਦਾ ਨਾਮ ਡਾਇਨਾ ਦੀ ਬਜਾਏ ਸੇਂਟ ਪਟਰੀਸ਼ਾ ਲਿੱਖ ਦਿੱਤਾ ਸੀ। ਕਿਉਂਕਿ ਉਹ ਦਿਨ ਸੰਤ ਪੈਟਰੀਸ਼ਾ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ। 

ਨਾਪੋਲੀ, ਇਟਲੀ ਦੀ ਸੰਤ ਪਟਰੀਸ਼ਾਂ, ਰੋਮਨ ਬਾਦਸ਼ਾਹ ਕੌਨਸਟਾਟਾਇਨ-1 ਦੀ ਪੁੱਤਰੀ ਸੀ। ਆਪਣੇ ਭਰਾ  ਕੌਨਸਟਾਟਾਇਨ-2 ਵੱਲੋਂ  ਸ਼ਾਹੀ ਪਰਿਵਾਰ ਨਾਲ ਤਹਿ ਕੀਤੇ ਵਿਆਹ ਤੋਂ ਭੱਜ ਕੇ ਉਹ ਰੋਮ ਚਲੀ ਗਈ ਸੀ। ਜਿਥੇ ਉਹ ਬ੍ਰਹਮਚਾਰੀ ਇਸਾਈ ਭਿਕਸ਼ੂ ਯਾਨੀ ਨੰਨ ਬਣ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸਨੇ ਰਾਜ ਭਾਗ ਵਿਚੋਂ ਆਪਣਾ ਹਿੱਸਾ ਆਪਣੇ ਭਰਾ ਤੋਂ ਲੈ ਕੇ ਗਰੀਬਾਂ ਨੂੰ ਦਾਨ ਕਰ ਦਿੱਤਾ ਸੀ। ਜਰੂਸਲਮ ਨੂੰ ਤੀਰਥਯਾਤਰਾ ਲਈ ਜਾਂਦਿਆਂ ਸਮੁੰਦਰੀ ਤੂਫਾਨ ਆਉਣ ਨਾਲ ਉਸਦਾ ਬੇੜਾ ਟੁੱਟ ਗਿਆ ਤੇ ਉਹ ਨਾਪੋਲੀ (ਜਿਸ ਦਾ ਅਰਥ ਨਵਾਂ ਸ਼ਹਿਰ ਹੁੰਦਾ ਹੈ।) ਕੋਲ ਇਕ ਟਾਪੂ 'ਤੇ ਜਾ ਡਿੱਗੀ ਸੀ। ਜਿਥੇ ਥੋੜ੍ਹੀ ਦੇਰ ਬਾਅਦ 665 ਈਸਵੀ ਨੂੰ ਉਸਦੀ ਜਵਾਨੀ ਵਿਚ ਹੀ ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਨਾਲ ਮੌਤ ਹੋ ਗਈ ਸੀ। ਇੰਨ ਬਿੰਨ ਇਹੀ ਭਾਣਾ ਡਾਇਨਾ ਨਾਲ ਵੀ ਵਾਪਰਿਆ ਸੀ।

ਡਾਇਨਾ ਨੇ ਇਕ ਵਾਰ ਪੋਲ ਬੂਰਲ ਨੂੰ ਦੱਸਿਆ ਸੀ ਕਿ ਉਹ ਅਜਿਹੇ ਤਾਬੂਤ ਵਿਚ ਦਫਨ ਹੋਣਾ ਚਾਹੁੰਦੀ ਸੀ, ਜਿਸ ਵਿਚ ਸ਼ੀਸ਼ੇ ਦੀ ਖਿੜ੍ਹਕੀ ਲੱਗੀ ਹੋਵੇ ਤਾਂ ਕਿ ਲੋਕ ਉਸਦਾ ਚਿਹਰਾ ਦੇਖ ਸਕਣ। ਡਾਇਨਾ ਦੀ ਖੁਆਇਸ਼ ਨੂੰ ਮੁੱਖ ਰੱਖਦਿਆਂ ਬਿਲਕੁਲ ਉਸੇ ਪ੍ਰਕਾਰ ਦਾ  ਸਲੇਟੀ ਰੰਗ ਦਾ ਤਾਬੂਤ ਬਣਵਾਇਆ ਗਿਆ ਸੀ। 

ਨਰਸ ਜੇਨੀ ਲੌਕੋਰਚਰ, ਨਰਸ ਬੀਅਟਰਾਇਸ ਹਮਬਰਟ ਅਤੇ ਦੋ ਬ੍ਰਿਟਿਸ਼ ਅੰਮਬੈਸੀ ਦੇ ਅਧਿਕਾਰੀਆਂ ਨੇ ਚੁੱਕ ਕੇ ਡਾਇਨਾ ਨੂੰ ਤਾਬੂਤ ਵਿਚ ਲਿਟਾ ਦਿੱਤਾ ਸੀ। 

ਦਸ ਹਫਤੇ ਪਹਿਲਾਂ ਨਿਊਯਾਰਕ ਵਿਚ ਡਾਇਨਾ ਦੀਆਂ 79 ਪੁਸ਼ਾਕਾਂ ਸ਼ਹਿਜ਼ਾਦਾ ਵਿਲੀਅਮ ਦੇ ਮਸ਼ਵਰੇ ਨਾਲ ਵੇਚ ਕੇ ਏਡਜ਼ ਦੇ ਰੋਗੀਆਂ ਲਈ ਕਰੀਸਟੀਜ਼ ਚੈਰਟੀ ਲਈ ਤਿੰਨ ਕਰੋੜ ਡਾਲਰ ਇਕੱਠਾ ਕੀਤਾ ਗਿਆ ਸੀ। ਫੈਸ਼ਨ ਦੀ ਦੁਨੀਆਂ ਦੇ ਵਿਚ ਇਤਿਹਾਸ ਸਿਰਜਣ ਵਾਲੀ ਡਾਇਨਾ ਦੇ ਇਕ ਵਾਰ ਅੰਗ ਲਾਉਣ ਨਾਲ ਕਪੜੇ ਦੀ ਕੀਮਤ ਵਧ ਜਾਂਦੀ ਸੀ। ਡਾਇਨਾ ਦੇ ਪਹਿਨੇ ਕਪੜੇ ਲੱਖਾਂ ਕਰੋੜਾਂ ਪੌਂਡ ਵਿਚ ਨਿਲਾਮ ਹੋ ਕੇ ਵਿਕਦੇ ਸਨ। ਜੌਹਨ ਟਰਵੌਲਟਾ ਨਾਲ ਨ੍ਰਿਤ ਕਰਨ ਸਮੇਂ ਪਹਿਨੀ ਡਾਇਨਾ ਦੀ ਪੁਸ਼ਾਕ ਦੋ ਕਰੋੜ ਪੌਂਡ ਦੀ ਵਿਕੀ ਸੀ। ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਉਹੀ ਡਾਇਨਾ ਕੋਲ ਪਹਿਨਣ ਲਈ ਆਪਣਾ ਲਿਬਾਸ ਨਹੀਂ ਸੀ। ਉਹ ਤਾਬੂਤ ਵਿਚ ਮੰਗਵੀ ਪੁਸ਼ਾਕ ਪਾਈ ਪਈ ਸੀ। ਤਾਬੂਤ ਦਾ ਢੱਕਣ ਡਾਇਨਾ ਦੇ ਦਰਸ਼ਨਾਂ ਲਈ ਖੁੱਲ੍ਹਾਂ ਰੱਖ ਦਿੱਤਾ ਗਿਆ ਸੀ।

ਡਾਇਨਾ ਆਪਣੇ ਨੌਕਰ ਪੋਲ ਬੂਰਲ ਨੂੰ 'ਮੇਰੀ ਚਟਾਨ- ਸਿਰਫ ਇਕ ਇਨਸਾਨ, ਜਿਸ 'ਤੇ ਮੈਂ ਯਕੀਨ ਕਰਦੀ ਹਾਂ' ਕਿਹਾ ਕਰਦੀ ਸੀ। ਪੋਲ ਬੂਰਲ ਦੱਖਣੀ ਇੰਗਲੈਂਡ ਦੇ ਇਕ ਕੋਲਿਆਂ ਦੀ ਖਾਨ ਵਿਚ ਕੰਮ ਕਰਨ ਵਾਲੇ ਮਜ਼ਦੂਰ ਦਾ ਪੁੱਤਰ ਸੀ ਤੇ ਉਹ ਮਲਕਾ ਦੀ ਖਿਦਮਤ ਵਿਚ ਘਰੇਲੂ ਨੌਕਰ ਵਜੋਂ 1976 ਤੋਂ 1987 ਵਿਚ ਕੰਮ ਕਰਨ ਬਾਅਦ ਡਾਇਨਾ ਦੇ ਵਿਆਹ ਹੋਏ 'ਤੇ ਉਹਨਾਂ ਨੂੰ ਦੇ ਦਿੱਤਾ ਗਿਆ ਸੀ। 1987 ਤੋਂ 1993 ਤੱਕ ਪਹਿਲਾਂ ਉਹ ਹਾਈਗ੍ਰੋਵ ਰਹਿ ਕੇ ਚਾਰਲਸ ਅਤੇ ਡਾਇਨਾ ਦੀ ਸੇਵਾ ਕਰਦਾ ਰਿਹਾ ਸੀ। ਫਿਰ ਡਾਇਨਾ ਉਸਨੂੰ ਕੈਨਸਿੰਘਟਨ ਮਹੱਲ ਲੈ ਆਈ ਸੀ। ਪੋਲ ਨੇ ਡਾਇਨਾ ਦੀ ਚਾਕਰੀ ਕਰਦਿਆਂ ਉਸਦੇ ਅਨੇਕਾਂ ਰਾਜ ਆਪਣੀ ਪੱਥਰ  ਦੇਹੀ ਵਿਚ ਜਜ਼ਬ ਕੀਤੇ ਹੋਏ ਸਨ। ਕਦੇ ਕਦੇ ਡਾਇਨਾ ਉਸਨੂੰ ਚਮ੍ਹਲਾਉਣ ਲਈ ਆਪਣਾ 'ਤੀਜਾ ਨੇਤਰ' ਵੀ ਆਖ ਦਿਆ ਕਰਦੀ ਸੀ। ਕਮਰੇ ਵਿਚ ਦਾਖਿਲ ਹੋ ਕੇ ਡਾਇਨਾ ਨੂੰ ਦੇਖਦਿਆਂ ਹੀ ਉਹ ਪੱਥਰ ਦੇ ਲਕਬ ਨਾਲ ਨਿਵਾਜਿਆ ਗਿਆ ਇਨਸਾਨ ਪੋਲ ਬਰੂਲ ਮੋਮ ਵਾਂਗ ਪਿਘਲ ਗਿਆ ਸੀ ਤੇ ਉੱਚੀ-ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਿਆ ਸੀ। ਨਰਸਾਂ ਨੇ ਡਾਇਨਾ ਦੀਆਂ ਬਾਹਾਂ ਮੋੜ ਕੇ ਉਸਦੇ ਹੱਥ ਉਸਦੀ ਛਾਤੀ ਉੱਤੇ ਰੱਖ ਦਿੱਤੇ ਸਨ। ਪੋਲ ਨੇ ਡਾਇਨਾ ਦੇ ਹੱਥ ਫੜ੍ਹ ਕੇ ਡਾਇਨਾ ਨੂੰ ਹਲੂਣਿਆ ਸੀ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਡਾਇਨਾ ਮਰੀ ਨਹੀਂ, ਬਲਕਿ ਸੁੱਤੀ ਪਈ ਸੀ। ਹਰ ਵਾਰ ਦੀ ਤਰ੍ਹਾਂ ਉਹ ਉੱਠ ਕੇ ਬੈੱਡ ਟੀ (ਚਾਹ) ਮੰਗੇਗੀ। ਫਿਰ ਪੋਲ ਡਾਇਨਾ ਦੇ ਪੈਰਾਂ ਕੋਲ ਬੈਠ ਕੇ ਕਾਫੀ ਦੇਰ ਤੱਕ ਰੋਂਦਾ ਰਿਹਾ ਸੀ।

ਪੋਲ ਨੇ ਅਟੈਚੀ ਵਿਚੋਂ ਇਕ ਮਾਲਾ ਕੱਢ ਕੇ ਨਰਸ ਜੇਨੀ ਲੌਕੋਰਚਰ ਨੂੰ ਦਿੱਤੀ ਸੀ, "ਇਹ ਤਸ਼ਬੀਹ ਬੌਸ (ਡਾਇਨਾ ਨੂੰ ਉਹ ਬੌਸ ਆ ਕੇ ਸੰਬੋਧਨ ਹੁੰਦਾ ਸੀ।) ਨੂੰ ਮਦਰ ਟਰੀਸਾ ਨੇ ਦਿੱਤੀ ਸੀ। ਕ੍ਰਿਪਾ ਕਰਕੇ ਪ੍ਰਿੰਸੈਸ ਦੇ ਹੱਥਾਂ ਵਿਚ ਫੜ੍ਹਾ ਦੇਵੋ।" 

ਨਰਸ ਜੇਨੀ ਲੌਕੋਰਚਰ ਨੇ ਜਪਣੀ ਫੜ੍ਹ ਕੇ ਡਾਇਨਾ ਦੀਆਂ ਉਂਗਲਾਂ ਵਿਚ ਫਸਾ ਦਿੱਤੀ ਸੀ। ਪੋਲ ਨੇ ਸ਼ਹਿਜ਼ਾਦਾ ਵਿਲੀਅਮ, ਸ਼ਹਿਜ਼ਾਦਾ ਹੈਰੀ ਅਤੇ ਡਾਇਨਾ ਦੇ ਪਿਤਾ ਜੌਹਨ ਸਪੈਂਸਰ ਦੀਆਂ ਆਪਣੇ ਨਾਲ ਘਰੋਂ ਲਿਆਂਦੀਆਂ ਤਸਵੀਰਾਂ ਵੀ ਡਾਇਨਾ ਦੇ ਹੱਥ ਵਿਚ ਫੜ੍ਹਾ ਦਿੱਤੀਆਂ ਸਨ।

ਡਾਇਨਾ ਦੀ ਮੌਤ ਦੇ ਸਦਮੇ ਨਾਲ ਰੋਂਦਾ ਹੋਇਆ ਪੋਲ ਬੇਹੋਸ਼ ਹੋ ਕੇ ਡਿੱਗਣ ਵਾਲਾ ਹੋ ਗਿਆ ਸੀ। ਜਦੋਂ ਨਰਸਾਂ ਨੇ ਉਸਨੂੰ ਬਾਹਰ ਜਾਣ ਲਈ ਕਿਹਾ ਸੀ ਤਾਂ ਉਹ ਡਾਇਨਾ ਕੋਲੋਂ ਉੱਠਣਾ ਨਹੀਂ ਸੀ ਚਾਹੁੰਦਾ।

ਫਰਾਂਸ ਦਾ ਸਿਹਤ ਮੰਤਰੀ ਬਰਨਾਰਡ ਕੋਚਨਰ ਉਥੇ ਆਇਆ ਤਾਂ ਅਫਸੋਸ ਪ੍ਰਗਟ ਕਰਦਾ ਹੋਇਆ ਕਹਿਣ ਲੱਗਾ ਸੀ, "ਓ ਮਾਈ ਗੌਡ। ਇਹ ਨਹੀਂ ਹੋ ਸਕਦਾ। ਐਨੀ ਸੋਹਣੀ ਕੁੜੀ ਦੀ ਐਨੀ ਦਰਦਨਾਕ ਮੌਤ। ਹਾਏ ਓ ਮੇਰਿਆ ਰੱਬਾ। ਇਹ ਨਹੀਂ ਹੋ ਸਕਦਾ।"

ਦੋ ਵਜੇ ਦੁਪਹਿਰੇ ਹਸਪਤਾਲ ਦੇ ਬੋਰਡਿੰਗ ਰੂਮ ਵਿਚ ਤਕਰੀਬਨ 30 ਬੰਦਿਆਂ ਦੀ ਬੰਦ ਕਮਰੇ ਵਿਚ ਮੀਟਿੰਗ ਹੋਈ। ਇਸ ਸਭਾ ਵਿਚ ਐਮਰਜ਼ੈਂਸੀ ਮੈਡੀਕਲ ਟੀਮ ਦਾ ਮੁੱਖੀ ਡਾਕਟਰ ਬਰੂਨੋ ਰਿਉ (ਜਿਸਨੇ ਓਪ੍ਰੇਸ਼ਨ ਕਰਕੇ ਡਾਇਨਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ), ਪੁਲਿਸ ਦਾ ਮੁੱਖੀ ਫਿਲਪੀ ਮਾਸੋਨੀ,  ਇਲੀਜ਼ੇਅ ਪੈਲਿਸ ਦੇ ਮਸਵਿਧਾਵਾਂ ਦਾ ਮੁੱਖੀ ਅਤੇ ਬ੍ਰਿਟਿਸ਼ ਅੰਬੈਸੀ ਦੇ ਕੁਝ ਅਧਿਕਾਰੀ ਵੀ ਸ਼ਾਮਿਲ ਸਨ। ਸਭ ਅੱਗੇ ਇਹ ਮਹੱਤਵਪੂਰਨ ਪ੍ਰਸ਼ਨ ਸੀ ਕਿ ਕਿ ਡਾਇਨਾ ਦੇ ਮ੍ਰਿਤਕ ਸਰੀਰ ਨੂੰ ਹਸਪਤਾਲ ਵਿਚੋਂ ਕਿਵੇਂ ਰੁਖਸਤ ਕੀਤਾ ਜਾਵੇ?

ਸਭ ਤੋਂ ਪਹਿਲਾਂ ਇਹ ਵਿਚਾਰਿਆ ਗਿਆ ਸੀ ਕਿ ਐਮਬੂਲੈਂਸ ਹੈਲੀਕਪਟਰ ਰਾਹੀਂ ਹਸਪਤਾਲ ਦੀ ਛੱਤ 'ਤੇ ਬਣੇ ਹੈਲੀਪੈਡ ਤੋਂ ਡਾਇਨਾ ਦੀ ਲਾਸ਼ ਨੂੰ ਵਿਲਾਕੋਉਬਲੇ ਦੀ ਮਿਲਟਰੀ ਏਅਰਫੀਲਡ, ਪੈਰਿਸ ਨੂੰ ਲਿਜਾਇਆ ਜਾਵੇਗਾ। ਜਿਥੋਂ ਹਵਾਈ ਜਹਾਜ਼ ਰਾਹੀਂ ਅੱਗੇ ਦਾ ਸਫ਼ਰ ਹੋਵੇਗਾ। ਲੇਕਿਨ ਜਦੋਂ ਇਹ ਮਸ਼ਵਰਾ ਸ਼ਹਿਜ਼ਾਦਾ ਚਾਰਲਸ ਨਾਲ ਫੋਨ 'ਤੇ ਵਿਚਾਰਿਆ ਗਿਆ ਸੀ ਤਾਂ ਚਾਰਲਸ ਨੇ ਇਸ ਨੂੰ ਸਮਰਥਨ ਨਹੀਂ ਸੀ ਦਿੱਤਾ, "ਨਹੀਂ ਡਾਇਨਾ ਨੂੰ ਹਸਪਤਾਲ ਦੇ ਗੇਟ ਰਾਹੀਂ ਬਾਹਰ ਲਿਆਂਦਾ ਜਾਵੇਗਾ। ਜਿਹੜੇ ਲੋਕ ਡਾਇਨਾ ਨੂੰ ਦੇਖਣ ਲਈ ਉਥੇ ਇਕੱਤਰ ਹੋਏ ਹਨ। ਉਹਨਾਂ ਨੂੰ ਹਰ ਹੱਕ ਬਣਦਾ ਹੈ ਕਿ ਉਹ ਆਪਣੀ ਪਿਆਰੀ ਪ੍ਰਿਸੈਸ ਦੇ ਆਖਰੀ ਦਰਸ਼ਨ ਕਰਨ।"

ਪੁਲਿਸ ਮੁੱਖੀ ਨੇ ਚਾਰਲਸ ਦੀ ਤਜ਼ਵੀਜ ਸੁਣ ਕੇ ਸੁੱਖ ਦਾ ਸਾਹ ਲਿਆ ਸੀ। ਉਹ ਜਾਣਦਾ ਸੀ ਕਿ ਡਾਇਨਾ ਦੀ ਮ੍ਰਿਤਕ ਦੇਹ ਗੁਪਤ  ਰੂਪ ਵਿਚ ਲਿਜਾਣ ਨਾਲ ਦੰਗੇ ਭੜਕ ਸਕਦੇ ਸਨ। ਉਸ ਵੇਲੇ ਹਸਪਤਾਲ ਦੇ ਕਮਿਉਨੀਕੇਸ਼ਨ ਡਰਾਇਕਟਰ, ਮਿਰਸੀ ਨੂੰ ਸ਼ੇਕਸਪੀਅਰ ਦੇ ਨਾਟਕ ਹੈਮਲਟ ਦਾ ਸੀਨ ਚੇਤੇ ਆ ਗਿਆ ਸੀ। ਜਿਸ ਵਿਚ ਬਾਹਰ ਲੋਕਾਂ ਤੇ ਦੰਗਾਕਾਰੀਆਂ ਦਾ ਹਜ਼ੂਮ ਭੜਕ ਰਿਹਾ ਹੁੰਦਾ ਹੈ, ਪਰ ਕਿਲ੍ਹੇ ਵਿਚ ਸਭ ਕੁਝ ਸ਼ਾਤਮਈ ਢੰਗ ਨਾਲ ਵਾਪਰਦਾ ਸੀ।

ਟੈਲੀਵਿਜ਼ਨ ਦੀਆਂ ਖ਼ਬਰਾਂ ਵਿਚ ਡਾਇਨਾ ਦੀ ਮੌਤ ਦਾ ਇਲਜ਼ਾਮ ਇਕ ਫਾਰਸੀ (Persian) ਯਾਨੀ ਇਰਾਨੀ ਮੂਲ ਦੇ ਪੱਤਰਕਾਰ ਸਿਰ ਮੜ੍ਹ ਦਿੱਤਾ ਗਿਆ ਹੋਣ ਕਰਕੇ ਲੋਕਾਂ ਵਿਚ ਕਾਫੀ ਰੋਹ ਪੈਦਾ ਹੋ ਚੁੱਕਾ ਸੀ। ਹਸਪਤਾਲ ਦੇ ਬਾਹਰ ਇਕੱਤਰ ਹੋਈ ਭੀੜ ਪ੍ਰੈਸ ਵਾਲਿਆਂ ਨੂੰ ਗਾਲ੍ਹਾਂ ਕੱਢਦੀ ਹੋਈ ਨਾਹਰੇ ਲਗਾ ਰਹੀ ਸੀ, "ਹਰਾਮਜ਼ਾਦੇ... ਕਾਤਲ ਪੱਤਰਕਾਰ...।"  

ਕਮਿਉਨੀਕੇਸ਼ਨ ਡਰਾਇਕਟਰ ਮਿਰਸੀ  ਨੇ ਛੇ ਪੱਤਰਕਾਰ ਅਤੇ ਛੇ ਫੋਟੋਗ੍ਰਾਫਰਾਂ ਨੂੰ ਚੋਰੀ ਹਸਪਤਾਲ ਅੰਦਰ ਆਉਣ ਦੀ ਆਗਿਆ ਦਿੱਤੀ ਸੀ। ਉਹ ਨਹੀਂ ਸੀ ਚਾਹੰਦਾ ਕਿ ਇਕ ਅਹਿਮ ਖ਼ਬਰ ਤੋਂ ਦੂਰ ਰੱਖ ਕੇ ਹਸਪਤਾਲ ਜਾਂ ਫਰਾਂਸ ਉੱਤੇ ਪ੍ਰੈਸ ਕੋਈ ਦਾਗ-ਧੱਬਾ ਲਾਵੇ। 4.30 ਵਜੇ ਹਸਪਤਾਲ ਨੂੰ ਸਾਫ ਕਰਵਾ ਕੇ ਲਾਲ ਕਾਰਪੈਟ ਵਿਛਾ ਦਿੱਤੀ ਗਈ ਸੀ। ਡਾਕਟਰਾਂ ਅਤੇ ਨਰਸਾਂ ਨੇ ਹਿੱਜ਼ ਰੌਇਲ ਹਾਈਨੈੱਸ ਪ੍ਰਿੰਸ ਚਾਰਲਸ ਦੇ ਆ ਆਉਣ ਤੋਂ ਪਹਿਲਾਂ ਖਿੰਡਿਆ ਖੱਪਰਿਆ ਕੂੜਾ-ਕਰਕਟ ਚੁੱਕਣ ਵਿਚ ਸਫਾਈ ਕਰਮਚਾਰੀਆਂ ਦੀ ਮਦਦ ਕੀਤੀ ਸੀ।

ਬ੍ਰਿਟਿਸ਼ ਰੌਇਲ ਸਕੁਆਡਰਨ ਬੀ. ਏ. ਈ. 146 ਪ੍ਰਿੰਸ ਚਾਰਲਸ, ਡਾਇਨਾ ਦੀ ਵੱਡੀ ਭੈਣ ਸਿਹਰਾ ਮੈਕਕੋਰਕਿਉਡੇਲ ਅਤੇ ਛੋਟੀ ਜੇਨ ਫੈਲੋਜ਼ ਨੂੰ ਲੈ ਕੇ ਵਿਲਾਕੋਉਬਲੇ ਦੀ ਧਰਤੀ 'ਤੇ ਪੂਰੇ ਪੰਜ ਵਜੇ ਉਤਰ ਗਿਆ ਸੀ। ਅੱਧੇ ਘੰਟੇ ਬਾਅਦ ਹਸਪਤਾਲ ਦੇ ਮੁੱਖ ਦੁਆਰ 'ਤੇ ਚਾਂਦੀ ਰੰਗੀ ਜੈਗੂਅਰ ਲਿਮੋਜ਼ੀਨ ਆ ਕੇ ਰੁੱਕੀ ਸੀ। ਸ਼ਹਿਜ਼ਾਦਾ ਚਾਰਲਸ ਨੀਲੇ ਰੰਗ ਦਾ ਡਬਲ ਬਰੈਸਟਡ ਕੋਟ ਪਾ ਕੇ ਉਸ ਵਿਚੋਂ ਨਿਕਲਿਆ ਤਾਂ ਇਕਦਮ ਸਭ ਲੋਕੀ ਖਾਮੋਸ਼ ਹੋ ਗਏ ਸਨ। ਚਾਰੇ ਪਾਸੇ ਸੰਨਾਟਾ ਫੈਲ ਗਿਆ ਸੀ। ਫਿਰ ਲੇਡੀ ਜੇਨ ਚਮੜੇ ਦਾ ਕੋਟ ਤੇ ਫੁੱਲਾਂ ਵਾਲਾ ਸਕਾਰਫ ਲਈ ਬਾਹਰ ਆਈ ਸੀ। ਉਸ ਦੇ ਪਿੱਛੇ ਲੇਡੀ ਸਿਹਰਾ, ਜਿਸਦੇ ਕਾਲੇ ਕਪੜੇ ਪਹਿਨੇ ਹੋਏ ਸਨ ਤੇ ਅੱਖਾਂ 'ਤੇ ਚਸ਼ਮੇ ਲਗਾ ਕੇ ਉਸਦੀ ਵੱਧਰੀ ਗਲ੍ਹ ਦੇ ਪਿੱਛੇ ਲਟਕਾਈ ਹੋਈ ਸੀ, ਕਾਰ 'ਚੋਂ ਬਾਹਰ ਨਿਕਲੀ।

ਫਰਾਂਸ ਦੇ ਰਾਸ਼ਟਰਪਤੀ ਸ਼ੀਰਾਕ ਨੇ ਅਦਬ ਨਾਲ ਝੁੱਕ ਕੇ ਚਾਰਲਸ ਦਾ ਹੱਥ ਫੜ੍ਹਿਆ ਦੇ ਆਪਣਾ ਅਫਸੋਸ ਪ੍ਰਗਟ ਕੀਤਾ ਸੀ। ਪਿੰ੍ਰਸ ਚਾਰਲਸ ਨੇ ਫਰੈਂਚ ਭਾਸ਼ਾ ਵਿਚ ਉਹਨਾਂ ਪਤੀ ਪਤਨੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨਾਲ ਹਸਪਤਾਲ ਅੰਦਰ ਚਲਾ ਗਿਆ ਸੀ।

ਨਰਸ ਬੀਅਟਰਾਇਸ ਹਮਬਰਟ, ਪ੍ਰਿੰਸ ਚਾਰਲਸ ਅਤੇ ਉਸਦੀਆਂ ਸਾਲੀਆਂ ਨੂੰ ਅੰਦਰ ਕਮਰੇ ਵਿਚ ਲੈ ਗਈ ਸੀ। ਸ਼ਹਿਜ਼ਾਦਾ ਚਾਰਲਸ ਸਭ ਤੋਂ ਪਹਿਲਾਂ ਦਾਖਲ ਹੋਇਆ ਤੇ ਡਾਇਨਾ ਨੂੰ ਦੇਖ ਕੇ ਬਰਫ ਦੀ ਸਿੱਲ ਬਣ ਗਿਆ ਸੀ। ਲੇਡੀ ਜੇਨ ਅੰਦਰ ਵੜ੍ਹਣ ਤੋਂ ਪਹਿਲਾਂ ਹੀ ਰੋਣ ਲੱਗ ਪਈ ਸੀ। 

ਏਅਰ ਕੰਡੀਸ਼ਨਰ ਦੀ ਹਵਾ ਨਾਲ ਡਾਇਨਾ ਦੀ ਜੁਲਫ ਹਿੱਲੀ ਤੇ ਚਾਰਲਸ ਦਾ ਸਿਰ ਇਕਦਮ ਖੁਦ-ਬਾ-ਖੁਦ ਪਿੱਛੇ ਖਿੱਚਿਆ ਗਿਆ। ਜਿਵੇਂ ਉਸਨੂੰ ਕਿਸੇ ਗੈਬੀ ਸ਼ਕਤੀ ਨੇ ਝਟਕਾ ਮਾਰਿਆ ਸੀ। ਲੇਡੀ ਜੇਨ ਉੱਚੀ-ਉੱਚੀ ਰੋ ਰਹੀ ਸੀ ਤੇ ਲੇਡੀ ਸਿਹਰਾ ਦੇ ਪਰਲ ਪਰਲ ਹੰਝੂ ਵਗ ਰਹੇ ਸਨ। ਡਾਇਨਾ ਦੇ ਤਾਬੂਤ ਦੇ ਦੋਨੇ ਪਾਸੇ ਇਕ ਇਕ ਕੁਰਸੀ ਪਈ ਸੀ। ਚਾਰਲਸ ਨੇ ਫੜ੍ਹ ਕੇ ਦੋਨੋਂ ਔਰਤਾਂ ਨੂੰ ਉਨ੍ਹਾਂ 'ਤੇ ਬਿਠਾ ਦਿੱਤਾ ਸੀ। ਲੇਡੀ ਜੇਨ ਨੂੰ ਜੱਫੀ ਪਾ ਕੇ ਚਾਰਲਸ ਨੇ ਉਸਦੇ ਕੰਨ ਵਿਚ ਸਰਗੋਸ਼ੀ ਕੀਤੀ ਸੀ।  ਨਰਸ ਬੀਅਟਰਾਇਸ ਹਮਬਰਟ ਉਨ੍ਹਾਂ ਨੂੰ ਤਨਹਾ ਛੱਡ ਕੇ ਬਾਹਰ ਨਿਕਲ ਗਈ ਸੀ।

ਕੁਝ ਸਮੇਂ ਬਾਅਦ ਚਾਰਲਸ ਬਾਹਰ ਆਇਆ ਤਾਂ ਰੋਣ ਨਾਲ ਉਸਦੀਆਂ ਹਲਕੀਆਂ ਨੀਲੀਆਂ ਅੱਖਾਂ ਲਾਲ ਹੋਈਆਂ ਪਈਆਂ ਸਨ। ਉਸਨੇ  ਨਰਸ ਬੀਅਟਰਾਇਸ ਹਮਬਰਟ ਨੂੰ ਕੋਲ ਬੁਲਾਇਆ ਸੀ, "ਮੈਡਮ ਪਲੀਜ਼ ਐਂਗਲੀਕਨ ਪਾਦਰੀ ਨੂੰ ਬੁਲਾ ਦੇਵੋਗੇ?"

ਮਿੰਟਾਂ ਵਿਚ ਰੈਵਰਨੈਂਡ ਡਰੈਪਰ ਅਤੇ ਫਾਦਰ  ਵੀਵਸ ਕਲੋਚਹਰਡ-ਬੌਸਊਟ ਪਹੁੰਚ ਗਏ ਸਨ। ਉਨ੍ਹਾਂ ਸਾਰਿਆਂ ਨੇ ਮਿਲਕੇ ਪ੍ਰਾਥਨਾ ਕੀਤੀ ਸੀ। ਪਾਦਰੀਆਂ ਦੇ ਮਗਰ ਮਗਰ ਪ੍ਰਰਥਨਾ ਨੂੰ ਬੋਲਦਿਆਂ ਚਾਰਲਸ ਨੂੰ ਦੇਖ ਕੇ  ਨਰਸ ਬੀਅਟਰਾਇਸ ਹਮਬਰਟ ਸੋਚ ਰਹੀ ਸੀ ਕਿ ਫਰਾਂਸਿਸੀ ਲੋਕ ਕਿੰਨਾ ਗਲਤ ਪ੍ਰਿੰਸ ਚਾਰਲਸ ਬਾਰੇ ਸੋਚਦੇ ਸਨ। ਆਮ ਲੋਕਾਂ ਵਾਂਗ  ਨਰਸ ਬੀਅਟਰਾਇਸ ਹਮਬਰਟ ਦੇ ਮਨ ਵਿਚ ਵੀ ਕੇਵਲ ਡਾਇਨਾ ਲਈ ਹਮਦਰਦੀ ਸੀ ਕਿਉਂਕਿ ਉਸਨੇ ਆਪਣੇ ਸ਼ਾਸਕਾਂ ਵਿਰੁੱਧ ਬਗਾਵਤ ਕੀਤੀ ਸੀ। ਪਰ ਡਾਇਨਾ ਦੀ ਮੌਤ ਵਿਚ ਗ਼ਮਗੀਨ ਹੋਏ ਚਾਰਲਸ ਨੂੰ ਦੇਖ ਕੇ  ਨਰਸ ਬੀਅਟਰਾਇਸ ਹਮਬਰਟ ਦਾ ਹਿਰਦਾ ਪਸੀਜ਼ ਗਿਆ ਸੀ। ਇਕ ਪਾਸੇ ਡਾਇਨਾ ਉਹ ਔਰਤ ਸੀ, ਜਿਸ ਨਾਲ ਚਾਰਲਸ ਦਾ ਕੋਈ ਰਿਸ਼ਤਾ ਨਹੀਂ ਸੀ ਰਿਹਾ ਤੇ ਬਾਗੀ ਹੋ ਕੇ ਉਸਨੂੰ ਬਦਨਾਮ ਕਰਦੀ ਤੁਰੀ ਫਿਰਦੀ ਸੀ। ਪ੍ਰਿੰਸ ਚਾਰਲਸ ਇਸ ਦੇ ਬਾਵਜੂਦ ਵੀ ਉਸਦੀ ਮੌਤ ਨੂੰ ਲੈ ਕੇ ਅੰਤਾਂ ਦਾ ਦੁੱਖੀ ਸੀ। ਡਾਇਨਾ ਦੀਆਂ ਭੈਣਾਂ ਨੂੰ ਉਦਾਰਤਾ ਨਾਲ ਸੰਭਾਲਦਾ ਹੋਇਆ ਸ਼ਹਿਜ਼ਾਦਾ ਚਾਰਲਸ, ਸਾਰੇ ਹਸਪਤਾਲ ਦੇ ਕਰਮਚਾਰੀਆਂ ਨੇ ਤੱਕਿਆ ਸੀ। 

"ਪ੍ਰਿੰਸ ਚਾਰਲਸ ਬਹੁਤ ਸਭਿਅਕ ਮਨੁੱਖ ਹੈ। ਹੀ ਇੱਜ਼ ਏ ਟਰੂ ਜੈਨਟਲਮੈਨ। ਉਸਨੇ ਆਪਣੀ ਪੀੜਾਂ ਕਿਸੇ ਤੋਂ ਲਕੋਈ ਨਹੀਂ।" ਕਮਿਉਨੀਕੇਸ਼ਨ ਡਰਾਇਕਟਰ, ਮਿਰਸੀ ਬਾਕੀਆਂ ਨੂੰ ਦੱਸਦਾ ਫਿਰਦਾ ਸੀ।

ਪ੍ਰਾਰਥਨਾ ਦੀ ਸਮਾਪਤੀ ਉਪਰੰਤ ਪ੍ਰਿੰਸ ਚਾਰਲਸ ਨੇ ਸਭ ਨੂੰ ਬਾਹਰ ਜਾਣ ਦੀ ਬੇਨਤੀ ਕੀਤੀ ਤੇ ਆਪ ਉਹ ਤਨਹਾਈ ਵਿਚ ਕੁਝ ਦੇਰ ਡਾਇਨਾ ਕੋਲ ਰਹਿਣਾ ਚਾਹੁੰਦਾ ਸੀ। ਪੰਜ ਮਿੰਟ ਬਾਅਦ ਜਦੋਂ ਚਾਰਲਸ ਸਭ ਕੋਲ ਬਾਹਰ ਬਰਾਂਡੇ ਵਿਚ ਆਇਆ ਤਾਂ ਉਸਦੇ ਚਿਹਰੇ ਤੋਂ ਉਦਾਸੀ, ਪੀੜਾ ਅਤੇ ਦੁੱਖ ਸਪਸ਼ਟ ਝਲਕਦਾ ਸੀ।

ਪ੍ਰਿੰਸ ਚਾਰਲਸ ਨੇ ਨਰਸ ਬੀਅਟਰਾਇਸ ਹਮਬਰਟ,  ਨਰਸ ਜੇਨੀ ਲੌਕੋਰਚਰ, ਹਸਪਤਾਲ ਦੇ ਕਮਿਉਨੀਕੇਸ਼ਨ ਡਰਾਇਕਟਰ ਥੀਰੇ ਮਿਰਸੀ, ਰੈਵਰਨੈਂਡ ਡਰੈਪਰ ਅਤੇ ਫਾਦਰ  ਵੀਵਸ ਕਲੋਚਹਰਡ-ਬੌਸਊਟ ਦਾ ਨਿੱਜੀ ਤੌਰ 'ਤੇ ਸਹਾਈ ਹੋਣ ਲਈ ਧੰਨਵਾਦ ਕੀਤਾ। ਫਿਰ ਚਾਰਲਸ ਨੂੰ ਉਨ੍ਹਾਂ ਦੋ ਸਰਜਨਾਂ ਨਾਲ ਮਿਲਾਇਆ ਗਿਆ ਸੀ, ਜਿਨ੍ਹਾਂ ਨੇ ਡਾਇਨਾ ਨੂੰ ਸੁਰਜੀਤ ਕਰਨ ਦੀ ਪੂਰੀ ਵਾਹ ਲਾਈ ਸੀ। ਚਾਰਲਸ ਨੇ ਹੱਥ ਮਿਲਾ ਕੇ ਡਾ: ਰਿਉ ਅਤੇ ਡਾ: ਐਲੀਅਨ ਪਾਵੇ ਦਾ ਵੀ ਸ਼ੁਕਰੀਆ ਅਦਾ ਕੀਤਾ। ਚਾਰਲਸ ਨੇ ਉਨ੍ਹਾਂ ਨੂੰ ਕੁਝ ਸਵਾਲ ਵੀ ਪੁੱਛੇ ਜਿਵੇਂ ਕਿ ਡਾਇਨਾ ਨੂੰ ਕਿਸ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ? ਤੇ ਉਸ ਦਾ ਇਲਾਜ ਕਰਨ ਲਈ ਕੀ ਕੀ ਕੀਤਾ ਗਿਆ ਸੀ? ਆਦਿ। ਚਾਰਲਸ ਅੱਧਾ ਘੰਟਾ ਸਰਜਨਾਂ ਨਾਲ ਗੱਲਾਂ ਕਰਦਾ ਰਿਹਾ ਸੀ। ਸ਼ਾਇਦ ਗੱਲਾਂ ਕਰਕੇ ਉਹ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦਾ ਸੀ।

ਨਰਸ ਜੇਨੀ ਲੌਕੋਰਚਰ, ਡਾਇਨਾ ਦੀਆਂ ਭੈਣਾਂ ਨੂੰ ਨਾਲ ਦੇ ਕਮਰੇ ਵਿਚ ਲੈ ਗਈ ਸੀ, ਜਿਥੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।

"ਡਾਇਨਾ ਮਰਨ ਤੋਂ ਪਹਿਲਾਂ ਕਿੰਨਾ ਕੁ ਤੜਫੀ ਸੀ?"

ਲੇਡੀ ਜੇਨ ਨੇ ਨਰਸ ਨੂੰ ਪੁੱਛਿਆ ਤਾਂ ਜੇਨੀ ਲੌਕੋਰਚਰ ਨੇ ਦੱਸਿਆ ਸੀ, "ਬਿਲਕੁਲ ਵੀ ਨਹੀਂ। ਸਭ ਕੁਝ ਬਹੁਤ ਤੇਜ਼ੀ ਨਾਲ ਵਾਪਰਿਆ ਸੀ।"

"ਕਿਸੇ ਨੇ ਉਸ ਲਈ ਅੰਤਿਮ ਅਰਦਾਸ ਵੀ ਕੀਤੀ ਸੀ ਕਿ ਨਹੀਂ?"

"ਹਾਂ ਹਸਪਤਾਲ ਦੀ ਇਹ ਰੀਤ ਹੈ। ਅਸੀਂ ਫੌਰਨ ਪਾਦਰੀ ਨੂੰ ਬੁਲਾ ਕੇ ਡਾਇਨਾ ਅਤੇ ਉਸਦੇ ਬੱਚਿਆਂ ਲਈ ਅਰਦਾਸ ਕਰਵਾ ਦਿੱਤੀ ਸੀ।"

ਡਾਇਨਾ ਦੀਆਂ ਭੈਣਾਂ ਨੂੰ ਅਜਿਹਾ ਸੁਣ ਕੇ ਸਕੂਨ ਆ ਗਿਆ ਸੀ। ਮਿਥੇ ਸਮੇਂ ਅਨੁਸਾਰ ਸ਼ਾਮ ਦੇ ਛੇ ਵਜੇ ਡਾਇਨਾ ਦੀ ਹਸਪਤਾਲ ਤੋਂ ਲੰਡਨ ਲਈ ਯਾਤਰਾ ਆਰੰਭ ਹੋ ਗਈ ਸੀ। ਸ਼ਮਸ਼ਾਨ ਘਰ ਦੇ ਚਾਰ ਕਰਿੰਦਿਆਂ ਨੇ ਕੁਹਾਰਾਂ ਦੇ ਡੋਲੀ ਚੁੱਕਣ ਵਾਂਗ ਡਾਇਨਾ ਦੀ ਅਰਥੀ ਆਪਣੇ ਮੋਢਿਆਂ 'ਤੇ ਚੁੱਕ ਕੇ ਲਿਫਟ ਦੀ ਬਜਾਏ ਪੌੜੀਆਂ ਰਾਹੀਂ ਹੇਠਾਂ ਲਿਆਂਦੀ ਸੀ। ਡਾਇਨਾ ਦਾ ਚਿਹਰਾ ਤਾਬੂਤ ਦੇ ਸ਼ੀਸ਼ੇ ਰਾਹੀਂ ਦੇਖਿਆ ਜਾ ਸਕਦਾ ਸੀ, ਜੇਕਰ ਤਾਬੂਤ ਉੱਤੇ ਸੁਨਿਹਰੀ, ਜਾਮਣੀ, ਲਾਲ ਅਤੇ ਚਿੱਟੇ ਰੰਗਾਂ ਵਾਲਾ ਸ਼ੇਰ ਚਿੰਨ੍ਹ ਸ਼ਾਹੀ ਧਵੰਜ ਨਾ ਪਾਇਆ ਜਾਂਦਾ। ਲੇਕਿਨ ਇਹ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ ਰੀਤ ਸੀ। ਕਾਲੇ ਮਾਤਮੀ ਕਪੜਿਆਂ ਉੱਤੋਂ ਦੀ ਪਾਦਰੀਆਂ ਵਾਲਾ ਚਿੱਟਾ ਚੋਲਾ ਪਾਈ ਰੈਵਰਨੈਂਡ ਡਰੈਪਰ ਤਾਬੂਤ ਦੀ ਅਗਵਾਈ ਕਰ ਰਿਹਾ ਸੀ। ਪਵਿੱਤਰ ਇਸਾਈ ਧਰਮ ਦਾ ਗ੍ਰੰਥ ਬਾਇਬਲ ਉਸਦੇ ਹੱਥਾਂ ਵਿਚ ਫੜ੍ਹਿਆ ਹੋਇਆ ਸੀ। ਤਾਬੂਤ ਦੇ ਪਿੱਛੇ ਪ੍ਰਿੰਸ ਚਾਰਲਸ ਚੱਲ ਰਿਹਾ ਸੀ। ਡਾਇਨਾ ਦੀਆਂ ਭੈਣਾਂ, ਫਰਾਂਸ ਦਾ ਰਾਸ਼ਟਰਪਤੀ ਅਤੇ ਉਸਦੀ ਪਤਨੀ ਸ੍ਰੀ ਮਤੀ ਸ਼ੀਰਾਕ, ਚਾਰਲਸ ਦੇ ਮਗਰ ਜਾ ਰਹੇ ਸਨ। ਸਭ ਦੇ ਚਿਹਰਿਆਂ ਤੋਂ ਸਦਮੇ ਅਤੇ ਸੋਗ ਦੇ ਭਾਵ ਅਭਿਵਿਅਕਤ ਹੁੰਦੇ ਸਨ।

ਦਰਜਣ ਦੇ ਕਰੀਬ ਫਰੈਂਚ ਰਬਲੀਕਨ ਗਾਰਡਜ਼ ਸਾਵਧਾਨ ਅਵਸਥਾ ਵਿਚ ਖੜ੍ਹੇ ਸਨ। ਜਿਉਂ ਹੀ ਬੈਗਪਾਇਪਰ ਦੀਆਂ ਸੋਗਮਈ ਧੁੰਨਾਂ ਵੱਜਣ ਲੱਗੀਆਂ 200 ਤੋਂ ਵੀ ਵੱਧ ਹਸਪਤਾਲ ਦਾ ਸਟਾਫ, ਮਰੀਜ਼ ਅਤੇ ਆਮ ਲੋਕ ਗੈਸਟਨ ਕੌਰਡੀਅਰ ਵਿੰਗ ਵਿਚੋਂ ਨਿਕਲ ਕੇ ਸ਼ਰਧਾਜ਼ਲੀਆਂ ਦੇਣ ਆ ਗਏ ਸਨ।  ਚਾਰਲਸ ਅਤੇ ਡਾਇਨਾ ਦੀਆਂ ਭੈਣਾਂ ਲਾਹਮੀ ਹੱਥ ਲਟਕਾਈ ਸਥਿਰ ਖੜ੍ਹੇ ਸਨ।  ਸ਼ਮਸ਼ਾਨ ਘਰ ਦੇ ਚਾਰਾਂ ਕੁਹਾਰ ਕਰਿੰਦਿਆਂ ਨੇ ਡਾਇਨਾ ਦਾ ਤਾਬੂਤ ਅਰਥੀ ਵਾਲੀ ਕਾਲੀ ਤੇ ਚਾਂਦੀ ਰੰਗੀ ਕਾਰ ਵਿਚ ਸਤਿਕਾਰ ਨਾਲ ਟਿਕਾ ਦਿੱਤਾ ਸੀ। ਡਾਇਨਾ ਦੇ ਹਜ਼ਾਰਾਂ ਸ਼ੁਭਚਿੰਤਕ ਪੁਲਿਸ ਦਾ ਬੰਨ੍ਹ ਤੋੜ੍ਹ ਕੇ ਸ਼ਰਧਾ ਦਰਸਾਉਣ ਅੱਗੇ ਆ ਗਏ ਸਨ। 

ਚਾਰਲਸ ਨੇ ਇਕ ਵਾਰ ਫਿਰ ਰਾਸ਼ਟਰਪਤੀ ਸ਼ੀਰਾਕ ਦਾ ਧੰਨਵਾਦ ਕੀਤਾ ਤੇ ਰਾਜਦੂਤ ਜੇਅ ਦੀ ਜੈਗੂਅਰ ਕਾਰ ਵਿਚ ਬੈਠ ਗਿਆ ਸੀ। ਡਾਇਨਾ ਦੀਆਂ ਭੈਣਾਂ ਨੂੰ ਕਾਲੀ ਤੇ ਸਿਲਵਰ ਲਿਮੋਜ਼ੀਨ ਵਿਚ ਬੈਠਾ ਦਿੱਤਾ ਗਿਆ ਸੀ। ਬ੍ਰਿਟਿਸ਼ ਅੰਬੈਸੀ ਦੇ ਇਕ ਅਧਿਕਾਰੀ ਨੇ ਡਾਇਨਾ ਦੀਆਂ ਭੈਣਾਂ ਵਾਲੀ ਕਾਰ ਵਿਚ ਇਕ ਲਿਫਾਫਾ ਰੱਖ ਦਿੱਤਾ ਸੀ , ਜਿਸ ਵਿਚ ਹਸਪਤਾਲ ਲਿਆਉਣ ਸਮੇਂ ਪਹਿਨੇ ਹੋਏ ਡਾਇਨਾ ਦੇ ਵਸਤਰ ਪਾਏ ਹੋਏ ਸਨ। ਜਿਉਂ ਹੀ ਅਰਥੀ ਵਾਲੀ ਕਾਰ ਪੀਟਾਏ ਸਾਲਪਟਰੀਐਰੇ ਹਸਪਤਾਲ ਤੋਂ ਤੁਰੀ ਤਾਂ ਉੱਥੇ ਇਕੱਤਰ ਹੋਏ ਲੋਕਾਂ ਦੇ ਹੰਜ਼ੂਮ ਨੇ ਉੱਚੀ ਉੱਚੀ ਚੀਖਣਾਂ ਸ਼ੁਰੂ ਕਰ ਦਿੱਤਾ ਸੀ, "ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਤੈਨੂੰ ਕਦੇ ਨਹੀਂ ਭੁੱਲਾਂਗੇ, ਡਾਇਨਾ।... Nous vous aimons. Nous ne vous oublierons jamais, Diana. (French) ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਤੈਨੂੰ ਕਦੇ ਨਹੀਂ ਭੁੱਲਾਂਗੇ, ਡਾਇਨਾ।... We love you. We'll never forget you, Diana (English)... ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਤੈਨੂੰ ਕਦੇ ਨਹੀਂ ਭੁੱਲਾਂਗੇ, ਡਾਇਨਾ।"

ਅੱਧੇ ਘੰਟੇ ਬਾਅਦ ਵਿਲਾਕਉਬਲੇ ਏਅਰਫੀਲਡ ਦੀ ਪੱਕੀ ਸੜਕ ਲੋਕਾਂ ਦੇ ਇਕੱਠ ਨਾਲ ਭਰੀ ਪਈ ਸੀ। ਰੌਇਲ ਏਅਰ ਫੋਰਸ ਦੇ ਸੈਨਿਕਾਂ ਨੇ ਅਰਥੀ ਤੋਂ ਸ਼ਾਹੀ ਝੰਡਾ ਉਤਾਰਿਆ ਤੇ ਅਰਥੀ ਮਿਲਟਰੀ ਦੇ ਵਾਹਨ ਵਿਚ ਰੱਖ ਕੇ ਜਹਾਜ਼ ਵੱਲ ਲੈ ਗਏ ਸਨ। ਚਾਰਲਸ, ਡਾਇਨਾ ਦੀਆਂ ਭੈਣਾਂ, ਫਰਾਂਸ ਅਤੇ ਬ੍ਰਤਾਨੀਆ ਦੇ ਕਈ ਉੱਚ ਅਧਿਕਾਰੀ ਅਦਬ ਨਾਲ ਅਹਿਲ ਖੜ੍ਹੇ ਰਹੇ ਸਨ।

ਡਾਇਨਾ ਦੀ ਅਰਥੀ, ਚਾਰਲਸ, ਡਾਇਨਾ ਦੀਆਂ ਭੈਣਾਂ ਅਤੇ ਕੁਝ ਹੋਰ ਅਹਿਮ ਸਖਸ਼ੀਅਤਾਂ ਨੂੰ ਲੈ ਕੇ ਜਿਉਂ ਹੀ ਜਹਾਜ਼ ਪੈਰਿਸ ਦੇ ਅੰਬਰ ਨੂੰ ਛੁਹਿਆ ਤਾਂ ਪੈਰਿਸ ਵਿਚ ਸੂਰਜ ਇਕਦਮ ਅਸਤ ਹੋ ਗਿਆ ਸੀ। 

No comments:

Post a Comment