ਮਨਹੂਸ ਖ਼ਬਰ
ਜਦ ਡਾਇਨਾ ਨੂੰ ਮੁਰਦਾ ਕਰਾਰ ਦਿੱਤਾ ਗਿਆ ਤਾਂ ਬ੍ਰਤਾਨਵੀ ਰਾਜਦੂਤ ਸਰ ਮਾਇਕਲ ਜੇਅ ਆਪਣੀ ਪਤਨੀ ਸੀਲਵੀਆ ਜੇਅ ਨਾਲ ਹਸਪਤਾਲ ਪਹੁੰਚ ਚੁੱਕਾ ਸੀ। ਉਸਨੇ ਸੋਚਿਆ ਮਹਾਰਾਣੀ ਇਲੀਜ਼ਬੈਥ-2 ਨੂੰ ਤਰੰਤ ਸੂਚਿਤ ਕੀਤਾ ਜਾਣਾ ਚਾਹੀਦਾ ਸੀ। ਸੀਲਵੀਆ ਨੇ ਡਾਇਰੀ ਵਿਚੋਂ ਬੈਲਮੌਰਲ ਦਾ ਨੰਬਰ ਲੱਭਿਆ ਤੇ ਆਪਣੇ ਪਤੀ ਜੇਅ ਨੂੰ ਫੋਨ ਕਰਨ ਲਈ ਦਿੱਤਾ ਸੀ। ਉਹ ਜਾਣਦੇ ਸਨ ਕਿ ਸਾਰਾ ਸ਼ਾਹੀ ਪਰਿਵਾਰ ਬੈਲਮੌਰਲ, ਸਕਾਟਲੈਂਡ ਛੁੱਟੀਆਂ ਮਨਾਉਣ ਗਿਆ ਹੋਇਆ ਸੀ। ਫਰਾਂਸ ਨਾਲੋਂ ਇੰਗਲੈਂਡ ਦਾ ਸਮਾਂ ਇਕ ਘੰਟਾ ਪਿੱਛੇ ਹੋਣ ਕਰਕੇ ਬੈਲਮੌਰਲ ਵਿਚ ਉਸ ਸਮੇਂ ਰਾਤ ਦਾ ਇਕ ਹੀ ਵੱਜਾ ਸੀ।
ਰਾਜਦੂਤ ਜੇਅ ਦੀ ਕਾਲ ਨਾਲ ਸਵਿਚਬੋਰਡ ਦੀਆਂ ਬੱਤੀਆਂ ਜਗਮਗਾਉਣ ਲੱਗ ਪਈਆਂ ਸਨ। ਸਕਾਟਿਸ਼ ਓਪਰੇਟਰ ਨੇ ਝੱਟ ਮਲਕਾ ਦੇ ਡਿਪਟੀ ਪਰਾਇਵੇਟ ਸਕੈਟਰੀ ਰੌਬਿਨ ਜਨਵਰਿਨ ਨੂੰ ਫੋਨ ਮਿਲਾ ਦਿੱਤਾ। ਗੂੜੀ ਨੀਂਦ ਚੋਂ ਜਾਗੇ ਜਨਵਰਿਨ ਨੂੰ ਖ਼ਬਰ ਸੁਣ ਕੇ ਝਟਕਾ ਲੱਗਾ ਸੀ, ਕਿਉਂਕਿ ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਡਾਇਨਾ ਪੈਰਿਸ ਵਿਚ ਸੀ। ਉਸ ਤੈਨੂੰ ਦੱਸਿਆ ਗਿਆ ਸੀ ਕਿ ਡੋਡੀ ਪੂਰਾ ਹੋ ਚੁੱਕਾ ਹੈ ਤੇ ਡਾਇਨਾ ਬੁਰੀ ਤਰ੍ਹਾਂ ਹਲਾਕ ਹੈ। ਜਨਵਰਿਨ ਨੇ ਸਿੱਧਾ ਮਲਕਾ ਨੂੰ ਉਠਾਉਣ ਦੀ ਬਜਾਏ ਓਪ੍ਰੇਟਰ ਨੂੰ ਆਖ ਕੇ ਚਾਰਲਸ ਦੇ ਕਮਰੇ ਦਾ ਫੋਨ ਮਿਲਾਵਾ ਲਿਆ ਸੀ।
ਸਾਰਾ ਦਿਨ ਆਪਣੇ ਬੱਚਿਆਂ ਨਾਲ ਖੇਡਦਾ ਅਤੇ ਮੱਛੀਆਂ ਫੜ੍ਹਦਾ ਥੱਕ ਕੇ ਪ੍ਰਿੰਸ ਚਾਰਲਸ ਟੱਲੀ ਹੋ ਕੇ ਨੀਲਾ ਕੁੜਤਾ ਪੰਜਾਮਾ ਪਾ ਕੇ 11.30 ਵਜੇ ਆਪਣੇ ਚਾਰ-ਖੰਭੇ ਪਲੰਘ 'ਤੇ ਸੌਂ ਗਿਆ ਸੀ। ਸਾਰੇ ਵਿੰਨਸਡਰ ਖਾਨਦਾਨ ਵਿਚੋਂ ਉਹ ਸਭ ਤੋਂ ਵੱਧ ਸੌਂਦਾ ਸੀ। ਅਕਸਰ ਕਾਰ ਤੇ ਜਹਾਜ਼ ਵਿਚ ਉਹ ਢੌਂਕਾ ਲਾ ਲਿਆ ਕਰਦਾ ਸੀ। ਉਸਦੀ ਨੀਂਦ ਐਨੀ ਭੈੜੀ ਸੀ ਕਿ ਕਈ ਵਾਰ ਤਾਂ ਖਾਣੇ ਵਾਲੇ ਮੇਜ਼ 'ਤੇ ਵੀ ਉਸਦੀ ਅੱਖ ਲੱਗ ਜਾਂਦੀ ਹੁੰਦੀ ਸੀ। ਪਰ ਉਦਣ ਤਾਂ ਉਹ ਥੱਕਿਆ ਵੀ ਬਹੁਤ ਸੀ। ਫੋਨ ਬਹੁਤ ਦੇਰ ਤੱਕ ਵੱਜਦਾ ਰਿਹਾ ਤਾਂ ਚਾਰਲਸ ਨੇ ਅੱਖਾਂ ਮੀਚਿਆਂ ਹੀ ਪਲੰਗ ਦੇ ਇਕ ਪਾਸਿਉਂ ਰਸੀਵਰ ਚੁੱਕ ਕੇ ਕੰਨ ਨੂੰ ਲਾ ਲਿਆ ਸੀ।
"ਬੇਵਕਤਾ ਫੋਨ ਕਰਕੇ ਜਗਾਉਣ ਲਈ ਮਾਫੀ ਚਾਹੁੰਦਾ ਹਾਂ, ਸਰ। ਪਰ ਆਵੱਸ਼ਕ ਸੀ। ਮੈਨੂੰ ਮਾਇਕਲ ਜੇਅ ਦਾ ਪੈਰਿਸ ਤੋਂ ਫੋਨ ਆਇਆ ਹੈ। ਉਹ ਕਹਿੰਦਾ ਹੈ ਉਥੇ ਪਿੰਸੈਸ ਔਫ ਵੇਲਜ਼ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਡੋਡੀ ਅਲ ਫਾਇਦ ਇਸ ਹਾਦਸੇ ਵਿਚ ਮਾਰਿਆ ਗਿਆ ਹੈ।"
"ਪੈਰਿਸ ਵਿਚ ਐਕਸੀਡੈਂਟ?... ਡਾਇਨਾ?" ਚਾਰਲਸ ਝਟਕੇ ਨਾਲ ਉੱਠ ਕੇ ਮੰਜੇ 'ਤੇ ਬੈਠ ਗਿਆ ਸੀ। ਉਸ ਨੂੰ ਗਿਆਨ ਸੀ ਕਿ ਵਾਪਿਸ ਘਰ ਆਉਂਦੀ ਹੋਈ ਡਾਇਨਾ ਕੁਝ ਦੇਰ ਲਈ ਪੈਰਿਸ ਰੁੱਕੀ ਹੋਈ ਸੀ। ਚਾਰਲਸ ਨੇ ਜੈਵਰਨ ਕੋਲ ਜਿੰਨੀ ਵੀ ਜਾਣਕਾਰੀ ਸੀ, ਪ੍ਰਾਪਤ ਕੀਤੀ ਅਤੇ ਆਦੇਸ਼ ਦਿੱਤਾ ਕਿ ਮਲਕਾ ਨੂੰ ਉਹ ਖੁਦ ਹੀ ਦੱਸੇਗਾ।
ਬਹਿਰਹਾਲ, ਆਪਣੀ ਮਾਂ ਮਲਕਾ ਇਲੀਜ਼ਬੈਥ-2, ਆਪਣੇ ਪਿਤਾ ਪ੍ਰਿੰਸ ਫਿਲਪ ਜਾਂ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹ ਖ਼ਬਰ ਸੁਣਾਉਣ ਦੀ ਬਜਾਏ ਪ੍ਰਿੰਸ ਚਾਰਲਸ ਨੇ ਕੈਮਿਲਾ ਪਾਰਕਰ ਬੋਲਜ਼ ਨੂੰ ਫੋਨ ਕੀਤਾ ਸੀ, ਜੋ ਵਿਲਟਸ਼ਾਇਰ ਆਪਣੇ ਘਰ ਸੁੱਤੀ ਪਈ ਸੀ। ਚਾਰਲਸ ਨੂੰ ਕੈਮਿਲਾ ਨਾਲ ਗੱਲ ਕਰਕੇ ਅਜ਼ੀਬ ਜਿਹਾ ਸਕੂਨ ਅਨੁਭਵ ਹੋਇਆ ਕਰਦਾ ਸੀ।।
"ਕੋਈ ਨ੍ਹੀਂ। ਫਿਕਰ ਨਾ ਕਰ। ਡਾਇਨਾ ਨੂੰ ਕੁਝ ਨਹੀਂ ਹੁੰਦਾ। ਰਾਜ਼ੀ ਹੋ ਕੇ ਚੰਗੀ ਭਲੀ ਦੜੰਗੇ ਲਾਉਂਦੀ ਦੇਖ 'ਲੀਂ। ਇਥੇ ਹੀ ਤੇਰੀ ਹਿੱਕ 'ਤੇ ਮੂੰਗ ਦਲਦੀ ਫਿਰੂਗੀ ਅਲਕ ਬਛੇਰੀ।" ਕੈਮਿਲਾ ਨੇ ਚਾਰਲਸ ਨੂੰ ਆਪਣੇ ਅੰਦਾਜ਼ ਵਿਚ ਦਿਲਜ਼ੋਈ ਦਿੱਤੀ ਸੀ।
ਉਸ ਤੋਂ ਪਛਚਾਤ ਚਾਰਲਸ ਨੇ ਸਵਿੱਚਬੋਰਡ ਓਪਰੇਟਰ ਨੂੰ ਇਲਤਜ਼ਾ ਕਰਕੇ ਮਲਕਾ ਦਾ ਨੰਬਰ ਮਿਲਵਾ ਲਿਆ ਸੀ। ਮਲਕਾ ਬਹੁਤ ਘੱਟ ਸਾਉਂਦੀ ਸੀ। ਉਸ ਵਕਤ ਵੀ ਉਹ ਜਾਗਦੀ ਹੀ ਪਈ ਸੀ, ਜਦੋਂ ਡਾਇਨਾ ਨੂੰ ਹਸਪਤਾਲ ਲਿਜਾਣ ਤੋਂ ਕਈ ਮਿੰਟ ਬਾਅਦ ਮਲਕਾ ਦੇ ਕਮਰੇ ਦੇ ਫੋਨ ਦੀ ਘੰਟੀ ਵੱਜੀ ਸੀ। ਮਲਕਾ ਨੇ ਪਹਿਲੀ ਘੰਟੀ ਨਾਲ ਹੀ ਰਸੀਵਰ ਚੁੱਕ ਲਿਆ ਸੀ। ਮਲਕਾ ਨੇ ਚਾਰਲਸ ਨੂੰ ਸਲਾਹ ਦਿੱਤੀ ਸੀ ਕਿ ਬੱਚਿਆਂ ਦੀ ਨੀਂਦ ਨਾ ਖ਼ਰਾਬ ਕੀਤੀ ਜਾਵੇ ਤੇ ਉਹਨਾਂ ਨੂੰ ਸਵੇਰੇ ਉੱਠਣ ਉਪਰੰਤ ਹੀ ਇਸ ਘਟਨਾ ਤੋਂ ਜਾਣੂ ਕਰਵਾਇਆ ਜਾਵੇ। ਇਸ ਨਾਲ ਸਵੇਰ ਤਕ ਡਾਇਨਾ ਦੀ ਹਾਲਤ ਬਾਰੇ ਵਧੇਰੇ ਜਾਣਕਾਰੀ ਵੀ ਪ੍ਰਾਪਤ ਹੋ ਜਾਣੀ ਸੀ।
"ਹੋਰ ਕੋਈ ਖ਼ਬਰ ਆਈ ਤਾਂ ਦੱਸ ਦੇਵੀਂ।" ਆਖ ਕੇ ਮਲਕਾ ਨੇ ਫੋਨ ਦਾ ਚੋਗਾ ਰੱਖ ਦਿੱਤਾ ਸੀ।
ਚਾਰਲਸ ਡਰੈਸਿੰਗ ਗਾਉਨ ਪਾ ਕੇ ਆਪਣੀ ਬੈਠਕ ਵਿਚ ਚਲਾ ਗਿਆ ਤੇ ਉਸਨੇ ਰੇਡੀਉ ਦਾ ਬਟਨ ਮਰੋੜ ਲਿਆ ਸੀ। ੨.੦੬ ਮਿੰਟ 'ਤੇ ਬ੍ਰਤਾਨੀਆ ਦੇ ਰੇਡੀਉ ੫ 'ਤੇ ਮੁੱਖ ਖ਼ਬਰ ਡਾਇਨਾ ਦੇ ਕਾਰ ਹਾਦਸੇ ਦੀ ਹੀ ਸੀ।
ਇੰਗਲੈਂਡ ਦਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਆਪਣੇ ਚੁਨਾਵ ਖੇਤਰ ਟਰੀਡਮ ਕੌਇਲਰੀ ਆਪਣੇ ਚਾਰ ਸੌਣ ਕਮਰਾ ਮਕਾਨ ਵਿਚ ਸੁੱਤਾ ਪਿਆ ਸੀ, ਜਦੋਂ ਉਸਨੂੰ ਫੋਨ ਰਾਹੀਂ ਇਹ ਖ਼ਬਰ ਸੁਣਾਈ ਗਈ ਸੀ। ਉਸ ਤੋਂ ਬਾਅਦ ਟੋਨੀ ਬਲੇਅਰ ਸੌਂ ਹੀ ਨਾ ਸਕਿਆ ਤੇ ਬਾਕੀ ਬਚਦੀ ਰਾਤ ਉਸਨੇ ਜਾਗ ਕੇ ਹੀ ਕੱਟੀ ਸੀ।
ਟਸਕਨੀ ਆਪਣੀਆਂ ਬੇਟੀਆਂ ਬੀਅਟਰਾਇਸ ਅਤੇ ਇਗੂਈਨੀ ਨਾਲ ਛੁੱਟੀਆਂ ਮਨਾ ਰਹੀ ਡੱਚਿਜ਼ ਔਫਰ ਯੋਰਕ, ਸਿਹਰਾ ਫਰਗਸਨ ਨੂੰ ਕੇਵਲ ਐਨਾ ਹੀ ਦੱਸਿਆ ਗਿਆ ਸੀ ਕਿ ਪੈਰਿਸ ਵਿਚ ਡਾਇਨਾ ਦਾ ਕਾਰ ਹਾਦਸਾ ਹੋ ਗਿਆ ਸੀ ਤੇ ਡੋਡੀ ਮਰ ਗਿਆ ਸੀ। ਡਾਇਨਾ ਦੀਆਂ ਸੱਟਾਂ ਬਾਰੇ ਪਹਿਲਾਂ ਉਸ ਨੂੰ ਕੁਝ ਨਹੀਂ ਸੀ ਦੱਸਿਆ ਗਿਆ ਸੀ। ਰਿਸ਼ਤੇ ਵਿਚ ਦਰਾਣੀ ਲੱਗਦੀ ਫਰਗੀ ਨੂੰ ਡਾਇਨਾ ਆਪਣੀਆਂ ਭੱਤੀਜੀਆਂ ਵਾਂਗ ਸਮਝਦੀ ਸੀ, ਇਹ ਗੱਲ ਵੱਖਰੀ ਸੀ ਕਿ ਕੁਝ ਸਮੇਂ ਤੋਂ ਉਹਨਾਂ ਵਿਚ ਮਤਭੇਦ ਪੈਦਾ ਹੋ ਗਏ ਸਨ। ਗੁੱਸੇ ਵਿਚ ਡਾਇਨਾ ਨੇ ਫਰਗੀ ਦੀਆਂ ਚਿੱਠੀਆਂ ਬਿਨਾ ਖੋਲ੍ਹਿਆਂ ਹੀ ਮੋੜਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਉਸਦੇ ਫੋਨਾਂ ਦਾ ਜੁਆਬ ਦੇਣਾ ਬੰਦ ਕਰ ਦਿੱਤਾ ਸੀ। ਲੇਕਿਨ ਫਰਗੀ ਨੂੰ ਵਿਸ਼ਵਾਸ ਸੀ ਕਿ ਕਦੇ ਨਾ ਕਦੇ ਉਹ ਔਰਤ ਜਿਸ ਨੂੰ ਉਹ ਡਾਇਨਾ ਦੀ ਬਜਾਏ 'ਡੱਚ' ਆਖ ਕੇ ਸੰਬੋਧਨ ਹੁੰਦੀ ਸੀ, ਪਹਿਲਾ ਵਾਂਗ ਸਭ ਕੁਝ ਭੁਲਾ ਕੇ ਫਿਰ ਤੋਂ ਦੋਸਤਾਨਾ ਸੰਬੰਧ ਸਥਾਪਿਤ ਕਰ ਲਵੇਗੀ।
"ਡੱਚ ਮੈਂ ਹਾਂ। ਤੇਰੇ ਨਾਲ ਕਿਵੇਂ ਸੰਪਰਕ ਕਰਾਂ? ਮੈਨੂੰ ਵਾਪਿਸ ਫੋਨ ਕਰੀਆਂ।" ਡੋਡੀ ਦੀ ਮੌਤ ਬਾਰੇ ਜਾਨਣ ਬਾਅਦ ਅਫਸੋਸ ਕਰਨ ਤੇ ਦਰਦ ਵੰਡਾਉਣ ਲਈ ਫਰਗੀ ਨੇ ਡਾਇਨਾ ਨੂੰ ਫੋਨ ਕਰਕੇ ਸੰਦੇਸ਼ ਛੱਡਿਆ ਸੀ, ਪਰ ਫਰਗੀ ਨੂੰ ਕੀ ਪਤਾ ਸੀ ਕਿ ਡਾਇਨਾ ਨੇ ਉਹ ਸੰਦੇਸ਼ ਕਦੇ ਵੀ ਨਹੀਂ ਸੁਣਨਾ।
ਜਿਉਂ ਹੀ ਡਾਇਨਾ ਦੀ ਗੰਭੀਰ ਹਾਲਤ ਬਾਰੇ ਇਲਮ ਹੋਇਆ ਸੀ ਤਾਂ ਫਰਗੀ ਨੇ ਜਹਾਜ਼ ਰਾਹੀਂ ਪੈਰਿਸ ਜਾਣ ਦਾ ਯਤਨ ਕੀਤਾ ਸੀ, ਪਰ ਉਹ ਸਫਲ ਨਹੀਂ ਸੀ ਹੋ ਸਕੀ।
ਬਿੱਲ ਕਲਿੰਘਟਨ ਅਤੇ ਹਿਲਰੀ ਕਲਿੰਘਟਨ ਮਾਰਥਾ ਵਾਇਨ ਯਾਰਡ ਦੀ ਪਾਰਟੀ ਤੋਂ ਦਾਰੂ ਨਾਲ ਰੱਜ ਕੇ ਆਏ ਸਨ। ਜਦੋਂ ਉਹਨਾਂ ਨੂੰ ਡਾਇਨਾ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੀ ਸਾਰੀ ਪੀਤੀ ਲਹਿ ਗਈ ਸੀ। ਹੌਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਨੇ ਖ਼ਬਰ ਸੁਣਦਿਆਂ ਹੀ ਆਪਣੀਆਂ ਸ਼ੁਟਿੰਗਾਂ ਕੈਂਸਲ ਕਰ ਦਿੱਤੀਆਂ ਸਨ। ਦੁਨੀਆ ਵਿਚ ਜਿਹੜਾ ਵੀ ਇਹ ਖ਼ਬਰ ਸੁਣਦਾ ਪਹਿਲਾਂ ਤਾਂ ਯਕੀਨ ਨਾ ਕਰਦਾ। ਫਿਰ ਜਦੋਂ ਯਕੀਨ ਕਰਦਾ ਤਾਂ ਖਾਮੋਸ਼ੀ ਨਾਲ ਸੋਗ ਵਿਚ ਡੁੱਬ ਜਾਂਦਾ ਸੀ। ਇਹ ਡਾਇਨਾ ਦੀ ਸਖਸ਼ੀਅਤ ਦਾ ਜਾਦੂ ਸੀ, ਜੋ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਡਾਇਨਾ ਦੀ ਮੌਤ ਤੋਂ ਬਾਅਦ ਕੇਵਲ ਤਿੰਨ ਘੰਟਿਆਂ ਵਿਚ ਹੀ ਇਹ ਮਨਹੂਸ ਖ਼ਬਰ ਵਿਸ਼ਵ ਭਰ ਦੇ ਮੀਡੀਏ ਦੀ ਬਰੇਕਿੰਗ ਨਿਉਜ਼ ਯਾਨੀ ਮੁੱਖ ਖ਼ਬਰ ਬਣ ਗਈ ਸੀ।
No comments:
Post a Comment