A Historic Fiction Novel Based On Late Princess Diana In Punajbi By Balraj Singh Sidhu

Sunday, 3 March 2013

ਕਾਂਡ 11


 ਮਿਲਾਪ ਤੇ ਵਿਛੋੜਾ


ਗੌਲਫ ਜੰਗ ਜਿੱਤ ਲੈਣ ਬਾਅਦ ਸਕੂਨ ਅਤੇ ਬੇਫਿਕਰੀ ਮਹਿਸੂਸ ਹੋ ਰਹੀ ਸੀ। ਖੁਸ਼ੀ ਅਤੇ ਚਾਅ ਤਾਂ ਹੋਣਾ ਸੁਭਾਵਿਕ ਹੀ ਸੀ। ਹੁਣ ਜਸ਼ਨ ਮਨਾਉਣ ਦਾ ਵਕਤ ਸੀ। ਖੌਰੇ, ਕਿਧਰੋਂ ਅਚਾਨਕ ਵਿਸਕੀ ਅਤੇ ਬੀਅਰ ਦੀਆਂ ਬੋਤਲਾਂ ਪ੍ਰਗਟ ਹੋ ਗਈਆਂ ਸਨ। ਅਮਰੀਕੀ ਫੌਜੀਆਂ ਨਾਲ ਮਿਲ ਕੇ ਅਸੀਂ ਗੀਤ ਗਾਉਂਦੇ ਅਤੇ ਨੱਚਦੇ ਹੋਏ ਸ਼ਰਾਬ ਪੀਣ ਲੱਗ ਪਏ ਸੀ। 



ਮੈਨੂੰ ਅਜੇ ਦਾਰੂ ਥੋੜ੍ਹੀ-ਥੋੜ੍ਹੀ ਚੜ੍ਹਨ ਹੀ ਲੱਗੀ ਸੀ ਕਿ ਸ਼ਾਰਲਟ ਲੋਪੇਜ਼ ਨੱਚਦੀ ਹੋਈ ਦਿੱਸ ਗਈ। ਲੰਡਨ ਦੇ ਨਾਇਟ ਕਲੱਬਾਂ ਵਿਚ ਨੱਚਦੀਆਂ ਅੱਥਰੀਆਂ ਮੁਟਿਆਰਾਂ ਮੈਂ ਬਹੁਤ ਦੇਖੀਆਂ ਸਨ। ਡਾਇਨਾ ਵਰਗੀ ਸਿਖਲਾਈਯਾਫਤਾ ਅਤੇ ਸੁਲਝੀ ਹੋਈ ਨ੍ਰਿਤਕੀ ਨਾਲ ਵੀ ਕਨਸਿੰਘਟਨ ਮਹੱਲ ਵਿਚ ਮੈਂ ਨੱਚ ਚੁੱਕਿਆ ਸੀ। ਟੀਨਏਅਜ਼ ਯਾਨੀ ਕਿਸ਼ੋਰ ਅਵਸਥਾ ਵਿਚ ਮੈਂ ਆਪਣੀਆਂ ਪੂਰਬਲੀਆਂ ਮਾਸ਼ੂਕਾਂ ਨਾਲ ਸੈਲਸਾ, ਟੈਂਗੋ ਅਤੇ ਬਥੇਰੇ ਡਿਸਕੋ ਡਾਂਸ ਕੀਤੇ ਸਨ। ਪਰ ਸ਼ਾਰਲਟ ਦਾ ਨਾਚ ਵੱਖਰਾ ਅਤੇ ਨਿਆਰਾ ਸੀ। ਰਕਾਨ ਦਾ ਨੱਚਦੀ ਹੋਈ ਦਾ ਇਕੱਲਾ-ਇਕੱਲਾ ਅੰਗ ਥਿਰਕਦਾ ਸੀ। ਲੋਹੜੇ ਦੀ ਲਚਕ ਸੀ ਉਸਦੇ ਸਰੀਰ ਵਿਚ। ਗਜ਼ਬ ਦਾ ਨਾਚ ਨੱਚਦੀ ਹੋਈ ਦੇ ਉਸ ਦੇ ਬਦਨ ਵਿਚ ਬਿਜਲੀ ਦਾ ਸੰਚਾਰ ਹੋ ਰਿਹਾ ਪ੍ਰਤੀਤ ਹੁੰਦਾ ਸੀ। ਮੈਂ ਪੀਣਕ ਲਾ ਕੇ ਉਸ ਵੱਲ ਤੱਕਦਾ ਹੋਇਆ ਅੱਖਾਂ ਝਮਕਣੀਆਂ ਵੀ ਭੁੱਲ ਗਿਆ ਸੀ।




ਮੈਂ ਨੱਚਦਾ ਨੱਚਦਾ ਬਹਾਨੇ ਨਾਲ ਸ਼ਾਰਲਟ ਕੋਲ ਚਲਾ ਗਿਆ। ਮੈਨੂੰ ਦੇਖ ਕੇ ਉਹਨੇ ਮੇਰੀ ਬੋਤਲ ਨਾਲ ਆਪਣੀ ਬੀਅਰ ਵਾਲੀ ਬੋਤਲ ਟਕਰਾ ਕੇ 'ਚੀਅਰਜ਼' ਕੀਤਾ ਤੇ ਆਪਣੀ ਬੋਤਲ ਵਿਚੋਂ ਘੁੱਟ ਭਰਨ ਲੱਗੀ। ਉਸਦੀ ਬੋਤਲ ਖਾਲੀ ਸੀ। ਮੈਂ ਉਸਨੂੰ ਹੋਰ ਬੋਤਲ ਦੀ ਪੇਸ਼ਕਸ਼ ਕਰ ਕੇ ਆਪਣੇ ਨਾਲ ਲੈ ਆਇਆ। ਸਾਡੇ ਦਲ ਕੋਲ ਵਾਧੂ ਬੋਤਲਾਂ ਪਈਆਂ ਸਨ। ਸ਼ਾਰਲਟ ਚੁੱਕ ਚੁੱਕ ਉਹ ਬੋਤਲਾਂ ਮੇਰੇ ਸਾਥੀ ਫੌਜੀਆਂ ਨੂੰ ਵੰਡਣ ਲੱਗ ਪਈ ਸੀ। ਅਸੀਂ ਸਾਰੇ ਸ਼ਾਰਲਟ ਦੁਆਲੇ ਗੋਲ ਘੇਰਾ ਬੰਨ੍ਹ ਕੇ ਨੱਚਣ ਲੱਗ ਪਏ ਸੀ। ਮੇਰੀ ਸਾਰੀ ਸਕੁਆਡਰਨ ਸ਼ਾਰਲਟ ਦੇ ਹੁਸਨ 'ਤੇ ਡੁੱਲੀ ਪਈ ਸੀ। ਹਰ ਕੋਈ ਉਸਨੂੰ ਚੁੱਕਣ ਲਈ ਹੱਥਾਂ ਨੂੰ ਥੁੱਕ ਲਾਈ ਫਿਰਦਾ ਸੀ। ਸ਼ਾਰਲਟ ਸਾਡੀ ਸਭ ਦੀ ਨੀਤ ਤਾੜ ਗਈ ਸੀ। ਉਹ ਵੀ ਜਾਣ-ਬੁੱਝ ਕੇ ਆਪਣੀ ਕਮੀਜ਼ ਦੇ ਬਟਨ ਖੋਲ੍ਹ ਖੋਲ੍ਹ ਛਾਤੀਆਂ ਦਾ ਪ੍ਰਦਸ਼ਨ ਕਰਦੀ ਹੋਈ ਸਾਡੀ ਹਵਸ ਭੜਕਾਈ ਜਾ ਰਹੀ ਸੀ।



ਫੇਰ ਸ਼ਾਰਲਟ ਨੂੰ ਸ਼ਰਾਰਤ ਸੁੱਝੀ ਤੇ ਯਕਾਯਕ ਉਹ ਬੋਲੀ ਸੀ, "ਇਕ ਖੇਡ ਖੇਡਦੇ ਹਾਂ। ਬੋਲੋ ਮੇਰੇ ਨਾਲ ਕੌਣ ਕੌਣ ਖੇਡੇਗਾ?"



ਅਸੀਂ ਸਭ ਨੇ ਹੱਥ ਖੜ੍ਹੇ ਕਰ ਦਿੱਤੇ ਸਨ। ਸ਼ਾਰਲਟ ਨੇ ਇਕ ਸਕੌਚ ਵਿਸਕੀ ਦੀ ਬੋਤਲ ਚੁੱਕੀ, "ਠੀਕ ਹੈ ਮੈਂ 100 ਗਜ਼ ਦੂਰੀ 'ਤੇ ਜਾ ਕੇ ਭੱਜਣਾ ਸ਼ੁਰੂ ਕਰਾਂਗੀ। ਤੁਸੀਂ ਮੇਰੇ ਮਗਰ ਦੌੜ ਪੈਣਾ ਤੇ ਜਿਹੜਾ ਮੈਨੂੰ ਸਭ ਤੋਂ ਪਹਿਲਾਂ ਛੂਹ ਲਵੇਗਾ। ਉਸਨੂੰ ਮੈਂ ਆਪਣੇ ਹੱਥਾਂ ਨਾਲ ਇਹ ਵਿਸਕੀ ਪਿਲਾਵਾਂਗੀ।"



ਬਾਕੀ ਸਾਰਿਆਂ ਦੀ ਬਹੁਤ ਪੀਤੀ ਹੋਈ ਸੀ। ਮੈਂ ਹੀ ਸਭ ਤੋਂ ਘੱਟ ਪੀਤੀ ਸੀ। ਅਸੀਂ ਸ਼ਾਰਲਟ ਦੇ ਇਸ਼ਾਰਾ ਕਰਦਿਆਂ ਹੀ ਉਸ ਮਗਰ ਸ਼ੂਟ ਵੱਟ ਦਿੱਤੀ ਸੀ। ਹੁੰਦੜਹੇਲ ਹੋਣ ਕਾਰਨ ਸ਼ਾਰਲਟ ਬਹੁਤ ਤੇਜ਼ ਦੌੜਦੀ ਹੋਈ ਜਾ ਰਹੀ ਸੀ ਤੇ ਸਾਨੂੰ ਡਾਹ ਨਹੀਂ ਸੀ ਦੇ ਰਹੀ। ਮੇਰੀਆਂ ਰਗਾਂ ਵਿਚ ਵੀ ਅਥਲੀਟ ਬਾਪ ਦਾ ਖੂਨ ਦੌੜਦਾ ਸੀ। ਮੈਂ ਸਭ ਤੋਂ ਮੂਹਰੇ ਫੁੱਲ ਸਪੀਡ ਨਾਲ ਭੱਜ ਰਿਹਾ ਸੀ। ਟੱਲੀ ਹੋਏ ਹੋਣ ਕਰਕੇ ਸਾਡੇ ਅੱਧੇ ਫੌਜੀ ਤਾਂ ਰਸਤੇ ਵਿਚ ਹੀ ਡਿੱਗ ਪਏ ਤੇ ਬਾਕੀ ਉਹਨਾਂ ਵਿਚ ਅੜਕ ਕੇ ਡਿੱਗਦੇ ਗਏ। ਰੇਤ ਵਿਚ ਸ਼ਾਰਲਟ ਮੀਲ ਡੇਢ ਮੀਲ ਦੌੜਦੀ ਗਈ। ਕੁਝ ਫੌਜੀ ਹੰਭ ਕੇ ਰੇਸ ਵਿਚੋਂ ਹੀ ਛੱਡ ਗਏ ਤੇ ਆਪਣੇ ਸਥਾਨ 'ਤੇ ਖੜ੍ਹ ਕੇ ਹੌਂਕਣ ਲੱਗ ਪਏ ਸਨ।


ਇਕ ਇਕ ਕਰਕੇ ਸਾਰੇ ਖਿਡਾਰੀ ਪਿੱਛੜ ਗਏ ਸਨ। ਅੰਤ ਵਿਚ ਸਿਰਫ ਮੈਂ ਹੀ ਰਹਿ ਗਿਆ ਸੀ। ਸ਼ਾਰਲਟ ਨੇ ਦੌੜਦਿਆਂ ਪਿੱਛੇ ਮੁੜ ਕੇ ਮੇਰੇ ਵੱਲ ਦੇਖਿਆ ਸੀ। ਕੇਵਲ ਮੈਨੂੰ ਇਕੱਲੇ ਨੂੰ ਹੀ ਆਪਣੇ ਪਿੱਛੇ ਆਉਂਦਾ ਦੇਖ ਕੇ ਉਸਦੀ ਰਫ਼ਤਾਰ ਹੌਲੀ ਹੋ ਗਈ ਸੀ। ਮੈਂ ਭੱਜਦਿਆਂ-ਭੱਜਦਿਆਂ ਉਸਦੇ ਨਾਲ ਰਲ ਗਿਆ। ਦੌੜਦੀ ਹੋਈ ਨੂੰ ਉਸਨੂੰ ਮੈਂ ਠਿੱਬੀ ਮਾਰ ਕੇ ਸਿੱਟ ਲਿਆ ਤੇ ਆਪ ਉਸਦੇ ਉੱਪਰ ਡਿੱਗ ਪਿਆ ਸੀ। ਮੈਨੂੰ ਜੱਫੀ ਪਾ ਕੇ ਸ਼ਾਰਲਟ ਨੇ ਪਾਸਾ ਪਰਤਿਆ ਤੇ ਮੇਰੇ ਉੱਪਰ ਲਿੱਟ ਗਈ ਸੀ। 


ਮੈਂ ਆਪਣੀ ਗਰਦਨ ਨੂੰ ਮੂਹਰੇ ਹੁਝਕਾ ਮਾਰੇ ਕੇ ਝੱਪਟੇ ਨਾਲ ਸ਼ਾਰਲਟ ਦੇ ਬੁੱਲ੍ਹ ਚੁੰਮਣੇ ਚਾਹੁ ਸਨ। ਪਰ ਉਸ ਨੇ ਸਤਰਕ ਹੋਣ ਕਰਕੇ ਆਪਣੀ ਧੋਣ ਨੂੰ ਪਿਛਾਂਅ ਵੱਲ ਝਟਕਾ ਮਾਰ ਕੇ ਮੇਰਾ ਵਾਰ ਅਸਫਲ ਕਰ ਦਿੱਤਾ ਸੀ। 



"ਮੇਰੀ ਮਰਜ਼ੀ ਬਿਨਾ ਤਾਂ ਇੰਗਲੈਡੀਆ ਕੋਈ ਮੇਰੇ ਵੱਲ ਝਾਕ ਨ੍ਹੀਂ ਸਕਦਾ। ਤੂੰ ਕਿੱਸ ਕਰਨ ਨੂੰ ਫਿਰਦੈਂ।" ਉਹ ਖਿੜਖਿੜਾ ਕੇ ਹੱਸ ਪਈ ਸੀ।



ਮੈਂ ਫੂਕ ਨਿਕਲੇ ਟਾਇਰ ਵਾਂਗ ਠੁੱਸ ਜਿਹਾ ਹੋ ਗਿਆ ਸੀ। ਰੇਤੇ ਦੇ ਟਿੱਬਿਆਂ ਦੀ ਆੜ ਵਿਚ ਸਾਨੂੰ ਸਾਡੇ ਸਾਥੀ ਵੀ ਦਿਖਾਈ ਨਹੀਂ ਸਨ ਦਿੰਦੇ। ਸੋਨੇ ਵਰਗੀ ਰੇਤ ਦੇ ਕਣਾਂ 'ਤੇ ਉਥੇ ਹੀ ਬੈਠ ਕੇ ਅਸੀਂ ਘੁੱਟਾਂ-ਬਾਟੀਂ ਵਿਸਕੀ ਦੀ ਬੋਤਲ ਨੂੰ ਮੂੰਹ ਲਾ ਕੇ ਪੀਣ ਲੱਗ ਪਏ ਸੀ। 



"ਤੂੰ ਵਿਆਹਿਆ ਹੈਂ ਜਾਂ ਕੁਵਾਰਾ?"



"ਤੈਨੂੰ ਕਿਹੜੇ ਮਰਦ ਪਸੰਦ ਨੇ?"



"ਵਿਆਹੇ ਹੋਏ ਮਰਦ ਕਵਾਰੀ ਕੁੜੀ ਨੂੰ ਇਸ਼ਕ ਕਰਨ ਜ਼ਿਆਦਾ ਟਰੇਂਡ ਤੇ ਸੇਫ ਹੁੰਦੇ ਹਨ।"



"ਇਹੋ ਜਿਹੀ ਗੱਲ ਨ੍ਹੀਂ। ਇੰਗਲੈਂਡ ਦੇ ਕਵਾਰੇ ਵੀ ਬਥੇਰੇ ਟਰੇਂਡ ਹੁੰਦੇ ਆ।"



"ਇਸ ਦਾ ਮਤਲਬ ਤੂੰ ਕਵਾਰਾ ਹੈਂ?"



"ਕੋਈ ਗਰਲ ਫਰੈਂਡ ਹੈ ਜਾਂ ਸਿੰਗਲ?"



ਗਰਲ ਫਰੈਂਡ ਸ਼ਬਦ ਸੁਣਦਿਆਂ ਹੀ ਮੈਨੂੰ ਡਾਇਨਾ ਦੀ ਯਾਦ ਆ ਗਈ ਸੀ। ਮੇਰੇ ਮਨ ਵਿਚ ਆਇਆ ਸੀ ਕਿ ਡਾਇਨਾ ਮੇਰੇ ਬਾਰੇ ਚਿੰਤਤ ਹੋ ਰਹੀ ਹੋਵੇਗੀ। ਮੈਂ ਜਲਦੀ ਨਾਲ ਉਸਨੂੰ ਜੰਗ ਦੀ ਸਮਾਪਤੀ ਦੀ ਖੁਸ਼ਖ਼ਬਰੀ ਸੁਣਾਉਣੀ ਚਾਹੁੰਦਾ ਸੀ। ਫੇਰ ਮੇਰੇ ਜ਼ਿਹਨ ਵਿਚ ਆਇਆ ਸੀ ਕਿ ਡਾਇਨਾ ਨੂੰ ਖ਼ਬਰਾਂ ਰਾਹੀਂ ਪਤਾ ਚੱਲ ਹੀ ਗਿਆ ਹੋਵੇਗਾ ਕਿ ਜੰਗ ਖਤਮ ਹੋ ਗਈ ਸੀ। 



ਮੈਂ ਆਪਣੇ ਖਿਆਲਾਂ ਦੀ ਦੁਨੀਆਂ ਵਿਚ ਗੁਆਚਿਆ ਹੋਇਆ ਸੀ। ਸ਼ਾਰਲਟ ਨਸ਼ੇ ਦੀ ਲੋਰ ਵਿਚ ਟਿਕਟਿਕੀ ਲਾਈ ਮੇਰੇ ਵੱਲ ਤੱਕੀ ਜਾ ਰਹੀ ਸੀ। ਉਹ ਮੇਰੇ 'ਤੇ ਮੋਹਿਤ ਹੋ ਗਈ ਸੀ। ਮੈਂ ਸ਼ਾਰਲਟ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲੱਗਾ ਸੀ। ਉਹ ਮੈਨੂੰ ਬਹੁਤ ਸੋਹਣੀ ਲੱਗੀ ਸੀ। ਬਿਲਕੁੱਲ ਬਾਰਬੀ ਡੌਲ ਵਰਗੀ। ਆਹੀਸਤਾ-ਆਹੀਸਤਾ ਸ਼ਾਰਲਟ ਦੇ ਹੋਂਠ ਮੇਰਿਆਂ ਬੁੱਲ੍ਹਾਂ ਵੱਲ ਵੱਧਣ ਲੱਗੇ ਸਨ। ਮੈਂ ਵੀ ਆਪਣਾ ਮੂੰਹ ਸ਼ਾਰਲਟ ਦੇ ਕਰੀਬ ਲਿਜਾਣ ਲੱਗ ਪਿਆ ਸੀ। ਇਰਾਕੀਆਂ ਦੇ ਬੰਕਰ ਵਿਚ ਵੜ੍ਹਦੇ ਚੈਲੇਂਜ਼ਰ ਟੈਂਕ ਵਾਂਗ ਮੇਰੇ ਬੁੱਲ੍ਹ ਉਸਦੇ ਲਬਾਂ ਨੂੰ ਚਿੰਬੜ ਕੇ ਮਸਲਣ ਲੱਗ ਗਏ ਸਨ।... ਮੈਂ ਸ਼ਾਰਲਟ ਨੂੰ ਘੁੱਟ ਕੇ ਜੱਫੀ ਪਾ ਲਿੱਤੀ ਸੀ, "ਹਾਏ ਸ਼ਾਰਲਟ!"



ਮੈਨੂੰ ਵੇਗ ਵਿਚ ਚੁੰਮਦਿਆਂ ਚੁੰਮਦਿਆਂ ਸ਼ਾਰਲਟ ਬੋਲੀ ਸੀ, "ਯੂ ਆਰ ਵੈਰੀ ਗੁੱਡ ਕਿੱਸਰ... ਬਹੁਤ ਵਧੀਆ ਚੁੰਮਦੈਂ ਤੂੰ...।"



ਇਕਦਮ ਮੈਨੂੰ ਡਾਇਨਾ ਦਾ ਖਿਆਲ ਆ ਗਿਆ ਸੀ। ਇੰਨ-ਬਿੰਨ ਇਹੀ ਵਾਕ ਇਸੇ ਅੰਦਾਜ਼ ਵਿਚ ਉਹ ਉਚਾਰਿਆ ਕਰਦੀ ਸੀ। ਮੈਨੂੰ ਮਹਿਸੂਸ ਹੋਇਆ ਸੀ ਜਿਵੇਂ ਮੈਂ ਕੋਈ ਗੁਨਾਹ ਕਰ ਰਿਹਾ ਸੀ। ਮੈਨੂੰ ਸ਼ਾਰਲਟ ਨਾਲ ਇਹ ਸਭ ਨਹੀਂ ਕਰਨਾ ਚਾਹੀਦਾ ਸੀ। ਮੈਂ ਅਜਿਹਾ ਕਰਕੇ ਡਾਇਨਾ ਨਾਲ ਬੇਵਫਾਈ ਕਰ ਰਿਹਾ ਸੀ। ਮੈਂ ਸ਼ਾਰਲਟ ਤੋਂ ਆਪਣੇ ਬੁੱਲ੍ਹ ਅਜ਼ਾਦ ਕਰਵਾਉਣੇ ਚਾਹੇ ਸਨ। ਉਸਨੇ ਆਪਣੇ ਹੋਠਾਂ ਨਾਲ ਘਸਰਦੇ ਮੇਰੇ ਬੁੱਲ੍ਹ ਹੋਰ ਵੀ ਨੂੜ ਲਿੱਤੇ ਸਨ। ਜਿਵੇਂ ਨੌ ਐੱਮ ਐੱਮ ਰਸ਼ੀਅਨ ਰਿਵਾਲਵਰ ਵਿਚ ਗਲਤ ਅੰਗਰੇਜ਼ੀ ਕਾਰਤੂਸ ਅੜ ਜਾਂਦਾ ਹੈ, ਇਉਂ ਮੇਰੇ ਬੁੱਲ੍ਹ ਉਸਦੇ ਬੁੱਲ੍ਹਾਂ ਵਿਚ ਫਸੇ ਪਏ ਸਨ। ਮੇਰੇ ਸਾਰੇ ਤਨ ਬਦਨ ਵਿਚ ਵਿਸਮਾਦ ਤਾਰੀ ਹੋਇਆ ਪਿਆ ਸੀ। ਮੇਰਾ ਦਿਮਾਗ ਮੈਨੂੰ ਕਹਿਣ ਲੱਗਾ ਸੀ, "ਫੱਨ ਕਰ। ਡਾਇਨਾ ਵੀ ਤਾਂ ਚਾਰਲਸ ਨੂੰ ਧੋਖਾ ਦੇ ਕੇ ਤੇਰੇ ਨਾਲ ਸਭ ਕੁਝ ਕਰਦੀ ਹੈ। ਉਸਨੂੰ ਤਾਂ ਕਦੇ ਵੀਂ ਇਹ ਗੁਨਾਹ ਨਹੀਂ ਲੱਗਿਆ। ਫੇਰ ਤੈਨੂੰ ਧਰਮਾਤਮਾ ਨੂੰ ਕਿਉਂ ਬੇਵਫਾਈ ਦਾ ਅਹਿਸਾਸ ਹੋ ਰਿਹਾ ਹੈ?"



ਅਸੀਂ ਵੇਗਵਿਗੁੱਤਿਆਂ ਨੇ ਕਾਹਲੀ-ਕਾਹਲੀ ਕਪੜੇ ਉਤਾਰ ਦਿੱਤੇ ਤੇ ਮੈਂ ਸ਼ਾਰਲਟ ਨਾਲ ਉਥੇ ਹੀ ਸੰਭੋਗ ਵਿਚ ਲੀਨ ਹੋ ਗਿਆ ਸੀ।... ਮੇਰੀਆਂ ਸਕੜੰਜ਼ਾਂ 'ਤੇ ਸ਼ਾਰਲਟ ਆਪਣੇ ਪੈਰਾਂ ਦੀਆਂ ਤਲੀਆਂ ਘਸਾ ਕੇ ਕਾਮ ਆਨੰਦ ਵਿਚ ਇਜ਼ਾਫਾ ਕਰੀ ਜਾ ਰਹੀ ਸੀ।... ਮੈਂ ਵੀ ਭੁੰਜੇ ਉਸਦੇ ਮੁੱਖੜੇ ਦੇ ਲਾਹਮੀ ਜ਼ਮੀਨ 'ਤੇ ਦੱਬੇ ਉਸਦੇ ਹੱਥਾਂ ਦੀਆਂ ਉਂਗਲਾਂ ਵਿਚ ਆਪਣੇ ਹੱਥ ਫਸਾ ਕੇ, ਉਹਨਾਂ ਨੂੰ ਘੁੱਟ-ਘੁੱਟ ਪੀਚਦਾ ਤੇ ਕਦੇ ਢਿੱਲਾ ਛੱਡਦਾ ਸ਼ਾਰਲਟ ਨੂੰ ਜਿਸਮਾਨੀ ਸੁਆਦ ਪ੍ਰਦਾਨ ਕੇ ਕਰ  ਰਿਹਾ ਸੀ।... ਇਸ ਨਾਲ ਸ਼ਾਰਲਟ ਨੂੰ ਬਹੁਤ ਵਿਸ਼ਮਾਦ ਆ ਰਿਹਾ ਸੀ। ਅਸੀਂ ਇਕਨ ਦੂਜੇ ਨੂੰ ਭੁੱਖਿਆਂ ਵਾਂਗ ਚਿੰਬੜੇ ਤਾਬੜ-ਤੋੜ੍ਹ ਚੁੰਮਣਾਂ ਦੀ ਛਹਿਬਰ ਲਾਈ ਹੋ ਸੀ। ਸਾਡੇ ਦੋਨਾਂ ਦਾ ਇਕ ਦੂਜੇ ਨੂੰ ਵੱਧ ਤੋਂ ਵੱਧ ਤੇ ਭਰਪੂਰ ਮਜ਼ਾ ਦੇਣ ਲਈ ਜ਼ੋਰ ਲੱਗਿਆ ਪਿਆ ਸੀ ਤੇ ਫੇਰ ਵੀ ਅਸੀਂ ਜਿਣਸੀ ਸੁੱਖਨ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਪੁਰਜ਼ੋਰ ਯਤਨ ਕਰ ਰਹੇ ਸੀ।... 



...ਤੇ ਫੇਰ ਸੰਭੋਗ ਆਨੰਦ ਦੇ ਪਹਾੜ ਦੀ ਟਿੱਸੀ ਉੱਤੇ ਪਹੁੰਚ ਕੇ ਮੇਰਾ ਸਰੀਰ ਨਿਰਜਿੰਦ ਤੇ ਨਿਤਾਣਾ ਜਿਹਾ ਹੋ ਗਿਆ ਸੀ॥ ਮੈਂ ਆਪਣਾ ਧੜ ਸ਼ਾਰਲਟ ਦੇ ਗੁੰਦਵੇਂ ਬਦਨ ਉੱਤੇ ਡੇਗ ਕੇ ਆਪਣੇ ਜਿਸਮ ਨੂੰ ਢਿੱਲਾ ਛੱਡ ਦਿੱਤਾ ਸੀ। ਸ਼ਾਰਲਟ ਨੇ ਮੈਨੂੰ ਜ਼ੋਰ ਦੀ ਕਸ ਕੇ ਬਾਹਾਂ ਵਿਚ ਘੁੱਟਿਆ ਤੇ ਆਪਣੀਆਂ ਲੱਤਾਂ ਦਾ ਜੂੜ ਪਾ ਕੇ ਮੇਰੇ ਲੱਕ ਨੂੰ ਵੀ ਪੀਚ ਲਿਆ ਸੀ। ਉਸ ਤੋਂ ਪਹਿਲਾਂ ਮੈਂ ਅਨੇਕਾਂ ਕੁੜੀਆਂ ਨਾਲ ਸ਼ਰੀਰਕ ਤਅੱਲਕਾਤ ਬਣਾ ਚੁੱਕਾ ਸੀ। ਪਰ ਮੈਂ ਇਹ ਨਹੀਂ ਸੀ ਜਾਣਦਾ ਕਿ ਸੈਕਸ ਉਪੰਰਤ 'ਪੋਸਟ ਪਲੈਜ਼ਰ' ਸੁਆਦ ਲੈਣ ਲਈ ਕੁਝ ਅਜਿਹਾ ਕਰਿਸ਼ਮਾ ਵੀ ਕੀਤਾ ਜਾ ਸਕਦਾ ਹੈ। ਇਸ ਨੁਕਤੇ ਦਾ ਮੈਨੂੰ ਸ਼ਾਰਲਟ ਦੇ ਜਿਸਮਾਨੀ ਮਿਲਨ ਨੇ ਹੀ ਅਹਿਸਾਸ ਕਰਵਾਇਆ ਸੀ ਤੇ ਮੈਂ ਸਿੱਖਿਆ ਸੀ ਕਿ ਸੈਕਸ ਦੀ ਵਧੀਆ ਸਮਾਪਤੀ ਸਾਥੀ ਨੂੰ ਘੁੱਟ ਕੇ ਆਪਣੇ ਬਦਨ ਨਾਲ ਲਾਉਣ 'ਤੇ ਹੀ ਕੀਤੀ ਜਾਂਦੀ ਹੈ। ਅਸੀਂ ਦੋਨੋਂ ਪੂਰਨ ਰੂਪ ਵਿਚ ਸੰਤੁਸ਼ਟ ਅਤੇ ਹਲਕੇ ਹੋਏ ਪਏ ਸੀ। 



ਚਾਰਾਂ ਦਿਨਾਂ ਤੋਂ ਅਸੀਂ ਨਿਰੰਤਰ ਲੜਦੇ ਅਤੇ ਵੈਰੀ ਦਾ ਸਾਹਮਣਾ ਕਰਦੇ ਰਹੇ ਸੀ। ਘੱਟੋ-ਘੱਟ 10 ਮੋਰਚੇ ਇਕੱਲੀ ਮੇਰੀ ਸਕੁਆਡਰਨ ਨੇ ਫਤਹਿ ਕੀਤੇ ਸਨ। ਹਜ਼ਾਰਾਂ ਦੁਸ਼ਮਣਾਂ ਨੂੰ ਅਸੀਂ ਮਾਰਿਆ ਤੇ 40 ਟੈਂਕ ਨੈਸ਼ਤੋ-ਨਾਬੂਦ ਕੀਤੇ ਸਨ। 14 ਟੈਂਕਾਂ ਨਾਲ ਅਸੀਂ ਜੰਗ ਵਿਚ ਕੁੱਦੇ ਸੀ ਤੇ ਅੰਤ ਵਿਚ 14 ਦੇ 14 ਟੈਂਕ ਸਾਡੇ ਕੋਲ ਸਹੀ ਸਲਾਮਤ ਸਨ। ਮੇਰੀ ਸਕੁਆਡਰਨ ਦਾ ਕੋਈ ਵੀ ਸੈਨਿਕ ਮਰਿਆ ਨਹੀਂ ਸੀ ਤੇ ਨਾ ਹੀ ਕੋਈ ਜ਼ਖਮੀ ਹੋਇਆ ਸੀ। ਮੈਂ ਫੌਜੀਆਂ ਦੀਆਂ ਪਤਨੀਆਂ ਅਤੇ ਪਰਿਵਾਰਾਂ ਨੂੰ ਉਹਨਾਂ ਦੇ ਫੌਜੀ ਰਾਜ਼ੀ-ਬਾਜ਼ੀ ਆਪਣੇ ਘਰੀਂ ਪਰਤਾਉਣ ਦਾ ਵਾਅਦਾ ਪੁਗਾਉਣ ਦੇ ਹੁਣ ਸਮਰੱਥ ਸੀ। ਮੈਂ ਪ੍ਰਮਾਤਮਾ ਦਾ ਇਸ ਮਿਹਰਬਾਨੀ ਲਈ ਧੰਨਵਾਦ ਕੀਤਾ ਸੀ।



ਮੈਂ ਹੈੱਡਕੁਆਟਰ ਗਿਆ ਤਾਂ ਈਅਨ ਜੌਹਨਸਟੋਨ ਨੇ ਮੈਨੂੰ 'ਓਪ੍ਰੇਸ਼ਨ ਡੈਜ਼ਰਟ ਸਟਰੋਮ' ਦੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ ਸੀ। ਬ੍ਰਿਗੇਡ 4 ਨੇ 5,000 ਇਰਾਕੀ ਸੈਨਿਕ ਹਿਰਾਸਤ ਵਿਚ ਲੈ ਲਿੱਤੇ ਸਨ। ਜੰਗ ਤੋਂ ਬਾਅਦ ਅਮਨ ਦੀ ਮਹੱਤਤਾ ਬਹੁਤ ਵਧ ਜਾਂਦੀ ਹੈ। ਸਾਡੇ ਵਿਚੋਂ ਕਿਸੇ ਨੇ ਵੀ ਜੰਗ ਵਿਚ ਬੀਤੇ ਚਾਰ ਦਿਨਾਂ ਵਿਚ ਅੱਖ ਨਹੀਂ ਸੀ ਲਾ ਕੇ ਦੇਖੀ। ਉਸ ਤੋਂ ਬਾਅਦ ਵੀ ਨੀਂਦ ਨਹੀਂ ਸੀ ਆਉਂਦੀ। ਸਾਨੂੰ ਆਪਣੀ ਨੀਂਦ ਪੂਰੀ ਕਰਨ ਲਈ ਕਈ ਦਿਨ ਲੱਗੇ ਸਨ। ਜੰਗ ਨੇ ਸਾਡੇ ਅੰਦਰ ਉਥਲ-ਪੁਥਲ ਮਚਾ ਦਿੱਤੀ ਸੀ।



ਸੀਜ਼ਫਾਇਰ ਵੇਲੇ ਜਿਥੇ ਅਸੀਂ ਰੁੱਕੇ ਸੀ, ਉਥੇ ਨਜ਼ਦੀਕ ਹੀ ਦੁਸ਼ਮਣ ਦਾ ਮੋਰਚਾ ਸੀ। ਅਸੀਂ ਗਜ਼ਾਲਾ ਹੈਲੀਕੌਪਟਰ ਲੈ ਕੇ ਯੁੱਧ ਖੇਤਰ ਨੂੰ ਗਾਹੁੰਦੇ ਹੋਏ ਵਾਪਿਸ ਉੱਥੇ ਲਾਸ਼ਾਂ ਦਫਨ ਕਰਨ ਗਏ ਸੀ।  ਮਰੇ ਹੋਏ ਸੈਨਿਕਾਂ ਦੇ ਨਿਰਜੀਵ ਸਰੀਰਾਂ ਦੀ ਬੂ ਸਾਰੇ ਵਾਤਾਵਰਨ ਵਿਚ ਫੈਲੀ ਹੋਈ ਸੀ। ਬਾਰੂਦ ਦਾ ਮੁਸ਼ਕ ਵੀ ਅਜੇ ਤੱਕ ਉਥੋਂ ਗਿਆ ਨਹੀਂ ਸੀ। ਕਈਆਂ ਮ੍ਰਿਤਕ ਦੇਹਾਂ ਦੀਆਂ ਸਾਨੂੰ ਲੱਤਾਂ ਜਾਂ ਬਾਹਾਂ ਲੱਭਣੀਆਂ ਪੈਂਦੀਆਂ ਸਨ। ਕਈਆਂ ਦੇ ਅੱਧੇ ਅੰਗ ਸਾਨੂੰ ਥਿਆਏ ਹੀ ਨਹੀਂ ਸਨ। ਅਸੀਂ ਉਵੇਂ ਹੀ ਮੱਕੇ ਵੱਲ ਮੂੰਹ ਕਰਕੇ ਉਨ੍ਹਾਂ ਨੂੰ ਦਫਨਾ ਦਿੱਤਾ ਸੀ। ਉਸ ਤੋਂ ਉਪਰੰਤ ਜ਼ਰੂਰੀ ਕਾਗਜ਼ੀ ਕਾਰਵਾਈ ਕਰਕੇ ਡੌਗ ਟੈੱਗ (ਸ਼ਨਾਖਤੀ ਬਿੱਲਾ) ਅਸੀਂ ਮਿਲਟਰੀ ਹੈੱਡਕੁਆਟਰ ਨੂੰ ਜਮਾ ਕਰਵਾ ਦਿੱਤੇ ਸਨ। ਅਸੀਂ ਰਣ-ਭੂਮੀ ਵਿਚੋਂ ਬਹੁਤ ਸਾਰੀਆਂ ਨਵੀਆਂ ਨਕੋਰ ਕਲਾਸ਼ਨੀਕੋਵਾਂ ਅਤੇ ਹੋਰ ਹਥਿਆਰ ਡਿੱਗੇ ਪਏ ਚੁੱਕੇ। ਹਾਥੀ ਦੰਦ ਦੇ ਮੁੱਠੇ ਵਾਲਾ 9 ਐੱਮ ਐੱਮ ਦਾ ਮੈਨੂੰ ਇਕ ਬਹੁਤ ਹੀ ਪਿਆਰਾ ਪਿਸਤੌਲ ਵੀ ਲੱਭਿਆ ਸੀ। 



ਰਸਤੇ ਵਿਚ ਬਸਰਾ ਮਾਰਗ 'ਤੇ ਅਸੀਂ ਇਕ ਰਸ਼ੀਅਨ ਬੀ. ਆਰ. ਡੀ. ਐੱਮ.( BRDM- Bronirovannaya Razvedyvatelnaya Dozornaya Mashina - ਗੋਲੇ ਵਰਸਾਉਣ ਵਾਲਾ ਵਾਹਣ ) ਕੋਲ ਰੁੱਕੇ ਤੇ ਮੈਂ ਧਮਾਕੇ ਦਾ ਲੁਤਫ ਲੈਣ ਲਈ ਉਸ ਵਿਚ ਗ੍ਰਨੇਡ ਪਾ ਕੇ ਚਲਾਇਆ ਸੀ। ਗ੍ਰਨੇਡ ਜਿੱਥੇ ਜਾ ਕੇ ਲੱਗਾ, ਉਥੋਂ ਇਕ ਅੱਗ ਦੀ ਲਾਟ ਜ਼ਮੀਨ ਤੋਂ ਲੀਕ ਪਾਉਂਦੀ ਹੋਈ ਅਸਮਾਨ ਤੱਕ ਗਈ ਸੀ। ਸਭ ਹਥਿਆਰ ਅਸੀਂ ਛਾਉਣੀ ਵਿਚ ਜਮਾਂ ਕਰਵਾ ਦਿੱਤੇ ਸਨ। ਕੁਵੈਤ ਸ਼ਹਿਰ ਤੋਂ 15 ਕਿਲੋਮੀਟਰ ਪੱਛਮ ਵੱਲ ਕਬਜ਼ਾ ਕੀਤੇ ਇਲਾਕੇ 'ਤੇ ਅਸੀਂ ਕੈਂਪ ਲਾ ਲਿਆ ਸੀ। ਲੋੜ੍ਹੀਦੀ ਦਸਤਾਵੇਜ਼ੀ ਕਾਰਵਾਈ ਹੋਣ ਉਪਰੰਤ ਸਾਰੀਆਂ ਬ੍ਰਿਗੇਡਾਂ ਨੇ ਵਾਰੀ ਸਿਰ ਘਰਾਂ ਨੂੰ ਪਰਤਣਾ ਸੀ। ਉਦੋਂ ਤੱਕ ਸਾਨੂੰ ਕੈਂਪ ਵਿਚ ਹੀ ਰਹਿਣਾ ਪੈਣਾ ਸੀ। 



ਸਾਨੂੰ ਖਾਣੇ ਅਤੇ ਜ਼ਰੂਰਤ ਦੀਆਂ ਵਸਤਾਂ ਦੇ ਪਾਰਸਲ ਕੈਂਪ ਵਿਚ ਆਉਣ ਲੱਗੇ ਸਨ। ਜੰਗ ਕਾਰਨ ਰੁੱਕੀ ਸਾਡੀ ਡਾਕ ਮੁੜ ਸੇਵਾ ਮੁੜ ਚਾਲੂ ਹੋ ਗਈ ਸੀ। ਮੈਨੂੰ ਇਕਲਖਤ ਹੀ ਮੇਰੇ 'ਕੈਨਸਿੰਘਟਨ ਪੈਲਿਸ ਜੰਗੀ ਸੰਵਾਦਦਾਤਾ' ਯਾਨੀ ਡਾਇਨਾ ਦੀਆਂ ਬਹੁਤ ਸਾਰੀਆਂ ਚਿੱਠੀਆਂ ਮਿਲੀਆਂ। ਇਹਨਾਂ ਵਿਚੋਂ ਬਹੁਤੀਆਂ ਤਾਂ ਉਸ ਨੇ ਸਾਡੇ ਯੁੱਧ ਵਿਚ ਜਾਣ ਤੋਂ ਪਹਿਲਾਂ ਦੀਆਂ ਲਿੱਖੀਆਂ ਹੋਈਆਂ ਸਨ। ਇਕ ਚਿੱਠੀ ਵਿਚ ਉਸਨੇ ਲਿੱਖਿਆ ਸੀ, "ਅੱਜ ਗਾਰਡਜ਼ ਚੈਪਲ (ਲੰਡਨ ਵਿਚ ਬਣਿਆ ਫੌਜ਼ ਦਾ ਗਿਰਜ਼ਾਘਰ) ਵਿਚ ਐਤਵਾਰ ਦੀ ਸਭਾ ਵਿਚ ਗਈ ਸੀ। ਮੈਨੂੰ ਉਸ ਸਥਾਨ ਨਾਲ ਬਹੁਤ ਜ਼ਿਆਦਾ ਮੋਹ ਹੋ ਗਿਆ ਹੈ। ਬਾਕੀ ਸਭ ਕੁਝ ਇਕ ਪਾਸੇ ਰੱਖ ਕੇ ਜਦੋਂ ਮੈਂ ਉਥੇ ਜਾਂਦੀ ਹਾਂ ਤਾਂ ਮੈਂ ਆਪਣੇ ਆਪ ਨੂੰ ਦੂਰ ਹੁੰਦਿਆਂ ਵੀ ਤੇਰੇ ਨੇੜੇ ਮਹਿਸੂਸ ਕਰਦੀ ਹਾਂ। ਮੈਂ ਅੱਜਕੱਲ੍ਹ ਰੱਬ ਨੂੰ ਐਨਾ ਧਿਆਉਂਦੀ ਹਾਂ ਕਿ ਉਸਦੇ ਹਾਜ਼ਰੀ ਵਾਲੇ ਰਜ਼ਿਸਟਰ ਵਿਚ ਮੇਰਾ ਨਾਮ ਸਭ ਤੋਂ ਉੱਪਰ ਹੋਵੇਗਾ। ਮੈਨੂੰ ਆਸ ਹੈ ਕਿ ਮੇਰੀਆਂ ਅਰਦਾਸਾਂ ਵਿਅਰਥ ਨਹੀਂ ਜਾਣਗੀਆਂ ਤੇ ਤੂੰ ਰਾਜ਼ੀ-ਬਾਜੀ ਬਹੁਤ ਜਲਦ ਮੇਰੀਆਂ ਬਾਹਾਂ ਵਿਚ ਹੋਵੇਗਾ। ਢੇਰ ਸਾਰੀ ਮੁਹੱਬਤ ਸਹਿਤ। ਤੇਰੀ ਜੂਲੀਆ, xxxxx (ਪੰਜ ਚੁੰਮਣ)।"



ਇਸ ਪ੍ਰਕਾਰ ਡਾਇਨਾ ਨੇ ਆਪਣਾ ਚਿੱਠੀਆਂ ਵਿਚ ਵਰਤਿਆ ਜਾਣ ਵਾਲਾ ਫਰਜ਼ੀ ਨਾਮ ਲਿੱਖ ਕੇ ਪੰਜ ਚੁੰਮੀਆਂ ਅਤੇ ਜੱਫੀਆਂ ਦੇ ਸੂਚਕ ਕਾਟੇ ਵਾਹੇ ਹੋਏ ਸਨ। ਜੰਗ ਤੋਂ ਪੂਰਬ ਰਿਚਹਰਡ ਕੇਅ ਦੇ ਫੋਨ ਤੋਂ ਕੀਤੀ ਕਾਲ ਦੇ ਸੰਦਰਭ ਵਿਚ ਡਾਇਨਾ ਨੇ ਲਿੱਖਿਆ ਸੀ, "ਅੱਜ ਸਵੇਰੇ ਨਿਰਣੇ ਕਾਲਜੇ ਤੇਰੀ ਅਵਾਜ਼ ਸੁਣ ਕੇ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਤੇਰੇ ਨਾਲ ਗੱਲਾਂ ਕਰ ਰਹੀਆਂ ਹਾਂ। ਉਦੋਂ ਦੇ ਹੀ ਮੈਨੂੰ ਜਾਣੀ ਖੰਭ ਜਿਹੇ ਲੱਗ ਗਏ ਹਨ ਤੇ ਮੈਂ ਧਰਤੀ ਤੋਂ ਗਿੱਠ-ਗਿੱਠ ਉੱਚੀ ਤੁਰੀ ਫਿਰਦੀ ਹਾਂ। ਪ੍ਰਮਾਤਮਾ ਮੇਰੀਆਂ ਪ੍ਰਥਨਾਵਾਂ ਯਕੀਨਨ ਸੁਣ ਰਿਹਾ ਹੈ। ਅੱਜ ਮੈਨੂੰ ਐਨੀ ਪ੍ਰਸੰਨਤਾ ਹੋਈ ਹੈ ਕਿ ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ। ਕੁੜੀਆਂ ਨੂੰ ਖੁਸ਼ ਕਰਨ ਦੀ ਤੈਨੂੰ ਖੂਬ ਜਾਚ ਹੈ! ਮੇਰੀਆਂ ਚਿੱਠੀਆਂ ਪੜ੍ਹਣ ਬਾਅਦ ਜਲਾ ਦੇਵੀਂ। ਨਹੀਂ... ਨਹੀਂ... ਇਹ ਬਦਸ਼ਗਨੀ ਹੁੰਦੀ ਹੈ। ਤੂੰ ਉਹਨਾਂ ਨੂੰ ਫਾੜ੍ਹ ਦੇਵੀਂ ਤਾਂ ਕਿ ਕਿਸੇ ਗਲਤ ਹੱਥਾਂ ਵਿਚ ਨਾ ਜਾ ਸਕਣ।"


ਇਕ ਸੱਜਰੇ ਖਤ ਦੀ ਇਬਾਰਤ ਕੁਝ ਇਉਂ ਸੀ, "ਅੱਜ ਸਾਡੇ ਟਾਇਮ ਦੇ ਸਵੇਰ ਦੇ ਪੰਜ ਵਜੇ ਜੌਰਜ਼ ਬੁੱਸ਼ ਨੇ ਸੀਜ਼ਫਾਇਰ ਦੀ ਖੁਸ਼ਖਬਰੀ ਸੁਣਾਈ। ਮੇਰਾ ਚਿੱਤ ਕਰੇ ਬੁੱਸ਼ ਨੂੰ ਟੈਲੀਵਿਜ਼ਨ ਵਿਚੋਂ ਧੂਹ ਕੇ ਉਹਦੀਆਂ ਪੱਪੀਆਂ ਲਵਾਂ ਤੇ ਸਾਲੇ ਨੂੰ ਚੁੰਮ-ਚੁੰਮ ਮਾਰ ਦੇਵਾਂ। ਜੰਗਬੰਦੀ ਬਾਰੇ ਸੁਣ ਕੇ ਮੈਂ ਸ਼ੈਮਪੇਨ ਦੇ ਡੱਟ ਵਾਂਗ ਮੰਜੇ 'ਤੇ ਬੈਠੀ ਬੈਠੀ ਬੁੜਕੀ ਤੇ ਖੁਸ਼ੀ ਦੇ ਮਾਰੇ ਇਕੱਲੀ ਪੂਰੀ ਬੋਤਲ ਸ਼ਾਰਦੋਨੇ ਸ਼ੈਮਪੇਨ ਦੀ ਪੀ ਗਈ। ਮੇਰੇ ਅੰਦਰੋਂ ਨਿਕਲ ਕੇ ਖੁਸ਼ ਇਉਂ ਬਾਹਰ ਆ ਰਹੀ ਹੈ ਜਿਵੇਂ ਚੰਗੀ ਤਰ੍ਹਾਂ ਹਿਲਾ ਕੇ ਖੋਲ੍ਹੀ ਬੋਤਲ ਚੋਂ ਸ਼ੈਮਪੇਨ ਨਿਕਲਦੀ ਹੁੰਦੀ ਹੈ।"



ਇਹ ਚਿੱਠੀ ਪੜ੍ਹ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਡਾਇਨਾ ਵਾਕਈ ਟੱਲੀ ਹੋ ਕੇ ਇਹ ਪ੍ਰੇਮ ਪੱਤਰ ਲਿੱਖ ਰਹੀ ਸੀ।



ਮਾਰੂਥਲ ਵਿਚ ਟੈਂਟ ਲਾਈ ਅਸੀਂ ਬੇਤਾਬੀ ਨਾਲ ਆਪਣੇ ਘਰਾਂ ਨੂੰ ਵਾਪਸੀ ਦੀ ਉਡੀਕ ਵਿਚ ਔਸੀਆਂ ਪਾ ਪਾ ਵਕਤ ਗੁਜ਼ਾਰ ਰਹੇ ਸੀ। ਇਕ ਦਿਨ ਨਾਇਕ ਨੇ ਮੈਨੂੰ ਸਾਰੇ ਫੌਜੀਆਂ ਤੋਂ ਵੱਖ ਹੋ ਕੇ ਕੋਈ ਜ਼ਰੂਰੀ ਗੱਲ ਦੱਸਣ ਲਈ ਸੱਦਿਆ ਸੀ। ਮੈਂ ਉਸ ਨਾਲ ਗਿਆ ਤਾਂ ਆਪਣੀ ਕੱਛ ਵਿਚੋਂ ਉਸਨੇ ਨਿਊਜ਼ ਔਫ ਦੀ ਵਰਲਡ ਅਖਬਾਰ ਕੱਢ ਕੇ ਮੈਨੂੰ ਫੜ੍ਹਾ ਦਿੱਤਾ ਸੀ। ਅਖਬਾਰ ਦਾ ਮੁੱਖ ਪੰਨਾ ਦੇਖਦਿਆਂ ਹੀ ਮੇਰੇ 'ਤੇ ਬੰਬ ਡਿੱਗ ਪਿਆ ਸੀ। ਮੋਟੀ ਸੁਰਖੀ ਵਿਚ ਛਪਿਆ ਸੀ, "ਮੈਂ ਆਪਣਾ ਪ੍ਰੇਮੀ ਡਾਇਨਾ ਨੂੰ ਲੁਟਾ ਬੈਠੀ ਹਾਂ।" ਇਸ ਦੇ ਥੱਲੇ ਡਾਇਨਾ, ਮੇਰੀ ਤੇ ਮੇਰੀ ਸਾਬਕਾ ਪ੍ਰੇਮਿਕਾ ਐਮਾ ਸਟੈਵਰਡਸਨ ਦੀਆਂ ਫੋਟੋਆਂ ਸਨ। ਐਮਾ ਨੇ ਵੀ ਮੈਨੂੰ ਜੰਗ ਤੋਂ ਪਹਿਲਾਂ ਇਕ ਚਿੱਠੀ ਲਿੱਖੀ ਸੀ ਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਮੈਨੂੰ ਆਪਣੇ ਦਿਲ ਦੀਆਂ ਧੜਕਣਾਂ ਰੁੱਕ ਗਈਆਂ ਮਹਿਸੂਸ ਹੋਈਆਂ ਸਨ। ਪਿੱਛਲੇ ਚਾਰ ਸਾਲ ਤੋਂ ਮੈਂ ਜਿਸ ਮਨਹੂਸ ਖ਼ਬਰ ਨੂੰ ਸੁਣਨ ਤੋਂ ਹਰ ਸੰਭਵ ਉਪਰਾਲੇ ਕਰਦਾ ਰਿਹਾ ਸੀ, ਉਹ ਇੰਗਲੈਂਡ ਦੇ ਸਭ ਤੋਂ ਵੱਧ ਵਿਕਣ ਵਾਲੇ ਅਖਬਾਰ ਦੇ ਮੁੱਖ ਸਫੇ ਦਾ ਸਿੰਗਾਰ ਬਣੀ ਪਈ ਸੀ। 



ਮੈਂ ਬੈੱਡਫੋਰਡ ਅੱਠ ਟੰਨ ਟਰੱਕ ਵਿਚ ਬੈਠ ਕੇ ਅਖਬਾਰ ਪੜ੍ਹਣ ਲੱਗ ਪਿਆ ਸੀ। ਐਮਾ ਨਾਲ ਮੇਰੇ ਸੰਬੰਧ ਡਾਇਨਾ ਨੂੰ ਮਿਲਣ ਤੋਂ ਬਹੁਤ ਪਹਿਲਾਂ ਖਤਮ ਹੋ ਚੁੱਕੇ ਸਨ। ਬਹੁਤ ਕੁਝ ਅਨਾਬ-ਸ਼ਨਾਬ ਅਖਬਾਰ ਨੇ ਸਾਡੇ ਸੰਬੰਧਾਂ ਬਾਰੇ ਲਿੱਖਿਆ ਹੋਇਆ ਸੀ। ਸਾਰੀ ਖ਼ਬਰ ਪੜ੍ਹਦਿਆਂ ਪੂਰੀ ਤਸਵੀਰ ਮੇਰੇ ਸਾਹਮਣੇ ਉੱਘੜ ਆਈ ਸੀ ਤੇ ਮੈਂ ਪੱਤਰਕਾਰ ਰਿਚਹਰਡ ਕੇਅ ਦੇ ਫੋਨ ਨੂੰ ਵਰਤਣ ਦੀ ਕਰੀ ਆਪਣੀ ਗਲਤੀ ਲਈ ਪਛਤਾਅ ਰਿਹਾ ਸੀ। ਦਰਅਸਲ ਮੈਂ ਨਹੀਂ ਸੀ ਜਾਣਦਾ ਕਿ ਉਹ ਸ਼ਾਹੀ ਘਰਾਣੇ ਦਾ ਨੁਮਾਇੰਦਾ ਸੀ ਤੇ ਮੇਰੇ ਬਾਰੇ ਮੈਨੂੰ ਮਿਲਣ ਤੋਂ ਪਹਿਲਾਂ ਹੀ ਬਹੁਤ ਕੁਝ ਜਾਣਦਾ ਸੀ। ਉਸਨੇ ਮੇਰੀ ਤੇ ਡਾਇਨਾ ਦੀ ਹਾਈਗ੍ਰੋਵ ਦੇ ਬਾਗੀਚੇ ਵਿਚ ਸੈਕਸ ਕਰਦਿਆਂ ਦੀ ਫਿਲਮ ਬਣਾਉਣ ਦੀ ਅਸਫ਼ਲ ਕੋਸ਼ਿਸ਼ ਵੀ ਕੀਤੀ ਸੀ।  



ਮੇਰੀ ਡਾਇਨਾ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਸੀ। ਰੇਗਿਸਤਾਨ ਵਿਚ ਫੋਨ ਦੀ ਸੁਵਿਧਾ ਨਹੀਂ ਸੀ। ਮੈਂ ਮਾਇਕ ਵਿਕਰੀ ਦੀ ਆਗਿਆ ਲੈ ਕੇ ਲੈਂਡ ਰੋਵਰ ਗੱਡੀ ਵਿਚ ਸਵਾਰ ਹੋਇਆ ਤੇ ਉਥੋਂ ੬੭ ਕਿਲੋਮੀਟਰ ਦਾ ਫਾਸਲਾ ਅੱਧੇ ਘੰਟੇ ਵਿਚ ਤਹਿ ਕਰਕੇ ਅਬਾਦੀ ਵਾਲੇ ਇਲਾਕੇ ਵਿਚ ਗਿਆ ਸੀ। ਮੈਂ ਟੈਲੀਫੋਨ ਲੱਭ ਕੇ ਡਾਇਨਾ ਦਾ ਨੰਬਰ ਲਗਾਇਆ ਸੀ। ਮੈਂ ਉਸਨੂੰ ਨਿਊਜ਼ ਔਫ ਦੀ ਵਰਲਡ ਦੀ ਖ਼ਬਰ ਬਾਰੇ ਦੱਸਿਆ ਤੇ ਖਿਮਾ ਮੰਗਦਿਆਂ ਕਿਹਾ ਸੀ ਕਿ ਮੈਨੂੰ ਬਹੁਤ ਅਫ਼ਸੋਸ ਹੋਇਆ ਅਤੇ ਦੁੱਖ ਲੱਗਾ ਸੀ। ਮੈਂ ਡਾਇਨਾ ਦਾ ਪ੍ਰਤੀਕ੍ਰਮ ਜਾਨਣਾ ਚਾਹੁੰਦਾ ਸੀ। ਮੈਂ ਉਸਨੂੰ ਐਮਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਚਾਨਣਾ ਪਾਇਆ ਤੇ ਸਪਸ਼ਟ ਕੀਤਾ ਸੀ ਕਿ ਸਾਡੇ ਦਰਮਿਆਨ ਕੋਈ ਸੰਬੰਧ ਨਹੀਂ ਸੀ। ਡਾਇਨਾ ਨੇ ਅਖਬਾਰ ਪੜ੍ਹਿਆ ਹੋਇਆ ਸੀ। ਉਹ ਬਹੁਤ ਠਰਮੇ ਵਿਚ ਸੀ, ਜਿਵੇਂ ਉਸਨੂੰ ਇਸ ਖ਼ਬਰ ਨਾਲ ਕੋਈ ਫਰਕ ਹੀ ਨਹੀਂ ਪਿਆ ਹੁੰਦਾ। ਉਸਨੇ ਮੈਨੂੰ ਚਿੰਤਾ ਨਾ ਕਰਨ ਲਈ ਕਿਹਾ ਸੀ ਤੇ ਦੱਸਿਆ ਕਿ ਕੁਝ ਦਿਨਾਂ ਵਿਚ ਇਸ ਖ਼ਬਰ ਦੀ ਅੱਗ ਦੀ ਲਾਟ ਦਾ ਸੇਕ ਆਪੇ ਹੀ ਮੱਠਾ ਪੈ ਜਾਵੇਗਾ।



ਲੇਕਿਨ ਮੇਰਾ ਦਿਲ ਨਹੀਂ ਸੀ ਖੜ੍ਹਦਾ, "ਮੈਨੂੰ ਤੇਰੀ ਬਹੁਤ ਚਿੰਤਾ ਹੈ। ਤੇਰੇ ਨਾਲ ਕੀ ਵਾਪਰੇਗਾ?"



"ਮੇਰੀ ਛੱਡ। ਆਪਣਾ ਫਿਕਰ ਕਰ। ਮੈਨੂੰ ਤੇਰਾ ਡਰ ਹੈ ਤੇਰੇ ਨਾਲ ਕੀ ਸਲੂਕ ਹੋਵੇਗਾ।" ਦੂਰਅੰਦੇਸ਼ ਡਾਇਨਾ ਉਸ ਤੋਂ ਵੀ ਅੱਗੇ ਦਾ ਸੋਚ ਰਹੀ ਸੀ, ਉਥੇ ਤੱਕ ਜਿਥੇ ਤੱਕ ਉਸ ਵੇਲੇ ਮੇਰੀ ਸੋਚ ਵੀ ਨਹੀਂ ਸੀ ਪਹੁੰਚ ਸਕਦੀ ਸੀ। 



ਅਸੀਂ ਕਾਫੀ ਦੇਰ ਇਕ ਦੂਜੇ ਨੂੰ ਦਿਲਾਸੇ ਦਿੰਦੇ ਰਹੇ ਸੀ ਕਿ ਸਭ ਠੀਕ ਹੋ ਜਾਵੇਗਾ। ਲੇਕਿਨ ਹੁਣ ਬਿੱਲੀ ਥੈਲਿਉਂ ਬਾਹਰ ਆ ਚੁੱਕੀ ਸੀ। ਹੁਣ ਠੀਕ ਨਹੀਂ। ਸਭ ਖਰਾਬ ਤੇ ਸਿਰਫ ਖਰਾਬ ਹੀ ਹੋਣਾ ਸੀ। ਮੇਰੇ ਸਾਰੇ ਸਾਥੀ ਫੌਜੀ ਜਾਣ ਗਏ ਸਨ ਕਿ ਇੰਗਲੈਂਡ ਦੇ ਅਖ਼ਬਾਰਾਂ ਵਿਚ ਮੇਰੇ ਬਾਰੇ ਕੀ ਛਪ ਰਿਹਾ ਸੀ। ਜੰਗ ਤੋਂ ਬਾਅਦ ਅਖ਼ਬਾਰਾਂ ਵਿਚ ਮੈਂ ਆਪਣੇ ਬਾਰੇ ਖ਼ਬਰਾਂ ਅਤੇ ਆਪਣੀਆਂ ਫੋਟੋਆਂ ਛਪਣ ਦੀਆਂ ਹਸਰਤਾਂ ਤਾਂ ਪਾਲੀਆਂ ਸਨ। ਪਰ ਜੰਗ ਦੇ ਹੀਰੋ ਦੇ ਰੂਪ ਵਿਚ ਮੈਂ ਆਪਣੇ ਆਪ ਨੂੰ ਅਖਬਾਰਾਂ ਵਿਚ ਦੇਖਣਾ ਚਾਹੁੰਦਾ ਸੀ। ਡਾਇਨਾ ਦੇ ਪ੍ਰੇਮੀ ਦੇ ਰੂਪ ਵਿਚ ਛਪਣ ਦੀ ਤਾਂ ਮੈਂ ਕਾਮਨਾ ਵੀ ਨਹੀਂ ਸੀ ਕੀਤੀ। ਪੱਤਰਕਾਰ ਰੌਬਰਟ ਫੌਕਸ, ਜੋ ਕਿ ਆਪਣੇ ਅਖਬਾਰ ਲਈ ਜੰਗ ਦੀਆਂ ਖਬਰਾਂ ਭੇਜਦਾ ਸੀ, ਮੇਰੇ ਹੱਕ ਵਿਚ ਖੜ੍ਹੋਇਆ ਸੀ ਤੇ ਉਸਨੇ ਲਿੱਖਿਆ ਸੀ, "ਮੇਜਰ ਹਿਊਵਟ ਦੇਸ਼ ਲਈ ਆਪਣੀ ਜਾਨ ਤਲੀ 'ਤੇ ਧਰ ਕੇ ਅਜੇ ਸਜਰਾ ਹੀ ਲੜ੍ਹ ਕੇ ਹਟਿਆ ਹੈ। ਸਾਨੂੰ ਉਸਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਨਾ ਕਿ ਉਸਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਸਦੀ ਮਿੱਟੀ ਪੱਟਣੀ ਚਾਹੀਦੀ ਹੈ।"



ਸਾਨੂੰ ਵਾਪਿਸੀ ਦੇ ਹੁਕਮ ਆ ਗਏ ਸਨ। ਜਰਮਨ ਵਾਪਿਸ ਜਾਣ ਲਈ ਅਸੀਂ ਸਭ ਅਲ ਜ਼ੁਬੇਲ ਨੂੰ ਰਵਾਨਾ ਹੋ ਗਏ। ਬਚਦਾ ਅਸਲਾ ਦੇ ਗੋਲੀ ਬਾਰੂਦ ਅਤੇ ਟੈਂਕ ਅਸੀਂ ਕੁਆਟਰਮਾਸਟਰ ਦੇ ਸਪੁਰਦ ਕਰ ਦਿੱਤੇ ਸਨ। ਬਾਕੀ ਸਾਰੇ ਜਵਾਨ ਹਾਵਈ ਜਹਾਜ਼ ਰਾਹੀਂ ਜਰਮਨੀ ਨੂੰ ਚਲੇ ਗਏ। ਪ੍ਰੈਸ ਤੋਂ ਕੁਝ ਦੇਰ ਲਈ ਕੰਨੀ ਕਤਰਾਉਣ ਦੇ ਮਕਸਦ ਨਾਲ ਮੈਂ ਅਤੇ ਰੁਪਰਟ ਨੇ ਉਥੋਂ ਬਹਿਰੀਨ ਜਾਣ ਦਾ ਵਿਚਾਰ ਬਣਾ ਲਿਆ ਸੀ। 


ਸਾਊਦੀ ਅਰਬ ਦੇ ਰਾਜੇ ਦਾ ਕਜ਼ਨ ਸ਼ਹਿਜ਼ਾਦਾ ਵਾਲਿਦ ਬਿਨ ਸੈਦ ਮੇਰਾ ਮਿਲਫਿਲਡ ਸਕੂਲੀ ਦਿਨਾਂ ਤੋਂ ਵਾਕਫ ਸੀ। ਅਸੀਂ ਅਲ ਜ਼ੁਬੇਲ ਦੇ ਬ੍ਰਿਟਿਸ਼ ਹੈੱਡਕੁਅਟਰ ਤੋਂ ਆਪਣੇ ਯਾਤਰਾ ਪਾਸ ਬਣਵਾ ਲਿੱਤੇ ਸਨ। ਪਾਸ ਲੈ ਕੇ ਅਸੀਂ ਪੇਅ ਕੋਰਜ਼ ਕੋਲ ਗਏ। ਉਹਨਾਂ ਨੇ ਸਾਨੂੰ ਦੋ ਦਿਨ ਦਾ ਰੋਜ਼ਾਨਾ ਖਰਚ ਦੇ ਦਿੱਤਾ ਸੀ। ਬਹਿਰੀਨ ਸਾਡੇ ਲਈ ਇੰਗਲੈਂਡ ਦੇ ਨਿਸਬਤ ਬਹੁਤ ਸਸਤਾ ਸੀ। ਉਥੇ ਅਸੀਂ £1.50 ਨਾਲ ਰੱਜ ਕੇ ਖਾਹ ਸਕਦੇ ਸੀ। ਅਸੀਂ ਟੋਯੋਟਾ ਲੈਂਡ ਕਰੂਜ਼ਰ ਲੈ ਕੇ  ਆਪਣੇ ਸਫਰ ਲਈ ਨਿਕਲ ਗਏ। ਉਸ ਵਕਤ ਸਾਡੇ ਜੰਗ ਦੀਆਂ ਫੌਜੀ ਵਰਦੀਆਂ ਪਾਈਆਂ ਹੋਈਆਂ ਸਨ। ਰਸਤੇ ਵਿਚ ਅਸੀਂ ਇਕ ਅਮਰੀਕਨ ਗੈਸ ਸਟੇਸ਼ਨ ਤੋਂ ਗੱਡੀ ਦੀ ਟੈਂਕੀ ਫੁੱਲ ਕਰਵਾ ਲਿੱਤੀ। ਮੈਂ ਜਦੋਂ ਤੇਲ ਦੇ ਬਿੱਲ ਦੀ ਅਦਾਇਗੀ ਲਈ ਸਾਊਦੀ ਰਿਆਲ (ਸਾਉਦੀ ਰਪਈਏ) ਦੇਣ ਲੱਗਿਆ ਸੀ ਤਾਂ ਮੇਰੀ ਵਰਦੀ ਦੇਖ ਕੇ ਉਹਨਾਂ ਨੇ ਮੇਰੇ ਤੋਂ ਕੋਈ ਹਲਾਲਾ (ਸਾਉਦੀ ਪੈਸਾ) ਤੱਕ ਨਾ ਲਿਆ। ਸਾਡੀ ਗੱਡੀ ਦੀ ਅਧਿਕਤਮ ਰਫਤਾਰ 70 ਮੀਲ ਪ੍ਰਤੀ ਘੰਟੇ 'ਤੇ ਬੰਨ੍ਹੀ ਹੋਈ ਸੀ। ਜਿਉਂ ਹੀ ਅਸੀਂ ਉਸਨੂੰ ਇਸ ਤੋਂ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਘੰਟੀ ਵਰਗੀ ਟਨ-ਟਨ ਦੀ ਅਵਾਜ਼ ਪੈਦਾ ਕਰਨ ਲੱਗ ਜਾਂਦੀ। ਅਸੀਂ ਉਵੇਂ ਅੱਖਾਂ ਮੀਚ ਕੇ ਗੱਡੀ ਦੱਬੀ ਗਏ।


ਚਾਰ ਮਹੀਨੇ ਮਾਰੂਥਲ ਵਿਚ ਰਹਿਣ ਬਾਅਦ ਸੜਕਾਂ ਕਿਨਾਰੇ ਹਰਿਆਲੀ ਅਤੇ ਦਰਖਤ ਦੇਖ ਕੇ ਬੜਾ ਓਪਰਾ ਓਪਰਾ ਜਿਹਾ ਲੱਗਦਾ ਸੀ। ਬਹਿਰੀਨ ਤਾਂ ਨਿਰਾ ਸਵਰਗ ਹੀ ਪ੍ਰਤੀਤ ਹੁੰਦਾ ਸੀ। ਅਸੀਂ ਇਕ ਹੋਟਲ ਵਿਚ ਕਮਰਾ ਲੈ ਕੇ ਨਹਾਤੇ ਤੇ ਕਪੜੇ ਬਦਲ ਕੇ ਸਿੱਧਾ ਬਾਰ ਵਿਚ ਜਾ ਕੇ ਬੈਠ ਗਏ। ਕ੍ਰਿਸਮਿਸ ਤੋਂ ਬਹੁਤ ਵਕਫੇ ਬਾਅਦ ਭਰੀ ਬੀਅਰ ਦੀ ਘੁੱਟ ਅੰਮ੍ਰਿਤ ਵਰਗੀ ਲੱਗਦੀ ਸੀ। ਹਵਾ ਪਿਆਜ਼ੀ ਜਿਹੇ ਹੋ ਕੇ ਅਸੀਂ ਆਪਣੇ ਕਮਰਿਆਂ ਵਿਚ ਵਾਪਿਸ ਆਏ ਤੇ ਕਪੜੇ ਧੋਣ ਲਈ ਦੇ ਕੇ ਸੌਂ ਗਏ। ਬੜੀ ਦੇਰ ਬਾਅਦ ਮੈਂ ਸਕੂਨ ਨਾਲ ਪਲੰਘ 'ਤੇ ਸੁੱਤਾ ਸੀ। ਬਹੁਤ ਗੂੜੀ ਨੀਂਦ ਆਈ ਸੀ। 



ਸ਼ਹਿਜ਼ਾਦਾ ਵਾਲਿਦ ਮਸਰੂਫ ਹੋਣ ਕਰਕੇ ਸਾਨੂੰ ਮਿਲ ਨਹੀਂ ਸੀ ਸਕਿਆ। ਪਰ ਉਸਨੇ ਸਾਡੀ ਸੇਵਾ ਲਈ ਆਪਣੇ ਇਕ ਅੰਗਰੇਜ਼ ਅਧਿਕਾਰੀ ਨੂੰ ਭੇਜ ਦਿੱਤਾ ਸੀ। ਉਹ ਸਾਨੂੰ ਕਿਸੇ ਹੋਰ ਹੋਟਲ ਵਿਚ ਲੈ ਗਿਆ, ਜਿਥੇ ਅਸੀਂ ਅਰਬੀ ਸੁੰਦਰੀਆਂ ਦਾ ਨੰਗਾ ਨਾਚ ਦੇਖ ਕੇ ਦੂਜੇ ਲੋਕਾਂ ਦੀ ਰੀਸ ਨਾਲ ਦਾਰੂ ਪੀ ਕੇ 'ਹਬੀਬੀ-ਹਬੀਬੀ' (ਪਿਆਰੀ ਜਾਂ ਖ਼ੂਬਸੂਰਤ ਮਹਿਬੂਬ) ਦੇ ਲਲਕਾਰੇ ਮਾਰਦੇ ਰਹੇ ਸੀ। 



ਅਗਲੇ ਦਿਨ ਅਸੀਂ ਆਪਣੇ ਹੋਟਲ ਦੀ ਬਾਰ ਵਿਚ ਬੈਠੇ ਪੀ ਰਹੇ ਸੀ। ਉਥੋਂ ਹੋਰ ਵੀ ਬਹੁਤ ਸਾਰੇ ਫੌਜੀ ਅਫ਼ਸਰ ਪਹੁੰਚੇ ਹੋਏ ਸਨ। ਨਸ਼ੇ ਨਾਲ ਟਾਇਟ ਹੋਇਆ ਇਕ ਫੌਜੀ ਮੇਰੇ ਕੋਲ ਆ ਕੇ ਪੁੱਛਣ ਲੱਗਾ ਸੀ, "ਤੂੰ ਜੇਮਜ਼ ਹੈਂ?"



"ਹਾਂ, ਕਿਉਂ ਕੀ ਗੱਲ ਹੋਈ।"



"ਅੱਜਕੱਲ੍ਹ ਬੜਾ ਅਖ਼ਬਾਰਾਂ ਵਿਚ ਛਾਇਆ ਪਿਆ ਹੈਂ। ਪ੍ਰਿੰਸੈਸ ਡਾਇਨਾ ਵਾਲਾ ਮੋਰਚਾ ਕਿਵੇਂ ਫਤਿਹ ਕੀਤੈ? ਸਾਨੂੰ ਵੀ ਕੋਈ ਗੁਰ ਸਿਖਾਦੇ।"



ਜਿਹੜੀ ਗੱਲ ਤੋਂ ਮੈਂ ਦੂਰ ਭੱਜਦਾ ਸੀ। ਉਹ ਇਥੇ ਵੀ ਮੇਰੇ ਪਿੱਛੇ ਆ ਗਈ ਸੀ। ਸਾਡੇ ਇਸ਼ਕ ਦਾ ਚਰਚਾ ਜੰਗਲ ਦੀ ਅੱਗ ਵਾਂਗ ਸਾਰੀ ਦੁਨੀਆਂ ਵਿਚ ਫੈਲ ਗਿਆ ਸੀ। ਜਿਸਦੀਆਂ ਲਾਟਾਂ ਬਰਿਹਰੀਨ ਤੱਕ ਵੀ ਮੇਰੇ ਨਾਲ ਆ ਚਿੰਬੜੀਆਂ ਸਨ। ਉਧਰ ਇੰਗਲੈਂਡ ਬੈਠੀ ਡਾਇਨਾ ਦਾ ਪਤਾ ਨਹੀਂ ਕੀ ਹਾਲ ਹੋਇਆ ਹੋਵੇਗਾ, ਜਦੋਂ ਲੋਕ ਉਸਨੂੰ ਮੇਰੇ ਬਾਰੇ ਸਵਾਲ ਕਰਦੇ ਹੋਣਗੇ ਜਾਂ ਮੇਰਾ ਨਾਮ ਲੈ ਕੇ ਛੇੜਦੇ ਹੋਣਗੇ। ਯਕੀਨਨ ਉਸ ਲਈ ਵੀ ਇਹ ਤਜ਼ਰਬਾ ਤੇ ਪਲ ਦੁਖਦਾਈ, ਕਸ਼ਟਪੂਰਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਿੱਧ ਰਹੇ ਹੋਣਗੇ।



ਦੋ ਦਿਨ ਬਹਿਰੀਨ ਘੁੰਮਣ ਬਾਅਦ ਅਸੀਂ ਵਾਪਿਸ ਜਰਮਨ ਆਪਣੀ ਐਥਲੋਨ ਬੈਰਕ ਵਿਚ ਆ ਗਏ। ਇਥੇ ਸਾਨੂੰ ਬ੍ਰਤਾਨਵੀ ਅਖ਼ਬਾਰ ਅਸਾਨੀ ਨਾਲ ਮਿਲ ਜਾਂਦੇ ਸਨ। ਇਹ ਗੱਲ ਵੱਖਰੀ ਸੀ ਕਿ ਉਦੋਂ ਅਖਬਾਰ ਮੈਨੂੰ ਏਡਜ਼ ਦੇ ਰੋਗੀ ਵਰਗੇ ਜਾਪਦੇ ਸਨ ਤੇ ਮੈਂ ਉਹਨਾਂ ਤੋਂ ਦੂਰ ਭੱਜਦਾ ਸੀ।



ਮੈਂ ਪੈਡਰਬਰੋ ਤੋਂ ਡਾਇਨਾ ਨੂੰ ਫੋਨ ਕੀਤਾ ਸੀ। ਉਹ ਮੈਨੂੰ ਮਿਲਣ ਲਈ ਤੜਫੀ ਪਈ ਸੀ। ਮੈਂ ਅਗਲੇ ਦਿਨ ਆਪਣੀ ਟੀ ਵੀ ਆਰ ਸਪੋਰਟਸ ਕਾਰ ਲੈ ਕੇ ਇੰਗਲੈਂਡ ਵੱਲ ਵਹੀਰਾਂ ਘੱਤ ਦਿੱਤੀਆਂ ਸਨ   ਪੰਜਾ ਘੰਟਿਆਂ ਵਿਚ ਮੈਂ ਫਰਾਂਸ ਦੀ ਬੰਦਰਗਾਹ ਕੈਲੇਸ ਆ ਕੇ ਪੀ ਐਂਡ ਕਿਉ ਫੈਅਰੀ ਵਿਚ ਸਵਾਰ ਹੋ ਗਿਆ। ਪੰਜਾਬੀ ਦੀ ਇਕ ਅਖਾਣ ਹੈ, "ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ, ਨਾ ਬੁਖਾਰੇ।" ਛੱਜੂ ਭਾਟੀਆ ਹਿੰਦੁਸਤਾਨ ਦੇ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਮੇਂ ਇਕ ਸੋਨੇ ਦਾ ਬਹੁਤ ਵੱਡਾ ਵਪਾਰੀ ਹੋਇਆ ਸੀ। ਉਸਨੇ 1640 ਵਿਚ ਬਹੁਤ ਹੀ ਆਲੀਸ਼ਾਨ ਆਪਣੇ ਰਹਿਣ ਲਈ ਇਕ ਮਕਾਨ ਲਾਹੌਰ (ਹੁਣ ਪਾਕਿਸਤਾਨ) ਵਿਚ ਬਣਵਾਇਆ ਸੀ। 1801 ਵਿਚ ਜਦੋਂ ਸਿੱਖਾਂ ਦੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਉਸਨੇ ਛੱਜੂ ਭਾਟੀਏ ਦੇ ਮਕਾਨ ਨੂੰ ਆਪਣੇ ਮਹਿਮਾਨਾਂ ਲਈ ਵਰਤਣ ਦੇ ਮਕਸਦ ਨਾਲ ਬਾਗ-ਬਾਗੀਚੇ ਤੇ ਤਲਾਅ ਬਣਵਾ ਕੇ ਸ਼ਿੰਗਾਰ ਦਿੱਤਾ ਸੀ। ਉਸ ਵੇਲੇ ਬਲਖ ਅਤੇ ਬੁਖਾਰਾ ਨਾਮ ਦੇ ਦੋ ਅਫਗਾਨਿਸਤਾਨ ਦੇ ਬਹੁਤ ਹੀ ਸੁੰਦਰ ਸ਼ਹਿਰ ਮੰਨੇ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਅਫਗਾਨਿਸਤਾਨ ਜਿੱਤਣ ਲਈ ਜਦੋਂ ਜਹਿਦ ਕਰਦੇ ਜਦੋਂ ਇਹਨਾਂ ਸ਼ਹਿਰਾਂ ਤੋਂ ਲੜਾਈ ਉਪਰੰਤ ਥੱਕੇ ਹੋਏ ਪਰਤਦੇ ਤਾਂ ਰਣਜੀਤ ਸਿੰਘ ਜਰਨੈਲਾਂ ਨੂੰ ਛੱਜੂ ਦੇ ਚੁਬਾਰੇ ਵਿਚ ਅਰਾਮ ਕਰਨ ਲਈ ਠਹਿਰਾਉਂਦਾ ਸੀ। ਜੰਗ ਲੜਨ ਬਾਅਦ ਸਕੂਨ ਦੀ ਨੀਂਦ ਸੌਂਦਿਆਂ ਖਾਲਸਾ ਫੌਜ ਦੇ ਸਿੱਖ ਜਰਨੈਲ ਦੇ ਮੂੰਹੋਂ ਨਿਕਲ ਜਾਂਦਾ ਸੀ, "ਬਈ ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ, ਨਾ ਬੁਖਾਰੇ।" ਇਥੋਂ ਇਹ ਅਖਾਣ ਪ੍ਰਚਲਤ ਹੋ ਗਈ ਸੀ। ਇਸਦਾ ਅਰਥ ਹੈ, ਜੋ ਸੁੱਖ-ਅਰਾਮ ਆਪਣੇ ਘਰ ਹੈ, ਉਹ ਦੁਨੀਆ ਵਿਚ ਹੋਰ ਕਿਧਰੇ ਨਹੀਂ ਹੈ। ਅੰਗਰੇਜ਼ੀ ਵਿਚ ਇਸ ਨੂੰ ਕਹਿੰਦੇ ਹਨ, ਦੇਅਰਜ਼ ਨੋ ਅਰਥ ਲਾਇਕ ਓਨ ਅਰਥ (There's no place like home)। ਸਾਡੇ ਆਇਰਲੈਂਡ ਵਿਚ ਇਸੇ ਮੁਹਾਵਰੇ ਨੂੰ " Níl aon tinteán mar do thinteán féin " ਕਹਿੰਦੇ ਹਨ। ਮੈਨੂੰ ਘਰ ਪਰਤਣ ਦਾ ਬਹੁਤ ਚਾਅ ਚੜ੍ਹਿਆ ਹੋਇਆ ਸੀ।



ਟੌਪ ਡੈੱਕ ਤੋਂ ਮੈਨੂੰ ਡੋਵਰ ਦੀ ਚੋਟੀ ਜਦੋਂ ਦਿਖਾਈ ਦਿੱਤੀ ਤਾਂ ਚਾਅ ਜਿਹਾ ਹੀ ਚੜ੍ਹ ਗਿਆ ਸੀ। ਇੰਗਲੈਂਡ ਆਪਣੇ ਘਰ ਪਰਤਣ ਦਾ ਉਸ ਵਕਤ ਵੱਖਰਾ ਹੀ ਸੁਆਦ ਸੀ। ਇਕ ਜੰਗਜੂ ਫੌਜੀ ਨੂੰ ਜੰਗ ਜਿੱਤਣ ਦੀ ਪ੍ਰਸੰਨਤਾ ਨਾਲੋਂ ਵੱਧ ਕੇ ਉਦੋਂ ਖੁਸ਼ੀ ਹੁੰਦੀ ਹੈ, ਜਦੋਂ ਉਹ ਆਪਣੇ ਘਰ ਕਾ ਕੇ ਆਪਣੀ ਮਹਿਬੂਬਾ ਜਾਂ ਪਤਨੀ ਨੂੰ ਮਿਲਦਾ ਹੈ। ਕਿਉਂਕਿ ਇਹ ਉਹ ਇਸਤਰੀ ਹੁੰਦੀ ਹੈ, ਜਿਸ ਨੇ ਯੁੱਧ ਦੌਰਾਨ ਉਸਦੀ ਜਿੱਤ ਅਤੇ ਸਲਾਮਤੀ ਦੀਆਂ ਅਰਦਾਸਾਂ ਅਤੇ ਦੁਆਵਾਂ ਕੀਤੀਆਂ ਹੁੰਦੀਆਂ ਹਨ। ਨਿਰਸੰਦੇਹ ਮਹਿਬੂਬਾ ਡਾਇਨਾ ਨੂੰ ਮਿਲਣ ਦੀ ਹਿਰਦੇ ਵਿਚ ਤੜਪ ਸੀ।



ਮੈਂ ਡਾਇਨਾ ਦੇ ਨੌਕਰ ਪੋਲ ਬੂਰਲ ਨੂੰ ਸੀਰਨਚੈਸਟਰ ਦੇ ਰੇਲਵੇ ਸਟੇਸ਼ਨ 'ਤੇ ਮਿਲਣ ਦਾ ਪ੍ਰੋਗਰਾਮ ਪਹਿਲਾਂ ਹੀ ਬਣਾਇਆ ਹੋਇਆ ਸੀ। ਪੋਲ ਆਪਣੀ ਫੋਰਡ ਓਰੀਅਨ ਗੱਡੀ ਲੈ ਕੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੇਰਾ ਇੰਤਜ਼ਾਰ ਕਰ ਰਿਹਾ ਸੀ। ਰਸਤੇ ਵਿਚ ਮੈਂ ਉਸ ਨਾਲ ਡਾਇਨਾ ਬਾਰੇ ਗੱਲਾਂ ਤੇ ਡਾਇਨਾ ਦਾ ਹਾਲਚਾਲ ਪੁੱਛਦਾ ਰਿਹਾ ਸੀ। ਪੋਲ ਨੇ ਦੱਸਿਆ ਸੀ ਕਿ ਡਾਇਨਾ ਦਾ ਜੰਗ ਦੌਰਾਨ ਬਹੁਤ ਬੁਰਾ ਹਾਲ ਰਿਹਾ ਸੀ ਤੇ ਉਸਨੇ ਸਭ ਕੰਮ-ਧੰਦੇ ਛੱਡ ਕੇ ਸਿਰਫ ਟੈਲੀਵਿਜ਼ਨ ''ਤੇ ਖ਼ਬਰਾਂ ਹੀ ਚੌਵੀ ਘੰਟੇ ਦੇਖੀਆਂ ਸਨ। ਇਥੋਂ ਤੱਕ ਕਿ ਚੱਜ ਨਾਲ ਕੁਝ ਖਾਧਾ ਪੀਤਾ ਵੀ ਨਹੀਂ ਸੀ। ਚਾਰਲਸ ਅਤੇ ਬੱਚਿਆਂ ਨਾਲ ਸਵਿਟਜ਼ਰਲੈਂਡ ਸਕੀਇੰਗ ਕਰਨ ਦਾ ਪ੍ਰੋਗਰਾਮ ਵੀ ਉਸਨੇ ਰੱਦ ਕਰ ਦਿੱਤਾ ਸੀ।



ਸਾਡੇ ਇਸ਼ਕ ਦੀਆਂ ਖ਼ਬਰਾਂ ਨਸ਼ਰ ਹੋ ਜਾਣ ਕਾਰਨ ਡਾਇਨਾ ਦੇ ਘਰ ਦੁਆਲੇ ਅਕਸਰ ਪ੍ਰੈਸ ਅਤੇ ਫੋਟੋਗ੍ਰਾਫਰਾਂ ਦਾ ਪਹਿਰਾ ਰਹਿਣ ਲੱਗ ਪਿਆ ਸੀ। ਮੇਰਾ ਪਹਿਲਾਂ ਵਾਂਗ ਡਾਇਨਾ ਨੂੰ ਮਿਲਣ ਜਾਣਾ ਸੰਭਵ ਨਹੀਂ ਸੀ। ਕੈਨਸਿੰਘਟਨ ਹਾਈਸਟਰੀਟ ਕੋਲ ਪਹੁੰਚ ਕੇ ਪੋਲ ਨੇ ਮੈਨੂੰ ਕਾਰ ਦੇ ਬੂਟ ਵਿਚ ਤਾੜ ਦਿੱਤਾ ਸੀ। ਜਦੋਂ ਅਸੀਂ ਮਹੱਲ ਅੰਦਰ ਦਾਖਿਲ ਹੋ ਗਏ ਸੀ ਤਾਂ ਉਸਨੇ ਮੈਨੂੰ ਡਿੱਕੀ ਵਿਚੋਂ ਕੱਢ ਲਿਆ ਸੀ। 



ਮੈਂ ਪਿਛਲੇ ਦਰਵਾਜ਼ੇ ਰਾਹੀਂ ਡਾਇਨਾ ਦੇ ਅਪਾਰਟਮੈਂਟ ਅੰਦਰ ਵੜ੍ਹਿਆ ਤਾਂ ਡਾਇਨਾ ਨੇ ਪਹਿਲਾ ਹੀ ਵਾਕ ਕਿਹਾ ਸੀ, "ਛੁਡਾ ਲਿਆ ਖਹਿੜਾ ਫੇਰ?"



ਮੈਨੂੰ ਸਮਝ ਨਾ ਲੱਗੀ ਇਸ ਤੋਂ ਉਸਦਾ ਕੀ ਮਤਲਬ ਸੀ, "ਕਿਸ ਤੋਂ ਖਹਿੜਾ ਛੁਡਾਇਐ?"



"ਡਾਕੂਆਂ ਵਰਗੀਆਂ ਲੰਮੀਆਂ ਲੰਮੀਆਂ ਮੁੱਛਾਂ ਤੋਂ।" ਡਾਇਨਾ ਖਿੜਖਿੜਾ ਕੇ ਹੱਸ ਪਈ ਸੀ।



ਡਾਇਨਾ ਦਾ ਹੱਸਣਾ ਮੈਨੂੰ ਹਮੇਸ਼ਾਂ ਚੰਗਾ ਲੱਗਦਾ ਸੀ। ਮੁਸਕਰਾਉਂਦੀ ਹੋਈ ਉਹ ਖ਼ੁਬਸੂਰਤ ਤੋਂ ਵੀ ਵੱਧ ਹੁਸੀਨ ਬਣ ਜਾਂਦੀ ਸੀ। ਮੈਂ ਹੱਸ ਵੀ ਪਿਆ ਸੀ। ਦਰਅਸਲ ਗੌਲਫ ਵਿਚ ਮੇਰੇ ਮੁੱਛਾਂ ਰੱਖੀਆਂ ਹੋਈਆਂ ਸਨ ਤੇ ਉਸ ਵੇਲੇ ਦੀ ਮੇਰੀ ਫੋਟੋ ਦੇਖ ਕੇ ਡਾਇਨਾ ਨੇ ਮੈਨੂੰ ਲਿੱਖਿਆ ਸੀ ਕਿ ਮੇਰੇ ਮੁੱਛਾਂ ਬਿਲਕੁਲ ਨਹੀਂ ਜਚਦੀਆਂ। 



ਡਾਇਨਾ ਮੈਨੂੰ ਖਿੱਚ ਕੇ ਆਪਣੇ ਕਮਰੇ ਵਿਚ ਲੈ ਗਈ ਸੀ। ਅਸੀਂ ਢੇਰ ਸਾਰੀਆਂ ਪਿਆਰ ਭਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ। ਮੈਨੂੰ ਬਹੁਤ ਆਨੰਦਮਈ ਲੱਗ ਰਿਹਾ ਸੀ। ਅਸੀਂ ਸਵਖਤੇ ਖਾਣਾ ਖਾਹ ਕੇ ਪਹਿਲਾਂ ਵਾਂਗ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਸੀ। ਉਹ ਕੈਨਸਿੰਘਟਨ ਮਹੱਲ ਵਿਚ ਬਣੇ ਆਪਣੇ ਕੁਆਟਰਾਂ ਨੂੰ ਚਲੇ ਗਏ। ਕਪੜੇ ਲਾਹ ਕੇ ਅਸੀਂ ਇਕ ਦੂਜੇ ਨੂੰ ਲਿਪਟ ਕੇ ਚਾਰ ਖੰਬਿਆਂ ਵਾਲੇ ਚਾਨਣੀ ਲੱਗੇ ਡਾਇਨਾ ਦੇ ਪਲੰਘ 'ਤੇ ਪੈ ਗਏ ਸੀ।



ਡਾਇਨਾ ਨੇ ਮੈਨੂੰ ਦੱਸਿਆ ਕਿ ਜੰਗ ਸਮੇਂ ਉਸਦਾ ਛੋਟਾ ਪੁੱਤਰ ਸ਼ਹਿਜ਼ਾਦਾ ਹੈਰੀ ਫੌਜੀਆਂ ਵਾਲੀ ਵਰਦੀ ਪਹਿਨ ਕੇ ਉਸ ਨਾਲ ਸੌਂਦਾ ਹੁੰਦਾ ਸੀ ਤੇ ਡਾਇਨਾ ਨੂੰ ਉਦੋਂ ਮੇਰੀ ਬਹੁਤ ਯਾਦ ਸਤਾਉਂਦੀ ਹੁੰਦੀ ਸੀ। ਉਹ ਚੌਵੀ ਘੰਟੇ ਟੈਲੀਵਿਜ਼ਨ 'ਤੇ ਜੰਗ ਦੇ ਸਮਾਚਾਰ ਹੀ ਦੇਖਦੀ ਹੁੰਦੀ ਸੀ। ਵਿਲੀਅਮ ਬਹੁਤਾ ਸਮਾਂ ਕੈਦਖਾਨੇ ਯਾਨੀ ਬਕਿੰਘਮ ਪੈਲਿਸ ਹੀ ਰਿਹਾ ਸੀ।



ਡਾਇਨਾ ਅਤੇ ਚਾਰਲਸ ਵਿਚਾਲੇ ਬਣਦੀ ਨਾ ਹੋਣ ਕਰਕੇ ਡਾਇਨਾ ਆਪਣੀ ਮਾਂ ਫਰੈਂਸਿਸ ਸ਼ੈਂਡਕਿੱਡ ਅਤੇ ਨਾਨੀ ਲੇਡੀ ਫੌਰਮੋਏ ਨਾਲ ਵੀ ਕਈ ਵਾਰ ਝਗੜ ਹਟੀ ਸੀ। ਡਾਇਨਾ ਦਾ ੩੦ਵਾਂ ਜਨਮ ਦਿਨ ਅਤੇ ੧੦ਵੀਂ ਸ਼ਾਦੀ ਦੀ ਸਾਲਗਿਰਾ ਨਜ਼ਦੀਕ ਆ ਰਹੀ ਸੀ। ਪਰ ਉਸਨੂੰ ਇਹਨਾਂ ਦੋਨੋਂ ਦਿਹਾੜਿਆਂ ਦਾ ਕੋਈ ਚਾਅ ਜਾਂ ਉਡੀਕ ਨਹੀਂ ਸੀ। 



ਡਾਇਨਾ ਨੇ ਮੈਨੂੰ ਦੱਸਿਆ ਸੀ ਕਿ ਉਸਦੇ ਦਿਉਰ ਐਂਡਰੂ ਅਤੇ ਸਿਹਰਾ ਫਰਗਸਨ ਵਿਚ ਵੀ ਅਕਸਰ ਅਣਬਣ ਰਹਿੰਦੀ ਸੀ ਤੇ ਉਹਨਾਂ ਦਾ ਵਿਆਹ ਵੀ ਟੁੱਟਣ ਕਿਨਾਰੇ ਖੜ੍ਹਾ ਸੀ। ਇਹ ਡਾਇਨਾ ਲਈ ਹੋਰ ਵੀ ਗੁੰਝਲ ਪੈਦਾ ਕਰਦਾ ਸੀ ਕਿਉਂਕਿ ਕਿਸੇ ਵੀ ਸੂਰਤ ਵਿਚ ਮਹਿਲ ਵੱਲੋਂ ਦੋਨਾਂ ਪੁੱਤਾਂ ਅਤੇ ਨੂਹਾਂ ਦੀ ਇਕੋ ਵੇਲੇ ਅਲਹਿਦਗੀ ਨਹੀਂ ਸੀ ਘੋਸ਼ਿਤ ਕੀਤੀ ਜਾ ਸਕਦੀ ਸੀ।



ਮੈਨੂੰ ਸ਼ਹਿਜ਼ਾਦਾ ਐਂਡਰੂ ਅਤੇ ਫਰਗੀ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ਤਾਂ ਡਾਇਨਾ ਦੇ ਮੂੰਹੋਂ ਕੁਝ ਹੋਰ ਸੁਣਨ ਦਾ ਖੁਆਇਸ਼ਮੰਦ ਸੀ। ਡਾਇਨਾ ਮੈਨੂੰ ਬੜੇ ਦਾਵੇ ਨਾਲ ਚਿੱਠੀਆਂ ਵਿਚ ਲਿੱਖਦੀ ਆਈ ਸੀ ਕਿ ਜੁਲਾਈ ਤੋਂ ਬਾਅਦ ਉਸਦੀ ਜ਼ਿੰਦਗੀ ਵਿਚ ਅਹਿਮ ਬਦਲਾਅ ਆ ਜਾਵੇਗਾ ਤੇ ਉਹ ਪ੍ਰਿੰਸ ਚਾਰਲਸ ਵੱਲੋਂ ਆਜ਼ਾਦ ਹੋ ਜਾਵੇਗੀ। ਫਿਰ ਅਸੀਂ ਇਕੱਠੇ ਇਕ ਖੁਸ਼ਹਾਲ ਜੀਵਨ ਜਿਉਵਾਂਗੇ।



ਡਾਇਨਾ ਨੇ ਮੇਰੇ ਜੰਗ ਜਿੱਤ ਆਉਣ ਬਾਅਦ ਇਕ ਪਾਰਟੀ ਦੇਣ ਦਾ ਮੇਰੇ ਨਾਲ ਵਾਅਦਾ ਕੀਤਾ ਹੋਇਆ ਸੀ। ਲੇਕਿਨ ਅਖਬਾਰਾਂ ਦੀ ਮਿਹਰਬਾਨੀ ਸਦਕਾ ਹੁਣ ਇਹ ਸੰਭਵ ਨਹੀਂ ਸੀ ਹੋ ਸਕਦਾ। ਮੈਂ ਇਹਨਾਂ ਸਭ ਵਿਵਾਦਾਂ ਅਤੇ ਬਿਖੇੜੇ ਲਈ ਡਾਇਨਾ ਤੋਂ ਮਾਫੀ ਮੰਗੀ ਸੀ। ਉਸ ਨੇ ਕਿਹਾ ਸੀ, "ਇਹਦੇ ਵਿਚ ਤੇਰਾ ਕੀ ਕਸੂਰ ਹੈ?... ਅਖ਼ਬਾਰਾਂ ਦੀ ਮੈਂ ਬਹੁਤੀ ਪਰਵਾਹ ਨਹੀਂ ਕਰਦੀ...। ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੋ ਮਰਜ਼ੀ ਕੁੱਤੇ ਭੌਂਕੀ ਜਾਣ।"



ਦਰਅਸਲ ਫ਼ਰਕ ਤਾਂ ਪੈਂਦਾ ਸੀ। ਹੋਰ ਕੁਝ ਨਹੀਂ ਤਾਂ ਇਸ ਨਾਲ ਸਾਡਾ ਰਿਸ਼ਤਾ ਤਾਂ ਜ਼ਰੂਰ ਪ੍ਰਭਾਵਿਤ ਹੁੰਦਾ ਸੀ। ਕਿੰਤੂ ਡਾਇਨਾ ਆਪਣੇ ਪਿਆਰ ਦੀ ਬਜਾਏ ਆਪਣੇ ਛੋਟੇ ਭਰਾ ਦੀ ਜ਼ਿਆਦਾ ਫਿਕਰ ਸੀ ਤੇ ਉਹ ਚਾਰਲਸ ਸਪੈਂਸਰ ਆਪਣੇ ਭਰਾ ਨੂੰ ਲੈ ਕੇ ਪਰੇਸ਼ਾਨ ਸੀ। ਪ੍ਰੈਸ ਵਾਲੇ ਚਾਰਲਸ ਸਪੈਂਸਰ ਨੂੰ ਘੇਰ ਕੇ ਪੁੱਠੇ ਸਿੱਧੇ ਡਾਇਨਾ  ਬਾਰੇ ਸਵਾਲ ਕਰਦੇ ਸਨ। ਉਹ ਡਾਇਨਾ ਨਾਲ ਲੜ੍ਹਿਆ ਸੀ। ਡਾਇਨਾ ਦੇ ਭਰਾ ਚਾਰਲਸ ਸਪੈਂਸਰ ਨੇ ਡਾਇਨਾ ਨੂੰ ਘੂਰਦਿਆਂ ਕਿਹਾ ਸੀ ਕਿ ਡਾਇਨਾ  ਜੋ ਕੁਝ ਵੀ ਸੀ, ਸ਼ਾਹੀ ਪਰਿਵਾਰ ਦੀ ਬਦੌਤਲ ਹੀ ਸੀ ਤੇ ਉਹ ਕਿਉਂ ਰੌਇਲ ਫੈਮਲੀ ਦੀ ਇੱਜ਼ਤ ਮਿੱਟੀ ਵਿਚ ਮਿਲਾਉਣ 'ਤੇ ਤੁਲੀ ਹੋਈ ਸੀ। ਉਸਦਾ ਭਰਾ ਆਪਣੀ ਜਗਾ ਸਹੀ ਸੀ ਤੇ ਡਾਇਨਾ ਆਪਣੀ ਥਾਂ ਗਲਤ ਨਹੀਂ ਸੀ। ਹਰ ਇਨਸਾਨ ਪਿਆਰ ਦਾ ਭੁੱਖਾ ਹੁੰਦਾ ਹੈ ਤੇ ਖੁਸ਼ੀਆਂ ਦੀ ਕਾਮਨਾ ਕਰਦਾ ਹੈ। ਡਾਇਨਾ ਨੂੰ ਜੇ ਉਹ ਖੁਸ਼ੀਆਂ ਚਾਰਲਸ ਦਿੰਦਾ ਹੁੰਦਾ ਤਾਂ ਉਹ ਮੇਰੇ ਵੱਲ ਆਕਰਸ਼ਿਤ ਹੁੰਦੀ ਹੀ ਕਿਉਂ? ਜਦੋਂ  ਪ੍ਰੈਸ ਵਾਲੇ ਮਗਰ ਪੈ ਜਾਣ ਤਾਂ ਫੇਰ ਬੂਰੇ ਦੇ ਘਰ ਤੱਕ ਜਾਂਦੇ ਹਨ। ਡਾਇਨਾ ਦੇ ਭਰਾ ਚਾਰਲਸ ਸਪੈਂਸਰ ਨੇ ਡਾਇਨਾ ਦੇ ਬਾਰੇ ਕੋਈ ਟਿੱਪਣੀ ਕਰਨ ਤੋਂ ਇੰਨਕਾਰ ਕੀਤਾ ਸੀ ਤਾਂ ਮੀਡੀਏ ਵਿਚ ਚਾਰਲਸ ਸਪੈਂਸਰ ਦੀ ਨਿੱਜੀ ਜ਼ਿੰਦਗੀ ਨੂੰ ਵੀ ਉਛਾਲਿਆ ਗਿਆ ਸੀ। ਚਾਰਲਸ ਸਪੈਂਸਰ ਦਾ 16 ਸਤੰਬਰ 1989 ਵਿਚ ਮਾਡਲ ਵਿਕਟੋਰੀਆ ਲੌਕਵੁੱਡ ਨਾਲ ਵਿਆਹ ਹੋਣ ਦੇ ਦੋ ਹਫਤੇ ਬਾਅਦ ਇਕ ਹੋਰ ਪੱਤਰਕਾਰਾ ਨਾਲ ਇਸ਼ਕ ਚੱਲਿਆ ਸੀ। ਅਖ਼ਬਾਰਾਂ ਵਾਲਿਆਂ ਨੇ ਉਸਦਾ ਸਾਰਾ ਵੇਰਵਾ ਨਸ਼ਰ ਕਰਕੇ ਡਾਇਨਾ ਦੇ ਭਰਾ ਦੇ ਵਿਆਹੁਤਾ ਜੀਵਨ ਨੂੰ ਵੀ ਸੰਕਟ ਵਿਚ ਪਾ ਦਿੱਤਾ ਸੀ। ਡਾਇਨਾ ਦਾ ਭਰਾ ਇਸ ਲਈ ਡਾਇਨਾ ਨੂੰ ਕਸੂਰਵਾਰ ਮੰਨਦਾ ਸੀ। 



ਸਾਡੇ ਇਸ਼ਕ ਦਾ ਭੇਤ ਖੁੱਲ੍ਹਣ ਬਾਅਦ ਹਾਈਗ੍ਰੋਵ ਦੀ ਸਕਿਉਰਟੀ ਵਧਾ ਦਿੱਤੀ ਗਈ ਸੀ ਤੇ ਡਾਇਨਾ ਪਹਿਲਾਂ ਵਾਂਗ ਮੇਰੇ ਘਰ ਡੈਵਨ ਵੀ ਨਹੀਂ ਸੀ ਜਾ ਸਕਦੀ। ਨਿੱਤ ਨਿੱਤ ਮੈਂ ਵੀ ਗੱਡੀ ਦੇ ਬੂਟ ਵਿਚ ਪੈ ਕੇ ਕੈਨਸਿੰਘਟ ਪੈਲਿਸ ਨਹੀਂ ਸੀ ਵੜ੍ਹ ਸਕਦਾ। ਬਾਹਰ ਕਿਧਰੇ ਲੰਡਨ ਕੀ ਦੇਸ਼ ਵਿਚ ਵੀ ਸਾਡਾ ਜਨਤਕ ਤੌਰ 'ਤੇ ਮਿਲਣਾ ਕਠਿਨ ਅਤੇ ਕੋਈ ਬਹੁਤੀ ਅਕਲਮੰਦੀ ਵਾਲਾ ਕੰਮ ਨਹੀਂ ਸੀ। ਮੈਂ ਡਾਇਨਾ ਨੂੰ ਪੁੱਛਿਆ ਸੀ, "ਹੁਣ ਆਪਾਂ ਕਿਵੇਂ ਮਿਲਿਆ ਕਰਾਂਗੇ?"



"ਮੇਰੀ ਜੋਤਿਸ਼ੀ ਨੇ ਕਿਹਾ ਹੈ ਕਿ ਜਲਦ ਹੀ ਸਭ ਠੀਕ ਹੋ ਜਾਵੇਗਾ। ਚੰਗਾ ਹੋਵੇਗਾ ਜੇ ਕੁਝ ਦੇਰ ਲਈ ਆਪਾਂ ਇਕ ਦੂਜੇ ਨਾਲ ਕੋਈ ਸੰਪਰਕ ਨਾ ਕਰੀਏ। ਇਸ ਨਾਲ ਇਹ ਮਾਮਲਾ ਠੰਡਾ ਪੈ ਜਾਵੇਗਾ ਅਤੇ ਮੈਂ ਚਾਰਲਸ ਨਾਲ ਆਪਣੇ ਸਭ ਝੰਜਟ, ਝਗੜੇ-ਝੇੜੇ ਵੀ ਨਿਬੇੜ ਲਵਾਂਗੀ।"



ਡਾਇਨਾ ਬਹੁਤ ਅੰਧਵਿਸ਼ਵਾਸੀ ਸੀ ਤੇ ਹਰ ਅਹਿਮ ਕੰਮ ਆਪਣੇ ਜੋਤਿਸ਼ੀ ਤੋਂ ਪੁੱਛ ਕੇ ਕਰਦੀ ਹੁੰਦੀ ਸੀ। ਉਸ ਨੇ ਮੈਨੂੰ ਵੀ ਕਈ ਵਾਰ ਆਪਣੇ ਜੋਤਿਸ਼ੀਆਂ ਨਾਲ ਮਿਲਾਉਣਾ ਚਾਹਿਆ ਸੀ। ਲੇਕਿਨ ਮੈਂ ਉਸਨੂੰ ਮਨਾਹ ਕਰ ਦਿੱਤਾ ਸੀ ਤੇ ਦੱਸਿਆ ਸੀ ਕਿ ਮੈਂ ਤਰਕਸ਼ੀਲ ਹਾਂ ਤੇ ਇਹੋ ਜਿਹੀ ਬਕਵਾਸ 'ਤੇ ਵਿਸ਼ਵਾਸ਼ ਨਹੀਂ ਰੱਖਦਾ। ਡਾਇਨਾ ਦੀ ਭਵਿੱਖਬਾਣੀਆਂ ਅਤੇ ਜੋਤਿਸ਼ ਵਿੱਦਿਆ ਵਿਚ ਅੰਨ੍ਹੀ ਆਸਥਾ ਸੀ। ਹਰ ਰੋਜ਼ ਅਖਬਾਰ ਖੋਲ੍ਹਦਿਆਂ ਸਭ ਤੋਂ ਪਹਿਲਾਂ ਉਹ ਰਾਸ਼ੀਫਲ ਪੜ੍ਹਿਆ ਕਰਦੀ ਸੀ। 



ਇਸ ਬਾਰੇ ਮੈਂ ਇਕ ਵਾਰ ਡਾਇਨਾ ਨੂੰ ਇਕ ਲਤੀਫਾ ਵੀ ਸੁਣਾਇਆ ਸੀ। ਜੋ ਇਸ ਤਰ੍ਹਾਂ ਸੀ ਕਿ ਇਕ ਮੁੰਡਾ ਅਖਬਾਰ ਵਿਚ ਆਪਣੀ ਰਾਸ਼ੀ ਪੜ੍ਹਦਾ ਹੈ। ਲਿੱਖਿਆ ਹੁੰਦਾ ਹੈ ਕਿ ਇਸ ਹਫਤੇ ਤੁਹਾਡੀ ਜ਼ਿੰਦਗੀ ਵਿਚ ਇਕ ਬਹੁਤ ਹੀ ਅਮੀਰ ਅਤੇ ਸੁਨੱਖੀ ਕੁੜੀ ਆਵੇਗੀ। ਹਫਤਾ ਲੰਘ ਜਾਂਦਾ ਹੈ। ਕੁਝ ਨਹੀਂ ਹੁੰਦਾ। ਅਗਲੇ ਹਫਤੇ ਉਹ ਫਿਰ ਰਾਸ਼ੀਫਲ ਦੇਖਦਾ ਹੈ। ਉਸ ਵਿਚ ਲਿੱਖਿਆ ਹੁੰਦਾ ਹੈ ਕਿ ਜੋ ਕੰਮ ਤੁਹਾਡੇ ਪਹਿਲਾਂ ਸਿਰੇ ਨਹੀਂ ਚੜ੍ਹ ਸਕੇ। ਇਸ ਹਫਤੇ ਪੂਰੇ ਹੋ ਜਾਣਗੇ। ਉਸ ਹਫਤੇ ਵੀ ਲੜਕੇ ਦੀ ਜ਼ਿੰਦਗੀ ਵਿਚ ਕੋਈ ਕੁੜੀ ਨਹੀਂ ਆਉਂਦੀ। ਉਹ ਮਾਯੂਸ ਹੋ ਜਾਂਦਾ ਹੈ ਤੇ ਉਸ ਤੋਂ ਅਗਲੇ ਹਫਤੇ ਫਿਰ ਆਪਣੀ ਰਾਸ਼ੀ ਪੜ੍ਹਦਾ ਹੈ। ਉਸ ਵਿਚ ਦੱਸਿਆ ਗਿਆ ਹੁੰਦਾ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਲੋਕਾਂ ਵੱਲੋਂ ਤੁਹਾਨੂੰ ਬੁੱਧੂ ਬਣਾਇਆ ਜਾ ਰਿਹਾ ਹੈ। ਹੁਣ ਤੱਕ ਤੁਹਾਨੂੰ ਅਕਲ ਆ ਜਾਣੀ ਚਾਹੀਦੀ ਹੈ ਕਿ ਲੋਕਾਂ ਦੇ ਜਿਸ ਕਹੇ ਨੂੰ ਤੁਸੀਂ ਸੱਚ ਸਮਝ ਕੇ ਯਕੀਨ ਕਰਦੇ ਆਏ ਹੋ, ਉਹ ਕੋਰਾ ਝੂਠ ਹੈ। 



ਡਾਇਨਾ ਨੂੰ ਉਸਦੇ ਜੋਤਿਸ਼ੀ ਨੇ ਦੱਸਿਆ ਹੋਇਆ ਸੀ ਕਿ ਚਾਰਲਸ ਜਲਦ ਮਰ ਜਾਵੇਗਾ ਤੇ ਫੇਰ ਉਹ ਇਸ ਰਿਸ਼ਤੇ ਚੋਂ ਆਜ਼ਾਦ ਹੋ ਜਾਵੇਗੀ। ਡਾਇਨਾ ਇਸੇ ਆਸ ਦਾ ਦਾਮਨ ਫੜ੍ਹ ਕੇ ਦਿਨ ਕੱਟ ਰਹੀ ਸੀ।



ਸਵਿਟਜ਼ਰਲੈਂਡ ਸਕੀਇੰਗ ਕਰਨ ਗਏ ਪ੍ਰਿੰਸ ਚਾਰਲਸ 'ਤੇ ਕਲੌਸਟਰਜ਼ ਵਿਖੇ ਬਰਫ ਦਾ ਤੋਦਾ ਡਿੱਗ ਪਿਆ ਸੀ ਤੇ ਉਹ ਮਾਰਨੋਂ ਮਸਾਂ ਹੀ ਬਚਿਆ ਸੀ। ਇਸ ਹਾਦਸੇ ਵਿਚ ਉਸਦਾ ਸਾਥੀ ਮੇਜਰ ਹੱਗ ਲਿੰਡਸੀਅ ਮਾਰਿਆ ਗਿਆ ਸੀ। ਇਸ ਘਟਨਾ ਨੇ ਡਾਇਨਾ ਦੀ ਜੋਤਸੀਆਂ ਦੀ ਭਵਿੱਖਬਾਣੀ ਵਿਚਲੀ ਆਸਥਾ ਅਤੇ ਅੰਨ੍ਹੀ ਸ਼ਰਦਾ ਨੂੰ ਹੋਰ ਪੱਕਾ ਕਰ ਦਿੱਤਾ ਸੀ। 



ਮੈਂ ਡਾਇਨਾ ਅੱਗੇ ਗਿੜਗਿੜਾਇਆ ਸੀ, "ਪਰ ਮੈਥੋਂ ਤੇਰੇ ਬਗੈਰ ਰਹਿ ਨਹੀਂ ਹੁੰਦਾ, ਡਾਈ।"



"ਮੈਥੋਂ ਕਿਹੜਾ ਰਹਿ ਹੁੰਦਾ ਹੈ। ਆਪਾਂ ਕਰ ਵੀ ਕੀ ਸਕਦੇ ਹਾਂ? ਮਜ਼ਬੂਰੀ ਹੈ।" ਮੇਰੀ ਹਿੱਕ ਉੱਤੇ ਆਪਣੀਆਂ ਉਂਗਲਾਂ ਨਾਲ ਡਾਇਨਾ ਗੋਲ ਦਾਇਰੇ ਵਾਹੀ ਜਾ ਰਹੀ ਸੀ।



ਮੈਨੂੰ ਡਾਇਨਾ ਦਾ ਸੁਝਾਅ ਯੋਗ ਅਤੇ ਸਹੀ ਲੱਗਿਆ ਸੀ। ਕੁਝ ਸਮੇਂ ਦਾ ਅੰਤਰਾਲ ਸਾਡੇ ਇਸ਼ਕ ਦੀ ਸਲਾਮਤੀ ਲਈ ਉਸ ਸਮੇਂ ਅਵੱਸ਼ਕ ਅਤੇ ਉਚਿਤ ਸੀ। ਮੈਂ ਸਾਰੀ ਰਾਤ ਡਾਇਨਾ ਨੂੰ ਆਪਣੀ ਹਿੱਕ ਨਾਲ ਲਾਈ ਰੱਖਿਆ ਸੀ। ਉਸ ਰਾਤ ਮੈਂ ਡਾਇਨਾ ਨੂੰ ਸੈਕਸ ਲਈ ਬਿਲਕੁਲ ਵੀ ਉਕਸਾਇਆ ਨਹੀਂ ਸੀ, ਕਿਉਂਕਿ ਮੈਂ ਡਾਇਨਾ ਨੂੰ ਇਹ ਪ੍ਰਭਾਵ ਨਹੀਂ ਸੀ ਦੇਣਾ ਚਾਹੰਦਾ ਕਿ ਮੈਂ ਉਸਨੂੰ ਸਿਰਫ ਕਾਮ ਵਾਸਨਾ ਲਈ ਹੀ ਵਰਤਦਾ ਹਾਂ। ਡਾਇਨਾ ਨੂੰ ਵੀ ਸ਼ਰੀਰਕ ਸੰਬੰਧਾਂ ਦੀ ਕੋਈ ਲਲਕ ਨਹੀਂ ਸੀ ਜਾਪਦੀ ਤੇ ਨਾ ਉਸਨੇ ਇਸ ਵਿਸ਼ੇ 'ਤੇ ਕੋਈ ਪਹਿਲ ਕਦਮੀ ਕੀਤੀ ਸੀ। 



ਦਿਨ ਚੜ੍ਹੇ 'ਤੇ ਡਾਇਨਾ ਨੇ ਆਪ ਮੇਰੇ ਲਈ ਨਾਸ਼ਤਾ ਬਣਾਇਆ ਤੇ ਖਾਂਦੇ ਹੋਏ ਕਹਿਣ ਲੱਗੀ, "ਤੈਨੂੰ ਪਤੈ ਮੇਰੀ ਕਿੰਨੀ ਬਦਨਾਮੀ ਹੋ ਗਈ ਹੈ। ਜੇ ਤੂੰ ਮੰਨੇ ਤਾਂ ਮੈਂ ਆਪਣੇ ਇਸ਼ਕ ਦੀ ਖ਼ਬਰ ਦਾ ਪ੍ਰੈੱਸ ਕੋਲ ਖੰਡਨ ਕਰ ਦੇਵਾਂ। ਇਸ ਨਾਲ ਮੈਂ ਰੁਸਵਾਈਆਂ ਤੋਂ ਕੁਝ ਹੱਦ ਤੱਕ ਬਚ ਜਾਵਾਂਗੀ।"



"ਹਾਂ ਡੱਚ। ਮੇਰੀ ਜਾਨ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਤੂੰ ਜੋ ਮਰਜ਼ੀ ਬਿਆਨ ਦੇ ਦੇਵੀਂ। ਮੈਂ ਤੇਰਾ ਸਮਰਥਨ ਕਰਾਂਗਾ। ਇਸ ਵਿਸ਼ੇ ਉੱਤੇ ਮੈਂ ਵੀ ਆਪਣੇ ਪੈਰਾਂ 'ਤੇ ਪਾਣੀ ਨ੍ਹੀਂ ਪੈਣ ਦਿੰਦਾ। ਭਾਵੇਂ ਤੈਨੂੰ ਮੀਡੀਏ ਕੋਲ ਮੇਰੇ ਖਿਲਾਫ ਹੀ ਕਿਉਂ ਨਾ ਬੋਲਣਾ ਪਵੇ। ਤੂੰ ਆਪਣੀ ਇਜ਼ਤ ਬਚਾ। ਮੇਰੇ ਕਿਹੜਾ ਸਿਰ 'ਤੇ ਕਲਗੀਆਂ ਝੁਲਦੀਆਂ ਜਿਹੜੀਆਂ ਲਹਿ ਜਾਣਗੀਆਂ।"



"ਠੀਕ ਹੈ ਮੈਂ ਡੇਲੀ ਮੇਲ ਨੂੰ ਇੰਟਰਵਿਉ ਵਿਚ ਆਪਣੀ ਦੋਸਤੀ ਸਵਿਕਾਰ ਲਵਾਗਾਂ ਤੇ ਜਿਣਸੀ ਸੰਬੰਧਾਂ ਤੋਂ ਮੁੱਕਰਦੀ ਹੋਈ ਇਹ ਕਹਿ ਦੇਵਾਂਗੀ ਕਿ ਮੇਜ਼ਰ ਹਿਊਵਟ ਨੇ ਮੈਨੂੰ ਸਡਿਉਸ ਕਰਨ ਦਾ ਯਤਨ ਕੀਤਾ ਸੀ। ਪਰ ਮੈਂ ਮੰਨੀ ਨਹੀਂ ਸੀ। ਮੇਰੀ ਇਸ ਗੱਲ ਦੀ ਮੇਜਰ ਹਿਊਵਟ ਨੇ ਵੀ ਕਦਰ ਕੀਤੀ ਸੀ ਤੇ ਅਸੀਂ ਵਧੀਆ ਦੋਸਤ ਹਾਂ ਬਸ।"



"ਇਹ ਤੈਨੂੰ ਭੋਗਣ ਦੀ ਕੋਸ਼ਿਸ਼ ਸਡਿਉਸ ਕਹਿਣਾ ਜ਼ਰੂਰੀ ਹੈ।"



"ਹਾਂ। ਮੈਂ ਮੀਡੀਏ ਦੇ ਹੱਥਕੰਢੇ ਤੇਰੇ ਨਾਲੋਂ ਜ਼ਿਆਦਾ ਜਾਣਦੀ ਹਾਂ। ਮੇਰੇ ਅਜਿਹਾ ਕਹਿਣ ਨਾਲ ਗੱਲ ਨੈਚਰੂਲ ਤੇ ਸੱਚੀ ਜਾਪੇਗੀ।"



"ਠੀਕ ਹੈ ਜਿਵੇਂ ਤੈਨੂੰ ਮੁਨਾਸਿਬ ਲੱਗੇ।"



ਅਸੀਂ ਫੇਰ ਜਾ ਕੇ ਬਿਸਤਰੇ 'ਤੇ ਲੇਟ ਗਏ ਸੀ। ਕੱਪੜੇ ਅਸੀਂ ਰਾਤ ਦੇ ਹੀ ਲਾਹੇ ਹੋਏ ਸਨ। ਮੈਥੋਂ ਰਿਹਾ ਨਾ ਗਿਆ ਤੇ ਮੈਂ ਡਾਇਨਾ ਨਾਲ ਆਲਿੰਗਨ ਹੋਣ ਦੀ ਕੋਸ਼ਿਸ਼ ਕੀਤੀ ਸੀ। ਪਰ ਕਾਮ ਦੀ ਪਤੁਲੀ ਤੇ ਅੱਥਰੀ ਡਾਇਨਾ ਗਾਇਬ ਸੀ। ਬਹੁਤ ਹੀ ਠੰਡੀ ਡਾਇਨਾ ਨਾਮ ਦੀ ਜਿਹੜੀ ਔਰਤ ਮੇਰੇ ਨਾਲ ਅਣਕੱਜੀ ਪਈ ਸੀ। ਉਸਨੇ ਮੈਨੂੰ ਸੈਕਸ ਲਈ ਮੂਡ ਨਾ ਹੋਣ ਦਾ ਬਹਾਨਾ ਬਣਾ ਕੇ ਕੁਝ ਵੀ ਕਰਨ ਤੋਂ ਵਰਜ਼ ਦਿੱਤਾ ਸੀ।



ਡਾਇਨਾ ਦੁਪਿਹਰ ਤੱਕ ਮੇਰੇ ਨਿਰਵਸਤਰ ਪਏ ਉੱਤੇ ਸਿਰ ਤੋਂ ਪੈਰ ਤੱਕ ਨਗਨ ਲੇਟੀ ਰਹੀ ਸੀ। ਮੈਂ ਜਿਵੇਂ ਗਿਆ ਸੀ। ਉਸਤੇ ਤਰ੍ਹਾਂ ਪੋਲ ਬੂਰਲ ਦੀ ਕਾਰ ਵਿਚ ਮਹੱਲ ਤੋਂ ਬਾਹਰ ਨਿਕਲਣਾ ਸੀ। ਮੈਨੂੰ ਤੁਰਨ ਲੱਗੇ ਨੂੰ ਡਾਇਨਾ ਕਹਿਣ ਲੱਗੀ ਸੀ, "ਆਪਾਂ ਨੂੰ ਇਕ ਹੋਣ ਲਈ ਸਮਾਂ ਲੱਗੇਗਾ। ਮੇਰਾ ਇੰਤਜ਼ਾਰ ਕਰੇਂਗਾ ਨਾ? ਤੂੰ ਮੈਨੂੰ ਪਿਆਰ ਕਰਦੈਂ ਨਾ?"



"ਹਾਂ, ਮੈਂ ਤੈਨੂੰ ਬਹੁਤ ਪਿਆਰ ਕਰਦਾਂ, ਡਾਇਨਾ। ਮੈਂ ਸਾਰੀ ਜ਼ਿੰਦਗੀ ਤੇਰੀ ਉਡੀਕ ਕਰਨ ਲਈ ਤਿਆਰ ਹਾਂ।" ਮੇਰਾ ਗੱਚ ਭਰ ਆਇਆ ਸੀ। ਡਾਇਨਾ ਨੂੰ ਘੁੱਟ ਕੇ ਜੱਫੀ ਪਾ ਕੇ ਮੈਂ ਉਥੋਂ ਤੁਰ ਪਿਆ ਸੀ। ਉਸਦੀਆਂ ਅੱਖਾਂ ਵਿਚੋਂ ਹੰਝੂ ਛਲਕ ਰਹੇ ਸਨ। ਮਿਲਾਪ ਤੇ ਵਿਛੋੜਾ ਤਾਂ ਪ੍ਰੇਮ ਦੀ ਪ੍ਰੀਖਿਆ ਅਤੇ ਜ਼ਿੰਦਗੀ ਦੀਆਂ ਅਟਲ ਸਚਾਈਆਂ ਅਤੇ ਅਵਸਥਾਵਾਂ ਹਨ।


ਡਾਇਨਾ ਨੇ ਆਪਣੇ ਨੌਕਰ ਨੂੰ ਬੁਲਾ ਕੇ ਮੈਨੂੰ ਜਿਵੇਂ ਗਿਆ ਸੀ, ਕਾਰ ਵਿਚ ਲੁਕਾ ਕੇ ਉਵੇਂ ਮਹਿਲ ਤੋਂ ਬਾਹਰ ਕੱਢ ਦਿੱਤਾ ਸੀ। ਫੌਜ ਵਿਚ ਕਵਾਇਦ ਤਾਂ ਬਥੇਰੀ ਕੀਤੀ ਸੀ। ਪਰ ਜਿਵੇਂ ਡਾਇਨਾ ਨੇ ਮਹੱਲ ਵਿਚ ਕੱਢ ਕੇ ਮੇਰੀ ਮਾਰਚ ਕਰਵਾਈ ਸੀ। ਉਹ ਸਾਰੀ ਜ਼ਿੰਦਗੀ ਨਹੀਂ ਭੁੱਲਣੀ। ਮਹੱਲ ਤੋਂ ਬਾਹਰ ਕੈਨਸਿੰਘਟਨ ਹਾਈ ਸਟਰੀਟ 'ਤੇ ਪਰੇਡ  ਕਰਦੇ ਹੋਇਆਂ ਮੇਰੀਆਂ ਲੱਤਾਂ ਮੇਰੇ ਜਿਸਮ ਦਾ ਭਾਰ ਢੋਹਣ ਤੋਂ ਇਨਕਾਰੀ ਸਨ।


ਲੰਡਨੋਂ ਟਰੇਨ ਫੜ ਕੇ ਮੈਂ ਆਪਣੀ ਗੱਡੀ ਚੁੱਕੀ ਤੇ ਆਪਣੇ ਘਰ ਵੱਲ ਸਿੱਧਾ ਚਲ ਪਿਆ ਸੀ। ਮੈਂ ਸਾਰੇ ਰਾਹ ਸੁੰਨ ਜਿਹਾ ਹੋਇਆ ਹੀ ਕਾਰ ਚਲਾਉਂਦਾ ਰਿਹਾ ਸੀ। ਪਿੰਡ ਵੜਦਿਆਂ ਹੀ ਮੈਨੂੰ ਰਸਤੇ ਵਿਚ ਕੁਝ ਮੇਰੇ ਪਿੰਡ ਦੇ ਲੋਕ ਤੁਰੇ ਜਾਂਦੇ ਟੱਕਰ ਗਏ ਸਨ। ਮੈਂ ਉਹਨਾਂ ਨੂੰ ਆਪਣੀ ਕਾਰ ਵਿਚ ਲਿਫਟ ਦੇਣ ਲਈ ਬਿਠਾ ਲਿਆ ਸੀ। ਨਾ ਉਹਨਾਂ ਨੇ ਕੋਈ ਗੱਲ ਕੀਤੀ, ਨਾ ਮੈਂ ਕੋਈ ਗੱਲ ਛੇੜੀ। ਮੇਰੀ ਉਦਾਸੀ ਦੇਖ ਕੇ ਡਰੰਗੀਆਂ ਦਾ ਟੌਮ ਅਮਲੀ ਕਹਿਣ ਲੱਗਾ ਸੀ, "ਜੇਮਜ਼ ਬਾਈ ਯਾਰ ਤੈਨੂੰ ਤਾਂ ਖੁਸ਼ ਹੋਣਾ ਚਾਹੀਦੈ, ਜੰਗ ਜਿੱਤ ਕੇ ਪਿੰਡ ਆਇਐ ਹੈਂ। ਤੂੰ ਮੂੰਹ ਢਿੱਲਾ ਜਿਹਾ ਕਰੀ ਬੈਠੈਂ, ਜੀਕਣ ਕੁੜੀ ਦੱਬ ਕੇ ਆਇਆ ਹੁੰਨੈ। ਸਾਨੂੰ ਤਾਂ ਬਈ ਤੇਰੇ ਜੰਗ ਜਿੱਤਣ ਦਾ ਲੋਹੜੇ ਦਾ ਚਾਅ ਵਾ। ਤੇਰੇ ਵੰਢੇ ਦੀ ਅੱਜ ਮੈਂ ਸਾਰੇ ਪਿੰਡ ਨੂੰ ਦਾਰੂ ਪਲਾਊਂ। ਭਾਵੇਂ ਟਰੇਸੀ ਕੇ ਮਾਇਕ ਬੁੜ੍ਹੇ ਪੱਬ ਅੱਲ ਨੂੰ ਸਿੱਧੀ ਗੱਡੀ ਲੈ ਚੱਲ।... ਨਾ ਬਾਈ, ਤੈਨੂੰ ਜਿੱਤ ਦੀ ਖੁਸ਼ੀ ਨ੍ਹੀਂ?"



"ਟੌਮ ਅਮੈਰੀਕਨ ਕਹਿੰਦੇ ਹੁੰਦੇ ਆ, ਲਾਇਫ ਇੱਜ਼ ਬਿੱਚ, ਨਾ ਬੀਚ। (ਜ਼ਿੰਦਗੀ ਹੁਸੀਨ ਨਹੀਂ ਕੁੱਤੀ ਹੈ।) ਕਈ ਵਾਰ ਬੰਦਾ ਜਿੱਤ ਕੇ ਵੀ ਹਾਰ ਜਾਂਦਾ ਮੇਰੇ ਵੀਰ।"



"ਗੂੰਗੇ ਦੀਆਂ ਗੂੰਗੇ ਦੀ ਮਾਂ ਈ ਸਮਝੇ। ਸਾਡੇ ਨ੍ਹੀਂ ਥੋਡੇ ਪੜ੍ਹੇ ਲਿੱਖਿਆਂ ਦੀਆਂ ਗੱਲਾਂ ਸਮਝ ਆਉਂਦੀਆਂ। ਚਰਸ ਆਲਾ ਸੂਟਾਂ ਲਵਾਵਾਂ? 'ਕੇਰਾਂ ਤਾਂ ਕੰਡੇ 'ਚ ਹੋ'ਜੇਂਗਾ, ਮਿੱਤਰਾ?"



"ਲਿਆ ਫੇਰ ਲਵਾਦੇ। ਤੂੰ ਖੁਸ਼ ਰਹਿ ਤੈਨੂੰ ਨਰਾਜ਼ ਨਹੀਂ ਕਰਦੇ।"



ਟੌਮ ਨੇ ਜ਼ੇਬ ਚੋਂ ਰਿਜ਼ਲੇ ਦੇ ਕਾਂਗਜ਼ ਕੱਢ ਕੇ ਡੱਬੀ ਵਿਚੋਂ ਕੈਨਬਿਸ ਦੀਆਂ ਸੁੱਕੀਆਂ ਬੂਟੀਆਂ ਭਰ ਕੇ ਦੋ ਬੀੜੀਆਂ ਬਣਾਈਆਂ ਤੇ ਇਕ ਮੈਨੂੰ ਦੇ ਦਿੱਤੀ ਸੀ, "ਲੈ ਚਰਸ ਤਾਂ ਹੈ ਨ੍ਹੀਂ। ਪਰ ਮਰਵਾਨੇ (Marijuana) ਦਾ ਆਪਾਂ ਪੂਰਾ ਸਟਾਕ ਹਰ ਵੇਲੇ ਕੋਲ ਰੱਖੀ ਦਾ ਹੈ।"



ਮੁਹੱਬਤ ਦੇ ਖੁੱਸਣ ਦਾ ਗ਼ਮ ਅਤੇ ਰੁਸਵਾਈਆਂ ਨੂੰ ਧੂੰਏ ਵਿਚ ਉਡਾਉਂਦਾ ਮੈਂ ਘਰ ਪਹੁੰਚ ਗਿਆ ਸੀ। ਡਾਇਨਾ ਦੇ ਵਿਛੋੜੇ ਕਾਰਨ ਪਰਿਵਾਰ ਨਾਲ ਮਿਲਾਪ ਦੀ ਖੁਸ਼ੀ ਵੀ ਮੈਂ ਚੱਜ ਨਾਲ ਮਨਾ ਨਹੀਂ ਸੀ ਸਕਿਆ ਤੇ ਉਦਣ ਬਿਨਾ ਕਿਸੇ ਨਾਲ ਬੋਲਿਆਂ ਚੱਲਿਆਂ ਮਾਤਮ ਮਨਾਉਣ ਲਈ ਮੈਂ ਆਪਣੇ ਆਪ ਨੂੰ ਕਮਰੇ ਵਿਚ ਤਾੜ ਕੇ ਲੇਟ ਗਿਆ ਸੀ।

No comments:

Post a Comment