ਮੈਦਾਨ-ਏ-ਜੰਗ
ਜ਼ਮੀਨੀ ਜੰਗ ਅਤੇ ਸਾਡੇ ਦਰਮਿਆਨ ਦੂਰੀ ਬਹੁਤ ਘੱਟ ਗਈ ਸੀ। ਲੋਅ ਲੋਡਰਾਂ 'ਤੇ ਟੈਂਕਾਂ ਨੂੰ ਰਵਾਨਾ ਕਰਕੇ ਅਸੀਂ ਹੈਲੀਕੌਪਟਰਾਂ ਰਾਹੀਂ 200 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਇਰਾਕੀ ਸਰਹੱਦ ਤੋਂ 40 ਕਿਲੋਮੀਟਰ ਦੱਖਣ ਵੱਲ ਉਸ ਸਥਾਨ 'ਤੇ ਪਹੁੰਚ ਗਏ, ਜਿਥੋਂ ਅਸੀਂ ਜੰਗ ਵਿਚ ਕੁੱਦਣਾ ਸੀ। ਰਣਭੂਮੀ ਦੇ ਇਸ ਸਥਾਨ ਨੂੰ ਅਸੀਂ 'ਰੇਅ' ਆਖਦੇ ਸੀ। ਜਿਥੋਂ ਤੱਕ ਮਨੁੱਖੀ ਨਿਗਾਹ ਜਾਂਦੀ ਸੀ, ਸਾਡੇ ਅਤੇ ਅਮਰੀਕੀ ਫੌਜ ਦੇ ਟੈਂਕ ਅਤੇ ਬਖਤਰਬੰਦ ਗੱਡੀਆਂ ਹੀ ਨਜ਼ਰ ਆਉਂਦੀਆਂ ਸਨ। ਰੇਗਿਸਤਾਨ ਵਿਚ ਫੌਜੀ ਡੁੱਲੇ ਹੋਏ ਆਟੇ ਵਾਂਗ ਖਿੰਡੇ ਪਏ ਸਨ।
ਮੇਰੇ ਬਿਲਕੁੱਲ ਨਾਲ ਹੀ ਅਮਰੀਕੀ ਫੌਜੀ ਅਭਰਾਹਿਮ ਟੈਂਕ ਲਈ ਖੜ੍ਹੇ ਸਨ। ਅਭਰਾਹਿਮ ਟੈਂਕ ਵਧੀਆ ਹੁੰਦੇ ਹਨ, ਪਰ ਤੇਲ ਬਹੁਤ ਖਾਂਦੇ ਹਨ। ਮੇਰੇ ਅਨੁਮਾਨ ਮੁਤਾਬਕ ਤਾਂ ਮਾਰੂਥਲ ਵਿਚ ਉਹਨਾਂ ਨੇ ਤੇਲ ਦੇ ਪਿਆਸੇ ਹੀ ਰਹਿਣਾ ਸੀ। ਇਹ ਟੈਂਕ ਖੁੱਲ੍ਹੇ ਹੁੰਦੇ ਹਨ ਤੇ ਦੂਜੇ ਟੈਂਕਾਂ ਦੇ ਮੁਕਾਬਲੇ ਵੱਧ ਗੋਲਾ-ਬਾਰੂਦ ਢੋਹ ਸਕਦੇ ਹਨ। ਸ਼ਾਇਦ ਇਸੇ ਵਜ੍ਹਾ ਕਰਕੇ ਅਮਰੀਕਨ ਇਹਨਾਂ ਨੂੰ ਜੰਗ ਵਿਚ ਵਰਤ ਰਹੇ ਸਨ। ਮੈਂ ਆਪਣੇ ਟੈਂਕਾਂ ਦੀ ਸੁਰੱਖਿਆ ਵਧਾਉਣ ਲਈ ਚੋਬਹਮੀ (ਲੋਹੇ ਦੇ ਕਾਰੋਬਾਰ ਵਾਲਾ ਇੰਗਲੈਂਡ ਦਾ ਇਕ ਸ਼ਹਿਰ) ਲੋਹੇ ਦੀ ਚਾਦਰ ਚੜ੍ਹਵਾਈ ਹੋਈ ਸੀ। ਅਮਰੀਕਨ ਫੌਜੀ ਮੇਰੇ ਟੈਂਕ ਦੇਖ ਕੇ ਦੰਗ ਰਹਿ ਗਏ ਤੇ ਕਹਿਣ ਲੱਗੇ, "ਇਹ ਟੈਂਕ ਤਾਂ ਰਸ਼ੀਅਨ ਟੀ-72 ਟੈਕਾਂ ਨੂੰ ਵੀ ਮਾਤ ਪਾਉਂਦੇ ਹਨ।"
ਸਾਡੇ ਸਾਰੇ ਟੈਂਕਾਂ ਉੱਤੇ ਵਿਕਟਰੀ ਯਾਨੀ ਜਿੱਤ ਦੀ ਸੂਚਕ ਅੰਗਰੇਜ਼ੀ ਅੱਖਰ ਵਾਲੀ ਵੀ (V) ਉਕਰੀ ਹੋਈ ਸੀ। ਜੰਗ ਵਿਚ ਆਪਣੇ ਅਤੇ ਦੁਸ਼ਮਣ ਦੇ ਟੈਂਕਾਂ ਵਿਚ ਨਖੇੜਾ ਕਰਨ ਦਾ ਇਹੀ ਇਕ ਮਾਤਰ ਪ੍ਰਤੱਖ ਚਿੰਨ ਸੀ।
ਰੇਅ ਵਾਲੇ ਸਥਾਨ ਉੱਤੇ ਸਿਵਾਏ ਇੰਤਜ਼ਾਰ ਕਰਨ ਦੇ ਅਸੀਂ ਕੁਝ ਨਹੀਂ ਸੀ ਕਰ ਸਕਦੇ। ਜੰਗ ਵਿਚ ਅਸੀਂ ਕੋਈ ਵੀ ਸ਼ਨਾਖਤੀ ਦਸਤਾਵੇਜ਼ ਨਹੀਂ ਸੀ ਲਿਜਾ ਸਕਦੇ। ਇਥੇ ਅਮਰੀਕਨ ਫੌਜੀਆਂ ਨੇ ਆਪਣੇ ਪਾਸਪੋਰਟ, ਵਾਹਨਾਂ ਦੇ ਕਾਗਜ਼ ਅਤੇ ਹੋਰ ਸਮਗਰੀ ਜਲਾਉਣੀ ਸ਼ੁਰੂ ਕਰ ਦਿੱਤੀ ਸੀ। ਅਸੀਂ ਇਹ ਕੰਮ ਪਹਿਲਾਂ ਹੀ ਕਰ ਆਏ ਸੀ। ਮੈਂ ਟੈਂਕ ਵਿਚ ਪਈਆਂ ਡਾਇਨਾ ਦੀਆਂ ਕੁਝ ਚਿੱਠੀਆਂ ਨੂੰ ਛੱਡ ਕੇ ਬਾਕੀ ਦੀਆਂ ਜਲਾ ਕੇ ਰੇਤੇ ਵਿਚ ਦਫਨ ਕਰ ਦਿੱਤੀਆਂ ਸਨ।
ਐਨ ਮੌਕੇ 'ਤੇ ਇਹ ਅਫਵਾਹ ਫੈਲ ਗਈ ਸੀ ਕਿ ਰੂਸ ਦੇ ਰਾਸ਼ਟਰਪਤੀ ਮਿਖਾਇਲ ਗਰਵਾਚੌਵ ਨਾਲ ਸੁਦਾਮ ਹੁਸੈਨ ਦਾ ਸਮਝੌਤਾ ਹੋ ਗਿਆ ਹੈ ਤੇ ਉਹ ਕੁਵੈਤ ਵਿਚੋਂ ਆਪਣੀਆਂ ਫੌਜਾਂ ਕੱਢ ਰਿਹਾ ਸੀ। ਫੌਜੀ ਇਹ ਵੀ ਦੱਸ ਰਹੇ ਸਨ ਕਿ ਕੌਲਿਨ ਪੌਵਲ ਨੇ ਐਲਾਨ ਕੀਤਾ ਸੀ ਕਿ ਜ਼ਮੀਨੀ ਲੜਾਈ ਨਹੀਂ ਲੱਗੇਗੀ। ਭਾਵੇਂ ਮੈਂ ਕੁਝ ਸਮਾਂ ਪਹਿਲਾਂ ਹੈੱਡਕੁਆਟਰ ਹੋ ਕੇ ਆਇਆ ਸੀ। ਪਰ ਉਨ੍ਹਾਂ ਨੇ ਮੈਨੂੰ ਕੁਝ ਨਹੀਂ ਸੀ ਦੱਸਿਆ। ਅਜਿਹੇ ਸਮਝੌਤੇ ਉੱਚ ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਦਰਮਿਆਨ ਹੁੰਦੇ ਹਨ ਤੇ ਸੂਚਨਾ ਗੁਪਤ ਰੱਖੀ ਜਾਂਦੀ ਹੈ।
ਮੇਰੇ ਜਵਾਨ ਮੈਥੋਂ ਇਸ ਖ਼ਬਰ ਦੀ ਤਸਦੀਕ ਕਰਵਾਉਣਾ ਚਾਹੁੰਦੇ ਸਨ। ਮੈਂ ਉਨ੍ਹਾਂ ਨੂੰ ਸੱਚੋ-ਸੱਚ ਦੱਸ ਦਿੱਤਾ ਸੀ, "ਜਿਥੋਂ ਤੱਕ ਮੈਂ ਜਾਣਦਾ ਹਾਂ। ਅਸੀਂ ਜੰਗ ਲੜ੍ਹ ਰਹੇ ਹਾਂ। ਮੈਨੂੰ ਜੰਗ ਨਾ ਲੜ੍ਹਨ ਦਾ ਕੋਈ ਹੁਕਮ ਨਹੀਂ ਮਿਲਿਆ ਹੈ।"
ਲੇਕਿਨ ਮੈਂ ਵੀ ਇਸ ਅਫਵਾਹ ਨੂੰ ਸੁਣਨ ਬਾਅਦ ਸੰਸ਼ੋਪੰਜ ਵਿਚ ਸੀ। ਮੈਨੂੰ ਵੀ ਬਾਕੀ ਫੌਜੀਆਂ ਵਾਂਗ ਨਿਰਾਸ਼ਾ ਹੋਈ ਸੀ, ਕਿਉਂਕਿ ਜਿਹੜੀ ਜੰਗ ਅਸੀਂ ਜਿੱਤ ਲੈਣੀ ਸੀ। ਉਹ ਲੱਗਣੀ ਹੀ ਨਹੀਂ ਸੀ। ਸਾਡੀਆਂ ਕਸਰਤਾਂ, ਜੰਗੀ ਅਭਿਆਸ, ਟਰੇਨੀਗਾਂ, ਮਨਸੂਬਾਬੰਦੀਆਂ ਅਤੇ ਕੀਤੀ ਸਭ ਮਿਹਨਤ ਬੇਕਾਰ ਜਾ ਰਹੀ ਸੀ। ਸਾਨੂੰ ਸਾਡੀ ਤਾਕਤ ਨੂੰ ਪਰਖਰਣ ਦਾ ਮਿਲਿਆ ਮੌਕਾ, ਅੰਤਿਮ ਚਰਨ ਵਿਚ ਸਾਥੋਂ ਖੋਹਿਆ ਜਾ ਰਿਹਾ ਸੀ। ਕਿੰਤੂ ਜਲਦ ਹੀ ਸਾਨੂੰ ਹੈੱਡਕੁਆਟਰ ਤੋਂ ਸੂਚਨਾ ਆ ਗਈ ਸੀ ਕਿ ਅਜਿਹਾ ਕੋਈ ਸਮਝੌਤਾ ਨਹੀਂ ਹੋਇਆ ਤੇ ਇਹ ਖ਼ਬਰ ਝੂਠੀ ਹੀ ਕਿਸੇ ਨੇ ਫੈਲਾਅ ਦਿੱਤੀ ਸੀ।
24 ਫਰਵਰੀ 1991 ਨੂੰ ਸਵੇਰ ਦੇ ਚਾਰ ਵਜੇ ਅਮਰੀਕਾ ਦੇ ਰਾਸ਼ਟਰਪਤੀ ਜੌਰਜ਼ ਬੁੱਸ਼ ਨੇ ਐਲਾਨ-ਏ-ਜੰਗ ਕਰ ਦਿੱਤਾ ਸੀ। ਅਮਰੀਕਾ ਦੀ 18ਵੀਂ ਕੋਰਜ਼ ਤਰਥੱਲੀ ਮਚਾਉਂਦੀ ਹੋਈ ਰੇਗਿਸਤਾਨ ਵਿਚ ਵਧਣ ਲੱਗੀ ਸੀ। ਦੱਖਣ ਵਿਚ ਅਸੀਂ ਬਾਹਾਂ ਚਾੜ੍ਹੀ ਖੜ੍ਹੇ ਸੀ। ਅਸੀਂ ਇਰਾਕੀਆਂ ਦੇ ਵਾਰ ਨੂੰ ਥੰਮ ਕੇ 7ਵੀਂ ਕੋਰਜ਼ ਲਈ ਰਾਹ ਬਣਾ ਦਿੱਤਾ ਸੀ। ਬਿੱਗ ਰੈੱਡ ਵੱਨ ਬੁੱਲਡੋਜ਼ਰਾਂ ਨਾਲ ਉਹ ਇਰਾਕੀਆਂ ਦੀਆਂ ਬਰਮਾ (ਮੋਰਚਿਆਂ) ਨੂੰ ਸੁਹਾਗਾ ਫੇਰਦੇ ਅੱਗੇ ਚਲੇ ਗਏ ਸਨ। ਸਾਨੂੰ ਆਪਣੇ ਸਥਾਨ ਉੱਪਰ ਹੀ ਰੁੱਕਣ ਦਾ ਆਦੇਸ਼ ਸੀ ਤੇ ਅਸੀਂ 60 ਮਿੰਟ ਨੋਟਿਸ 'ਤੇ ਸੀ। ਜਿਸਦਾ ਮਤਲਵ ਸੀ ਕਿ ਅਸੀਂ ਅਗਲੇ ਹੱਲੇ ਲਈ ਹੁਕਮ ਮਿਲਣ 'ਤੇ ਦੱਸੇ ਸਥਾਨ ਉੱਪਰ 60 ਮਿੰਟਾਂ ਵਿਚ ਉਪੜਨਾ ਸੀ।
ਉਸ ਵੇਲੇ ਅਸੀਂ ਸਟੇਜ਼ਿੰਗ ਏਰੀਆ 4 ਵਿਚ ਖੜ੍ਹੇ ਸੀ, ਜਦੋਂ 25 ਫਰਵਰੀ ਨੂੰ ਦੁਪਿਹਰ ਦੇ 12.30 ਵਜੇ ਸਾਨੂੰ ਰੂਟ ਨਵੰਬਰ (ਹਮਲੇ ਦਾ ਸਥਾਨ) ਵੱਲ ਰਵਾਨਾ ਕਰ ਦਿੱਤਾ ਗਿਆ ਸੀ। 2 ਵਜੇ ਤੱਕ ਅਸੀਂ ਧੂੜ ਅਤੇ ਧੁੰਦ ਨੂੰ ਚੀਰਦੇ ਇਰਾਕੀ ਸੀਮਾ ਵਿਚ ਦਾਖਿਲ ਹੋ ਗਏ ਸੀ। ਧੁੰਦ ਕਾਰਨ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਕੋਈ ਬੰਬਾਰੀ ਨਹੀਂ ਸੀ ਹੋ ਰਹੀ। ਅਸੀਂ ਅੱਗੇ ਵੱਧਦੇ ਚਲੇ ਗਏ। ਲੇਕਿਨ ਪ੍ਰਮਾਣੂ ਹਥਿਆਰਾਂ ਦੇ ਖਦਸ਼ੇ ਕਾਰਨ ਅਸੀਂ ਐਨ. ਬੀ. ਸੀ. ਸੁਰੱਖਿਆ ਵਸਤਰ ਪਹਿਨੇ ਹੋਏ ਸਨ। ਸਾਡੀ ਖੂਫੀਆ ਜਾਣਕਾਰੀ ਮੁਤਾਬਕ ਇਰਾਕੀਆਂ ਕੋਲ 35,00 ਟੱਨ ਸਰੋਂ ਵਾਲੀ ਜ਼ਹਿਰੀਲੀ ਗੈਸ ਸੀ। ਅਸੀਂ ਜਾਣਦੇ ਸੀ ਕਿ 50,000 ਕੁਰਦ ਅਤੇ ਇਰਾਨੀ ਸੈਨਿਕ ਇਸ ਗੈਸ ਨਾਲ ਮਾਰੇ ਗਏ ਸਨ। ਜਿਉਂ ਹੀ ਅਸੀਂ ਕਾਫੀ ਸਾਰਾ ਫਾਸਲਾ ਤਹਿ ਕਰਕੇ ਧੁੰਦ ਤੋਂ ਬਾਹਰ ਨਿਕਲੇ ਤਾਂ ਮੈਂ ਦੇਖ ਕੇ ਹੈਰਾਨ ਹੋਇਆ ਸੀ ਕਿ ਇਕ ਅਮਰੀਕਨ ਫੌਜੀ ਟੈਂਕ ਦੇ ਉੱਤੇ ਬੈਠਾ ਚਿਊਂਗਗੰਮ ਖਾਹ ਰਿਹਾ ਸੀ। ਮੈਂ ਆਪਣੇ ਟੈਂਕ ਦਾ ਹੈਚ ਖੋਲ੍ਹ ਕੇ ਉਸਨੂੰ ਰਸਾਇਣਕ ਹਥਿਆਰ ਵਰਤੇ ਜਾਣ ਬਾਰੇ ਪੁੱਛਿਆ ਸੀ।
"ਅਜੇ ਤੱਕ ਤਾਂ ਨਹੀਂ ਦੇਖੇ।"
ਉਸਦਾ ਜੁਆਬ ਸੁਣ ਕੇ ਮੈਂ ਆਪਣਾ ਐੱਨ. ਬੀ. ਸੀ. ਸੂਟ ਉਤਾਰ ਦਿੱਤਾ ਸੀ। ਮੈਨੂੰ ਉਸਦਾ ਆਦੀ ਨਾ ਹੋਣ ਕਰਕੇ ਕਾਫੀ ਅਸੁਵਿਧਾ ਮਹਿਸੂਸ ਹੁੰਦੀ ਸੀ। ਉਤਰ ਦਿਸ਼ਾ ਵੱਲ ਅਮਰੀਕੀ ਫੌਜਾਂ ਦੇ ਕਦਮ ਵਧਦੇ ਜਾ ਰਹੇ ਸਨ ਤੇ ਸਾਡੇ ਵਾਲੇ ਪਾਸੇ ਹਮਲੇ ਦਾ ਕੋਈ ਬਹੁਤਾ ਅੰਦੇਸ਼ਾ ਨਹੀਂ ਸੀ। ਜਨਰਲ ਰੁਪਰਟ ਸਮਿਥ ਵਧੀਆ ਪੈਰਾਸ਼ੂਟ ਅਫ਼ਸਰ ਅਤੇ ਦਿਮਾਗੀ ਫੌਜੀ ਸੀ। ਉਸ ਨੇ ਸਾਨੂੰ ਨਕਸ਼ਾ ਦੇ ਕੇ ਦੁਸ਼ਮਣ ਦੇ ਮੋਰਚਿਆਂ ਦਾ ਨਾਮਕਰਨ ਧਾਤਾਂ ਦੇ ਨਾਮ 'ਤੇ ਕਰ ਦਿੱਤਾ ਸੀ। ਜਿਵੇਂ ਕਿ ਲੋਹਾ, ਸੋਨਾ, ਚਾਂਦੀ, ਤਾਬਾਂ, ਪਿੱਤਲ ਆਦਿ। ਸੋਨੇ ਵਾਲੇ ਮੋਰਚੇ ਵਿਚ ਖ਼ਤਰਾ ਜ਼ਿਆਦਾ ਅਤੇ ਲੋਹੇ ਵਾਲੇ ਮੋਰਚੇ 'ਤੇ ਖਤਰਾ ਘੱਟ ਸੀ। ਇਸ ਪ੍ਰਕਾਰ ਖ਼ਤਰੇ ਤੋਂ ਆਗਾਹ ਰਹਿਣ ਦੀ ਇਹ ਯੋਜਨਾ ਬਣਾਈ ਗਈ ਸੀ।
ਸਾਨੂੰ ਲੋੜ੍ਹ ਅਨੁਸਾਰ ਗੋਲਾ ਬਾਰੂਦ ਦੇ ਕੇ ਅੱਗੇ ਆਕਰਮਣ ਕਰਨ ਲਈ ਭੇਜ ਦਿੱਤਾ ਗਿਆ ਸੀ। ਅਸੀਂ ਪਹਿਲੇ ਮੋਰਚੇ 'ਤੇ ਜਾ ਕੇ ਗੋਲੇ ਵਰਸਾਏ ਸਨ ਤਾਂ ਥੋੜ੍ਹੇ ਸਮੇਂ ਬਾਅਦ ਇਕ ਜ਼ੋਰਦਾਰ ਧਮਾਕਾ ਹੋਇਆ ਸੀ ਤੇ ਅੱਗ ਦੀ ਇਕ ਲਹਿਰ ਸਾਨੂੰ ਮੋਰਚੇ ਤੋਂ ਆਪਣੇ ਟੈਂਕਾਂ ਵੱਲ ਆਉਂਦੀ ਦਿਖਾਈ ਦਿੱਤੀ ਸੀ। ਸਾਡੇ ਪਿੱਛੇ ਆਉਂਦੀ ਐੱਮ 270 ਐੱਮ. ਐੱਲ. ਆਰ. ਐੱਸ. (Multiple
Launch Rocket System) ਦੀ ਮਿਜ਼ਾਇਲ ਇਰਾਕੀਆਂ ਦੇ ਬਾਰੂਦ ਭੰਡਾਰ 'ਤੇ ਜਾ ਵਜੀ ਸੀ। ਅਸੀਂ ਸਫਲਤਾਪੂਰਵਕ ਇਹ ਮੋਰਚਾ ਤਬਾਹ ਕਰ ਦਿੱਤਾ ਸੀ।
ਮੈਨੂੰ ਜੰਗੀ ਹੈੱਡਕੁਆਟਰ ਦੇ ਕਰਨਲ ਈਅਨ ਜੌਹਨਸਟੋਨ ਨੇ ਟੈਂਕ 'ਚੋਂ ਬਾਹਰ ਨਿਕਲ ਕੇ ਪਿੱਛੇ ਉਸ ਨੂੰ ਜਾ ਕੇ ਮਿਲਣ ਲਈ ਰੇਡੀਉ ਰਾਹੀਂ ਸੰਦੇਸ਼ ਦਿੱਤਾ ਸੀ। ਮੈਂ ਟੈਂਕ ਚੋਂ ਬਾਹਰ ਆ ਕੇ ਟੈਂਕ ਦੀਆਂ ਬਣਾਈਆਂ ਲੀਹਾਂ 'ਤੇ ਪੈਰ ਧਰਦਾ ਤੁਰਦਾ ਗਿਆ। ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਕਿਸੇ ਬਾਰੂਦੀ ਸੁਰੰਗ 'ਤੇ ਪੈਰ ਰੱਖਾਂ 'ਤੇ ਹਵਾ ਵਿਚ ਪਤੰਗ ਵਾਂਗ ਉੱਡ ਜਾਵਾਂ। ਇਹ ਰਾਤ ਦਾ ਸਮਾਂ ਸੀ ਤੇ ਮੈਂ ਅਰਦਾਸਾਂ ਕਰ ਰਿਹਾ ਸੀ ਕਿ ਕਿਧਰੇ ਮੇਰੀ ਟੌਰਚ ਦੇ ਸੈੱਲ ਹੀ ਨਾ ਮੁੱਕ ਜਾਣ। ਡਾਇਨਾ ਦਾ ਧੰਨਵਾਦ ਕਿ ਉਸਨੇ ਮੈਨੂੰ ਵਧੀਆ ਡੂਰੇਸੈੱਲ ਦੀਆਂ ਬੈਟਰੀਆਂ ਭੇਜੀਆਂ ਸਨ। ਲਫਤਾਨ ਕਰਨਲ ਜੌਹਨਸਟੋਨ ਨੇ ਸੰਖੇਪ ਅਤੇ ਸਪਸ਼ਟ ਸ਼ਬਦਾਂ ਵਿਚ ਤੇਜ਼ੀ ਨਾਲ ਅੱਗੇ ਵੱਧਣ ਦਾ ਆਦੇਸ਼ ਦਿੱਤਾ ਸੀ।
ਮੈਂ ਵਾਪਿਸ ਆ ਕੇ ਆਪਣੇ ਸੈਨਿਕਾਂ ਨਾਲ ਅਗਲੇ ਮੋਰਚੇ ਵੱਲ ਵੱਧਣ ਲੱਗਾ। ਮੇਰੇ ਨਕਸ਼ੇ ਅਨੁਸਾਰ ਉਥੇ ਮੋਰਚਾ ਸਟੀਲ ਹੋਣਾ ਚਾਹੀਦਾ ਸੀ। ਲੇਕਿਨ ਉਸ ਸਥਾਨ 'ਤੇ ਕੁਝ ਵੀ ਨਹੀਂ ਸੀ। ਮੈਂ ਸਮਝ ਗਿਆ ਸੀ ਕਿ ਜ਼ਰੂਰ ਕੋਈ ਗੜਬੜ ਸੀ। ਮੈਂ ਰੇਡੀਉ ਰਾਹੀਂ ਕਰਨਲ ਜੌਹਨਸਟੋਨ ਨੂੰ ਸੂਚਿਤ ਕੀਤਾ ਸੀ। ਸਾਡੀ ਰੇਡੀਉ ਵਾਰਤਾ ਮੇਜਰ ਕਿਰਕ ਗਿਲਿਜ਼ ਸੁਣ ਰਿਹਾ ਸੀ। ਉਸਨੇ ਮੇਰੀ ਪੋਜ਼ਿਸ਼ਨ ਪੁੱਛੀ। ਮੈਂ ਆਪਣਾ ਟਿਕਾਣਾ ਦੱਸਿਆ ਤਾਂ ਉਹ ਗਲਤੀ ਫੜ੍ਹ ਗਿਆ ਸੀ। ਮੇਰੇ ਨਕਸ਼ੇ 'ਤੇ ਗਲਤੀ ਨਾਲ ਗਲਤ ਨਿਸ਼ਾਨੀ ਲੱਗ ਗਈ ਸੀ। ਉਸਨੇ ਮੈਨੂੰ ਨਵੀਂ ਪੋਜ਼ੀਸ਼ਨ ਦਿੱਤੀ। ਅਸੀਂ ਫੁਰਤੀ ਨਾਲ ਉਧਰ ਨੂੰ ਵਧੇ।
ਸਾਨੂੰ ਦੇਖਦਿਆਂ ਹੀ ਇਰਾਕੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ। ਅਸੀਂ ਜੁਆਬੀ ਫਾਇਰਿੰਗ ਕੀਤੀ। ਤਿੰਨ ਕੁ ਘੰਟਿਆਂ ਬਾਅਦ ਇਰਾਕੀਆਂ ਵੱਲੋਂ ਗੋਲੀ ਬੰਦ ਹੋ ਗਈ। ਅਸੀਂ ਵੀ ਫਾਇਰਿੰਗ ਬੰਦ ਕਰਕੇ ਕੁਝ ਦੇਰ ਉਡੀਕਿਆ ਸੀ। ਮੋਰਚੇ ਵਿਚੋਂ ਕੋਈ ਹਿੱਲ-ਜੁੱਲ ਨਾ ਹੋਈ। ਮੈਂ ਆਪਣੇ ਜਵਾਨਾਂ ਨੂੰ ਹੈਂਡਗ੍ਰਨੇਡ ਵਰਤਣ ਦਾ ਆਦੇਸ਼ ਦਿੱਤਾ ਸੀ। ਅਸੀਂ ਸਭ ਨੇ ਟੈਂਕਾਂ ਦੇ ਹੈਚ ਖੋਲ੍ਹ ਕੇ ਇਰਾਕੀ ਮੋਰਚੇ 'ਤੇ ਗ੍ਰਨੇਡਾਂ ਦੀ ਵਰਖਾ ਕਰ ਦਿੱਤੀ ਸੀ। ਧਰਤੀ ਤੋਂ ਅਸਮਾਨ ਤੱਕ ਅੱਗ ਦੀਆਂ ਲਾਟਾਂ ਹੀ ਲਾਟਾਂ ਦਿਖਾਈ ਦਿੰਦੀਆਂ ਸਨ। ਡੇਢ ਦੋ ਘੰਟੇ ਬਾਅਦ ਜਿਉਂ ਹੀ ਅੱਗ ਦੀਆਂ ਲਪਟਾਂ ਸ਼ਾਂਤ ਹੋਈਆਂ ਸਨ ਤਾਂ ਸਾਨੂੰ ਮੋਰਚੇ ਵਿਚੋਂ ਉੱਠਦਾ ਸਫੇਦ ਝੰਡਾ ਨਜ਼ਰ ਆਇਆ ਸੀ। ਵੈਰੀ ਨੂੰ ਬੰਦੀ ਬਣਾਉਣ ਦਾ ਕੰਮ ਚੌਥੀ ਬ੍ਰਿਗੇਡ ਦਾ ਸੀ ਤੇ ਉਸ ਵਕਤ ਉਹ ਸਾਡੇ ਨੇੜ੍ਹੇ-ਤੇੜ੍ਹੇ ਵੀ ਨਹੀਂ ਸਨ। ਮੈਂ ਰੇਡੀਉ ਰਾਹੀਂ ਹੈੱਡਕੁਆਟਰ ਨੂੰ ਇਤਲਾਹ ਦਿੱਤੀ ਸੀ, "ਦੁਸ਼ਮਣ ਆਤਮ-ਸਮਰਪਣ ਕਰਨਾ ਚਾਹੁੰਦਾ ਹੈ। ਮੈਂ ਕੀ ਕਰਾਂ? ਰੌਜ਼ਰ! (ਕਹੀ ਗਈ ਗੱਲ ਦੀ ਸਮਾਪਤੀ ਲਈ ਰੇਡੀਉ ਅਥਵਾ ਵਾਇਰਲੈੱਸ ਸੈੱਟ 'ਤੇ ਵਰਤਿਆ ਜਾਣ ਵਾਲਾ ਸੰਕੇਤਕ ਸ਼ਬਦ ਸੀ)"
ਇਰਾਕੀ ਸੈਨਿਕ ਹੱਥ ਖੜ੍ਹੇ ਕਰਕੇ ਮੋਰਚੇ ਤੋਂ ਬਾਹਰ ਆਉਣ ਲੱਗੇ।
"ਆਵਦੀ ਕੁੜੀ ਦਾ ਸਾਕ ਕਰਦੇ! ਇਹ ਵੀ ਸਾਲੀ ਕੋਈ ਪੁੱਛਣ ਆਲੀ ਗੱਲ ਆ? ਗੋਲੀਆਂ ਨਾਲ ਭੁੰਨ ਦਿਉ। ਬੰਦੀ ਬਣਾਉਣ ਦਾ ਸਮਾਂ ਨਹੀਂ ਹੈ। ਰੌਜ਼ਰ!" ਕਰਨਲ ਜੌਹਨਸਟੋਨ ਗਰਜ਼ੀਆ ਸੀ।
"ਪਰ ਜਨੀਵਾ ਸਮਝੌਤੇ ਮੁਤਾਬਕ ਹੱਥ ਖੜ੍ਹੇ ਕਰਕੇ ਆਤਮਸਮਰਪਣ ਕਰ ਰਹੇ ਦੁਸ਼ਮਣ 'ਤੇ ਮੈਂ ਕਿਵੇਂ ਗੋਲੀ ਚਲਾ ਸਕਦਾ ਹਾਂ?"
"ਭੈਣ ਮਰਾਵੇ ਜਨੀਵਾ ਸਮਝੌਤਾ ਖੜ੍ਹਾ ਹੋ ਕੇ! ਅਹਿਜੇ ਸਮਝੌਤੇ ਇਹਨਾਂ ਲਈ ਨੇ ਆਪਣੇ ਲਈ ਨਹੀਂ। ਵੂਈ ਆਰ ਬ੍ਰਿਟਿਸ਼! ਇਹ ਕੋਈ ਪੋਲੋ ਮੈਚ ਨਹੀਂ ਕਿ ਲਾਇਵ ਟੈਲੀਕਾਸਟ ਹੋ ਰਿਹਾ ਹੈ। ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ। ਜਿਵੇਂ ਕਿਹਾ ਗਿਆ ਹੈ। ਉਵੇਂ ਕਰੋ। ਇਹ ਹੁਕਮ ਹੈ। ਓਵਰ ਐਂਡ ਆਉਟ!"
"ਰਸੀਵਡ!" ਆਖ ਕੇ ਮੈਂ ਅਤੇ ਮੇਰੇ ਸਾਥੀਆਂ ਨੇ ਆਪਣੀਆਂ ਜੀ. ਐੱਮ. ਪੀ. ਜੀ. ਨਾਲ ਨਿਹੱਥੇ ਇਰਾਕੀ ਫੌਜੀਆਂ ਨੂੰ ਆਪਣੀਆਂ ਗੋਲੀਆਂ ਨਾਲ ਮੌਕੇ 'ਤੇ ਹੀ ਢੇਰੀ ਕਰ ਦਿੱਤਾ ਸੀ। ਗੋਲੀਆਂ ਚਲਾਉਂਦਿਆਂ ਬ੍ਰਿਗੇਡੀਅਰ ਕਰੀਸਟਫਰ ਹੈਮਰਬੈੱਕ ਦੇ ਬੋਲ ਮੇਰੇ ਕੰਨਾਂ ਵਿਚ ਗੁੰਝ ਰਹੇ ਸਨ, "ਭਾਵੁਕ ਨਹੀਂ ਹੋਣਾ। ਜੰਗ ਵਿਚ ਸਿਰਫ ਲਕਸ਼ ਦਿਸਣਾ ਚਾਹੀਦਾ ਹੈ, ਕੁਝ ਹੋਰ ਨਹੀਂ। ਇਕ ਸੱਚੇ ਫੌਜੀ ਦੇ ਦਿਲ ਵਿਚ ਭਾਵੁਕਤਾ ਲਈ ਕੋਈ ਸਥਾਨ ਨਹੀਂ ਹੁੰਦਾ। ਫੌਜੀ ਕੋਲ ਦਿਲ ਨਹੀਂ, ਦਿਮਾਗ ਅਤੇ ਬਾਹੂਬਲ ਹੁੰਦਾ ਹੈ। ਦ੍ਰਿੜਤਾ, ਹੌਂਸਲੇ ਅਤੇ ਬਹਾਦਰੀ ਬਿਨਾ ਤੁਹਾਡੇ ਅੰਦਰ ਕੋਈ ਹੋਰ ਭਾਵਨਾ ਨਹੀਂ ਦਾਖਿਲ ਹੋਣੀ ਚਾਹੀਦੀ।"
ਲਾਸ਼ਾਂ ਦੀ ਮੰਡੀ ਲਾਉਣ ਬਾਅਦ ਅਸੀਂ ਅਗਲੇ ਪੜਾਅ ਵੱਲ ਚੱਲ ਪਏ ਸੀ। ਮੈਂ ਆਪਣੇ ਟੈਂਕ ਦੇ ਡਰਾਇਵਰ ਰੋਬੋ (ਰੌਬਿਨ ਟਰੇਲਿੰਗ) ਅਤੇ ਤਿੰਨਾਂ ਬਾਕੀ ਸਾਥੀਆਂ ਵੱਲ ਦੇਖਿਆ। ਮੇਰੇ ਵਾਂਗ ਸਾਰੇ ਹੀ ਅਸੀਂ ਪੰਜ ਦੇ ਪੰਜੇ ਮੁੜਕੋ-ਮੁੜਕੀ ਹੋਏ ਪਏ ਸੀ। ਇਹ ਪਸੀਨਾ ਸਰੀਰਕ ਮੁਸ਼ੱਕਤ ਨਾਲ ਵਧੇਰੇ ਆਤਮਾ 'ਤੇ ਸੱਜਰੇ ਪਏ ਬੋਝ ਕਾਰਨ ਸੀ। ਆਤਮਾ ਦਾ ਭਾਰ ਹੌਲਾ ਕਰਨ ਲਈ ਮੈਂ ਟੈਂਕ ਦਾ ਹੈੱਚ ਖੋਲ੍ਹਿਆ ਤੇ ਡਾਇਨਾ ਦੀ ਭੇਜੀ ਹੋਈ ਕੈਮਲ ਦੀ ਡੱਬੀ ਵਿਚੋਂ ਸਿਗਰਟ ਕੱਢ ਕੇ ਸੁਲਘਾ ਲਿੱਤੀ ਸੀ। ਲੰਮੇ ਲੰਮੇ ਕਸ਼ ਖਿੱਚ ਕੇ ਮੈਂ ਝਟ ਸਿਗਰਟ ਮੁਕਾਅ ਦਿੱਤੀ ਸੀ।
ਦੋ ਸੱਤ ਸੱਤ ਦੀਆਂ ਕਤਾਰਾਂ ਵਿਚ ਮੇਰੀ ਲਾਇਫਜ਼ ਗਾਰਡਜ਼ ਸਕੁਆਡਰਨ ਜਾ ਰਹੀ ਸੀ। ਮੇਰੇ ਅਤੇ ਇਕ ਹੋਰ ਟੈਂਕ ਦੇ ਥਰਮਲ ਇਮੇਜ਼ ਯੰਤਰ ਅਚਾਨਕ ਧਮਾਕਿਆਂ ਕਾਰਨ ਖਰਾਬ ਹੋ ਗਏ ਸਨ। ਅੱਗੇ ਕੀ ਹੈ ਤੇ ਕੀ ਨਹੀਂ? ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ। ਮੈਂ ਦੂਜੇ ਟੈਂਕ ਨੂੰ ਮੂਹਰੇ ਲਾ ਕੇ ਸਾਡਾ ਮਾਰਗ ਦਰਸ਼ਣ ਕਰਨ ਲਾ ਦਿੱਤਾ। ਜਿਉਂ ਹੀ ਅਸੀਂ ਅਗਲੇ ਇਰਾਕੀ ਮੋਰਚੇ ਦੇ ਕਰੀਬ ਪਹੁੰਚੇ ਤਾਂ ਟੌਗ ਆਪਣੇ ਆਪ ਚੱਲ ਪਏ ਸਨ। ਪਰ ਉਦੋਂ ਸਾਡਾ ਨੈਵੀਗੇਸ਼ਨ ਖਰਾਬ ਹੋ ਗਿਆ ਸੀ। ਮੈਂ ਆਪਣੇ ਪਿਤਾ ਦਾ ਨੈਵੀਗੇਸ਼ਨ ਕੱਢਿਆ ਤੇ ਬਾਕੀ ਦੀ ਸਾਰੀ ਜੰਗ ਵਿਚ ਉਸੇ ਨੂੰ ਹੀ ਵਰਤਿਆ ਸੀ। ਉਸਨੂੰ ਵਰਤਦਿਆਂ ਮੈਨੂੰ ਆਪਣੇ ਪਿਤਾ ਦੀ ਬਹੁਤ ਯਾਦ ਆਈ ਸੀ। ਸ਼ਾਇਦ ਉਸਨੂੰ ਕੋਈ ਬਰੇਨ-ਵੇਵ ਆਈ ਹੋਵੇਗੀ ਜਾਂ ਇਲਹਾਮ ਹੋਇਆ ਹੋਵੇਗਾ ਕਿ ਜੰਗ ਵਿਚ ਮੇਰੇ ਟੈਂਕ ਦਾ ਨੈਵੀਗੇਸ਼ਨ ਖ਼ਰਾਬ ਹੋ ਜਾਵੇਗਾ।
ਮੇਰੇ ਹੀਟ ਸੈਂਸਰ ਨੇ 1000 ਮੀਟਰ 'ਤੇ ਜਾਂਦੇ ਵਾਹਣ ਫੜ੍ਹੇ, ਜਿਉਂ ਹੀ ਮੈਂ ਗੋਲੀਬਾਰੀ ਦਾ ਹੁਕਮ ਦੇਣ ਲੱਗਿਆ ਸੀ ਤਾਂ ਮੈਂ ਦੂਰਬੀਨ ਰਾਹੀਂ ਉਹਨਾਂ 'ਤੇ ਵੀ (V) ਲਿੱਖੀ ਹੋਈ ਦੇਖ ਲਿੱਤੀ ਸੀ। ਇਹ ਸਾਡੀਆਂ ਹੀ ਬਖਤਰਬੰਦ ਗੱਡੀਆਂ ਸਨ। ਮੈਂ ਆਪਣੇ ਜਵਾਨਾਂ ਨੂੰ ਗੋਲੀ ਨਾ ਚਲਾਉਣ ਦਾ ਤੁਰੰਤ 'ਹੋਲਡ ਫਾਇਰ' ਆਦੇਸ਼ ਦੇ ਦਿੱਤਾ ਸੀ। ਸਾਡੇ ਤੋਂ ਪਹਿਲਾਂ ਹੀ ਦੂਜੀ ਬ੍ਰਿਗੇਡ ਆਪਣੇ ਟੀ-55 ਟੈਂਕਾਂ ਨਾਲ ਮੋਰਚਾ ਫਤਿਹ ਕਰੀ ਬੈਠੀ ਸੀ। ਮੈਂ ਪਹਿਲੀ ਵਾਰ ਕੁਝ ਪਲਾਂ ਲਈ ਅੱਖਾਂ ਬੰਦ ਕਰਕੇ ਬੈਠਾ ਗਿਆ ਸੀ। ਅੱਖਾਂ ਮੀਚਦਿਆਂ ਹੀ ਮੈਨੂੰ ਡਾਇਨਾ ਦਾ ਚਿਹਰਾ ਦਿਸਣ ਲੱਗ ਪਿਆ ਸੀ ਤੇ ਚਿੱਠੀ ਵਿਚ ਕੀਤਾ ਉਸਦਾ ਵਾਅਦਾ ਚੇਤੇ ਆਉਣ ਲੱਗਾ, "ਤੂੰ ਜੰਗ ਜਿੱਤ ਕੇ ਵਾਪਿਸ ਆਜਾ। ਮੈਂ ਇਕ ਜ਼ਬਰਦਸਤ ਪਾਰਟੀ ਦੇਵਾਂਗੀ।"
ਫਾਇਟਰ ਜੈੱਟਾਂ ਦੀ ਬੰਬਾਰੀ ਦੇ ਖੜ੍ਹਕੇ ਨਾਲ ਮੇਰਾ ਧਿਆਨ ਉੱਖੜ ਗਿਆ ਤੇ ਮੇਰੀਆਂ ਅੱਖਾਂ ਇੰਝ ਚੌਪਾਟ ਇਕਦਮ ਇਉਂ ਖੁਦ-ਬਾ-ਖੁਦ ਖੁੱਲ੍ਹ ਗਈਆਂ ਸਨ, ਜਿਵੇਂ ਕੋਈ ਭਿਆਨਕ ਸੁਪਨਾ ਦੇਖਣ ਮਗਰੋਂ ਨੀਂਦ ਟੁੱਟਣ 'ਤੇ ਖੁੱਲ੍ਹਦੀਆਂ ਹਨ।
ਉਥੋਂ ਅਸੀਂ ਫੁਰਤੀ ਨਾਲ ਆਪਣੀ ਅਗਲੀ ਮੰਜ਼ਿਲ ਵੱਲ ਵਧੇ। ਮੈਂ ਦੂਜੀ ਬ੍ਰਿਗੇਡ ਤੋਂ ਪਹਿਲਾਂ ਪਹੁੰਚ ਕੇ ਉਥੇ ਕਾਬਜ਼ ਹੋਣਾ ਚਾਹੁੰਦਾ ਸੀ। ਇਕ ਸੰਖੇਪ ਜਿਹੀ ਝਪੜ ਬਾਅਦ ਅਸੀਂ ਇਰਾਕੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਅੱਗੇ ਵਧਦੇ ਗਏ ਸੀ।
ਸਾਨੂੰ ਨਿਰੰਤਰ ਲੜਾਈ ਲੜ੍ਹਦਿਆਂ 24 ਘੰਟੇ ਬੀਤ ਚੁੱਕੇ ਸਨ। ਗੋਲੀ, ਬਾਰੂਦ ਅਤੇ ਤੇਲ ਦੀ ਸਾਨੂੰ ਸਖਤ ਲੋੜ੍ਹ ਸੀ। ਸਾਡੇ ਐਮ. ਆਰ. ਐਲ. ਐਸ. ਦੀਆਂ ਬੈਟਰੀਆਂ ਵੀ ਚਾਰਜ ਹੋਣ ਵਾਲੀਆਂ ਹੋਈਆਂ ਪਈਆਂ ਸਨ। ਭੁੱਖ ਵੀ ਲੱਗੀ ਹੋਈ ਸੀ। ਅਸੀਂ ਉਥੇ ਰੁੱਕ ਕੇ 'ਰਿਫੀਲਿੰਗ' ਦਾ ਇੰਤਜ਼ਾਰ ਕਰਨ ਲੱਗੇ। ਮੈਂ ਕੁਝ ਜਵਾਨਾਂ ਨੂੰ ਵਾਰੋ-ਵਾਰੀ ਪਹਿਰੇ ਦੀ ਜ਼ਿੰਮੇਵਾਰੀ ਦੇ ਕੇ ਬਾਕੀਆਂ ਨਾਲ ਟੈਂਕਾਂ ਤੋਂ ਬਾਹਰ ਨਿਕਲ ਕੇ ਰੇਤੇ 'ਤੇ ਲੇਟ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਅਸੀਂ ਅਗਲੇ 90 ਦਿਨਾਂ ਤੱਕ ਇਸੇ ਪ੍ਰਕਾਰ ਗਤੀਸ਼ੀਲ ਰਹਿਣਾ ਸੀ। ਬੰਬਾਰੀ ਦੇ ਖੜ੍ਹਕੇ ਕਾਰਨ ਸਾਡੀ ਕਿਸੇ ਦੀ ਵੀ ਅੱਖ ਨਾ ਲੱਗ ਸਕੀ।
ਸਕੁਆਡਰਨ ਕੁਆਟਰ ਮਾਸਟਰ ਕੋਰਜ਼ (SQMC) ਵਾਲੇ ਆ ਕੇ ਸਾਨੂੰ ਰਸਦ ਦੇ ਗਏ। ਇਥੋਂ ਬ੍ਰਿਗੇਡ 4 ਨੂੰ ਨਾਲ ਲੈ ਕੇ ਅਸੀਂ ਅਗਲੇ ਮਰਹਲੇ ਵੱਲ ਕੂਚ ਕੀਤੀ। ਦੋ ਤਿੰਨ ਘੰਟਿਆਂ ਦੀ ਮੁੱਠਭੇੜ ਉਪਰੰਤ ਅਸੀਂ ਇਰਾਕੀਆਂ ਦੇ ਬੰਕਰ ਤਬਾਹ ਕਰ ਦਿੱਤੇ ਤੇ ਉਨ੍ਹਾਂ ਦੇ ਕਈ ਟੈਂਕ ਨਕਾਰਾ ਹੋ ਗਏ। ਲਗਭਗ 50 ਇਰਾਕੀ ਸੈਨਿਕ ਅਸੀਂ ਬੰਦੀ ਬਣਾ ਲਿੱਤੇ ਤੇ ਕੁਝ ਸਲਾਮਤ ਟੈਂਕ ਕਬਜ਼ੇ ਵਿਚ ਲੈ ਲਿੱਤੇ ਸਨ। ਬੰਦੀ ਬਣਾਉਣ ਦੀ ਜ਼ਿੰਮੇਵਾਰੀ ਬ੍ਰਿਗੇਡ 4 ਦੀ ਸੀ।
ਮਾਰੋਮਾਰ ਕਰਦੇ... ਲੋਥਾਂ ਦੇ ਢੇਰ ਵਿਛਾਉਂਦੇ ਹੋਏ... ਬੰਕਰ ਤਬਾਹ ਕਰਦੇ... ਮੋਰਚੇ ਨਸ਼ਟ ਕਰਦੇ... ਸਾਡੇ ਟੈਂਕ ਇਰਾਕੀਆਂ ਦੀਆਂ ਬਰਮਾਂ 'ਤੇ ਹੂੰਝਾ ਫੇਰਦੇ ਗਏ ਸਨ... ਅਸੀਂ ਅੱਗੇ ਵੱਧਦੇ ਚਲੇ ਗਏ।... ਸਮੁੱਚੀ ਜੰਗ ਦੌਰਾਨ ਅਮਰੀਕਾ ਦੇ A-10 ਜੰਗੀ ਹਵਾਈ ਜਹਾਜ਼ ਆਪਣੀਆਂ 20 ਐਮ ਐਮ ਤੋਪਾਂ ਨਾਲ 2,000 ਰੌਂਦ ਪ੍ਰਤੀ ਸੈਕਿੰਡ ਦਾ ਵਰਾਉਂਦੇ ਹੋਏ ਸਾਡੇ ਉੱਤੇ ਬਹੁਤ ਨੀਵੇਂ ਹੋ ਕੇ ਉੱਡਦੇ ਰਹੇ ਸਨ।
ਉਸ ਵੇਲੇ ਅਸੀਂ ਕੁਵੈਤ ਸ਼ਹਿਰ ਤੋਂ 30 ਕਿਲੋ ਮੀਟਰ ਦੂਰੀ 'ਤੇ ਸੀ, ਜਦੋਂ 28 ਫਰਵਰੀ 1991 ਨੂੰ ਸਵੇਰੇ ਦੇ ਅੱਠ ਵਜੇ 'ਸੀਜ਼ਫਾਇਰ' (ਜੰਗ ਸਮਾਪਤੀ) ਦੀ ਪੁਸ਼ਟੀ ਹੋ ਗਈ। ਮਹਿਜ਼ 96 ਘੰਟਿਆਂ ਝੜਪ ਉਪਰੰਤ ਹੀ ਅਸੀਂ ਸੁਦਾਮ ਹੁਸੈਨ ਦੇ ਮੈਦਾਨ-ਏ-ਜੰਗ ਵਿਚ ਹੱਥ ਖੜ੍ਹੇ ਕਰਵਾ ਦਿੱਤੇ ਸਨ ਤੇ ਉਸਦੀਆਂ ਫੌਜਾਂ ਨੂੰ ਆਤਮਸਮਰਪਣ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਪੂਰੇ ਵਿਸ਼ਵ ਦੇ ਮੀਡੀਏ ਨੇ ਪਰਸੀਅਨ ਗੌਲਫ ਯੁੱਧ ਵਿਚ ਸਾਡੀ ਜਿੱਤ ਦਾ ਡੰਕਾ ਵਜਾ ਦਿੱਤਾ ਸੀ।
ਬੋਹ ਬਧੀਆ ਸਿਧੂ ਜੀ
ReplyDelete