A Historic Fiction Novel Based On Late Princess Diana In Punajbi By Balraj Singh Sidhu

Tuesday, 5 March 2013

ਕਾਂਡ 1


ਰਿਆਸਤ ਦਾ ਰਾਖਾ, ਰਾਜਕੁਮਾਰੀ ਅਤੇ ਰਾਜਕੁਮਾਰ
ਰਿਆਸਤ ਦਾ ਰਾਖਾ
ਮੇਜਰ ਜੇਮਜ਼ ਮਿਲਫੋਰਡ ਹਿਊਵਟ

ਬਹੁਤ ਹੀ ਬੇਬਾਕ ਕਿਸਮ ਦਾ ਇਨਸਾਨ ਹਾਂ ਮੈਂ। ਮੈਂ ਯਾਨੀ ਬ੍ਰਤਾਨਵੀਂ ਫੌਜ ਦਾ ਸਾਬਕਾ ਸੁਕਾਡਰਨ ਲੀਡਰ (ਰਸਾਲੇਦਾਰ) ਮੇਜਰ ਜੇਮਜ਼ ਮਿਲਫੋਰਡ ਹਿਊਵਟ ਵਲਦ ਜੌਹਨ ਹਿਊਵਟ। ਮੈਂ ਆਇਰੀਸ਼ ਮੂਲ ਦਾ ਹਾਂ। ਮੈਨੂੰ ਮਾਣ ਹੈ ਕਿ ਦੁਨੀਆਂ ਵਿਚ ਮੇਰੀ ਕੌਮ ਨੂੰ ਬਹਾਦਰ, ਸਿਰੜੀ ਅਤੇ ਵਫ਼ਾਦਾਰ ਮੰਨਿਆ ਜਾਂਦਾ ਹੈ। 


ਮੇਰਾ ਜਨਮ 30 ਅਪ੍ਰੈਲ 1958 ਨੂੰ ਲੰਡਨਡੇਅਰੀ ਵਿਚ ਹੋਇਆ ਸੀ। ਲੰਡਨਡੇਅਰੀ ਉਤਰੀ ਆਇਰਲੈਂਡ ਦਾ ਦੂਜਾ ਵੱਡਾ ਸ਼ਹਿਰ ਹੈ। ਪਹਿਲਾਂ ਇਸ ਨੂੰ ਸਿਰਫ਼ ਡੇਅਰੀ ਹੀ ਕਹਿੰਦੇ ਸਨ, 1612 ਵਿਚ ਇਸਦਾ ਨਾਮ ਬਦਲ ਕੇ ਲੰਡਨਡੇਅਰੀ ਰੱਖ ਦਿੱਤਾ ਗਿਆ ਸੀ। ਪਰ ਆਮ ਗੱਲਬਾਤ ਦੌਰਾਨ ਅਸੀਂ ਅੱਜ ਵੀ ਇਸਨੂੰ 'ਡੇਅਰੀ' ਹੀ ਪੁਕਾਰਦੇ ਹਾਂ। 

ਲੰਡਨਡੇਅਰੀ ਆਪਣੀ ਜੌੜੀ ਭੈਣ ਕੈਰੋਲਾਇਨ ਤੋਂ ਪੌਣੇ ਦੋ ਘੰਟੇ ਬਾਅਦ ਮੇਰੀ ਪਦਾਇਸ਼ ਹੋਈ ਸੀ। ਸਾਡੀ ਇਕ ਵੱਡੀ ਭੈਣ ਸਿਹਰਾ ਹੈ, ਜੋ ਸਾਡੇ ਤੋਂ 18 ਮਹੀਨੇ ਪਹਿਲਾਂ ਡੈਵਨ (ਇੰਗਲੈਂਡ) ਵਿਖੇ ਜੰਮੀ ਸੀ। ਮੇਰਾ ਪਿਤਾ ਜੌਹਨ ਹਿਊਵਟ, ਰੌਇਲ ਮਰੀਨਜ਼ ਨਾਲ ਕਪਤਾਨ ਵਜੋਂ ਉਤਰੀ ਆਇਰਲੈਂਡ ਵਿਚ ਤਾਇਨਾਤ ਸੀ। ਮੈਨੂੰ ਮੇਰੇ ਭਾਈਚਾਰੇ ਵੱਲੋਂ ਅਕਸਰ ਦੱਸਿਆ ਜਾਂਦਾ ਸੀ ਕਿ ਮੇਰਾ ਪਿਤਾ ਇੱਜ਼ਤਦਾਰ ਅਤੇ ਹਰਮਨ ਪਿਆਰਾ ਅਫ਼ਸਰ ਸੀ। ਫੌਜ ਦੀ ਨੌਕਰੀ ਮੇਰੇ ਪਿਤਾ ਨੂੰ ਵਿਰਾਸਤ ਵਿਚ ਮਿਲੀ ਸੀ। ਮੇਰਾ ਦਾਦਾ ਰੌਇਲ ਨੇਵੀ ਵਿਚ ਅਡਮਿਰਲ (ਜਲ ਸੈਨਾ ਦਾ ਪ੍ਰਧਾਨ ਸੈਨਾਪਤੀ) ਸੀ, ਜੋ ਮੇਰੇ ਜਨਮ ਤੋਂ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਚੁੱਕਾ ਸੀ। ਮੇਰਾ ਪਿਤਾ ਉਦੋਂ ਕੇਵਲ ਸੱਤ ਸਾਲ ਦਾ ਸੀ, ਜਦੋਂ ਮੇਰੀ ਦਾਦੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ।



ਮੇਰਾ ਪਿਤਾ ਆਪਣੇ ਸਮੇਂ ਦਾ ਉੱਘਾ ਦੌੜਕ ਸੀ ਤੇ ਉਹ 1952 ਵਿਚ ਹੈਲਸਿੰਕੀ (ਫਿਨਲੈਂਡ) ਉਲੰਪਿਕ ਖੇਡਾਂ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕਾ ਸੀ। ਇਸ ਵਿਚ ਅਜਨਬੀ ਘੋੜੇ ਨਾਲ ਖਹਿਬਾਜ਼ੀ ਨਾਲ ਭੱਜਣਾ ਅਤੇ ਟੰਬੇ ਟੱਪਣਾ , ਪਿਸਤੌਲ ਨਿਸ਼ਾਨਾਬਾਜ਼ੀ, 300 ਮੀਟਰ ਫਰੀ ਸਟਾਇਲ ਤੈਰਾਕੀ ਰੇਸ, 4000 ਮੀਟਰ ਕਰੌਸ ਕੰਟਰੀ ਦੌੜ ਸ਼ਾਮਿਲ ਹੁੰਦੀ ਸੀ। ਉਹ ਗੌਲਡ ਮੈਡਲ ਤਾਂ ਨਹੀਂ ਜਿੱਤ ਸਕਿਆ ਸੀ। ਪਰ ਉਸਨੇ ਮੇਰੇ ਲਈ ਕੁਝ ਟੀਚੇ ਜ਼ਰੂਰ ਮਿੱਥ ਦਿੱਤੇ ਸਨ। ਜਿਨ੍ਹਾਂ ਦੀ ਪੂਰਤੀ ਨੂੰ ਧਰਮ ਅਤੇ ਕਰਤੱਵ ਸਮਝਦਾ ਸੀ। ਦੁਨੀਆ ਦੇ ਸਾਰੇ ਮਾਪੇ ਆਪਣੀਆਂ ਅਧੂਰੀਆਂ ਖੁਆਇਸ਼ਾਂ ਆਪਣੇ ਬੱਚਿਆਂ ਰਾਹੀਂ ਪੂਰੀਆਂ ਹੁੰਦੀਆਂ ਦੇਖਣਾ ਚਾਹੁੰਦੇ ਹਨ। ਮੇਰੇ ਪਿਤਾ ਨੂੰ ਬਾਅਦ ਵਿਚ ਕੋਰੀਆ ਵਿਖੇ ਬਦਲ ਦਿੱਤਾ ਗਿਆ ਸੀ। ਇਸ ਲਈ ਬਚਪਨ ਵਿਚ ਮੈਂ ਆਪਣੇ ਪਿਤਾ ਨੂੰ ਬਹੁਤ ਘੱਟ ਦੇਖਿਆ ਸੀ। 


ਮੇਰਾ ਨਾਨਾ ਦੰਦਸਾਜ਼ ਸੀ ਤੇ ਲੰਡਨ ਵਿਚ ਉਸਦੀ ਸਰਜਰੀ ਸੀ। ਪਰ ਪਰਿਵਾਰਿਕ ਘਰ ਡੈਵਨ ਵਿਖੇ ਸੀ। ਮੇਰੀ ਮਾਂ ਸ਼ਰਲੀ ਰਵਾਇਤਨ ਘਰੇਲੂ ਇਸਤਰੀ ਤਾਂ ਨਹੀਂ ਸੀ। ਪਰ ਉਹ ਘੋੜ ਸਵਾਰੀ ਅਤੇ ਖੇਤ ਗਾਹ ਕੇ ਖੁਸ਼ ਰਹਿੰਦੀ। ਮੇਰੇ ਮਾਤਾ ਪਿਤਾ ਦਾ ਮੇਲ ਵੀ ਘੋੜਿਆਂ ਰਾਹੀਂ ਹੀ ਹੋਇਆ ਸੀ। ਅਸੀਂ ਤਿੰਨੋਂ ਭੈਣ ਭਰਾ ਖੱਚਰਾਂ ਨਾਲ ਖੇਡਦੇ ਪਲੇ ਵੱਡੇ ਹੋਏ ਸੀ। ਖੇਤਾਂ ਖਲਿਆਨਾਂ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਅਸੀਂ, ਬੰਦਸ਼ਾਂ ਰਹਿਤ ਆਜ਼ਾਦ  ਜੀਵਨ ਜਿਉਂਇਆ ਸੀ। ਮੇਰਾ ਦਾਦਕਾ ਘਰ ਕੈਂਟ, ਦੱਖਣ ਪੂਰਬ, ਇੰਗਲੈਂਡ ਵਿਚ ਸੀ। ਜਦੋਂ ਅਸੀਂ ਨਾਨਕੇ ਡੈਵਨ, ਦੱਖਣ ਪੱਛਮੀ ਇੰਗਲੈਂਡ ਜਾਂਦੇ ਤਾਂ ਘੰਟਿਆਂਬਧੀ ਖੱਚਰਾਂ 'ਤੇ ਬਾਹਰ ਘੁੰਮਦੇ ਰਹਿੰਦੇ।  ਰਾਤ ਨੂੰ ਹਨੇਰਾ ਹੋਏ 'ਤੇ ਘਰ ਵੜ੍ਹਦੇ।

ਥੌੜ੍ਹਾ ਵੱਡਾ ਹੋਣ 'ਤੇ ਮੈਨੂੰ ਡੈਵਨ ਦੇ ਇਤਿਹਾਸਕ ਸ਼ਹਿਰ ਐਕਸੇਟਰ ਦੇ ਪ੍ਰੈੱਪ ਸਕੂਲ ਵਿਚ ਪੜ੍ਹਨ  ਲਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮੈਨੂੰ ਨੋਰਥਾਂਬਰਲੈਂਡ, ਇੰਗਲੈਂਡ ਦੇ ਕਸਬੇ ਮਿਲਫੀਲਡ ਦੇ ਪਬਲਿਕ ਸਕੂਲ ਵਿਚ ਭੇਜ ਦਿੱਤਾ ਗਿਆ। ਜਿਥੋਂ ਦਾ ਹੈੱਡਮਾਸਟਰ ਜੈਕ ਮੇਅਰ ਵਹਿਮੀ ਕਿਸਮ ਦਾ ਸੀ। ਮੇਰੇ ਵਿਚ ਵਿੱਦਿਅਕ ਯੋਗਤਾ ਨਾ ਹੋਣ ਕਰਕੇ ਵੀ ਉਸ ਭਲੇਮਾਣਸ ਨੇ ਮੈਨੂੰ ਦਾਖ਼ਲ ਕਰ ਲਿਆ ਸੀ। ਉਸਨੂੰ ਪਤਾ ਸੀ ਕਿ ਭਾਵੇਂ ਪੜ੍ਹਈ ਲਿਖਾਈ ਵਿਚ ਮੈਂ ਕਮਜ਼ੋਰ ਸੀ, ਪਰ ਖੇਡਾਂ ਵਿਚ ਫੁਰਤੀਲਾ ਸੀ। ਜੋ ਕਿ ਸਕੂਲ ਲਈ ਖੇਡ-ਮੈਡਲ ਜਿੱਤਣ ਲਈ ਲਾਹੇਬੰਦ ਸੀ। ਮੈਨੂੰ ਖੇਡਾਂ ਦਾ ਸ਼ੌਂਕ ਸੀ ਤੇ ਪੜ੍ਹਾਈ ਮੇਰੇ ਲਈ ਬਹੁਤਾ ਮਹੱਤਵ ਨਹੀਂ ਸੀ ਰੱਖਦੀ। ਇਕ ਗੁਣ ਸੌ ਔਗੁਣ ਲਕੋ ਲੈਂਦਾ ਹੈ।

ਮੈਂ ਉਥੇ ਮਿਲਫੀਲਡ ਰਹਿੰਦਿਆਂ ਆਪਣੇ ਮਿਲਣਸਾਰ ਸੁਭਾਅ ਸਦਕਾ ਅਨੇਕਾਂ ਦੋਸਤ ਬਣਾਏ ਸਨ। ਜਿਨ੍ਹਾਂ ਵਿਚੋਂ ਫਰੈਂਸਿਸ ਸ਼ਾਵਰਿੰਗ ਅੱਜ ਵੀ ਜਿਗਰੀ ਯਾਰ ਹੈ ਤੇ ਜੌਹਨ ਰਾਇਨ ਜੋ ਹੁਣ ਅਮਰੀਕਨ ਅਟਰਨੀ (ਵਕੀਲ) ਹੈ। 

ਮਿਲਫੀਲਡ ਪਬਲਿਕ ਸਕੂਲ ਵਿਚ ਕੋਈ ਵਰਦੀ ਨਹੀਂ ਸੀ ਹੁੰਦੀ। ਸਭ ਸਾਦੇ ਕਪੜੇ ਪਹਿਨਦੇ ਸਨ। ਉਹ ਮੁੰਡੇ ਕੁੜੀਆਂ ਦਾ ਰਲਵਾ ਸਕੂਲ ਸੀ ਤੇ ਉਥੇ ਦੇ ਮਾਹੌਲ ਵਿਚ ਰਹਿੰਦਿਆਂ, ਮੈਂ ਵਿਪਰੀਤ ਲਿੰਗ ਨੂੰ ਸਮਝਣਾ ਅਤੇ ਉਸਦੀ ਇੱਜ਼ਤ ਕਰਨਾ ਸਿੱਖਿਆ ਸੀ। ਮੇਰਾ ਖੇਡਾਂ ਦਾ ਸ਼ੌਂਕ ਇਥੇ ਆ ਕੇ ਜਨੂੰਨ ਬਣ ਗਿਆ ਸੀ ਤੇ ਮੈਂ ਨਿਸ਼ਾਨੇਬਾਜ਼ੀ, ਕਰੌਸ ਕੰਟਰੀ ਅਤੇ ਤੈਰਾਕੀ ਦੀਆਂ ਕਈ ਪ੍ਰਤੀਯੋਗਤਾਵਾਂ ਵਿਚ ਹਿੱਸਾ ਲਿਆ ਸੀ। ਮੈਂ ਪੋਲੋ ਅਤੇ ਸ਼ੋਅਜੰਮਪਿੰਗ ਟੀਮ ਦਾ ਕਪਤਾਨ ਵੀ ਬਣਿਆ।

ਮੈਂ ਫੌਜੀ ਸੈਕਸ਼ਨ ਦੀ ਕੌਮਬਾਈਨ ਕੈਡਿਟ ਫੋਰਸ ਵਿਚ ਭਰਤੀ ਹੋ ਗਿਆ। ਪਰ ਮੈਨੂੰ ਉਹ ਦਿਲਚਸਪ ਨਾ ਲੱਗਾ ਤੇ ਮੈਂ ਉਹ ਵਿਸ਼ਾ ਛੱਡ ਕੇ ਪੁਰਾਤਵ ਵਿਗਿਆਨ ਲੈ ਲਿਆ। ਪੁਰਾਤਵ ਵਿਗਿਆਨੀਆਂ ਵੱਲੋਂ ਖੁਦਾਈਆਂ ਦਾ ਕੀਤੇ ਜਾਣ ਵਾਲੇ ਕਾਰਜ ਵਿਚ ਮੇਰਾ ਬਹੁਤ ਦਿਲ ਲੱਗਦਾ ਸੀ। ਅਸੀਂ ਸਮਰਸੈੱਟ (ਦੱਖਣ ਪੱਛਮੀ ਇੰਗਲੈਂਡ ਦਾ ਸ਼ਹਿਰ)  ਦੇ ਇਲਾਕੇ ਦੇ ਪੁਰਾਣੇ ਗਿਰਜ਼ਾਘਰਾਂ ਦੀ ਖੁਦਾਈ ਕਰਦੇ ਰਹਿੰਦੇ। 


ਇਥੇ ਵਿਗੜੇ ਹੋਏ ਸਾਥੀਆਂ ਨਾਲ ਮੈਨੂੰ ਸਿਗਾਰ ਪੀਣ ਦੀ ਲਤ ਲੱਗ ਗਈ। ਪਰ ਮੈਂ ਆਪਣੇ ਘਰਦਿਆਂ ਨੂੰ ਆਪਣੇ ਸਿਗਾਰ ਪੀਣ ਦੀ ਆਦਤ ਬਾਰੇ ਖੁਦ ਹੀ ਦੱਸ ਦਿੱਤਾ ਸੀ। ਮੈਨੂੰ ਝੂਠ ਬੋਲਣਾ ਜਾਂ ਚੋਰੀ ਕੁਝ ਕਰਨਾ ਚੰਗਾ ਨਹੀਂ ਸੀ ਲੱਗਦਾ। ਜਦੋਂ ਮੈਂ ਉਥੋਂ ਸਤਾਰਾਂ ਸਾਲ ਦੀ ਉਮਰ ਵਿਚ ਨਿਕਲਿਆ ਤਾਂ ਵਿੱਦਿਅਕ ਯੋਗਤਾ ਵਜੋਂ ਮੇਰੇ ਕੋਲ ਸੱਤ ਓ ਲੈਵਲ ਤਾਂ ਸਨ। ਪਰ ਕੋਈ ਏ ਲੈਵਲ ਨਾ ਹੋਣ ਕਾਰਨ ਯੁਨੀਵਰਸਿਟੀ ਜਾਣ ਦੀ ਕੋਈ ਸੰਭਾਵਨਾ ਨਹੀਂ ਸੀ। ਇਹ ਮੇਰੇ ਲਈ ਬਹੁਤ ਨਿਰਾਸ਼ਾਜਨਕ ਸੀ ਕਿਉਂਕਿ ਮੈਂ ਆਪਣੇ ਦਿਲ ਵਿਚ ਸਰਜਨ ਬਣਨ ਦਾ ਲਕਸ਼ ਮਿਥਿਆ ਹੋਇਆ ਸੀ। 

ਅੱਕ ਕੇ ਮੈਂ ਘੋੜਸਵਾਰ ਸਹਾਇਕ ਸਿੱਖਿਅਕ ਦਾ ਇਮਤਿਹਾਨ ਦਿੱਤਾ ਤਾਂ ਜੋ ਆਪਣੀ ਮਾਂ ਦੀ ਘੋੜਸਵਾਰੀ ਸਕੂਲ ਵਿਚ ਮਦਦ ਕਰਾ ਸਕਾਂ। ਪਰ ਮੈਂ ਜਾਣਦਾ ਸੀ ਕਿ ਮੈਂ ਇਸ ਕਿੱਤੇ ਨਾਲੋਂ ਵੀ ਵਧੇਰੇ ਕਾਬਲੀਅਤ ਰੱਖਦਾ ਸੀ। ਮੈਂ ਆਪਣੀ ਪ੍ਰਤੀਭਾ ਨੂੰ ਅਜ਼ਾਈ ਨਹੀਂ ਸੀ ਗਵਾਉਣੀ ਚਾਹੁੰਦਾ। ਮੈਂ ਐਕਸੇਟਰ ਦੇ ਫੌਜੀ ਪੇਸ਼ਾ ਦਫ਼ਤਰ (Army Carreer Office) ਵਿਚ ਗਿਆ ਤੇ ਉਥੋਂ ਉਪਲਵਧ ਜਾਣਕਾਰੀ ਅਤੇ ਲੋਕਾਂ ਨਾਲ ਗੱਲਾਂ ਕਰਨ ਨਾਲ ਮੇਰਾ ਝੁਕਾਅ ਅਚਾਨਕ ਫੌਜ ਵੱਲ ਹੋ ਗਿਆ। ਵਤਨ ਦੀਆਂ ਸਰਹੱਦਾਂ ਦੀ ਰਾਖੀ ਕਰਨ ਦਾ ਜਜ਼ਬਾ ਮੇਰੇ ਖੂਨ ਵਿਚ ਪਹਿਲਾਂ ਹੀ ਮੌਜੂਦ ਸੀ। ਮੇਰਾ ਕੱਦ-ਕਾਠ ਅਤੇ ਡੀਲ-ਡੌਲ ਦੇਖ ਕੇ ਫੌਜ ਵਾਲਿਆਂ ਨੇ ਦੱਸਿਆ ਕਿ ਮੈਂ ਸ਼ੌਰਟ ਸਰਵਿਸ ਕਮਿਸ਼ਨ ਲਈ ਯੋਗ ਹਾਂ। ਮੈਂ ਲੋੜ੍ਹੀਂਦੇ ਕਾਗਜ਼ ਜਮ੍ਹਾਂ ਕਰਾਕੇ  ਫਾਰਮ ਭਰ ਦਿੱਤੇ।

ਘਰ ਆ ਕੇ ਆਪਣੇ ਪਿਤਾ ਨੂੰ ਮੈਂ ਇਸ ਬਾਰੇ ਦੱਸਿਆ। ਮੇਰੇ ਪਿਤਾ ਨੇ ਜਨਰਲ ਮੌਂਕੀ ਬਲੈਕਰ ਨੂੰ ਸੰਪਰਕ ਕੀਤਾ, ਜਿਸ ਨਾਲ ਮੇਰਾ ਪਿਤਾ ਪੈਨਟਾਥਲੋਨ ਰੇਸ ਵਿਚ ਮੁਬਾਕਬਲਾ ਕਰਿਆ ਕਰਦਾ ਸੀ। ਕੁਝ ਦਿਨਾਂ ਬਾਅਦ ਜਨਰਲ ਨੇ ਮੈਨੂੰ ਇੰਗਲੈਂਡ ਦੇ ਪ੍ਰਮੁੱਖ ਫੌਜੀ ਛਾਉਣੀ ਵਾਲੇ ਸ਼ਹਿਰ ਐਲਡਰਸੌਟ ਵਿਖੇ ਸਥਿਤ ਕਊਨਿਜ਼ ਹੈੱਡ ਹੋਟਲ ਵਿਚ ਲੰਚ ਲਈ ਬੁਲਾ ਲਿਆ ਸੀ। ਮੇਰੇ ਬਾਰੇ ਲੋੜ੍ਹੀਂਦੀ ਜਾਣਕਾਰੀ ਲੈਣ ਉਪਰੰਤ ਉਸਨੇ ਆਪਣੀ ਪੁਰਾਣੀ ਪਲਟਨ ਨੂੰ ਮੇਰੀ ਸਿਫਾਰਿਸ਼ ਕੀਤੀ। 

ਪੰਜਵੀਂ ਰੌਇਲ ਐਨਜ਼ਸਕਿੱਲਨ ਡਰੈੱਗਨ ਗਾਰਡਜ਼ ਪਲਟਨ ਨੇ ਮੈਨੂੰ ਇਸ ਸ਼ਰਤ ਉੱਤੇ ਸਥਾਨ ਦੀ ਪੇਸ਼ਕਸ਼ ਕੀਤੀ ਕਿ ਜੇ ਮੈਂ ਸੈਂਡਹਰਟਜ਼ ਰੌਇਲ ਮਿਲਟਰੀ ਅਕੈਡਮੀ ਦਾ ਇਮਿਤਹਾਨ ਪਾਸ ਕਰ ਲਵਾਂ ਤਾਂ ਉਹ ਸਿੱਧਾ ਮੈਨੂੰ ਰੱਖ ਲੈਣਗੇ। ਸੈਂਡਹਰਟਸ ਇੰਗਲੈਂਡ ਦੀ ਬਰਕਸ਼ਾਇਰ ਕਾਉਂਟੀ ਵਿਚ ਪੈਂਦਾ ਹੈ ਤੇ ਇੱਥੇ ਯੂ. ਕੇ. ਦਾ ਸਭ ਤੋਂ ਵੱਡਾ ਮਿਲਟਰੀ ਟਰੇਨਿੰਗ ਸੈਂਟਰ ਹੈ। ਮੈਨੂੰ ਕੈਟਰਿਕ, ਯੋਰਕਸ਼ਾਇਰ, ਇੰਗਲੈਂਡ ਭਰਤੀ ਸਿਖਲਾਈ ਵਾਸਤੇ ਭੇਜ ਦਿੱਤਾ ਗਿਆ। ਜਿਥੇ ਮੇਰੇ ਇਲਾਵਾ 30 ਹੋਰ ਅਫ਼ਸਰ ਸਨ, ਜਿਨ੍ਹਾਂ ਨੇ ਇਮਤਿਹਾਨ ਪਾਸ ਕਰਨ ਬਾਅਦ ਕਿਸੇ ਨਾ ਕਿਸੇ ਕੈਵਲਰੀ (ਘੋੜਸਵਾਰ ਸੈਨਾ) ਪਲਟਨ ਵਿਚ ਜਾਣਾ ਸੀ। ਸਾਡੀ ਆਰ. ਸੀ. ਬੀ. (Regular Commissions Board) ਲਈ ਵੈਸਟਬਰੀ, ਵਿਲਟਸ਼ਾਇਰ ਕਾਉਂਟੀ ਇੰਗਲੈਂਡ ਵਿਚ ਤਿਆਰੀ ਕਰਵਾਈ ਜਾਣ ਲੱਗੀ। ਉਥੇ ਤੁਸੀਂ ਤਿੰਨ ਦਿਨ ਦਾ ਲਿੱਖਤੀ ਇਮਤਿਹਾਨ ਦਿੰਦੇ ਹੋ, ਬਹੁਤ ਸਾਰੀਆਂ ਮੁਲਾਕਾਤਾਂ ਅਤੇ ਸਵਾਲਾਂ ਵਿਚੋਂ ਲੰਘਦੇ ਹੋ। ਲੀਡਰਸ਼ਿੱਪ ਟੈਸਟ ਅਤੇ ਮਨੋਵਿਗਿਆਨ ਟੈਸਟ, ਡਾਕਟਰੀ ਅਤੇ ਫੇਰ ਵੀ ਤੁਸੀਂ ਜੇ ਫੌਜ ਵਿਚ ਜਾਣ ਲਈ ਸ਼ੁਦਾਈ ਹੋਵੋਂ ਤਾਂ ਤੁਹਾਨੂੰ ਭਰਤੀ ਕਰ ਲਿਆ ਜਾਂਦਾ ਹੈ।

ਮੈਂ ਫੇਲ ਨਹੀਂ ਹੋਇਆ, ਪਰ ਪੂਰਨ ਰੂਪ ਵਿਚ ਲੋੜ੍ਹੀਂਦੇ ਸਟੈਂਡਰਡ ਦਾ ਇਮਤਿਹਾਨ ਪਾਸ ਵੀ ਨਹੀਂ ਸੀ ਕਰ ਸਕਿਆ। ਮੈਨੂੰ ਆਪਣੇ ਚਰਿੱਤਰ ਦੇ ਨਿਰਮਾਣ ਲਈ ਰੋਆਲਨ ਕੰਪਨੀ, ਰੌਇਲ ਮਿਲਟਰੀ ਅਕੈਡਮੀ, ਸੈਡਹਰਟਸ ਵਿਚ ਭੇਜ ਦਿੱਤਾ ਗਿਆ। ਮੈਨੂੰ ਦੱਸਿਆ ਗਿਆ ਕਿ ਆਰ. ਸੀ. ਬੀ. ਵਿਚ ਮੇਰੀ  ਕਾਰਗੁਜ਼ਾਰੀ ਬਹੁਤ ਵਧੀਆ ਸੀ। ਪਰ ਮੇਰੇ ਬਾਰੇ ਇਹ ਫੈਸਲਾ ਕੀਤਾ ਗਿਆ ਕਿ ਮੈਂ ਆਪਣੇ ਮਤਾਹਿਤ ਫੌਜੀਆਂ ਨਾਲ ਨਰਮ ਰਵੀਆ ਅਖਤਿਆਰ ਕਰਾਂਗਾ। ਇਸ ਲਈ ਮੈਨੂੰ ਹੋਰ ਉਚੇਰੀ ਟਰੇਨਿੰਗ ਦੀ ਜ਼ਰੂਰਤ ਸੀ। 

ਰੋਆਲਨ ਕੰਪਨੀ ਮੈਨੂੰ ਖੜੂਸ, ਆਕੜਕੰਨਾ, ਕਠੋਰ ਤੇ ਰੋਹਬਦਾਰ ਬਣਾਉਣ ਲਈ ਸੀ। ਉਥੇ ਕਿਸ਼ਤੀਆਂ ਦੇ ਚੱਪੂ ਚਲਵਾਏ ਜਾਂਦੇ, ਸਖਤ ਵਰਜਿਸ਼ਾਂ, ਨਕਸ਼ੇ ਪੜ੍ਹਣ ਦੀ ਜਾਚ ਤੇ ਹੋਰ ਬੜ੍ਹਾ ਕੁਝ ਸਿਖਾਇਆ ਗਿਆ। ਉਥੋਂ ਬਾਅਦ ਮੈਂ ਸਟੈਂਡਰਡ ਮਿਲਟਰੀ ਕੋਰਸ , ਸੈਂਡਹਰਸਟ ਵਿਚ ਆਪਣਾ ਸਥਾਨ ਪ੍ਰਾਪਤ ਕਰ ਲਿਆ ਸੀ ।


ਮੇਰੀ ਕੰਪਨੀ ਦੀ ਕਮਾਂਡ ਮੇਜਰ ਟਿਮ ਸ਼ੀਵੈੱਲ ਅਧੀਨ ਸੀ, ਜੋ ਬਾਅਦ ਵਿਚ ਮੇਜਰ ਜਨਰਲ ਅਤੇ ਰੌਇਲ ਮਿਲਟਰੀ ਅਕੈਡਮੀ ਦਾ ਕਮਾਂਡਰ ਬਣਿਆ ਸੀ। ਉਹ ਬਹੁਤ ਦੂਰਅੰਦੇਸ਼ ਤੇ ਗਿਆਨਵਾਨ ਸੀ। ਅਸੀਂ ਉਸਦੀ ਲੀਡਰਸ਼ਿਪ ਦਾ ਭਰਪੂਰ ਲਾਹਾ ਲਿਆ। ਕਦੇ ਸੈਂਡਹਰਸਟ ਦੋ ਸਾਲਾਂ ਦਾ ਕੋਰਸ ਹੁੰਦਾ ਸੀ, ਪਰ ਉਦੋਂ ਘਟਾ ਕੇ ਸੱਤ ਮਹੀਨਿਆਂ ਦਾ ਕਰ ਦਿੱਤਾ ਗਿਆ ਸੀ। ਜਿਸਦਾ ਮਤਲਬ ਕੇ ਪ੍ਰੀਖਿਆਰਥੀਆਂ ਨੂੰ ਕੋਰਸ ਤੋਂ ਬਿਨਾ ਹੋਰ ਕੁਝ ਕਰਨ ਦਾ ਸਮਾਂ ਹੀ ਨਹੀਂ ਸੀ ਮਿਲਦਾ। ਇਹ ਸਭ ਪਾਸ ਕਰਕੇ ਮੈਂ ਜੂਨੀਅਰ ਅੰਡਰ ਅਫ਼ਸਰ ਦੀਆਂ ਉੱਚਾਈਆਂ ਤੱਕ ਪਹੁੰਚ ਗਿਆ ਤੇ ਗਰੈਜੂਏਸ਼ਨ ਕਰਨ ਬਾਅਦ ਮੈਂ ਆਪਣੀ ਪਲਟਨ ਦਾ ਮੋਹਰੀ ਬਣਿਆ।      

ਮੈਂ ਘੋੜਸਵਾਰ ਸੁਰੱਖਿਆ ਦਲ ਦੇ ਹੈੱਡਕੁਆਟਰ ਵਿਖੇ ਗਿਆ ਤਾਂ ਮੈਨੂੰ ਪਤਾ ਚੱਲਿਆ ਕਿ ਲਾਇਫ ਗਾਰਡਜ਼ ਫੌਜ ਵਿਚ ਮੈਨੂੰ ਲੰਡਨ ਰਹਿਣ ਦਾ ਮੌਕਾ ਮਿਲ ਸਕਦਾ ਸੀ। ਜਦੋਂ ਕਿ ਮੇਰੇ ਫੌਜੀ ਦਲ ਪੰਜਵੀਂ ਸਕਿੰਨਲਨ ਨੂੰ ਜਰਮਨੀ ਭੇਜਿਆ ਜਾਣਾ ਸੀ। ਲੰਡਨ ਰਹਿਣ ਨਾਲ ਮੇਰੇ ਘੋੜਿਆਂ, ਪੋਲੋ ਅਤੇ ਸ਼ਿਕਾਰ ਦੇ ਸੌਂਕ ਵੀ ਪੂਰੇ ਹੁੰਦੇ ਰਹਿਣੇ ਸਨ।

ਮੈਂ ਹਾਉਸਹੋਲਡ ਕੈਵਲਰੀ ਦੇ ਨੁਮਾਇਦੇ, ਮੇਜਰ ਐਂਡਰੂ ਪਾਰਕਰ ਬੋਲਜ਼ ਨੂੰ ਮਿਲਣ ਸੈਂਡਹਰਟਸ ਗਿਆ, ਜੋ ਉਸ ਵਕਤ ਬਲੂਜ਼ ਐਂਡ ਰੌਇਲਜ਼ ਵਿਚ ਸੀ। ਮੇਜਰ ਐਂਡਰੂ ਪਾਰਕਰ ਬੋਲਜ਼ ਦੀ ਕਾਫੀ ਪਹੁੰਚ ਸੀ ਤੇ ਉਸਨੇ ਰੈਜੀਮੈਂਟ ਦੇ ਉੱਚ ਅਫ਼ਸਰਾਂ ਨਾਲ ਮੇਰੀ ਮੁਲਾਕਾਤ ਦਾ ਪ੍ਰਬੰਧ ਕਰ ਦਿੱਤਾ।

ਲਾਈਫ ਗਾਰਡਜ਼ ਦਾ ਕਰਨਲ, ਫਲੀਟ ਦਾ ਅਡਮਿਰਲ, ਅਰਲ ਲੂਈਸ ਮਾਊਂਟਬੈਟਨ ਔਫ ਬਰਮਾ ਸੀ। ਇੰਗਲੈਂਡ ਦੇ ਸ਼ਾਹੀ ਨਿਜ਼ਾਮ ਵੱਲੋਂ ਵਫਦਾਰ ਅਮੀਰਾਂ ਅਤੇ ਵਜ਼ੀਰਾਂ ਨੂੰ ਖਾਸ ਖਿਤਾਬ ਨਾਲ ਨਿਵਾਜਿਆ ਜਾਂਦਾ ਰਿਹਾ ਹੈ। ਇਹਨਾਂ ਉਪਾਧੀਆਂ ਨੂੰ ਸੰਬਧਿਤ ਵਿਅਕਤੀ ਆਪਣੇ ਨਾਂ ਤੋਂ ਪਹਿਲਾਂ ਵਰਤਦੇ ਹਨ। ਬ੍ਰਤਾਨੀਆ ਵਿਚ ਸਭ ਤੋਂ ਵੱਡਾ ਪਦ ਐਂਪ੍ਰੱਰ (ਬਾਦਸ਼ਾਹ) ਦਾ ਹੈ। ਉਸ ਤੋਂ ਹੈ। ਉਸ ਤੋਂ ਬਾਅਦ ਰਾਜਾ ਜਾਂ ਰਾਣੀ। ਫਿਰ ਸ਼ਹਿਜ਼ਾਦਾ।ਇਸ ਤੋਂ ਉਪਰੰਤ ਕ੍ਰਮਵਾਰ ਵੱਡਿਉਂ ਛੋਟੇ ਲਕਬ ਹਨ, ਆਰਕ ਡਿਊਕ, ਡਿਊਕ, ਮਾਰਕਿਉਸ, ਕਾਉਂਟ ਜਾਂ ਅਰਲ, ਵਿਸਕਾਉਂਟ, ਬੈਰਨ, ਬਾਰਨਨਟ, ਹੇਅਰਡੇਟਰ ਨਾਇਟ ਅਤੇ ਸਭ ਤੋਂ ਛੋਟਾ ਨਾਇਟ ਹੈ। ਇਹਨਾਂ ਸਭ ਦੇ ਰਾਜ ਦਰਬਾਰ ਵਿਚ ਬੈਠਣ ਲਈ ਵਿਸ਼ੇਸ਼ ਆਸਣ ਬਣੇ ਹੁੰਦੇ ਹਨ।ਇਸ ਤੋਂ ਇਲਾਵਾ ਸਰ ਅਤੇ ਲੌਰਡ ਦੇ ਖਿਤਾਬ ਵੀ ਦਿੱਤੇ ਜਾਂਦੇ ਹਨ। ਪਰ ਉਹਨਾਂ ਲਈ ਰਾਜ-ਭਵਨ ਵਿਚ ਕੋਈ ਸਥਾਨ ਨਹੀਂ ਹੁੰਦਾ। ਅੱਜਕੱਲ੍ਹ ਖਾਸ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸੀ. ਓ. ਐੱਚ (Companion of Honour) , ਸੀ. ਬੀ. ਈ. (Commander of the Order of the British Empire), ਡੇਮ (ਯੋਧਾ), ਓ. ਓ. ਬੀ. ਈ (Officer of the Order of the British Empire), ਅਤੇ ਐੱਮ. ਬੀ. ਈ. (Member of the Order of the British Empire), ਬੀ. ਈ. ਐੱਮ (British Empire Medal), ਆਰ. ਵੀ. ਓ. (Overseas Territories Police and Fire Service MedalsRoyal Victorian Order) ਆਦਿ ਤੋਂ ਇਲਾਵਾ 12 ਹੋਰ ਸਨਮਾਨ ਅਤੇ ਵਿਕਟੋਰੀਆ ਕਰੌਸ ਤੇ ਜੌਰਜ਼ ਕੌਰਸ ਆਦਿ ਮੈਡਲ ਵੀ ਦਿੱਤੇ ਜਾਂਦੇ ਹਨ। ਖੈਰ, ਮੈਂ ਲੌਰਡ ਲੂਈਸ ਮਾਊਂਟਬੈਟਨ ਨੂੰ ਉਸਦੇ ਕਿਨਰਟਨ ਸਟਰੀਟ ਫਲੈਟ, ਨਾਇਟਜ਼ਬ੍ਰਿਜ਼ ਵਿਖੇ 8 ਫਰਵਰੀ 1978 ਨੂੰ ਜਾ ਕੇ ਮਿਲਿਆ। ਉਹ ਮੇਰੇ ਪਿਤਾ ਨਾਲ ਮਾਲਟਾ ਵਿਚ ਪੋਲੋ ਖੇਡ ਚੁੱਕਾ ਸੀ। ਲੌਰਡ ਮਾਉਂਟਬੈਟਨ ਦੀ ਸ਼ਾਹੀ ਪਰਿਵਾਰ ਨਾਲ ਸਕੀਰੀ ਹੋਣ ਕਰਕੇ ਕਾਫੀ ਤਾਨਾਸ਼ਾਹੀ ਚਲਦੀ ਸੀ। ਮਾਉਂਟਬੈਟਨ, ਬੈਟਨਬਰਗ (ਜਰਮਨੀ) ਦੇ ਰਾਜਕੁਮਾਰ ਲੂਇਸ ਵੱਲੋਂ ਚਲਾਇਆ ਗਿਆ ਗੋਤ ਸੀ। ਲੌਰਡ ਮਾਉਂਟਬੈਟਨ ਨੇ ਮੈਨੂੰ ਰੱਖ ਲਿਆ। ਮੈਂ ਨਾਇਟਜ਼ਬ੍ਰਿਜ਼ ਬੈਰਕ, ਲੰਡਨ ਵਿਚ ਤਾਇਨਾਤ ਹੋ ਗਿਆ ਸੀ। 


ਫੌਜ ਵਿਚ ਆਉਣ ਬਾਅਦ ਹੀ ਅਸਲ ਜ਼ਿੰਦਗੀ ਤੇ ਲੰਡਨ ਨਾਲ ਮੇਰਾ ਤੁਆਰਫ਼ ਹੋਇਆ ਸੀ। ਅਫ਼ਸਰ ਕੈਡਿਟ ਤੋਂ ਸ਼ੁਰੂ ਕਰਕੇ ਮੈਂ ਦੂਜਾ ਲਫ਼ਤਾਨ, ਫਿਰ ਲਫ਼ਤਾਨ ਬਣਕੇ ਕਪਤਾਨ ਦੇ ਆਹੁਦੇ ਤੱਕ ਪਹੁੰਚ ਗਿਆ ਸੀ। ਮੈਨੂੰ ਮੇਜਰ, ਲਫ਼ਤਾਨ ਕਰਨਲ, ਕਰਨਲ, ਬ੍ਰਗੇਡੀਅਰ (ਇਕ ਸਿਤਾਰਾਧਾਰੀ), ਮੇਜਰ ਜਨਰਲ (ਦੋ ਸਿਤਾਰਾ), ਲਫ਼ਤਾਨ ਜਨਰਲ (ਤਿੰਨ ਸਿਤਾਰਾ) ਅਤੇ ਸਭ ਤੋਂ ਵੱਡੇ ਬ੍ਰਤਾਨਵੀ ਫੌਜ ਦੇ ਜਨਰਲ ਵਾਲੇ ਆਹੁਦੇ ਦੇ ਲਕਸ਼ ਸਾਫ਼ ਦਿਖਾਈ ਦਿੰਦੇ ਸਨ। ਮੈਂ ਆਪਣੀ ਛਾਤੀ 'ਤੇ ਪੰਜ ਸਿਤਾਰੇ ਚਮਕਦੇ ਦੇਖਣ ਲਈ ਜੀਅ ਜਾਨ ਲਾ ਕੇ ਫੌਜ ਵਿਚ ਦੇਸ਼ ਦੀ ਸੇਵਾ ਕਰ ਰਿਹਾ ਸੀ। 

ਮੈਂ ਇੰਗਲੈਂਡ, ਵੇਲਜ਼, ਸਕਾਟਲੈਂਡ ਅਤੇ ਆਇਰਲੈਂਡ ਨੂੰ ਮਿਲਾ ਕੇ ਬਣੇ ਯੂਨਾਇਟਡ ਕਿੰਗਡੰਮ ਯਾਨੀ ਸੰਗਠਿਤ ਬ੍ਰਤਾਨਵੀ ਸਾਮਰਾਜ ਦੀ ਵਿਸ਼ਾਲ ਰਿਆਸਤ ਦਾ ਰਾਖਾ ਬਣਨ ਦਾ ਆਪਣੇ ਆਪ ਵਿਚ ਬਹੁਤ ਫਖ਼ਰ ਮਹਿਸੂਸ ਕਰਦਾ ਸੀ। 

***

ਰਾਜਕੁਮਾਰੀ


ਵੇਲਜ਼ ਦੀ ਰਾਜਕੁਮਾਰੀ ਲੇਡੀ ਡਾਇਨਾ ਫਰੈਂਸਿਸ
ਵੇਲਜ਼ ਦੀ ਰਾਜਕੁਮਾਰੀ, ਲੇਡੀ ਡਾਇਨਾ ਫਰੈਂਸਿਸ, ਇੰਗਲੈਂਡ ਦੇ ਇਤਿਹਾਸਕ ਸਪੈਂਸਰ ਘਰਾਣੇ ਦੀ ਸੰਤਾਨ ਸੀ। ਸਦੀਆਂ ਤੋਂ ਇਸ ਪਰਿਵਾਰ ਦੀ ਸ਼ਾਹੀ ਖਾਨਦਾਨ ਨਾਲ ਮਿੱਤਰਤਾ ਅਤੇ ਨਜ਼ਦੀਕੀ ਸੰਬੰਧ ਰਹੇ ਹਨ। ਇੰਗਲੈਂਡ ਦੀ ਵੌਰਚੈਸਟਰਸ਼ਾਇਰ ਕਾਉਂਟੀ ਵਿਚ ਪਰਸ਼ੋਰ ਅਤੇ ਅਪਟਨ ਅੱਪਓਨ ਸੈਵਰਨ ਵਿਚਾਲੇ ਪੈਂਦੇ ਪਿੰਡ ਡੈਫਫੋਰਡ ਵਿਖੇ ਤੇਰਵੀਂ ਸਦੀ ਵਿਚ ਵਿਲੀਅਮ ਲੀ ਡੀਸਪੈਂਸਰ (1263-1330) ਨਾਮੀ ਸਿਪਾਹੀ ਹੁੰਦਾ ਸੀ , ਜਿਸ ਤੋਂ ਸਪੈਂਸਰਾਂ ਦੀ ਕੁੱਲ ਚੱਲਦੀ ਹੈ। ਇਸ ਵੰਸ ਦੇ ਸੰਬੰਧ ਚਾਰਲਸ (2) ਨਾਲ ਵੀ ਜੁੜਦੇ ਹਨ। ਇਸ ਵੰਸ਼ ਦੀਆਂ ਕੁੜੀਆਂ ਸੁਨੱਖੀਆਂ ਹੋਣ ਕਰਕੇ ਹਮੇਸ਼ਾਂ ਸ਼ਾਹੀ ਪਰਿਵਾਰਾਂ ਜਾਂ ਉੱਚ ਵਰਗ ਦੇ ਅਮੀਰਾਂ ਨਾਲ ਵਿਆਹੀਆਂ ਜਾਂਦੀਆਂ ਰਹੀਆਂ ਹਨ। ਸੋਹਲ੍ਹਵੀ ਸਦੀ ਵਿਚ ਸਪੈਂਸਰ ਨੇ ਭੇਡਾਂ ਦੇ ਵਪਾਰ ਤੋਂ ਬਹੁਤ ਸਾਰਾ ਧਨ ਕਮਾਇਆ ਤੇ ਸ਼ਾਹੀ ਮਹੱਲਾਂ ਨਾਲ ਨੇੜਤਾ ਹਾਸਿਲ ਕੀਤੀ ਸੀ। ਇਸ ਵੰਸ਼ ਵਿਚ ਦੋ ਬਹੁਤ ਹੀ ਪ੍ਰਸਿੱਧ ਸਖਸ਼ੀਅਤਾਂ ਹੋਈਆਂ ਹਨ। ਇੱਕ ਇੰਗਲੈਂਡ ਦਾ ਦੋ ਵਾਰ (1940-1945 ਤੇ 1951-1955) ਪ੍ਰਧਾਨ ਮੰਤਰੀ ਸਰ ਵਿਨਸਟਨ ਚਰਚਿੱਲ ਤੇ ਦੂਜੀ ਲੇਡੀ ਡਾਇਨਾ ਫਰੈਸਿਸ। ਸੰਡਰਲੈਂਡ ਦੇ ਤੀਜੇ ਅਰਲ ਚਾਰਲਸ ਸਪੈਂਸਰ ਦਾ ਜਦੋਂ ਲੇਡੀ ਐਨ ਚਰਚਿੱਲ ਨਾਲ ਵਿਆਹ ਹੋਇਆ ਤਾਂ ਉਸਨੇ ਚਰਚਿੱਲ ਗੋਤ ਖਤਮ ਕਰਕੇ ਸਪੈਂਸਰ ਗੋਤ ਦੀਆਂ ਦੋ ਸ਼ਾਖਾਵਾਂ ਚਲਾ ਦਿੱਤੀਆਂ ਸਨ। ਇਕ ਸਪੈਂਸਰ ਤੇ ਦੂਜੀ ਸਪੈਂਸਰ-ਚਰਚਿੱਲ।

ਵਿਲੀਅਮ ਲੀ ਡੀਸਪੈਂਸਰ ਦੀ ਸਤਾਰਵੀਂ ਪੀੜ੍ਹੀ ਵਿਚ ਡਾਇਨਾ ਦਾ ਪਿਤਾ ਐਡਵਰਡ ਜੌਹਨ ਸਪੈਂਸਰ ਉਰਫ ਜੌਨੀ ਜਨਮਿਆ ਸੀ। ਐਡਵਰਡ ਜੌਹਨ ਸਪੈਂਸਰ ਦਾ ਵਿਆਹ ਚੌਥੇ ਬੈਰਨ (ਉਹ ਸਾਮੰਤ ਜਿਸਨੂੰ ਲਾਰਡ ਦਾ ਖਿਤਾਬ ਮਿਲਿਆ ਹੋਵੇ।) ਐਡਮੰਡ ਰੌਸ਼ ਦੀ ਪੁਤਰੀ ਫਰੈਂਸਿਸ ਰੂਥ ਨਾਲ (1954) ਵਿਚ ਹੋਇਆ ਸੀ। 

ਵਰ੍ਹੇ ਬਾਅਦ ਉਨ੍ਹਾਂ ਦੇ ਘਰ ਇਲੀਜ਼ਬੈੱਥ ਸਿਹਰਾ ਲਵੀਨੀਆਂ ਯਾਨੀ ਡਾਇਨਾ ਫਰੈਂਸਿਸ ਦੀ ਸਭ ਤੋਂ ਵੱਡੀ ਭੈਣ ਦਾ ਜਨਮ ਹੋਇਆ ਸੀ। ਉਸ ਤੋਂ ਬਾਅਦ 1957 ਵਿਚ ਸਾਇੰਥੀਆ ਜੇਨ ਪੈਦਾ ਹੋਈ। ਦੋ ਬੇਟੀਆਂ ਤੋਂ ਬਾਅਦ ਇਕ ਪੁੱਤਰ ਜੌਹਨ ਦੇ ਹੋਇਆ,  ਲੇਕਿਨ 1960 ਵਿਚ ਉਹ ਕੇਵਲ ਦਸ ਘੰਟਿਆਂ ਵਿਚ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਪੁੱਤਰ ਦੀ ਮੌਤ ਨੇ ਜੌਨੀ ਸਪੈਂਸਰ ਨੂੰ ਬੁਰੀ ਤਰ੍ਹਾਂ ਤੋੜ੍ਹ ਦਿੱਤਾ ਸੀ। ਦੋ ਪੁੱਤਰੀਆਂ ਦੇ ਬਾਅਦ ਉਸ ਨੂੰ ਆਪਣਾ ਵੰਸ਼ ਵਧਾਉਣ ਲਈ ਵਾਰਿਸ ਚਾਹੀਦਾ ਸੀ। 

ਅਗਲੀ ਵਾਰ ਜਦ ਫਰੈਂਸਿਸ ਰੂਥ ਹਾਮਲਾ ਹੋਈ ਤਾਂ ਜੌਹਨ ਸਪੈਂਸਰ ਦੀਆਂ ਆਸਾਂ ਮੁੜ੍ਹ ਹਰੀਆਂ ਹੋ ਗਈਆਂ।  1 ਜੁਲਾਈ 1961 ਨੂੰ ਸ਼ਾਮ ਦੇ 7.45 ਮਿੰਟ 'ਤੇ ਪਾਰਕ ਹਾਉਸ, ਸੈਂਡਰਿੰਘਮ, ਨੌਰਫਲੋਕ, ਇੰਗਲੈਂਡ ਵਿਚ ਜਦੋਂ 7 ਪੌਂਡ 12 ਓਨਜ਼ ਦੀ ਇਕ ਹੋਰ ਕੰਨਿਆ ਨੇ ਜਨਮ ਲਿਆ ਤਾਂ ਪੁੱਤ ਦਾ ਮੂੰਹ ਦੇਖਣ  ਨੂੰ ਤਰਸਦੀਆਂ ਜੌਨੀ ਸਪੈਂਸਰ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਹਿ ਤੁਰੇ ਤੇ ਉਹ ਭੁੱਬਾਂ ਮਾਰ ਕੇ ਰੋ ਪਿਆ। ਜੌਨੀ ਸਪੈਂਸਰ ਦੇ ਮਨ ਵਿਚ ਰੋਸ ਐਨਾ ਸੀ ਕਿ ਕਈ ਦਿਨਾਂ ਤੱਕ ਉਸਨੇ ਆਪਣੀ ਸੱਜਰੀ ਔਲਾਦ ਦਾ ਮੂੰਹ ਤੱਕ ਨਾ ਦੇਖਿਆ। ਇਸ ਨਵਜਨਮੀ ਲੜਕੀ ਦਾ ਛੇ ਹਫਤੇ ਤੱਕ ਕੋਈ ਨਾਮ ਨਾ ਰੱਖਿਆ ਗਿਆ, ਕਿਉਂਕਿ ਜੌਨੀ ਅਤੇ ਉਸਦੀ ਪਤਨੀ ਫਰੈਂਸਿਸ ਨੇ ਕੇਵਲ ਲੜਕਿਆਂ ਵਾਲੇ ਨਾਮ ਹੀ ਸੋਚ ਕੇ ਰੱਖੇ ਹੋਏ ਸਨ। ਕੁੜੀ ਜੰਮਣ ਦੀ ਤਾਂ ਉਹਨਾਂ ਨੂੰ ਉਮੀਦ ਵੀ ਨਹੀਂ ਸੀ। ਅਖੀਰ ਰੱਬ ਦਾ ਭਾਣਾ ਮੰਨ ਕੇ ਸਪੈਂਸਰ ਜੋੜੇ ਨੇ ਆਪਣੀ ਲੜਕੀ ਦਾ ਨਾਮ ਬੈਡਬੋਰਡ ਦੀ ਡੱਚਿਜ਼ (ਡਿਊਕ ਦੀ ਪਤਨੀ), ਡਾਇਨਾ ਰੱਸਲ ਉਰਫ ਲੇਡੀ ਡਾਇਨਾ ਸਪੈਂਸਰ ਦੇ ਨਾਮ 'ਤੇ ਡਾਇਨਾ ਫਰੈਂਸਿਸ ਸਪੈਂਸਰ ਰੱਖ ਦਿੱਤਾ। ਘਰ ਵਿਚ ਡਾਇਨਾ ਨੂੰ ਛੋਟੇ ਨਾਮ ਡਾਈ ਤੇ ਡੱਚ ਨਾਲ ਪੁਕਾਰਿਆ ਜਾਂਦਾ ਸੀ। ਸੇਂਟ  ਮੈਰੀ ਮੈਗਡੇਲਨ ਗਿਰਜ਼ਾ ਘਰ, ਸੈਂਡਰਿੰਘਮ ਵਿਚ ਡਾਇਨਾ ਨੂੰ ਇਸਾਈ ਮੱਤ ਦੀ ਦੀਖਿਆ ਦੇ ਕੇ ਸ਼ੁੱਧੀਕਰਨ ਕੀਤਾ ਗਿਆ।

ਨੌ ਸਾਲ ਤੱਕ ਡਾਇਨਾ ਨੂੰ ਘਰੇਲੂ ਤਾਲੀਮ ਹੀ ਦਿੱਤੀ ਗਈ ਸੀ। ਫੇਰ 1968 ਵਿਚ ਰਿਡਲਸਵਰਥ ਹਾਲ ਵਿਚ ਉਸਨੂੰ ਪੜ੍ਹਨ ਭੇਜ ਦਿੱਤਾ ਗਿਆ। ਜਦੋਂ ਡਾਇਨਾ ਬਾਰਾਂ ਸਾਲਾਂ ਦੀ ਹੋਈ ਤਾਂ ਉਸਦੇ ਮਾਤਾ ਪਿਤਾ ਵਿਚਕਾਰ ਅਣਬਣ ਹੋ ਗਈ ਸੀ। ਤਕਰਾਰ ਤਾਂ ਡਾਇਨਾ ਦੇ ਜਨਮ ਤੋਂ ਹੀ ਰਹਿੰਦੀ ਸੀ, ਭਾਵੇਂ ਕਿ ਡਾਇਨਾ ਤੋਂ ਬਾਅਦ 20 ਮਈ 1964 ਨੂੰ ਇਕ ਡਾਇਨਾ ਦਾ ਭਰਾ ਚਾਰਲਸ ਸਪੈਂਸਰ ਵੀ ਪੈਦਾ ਹੋ ਗਿਆ ਸੀ। 

ਡਾਇਨਾ ਦੀ ਮਾਂ ਰੂਥ ਫਰੈਂਸਿਸ ਆਪਣੇ ਪ੍ਰੇਮੀ ਪੀਟਰ ਸ਼ੈਂਡਕਿੱਡ ਨਾਲ ਬੱਚਿਆਂ ਸਣੇ, ਘਰ ਛੱਡ ਕੇ ਭੱਜ ਗਈ। ਜਿਸ ਕਾਰਨ ਡਾਇਨਾ ਦੀ ਮਾਂ ਨੇ ਉਸਨੂੰ ਵੈਸਟ ਹੀਥ ਸਕੂਲ, ਸੈਵਨਓਕ, ਕੈਂਟ ਵਿਚ ਦਾਖਿਲ ਕਰਵਾ ਦਿੱਤਾ। 1969 ਵਿਚ ਡਾਇਨਾ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਤੇ ਡਾਇਨਾ ਦੇ ਪਿਤਾ ਨੇ ਆਪਣੀ ਅਮੀਰੀ ਦੇ ਬਲਬੂਤੇ ਬੱਚੇ ਵਾਪਿਸ ਲੈ ਲਿੱਤੇ ਸਨ। 9 ਜੂਨ 1975 ਨੂੰ ਜਦੋਂ ਡਾਇਨਾ ਦੇ ਪਿਤਾ ਨੂੰ ਅਰਲ (ਸਾਮੰਤ) ਦੀ ਪਦਵੀਂ ਪ੍ਰਾਪਤ ਹੋਈ ਤਾਂ ਉਸ ਨਾਲ ਆਪਣੇ ਆਪ ਡਾਇਨਾ ਤੇ ਉਸਦੀਆਂ ਭੈਣਾਂ ਨੂੰ ਲੇਡੀ ਦਾ ਲਕਬ ਤੇ ਉਸਦੇ ਭਰਾ ਚਾਰਲਸ ਸਪੈਂਸਰ ਨੂੰ ਲੌਰਡ ਖਿਤਾਬ ਵੀ ਮਿਲ ਗਿਆ ਸੀ।
ਡਾਇਨਾ ਦੇ ਪਿਤਾ ਨੇ ਵੀ ਮਗਰੋਂ ਮਸ਼ਹੂਰ ਰੋਮੈਟਿਕ ਨਾਵਲਿਸਟ ਬਾਬਰਾ ਕਾਰਟਲੈਂਡ ਅਤੇ ਅਲੈਗਜ਼ੈਂਡਰ ਮੈਕਕੋਕਿਊਡੇਲ ਦੀ ਬੇਟੀ ਰੈਨੀ ਲੈਗੀ ਮੈਕਕੋਕਿਊਡੇਲ ਨਾਲ 14 ਜੁਲਾਈ 1976 ਵਿਚ ਕੈਕਸਟਨਹਾਲ, ਲੰਡਨ ਸ਼ਾਦੀ ਕਰ ਲਈ ਸੀ। ਬਾਪ ਦੇ ਦੁਰਕਾਰ ਨਾਲ ਡਾਇਨਾ ਨੂੰ ਉਸਦੀ ਸੌਤੇਲੀ ਮਾਂ ਦੀਆਂ ਜ਼ਿਆਦਤੀਆਂ ਵੀ ਝੱਲਣੀਆਂ ਪੈਂਦੀਆਂ ਸਨ। ਡਾਇਨਾ ਆਪਣੇ ਤੋਂ ਛੋਟੇ ਆਪਣੇ ਭਰਾ ਚਾਰਲਸ ਸਪੈਂਸਰ ਦੀ ਮਾਵਾਂ ਵਾਂਗ ਦੇਖ ਭਾਲ ਕਰਿਆ ਕਰਦੀ ਸੀ। ਬੱਚਿਆਂ ਦੀ ਦੇਖਭਾਲ ਲਈ ਜੌਹਨ ਸਪੈਂਸਰ ਨੇ ਅਨੇਕਾਂ ਨੌਕਰਾਣੀਆਂ ਰੱਖੀਆਂ, ਜਿਨ੍ਹਾਂ ਨੂੰ ਨੈਨੀ ਕਿਹਾ ਜਾਂਦਾ ਸੀ। ਲੇਕਿਨ ਆਪਣੀ ਮਾਂ ਦੀ ਜਗ੍ਹਾ ਕਿਸੇ ਹੋਰ ਅੋਰਤ ਨੂੰ ਡਾਇਨਾ ਬਰਦਾਸ਼ਤ ਨਾ ਕਰਦੀ ਤੇ ਨੈਨੀਆਂ ਨੂੰ ਤੰਗ ਕਰਕੇ ਘਰੋਂ ਭਜਾ ਦਿੰਦੀ। ਇਸ ਨਾਲ ਬਚਪਨ ਤੋਂ ਹੀ ਡਾਇਨਾ ਦਾ ਸੁਭਾਅ ਵਿਦਰੋਹੀ ਬਣ ਗਿਆ ਸੀ।

1977 ਵਿਚ ਵੈਸਟ ਹੀਥ ਸਕੂਲ ਤੋਂ 16 ਸਾਲ ਦੀ ਉਮਰ ਤੱਕ ਨਿਕਲਦਿਆਂ ਡਾਇਨਾ ਕੋਲ ਕੋਈ ਵਧੇਰੇ ਵਿੱਦਿਅਕ ਯੋਗਤਾ ਨਹੀਂ ਸੀ। ਘਰੇਲੂ ਕਲੇਸ ਕਾਰਨ ਉਹ ਪੜ੍ਹਾਈ ਲਿਖਾਈ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਸੀ ਦੇ ਸਕੀ। ਜਿਸਦੇ ਫਲਸਰੂਪ ਦੋ ਵਾਰ ਓ ਲੈਵਲ ਦੇ ਇਮਤਿਹਾਨਾਂ ਵਿਚੋਂ ਉਹ ਫੇਲ ਹੋ ਗਈ ਸੀ। ਭਾਵੇਂ ਉਹ ਪੜ੍ਹਾਈ ਲਿਖਾਈ ਵਿਚ ਬਹੁਤ ਕਮਜ਼ੋਰ ਸੀ। ਪਰ ਸੰਗੀਤ ਅਤੇ ਖੇਡਾਂ ਵਿਚ ਪੂਰੀ ਦਿਲਚਸਪੀ ਲੈਂਦੀ ਸੀ। ਉਸਨੇ ਬੈਲੇ (Ballet) ਇਟੈਲੀਅਨ ਨ੍ਰਿਤ ਇਥੋਂ ਹੀ ਸਿੱਖਿਆ ਸੀ। ਡਾਇਨਾ ਲਈ ਉਚੇਰੀ ਤਾਲੀਮ ਦੇ ਰਸਤੇ ਖੋਲ੍ਹਣ ਲਈ ਉਸਨੂੰ ਸ਼ੇਟੀਊ ਡੀਓਕਸ ਸਕੂਲ, ਇੰਸੀਚਿਉਟ ਅਲਪਿੰਨ ਵਿਡੇਮੈਂਟੇ, ਰੋਜ਼ਮਾਉਂਟ, ਸਵਿਟਜ਼ਰਲੈਂਡ ਭੇਜ ਦਿੱਤਾ ਗਿਆ ਸੀ। ਉਥੋਂ ਵੀ ਉਹ ਪੜ੍ਹਣ ਵਿਚ ਨਾਲਾਇਕ ਹੋਣ ਕਰਕੇ ਪੜ੍ਹਾਈ ਜਾਰੀ ਨਾ ਰੱਖ ਸਕੀ ਤੇ ਥੋੜ੍ਹੇ ਮਹੀਨਿਆਂ ਬਾਅਦ ਹੱਟ ਕੇ ਵਾਪਿਸ ਇੰਗਲੈਂਡ ਆ ਗਈ ਸੀ।


ਲੰਡਨ 1978 ਵਿਚ ਆ ਕੇ ਡਾਇਨਾ ਆਪਣੀ ਮਾਤਾ ਦੇ ਘਰ ਲੰਡਨ ਵਿਚ ਰਹਿੰਦੀ ਰਹੀ। ਡਾਇਨਾ ਦੀ ਮਾਂ ਸਕਾਟਲੈਂਡ ਰਹਿੰਦੀ ਸੀ। ਡਾਇਨਾ ਪਾਰਟੀਆਂ 'ਤੇ ਬਹਿਰਿਆਂ ਨਾਲ ਕੰਮ ਜਾਂਦੀ ਜਾਂ ਆਪਣੀਆਂ ਭੈਣਾਂ ਦਾ ਗੋਲਪੁਣਾ ਕਰਕੇ ਗੁਜ਼ਾਰਾ ਕਰਦੀ। ਡਾਇਨਾ ਬੈਲੇਰੀਨਾ ਡਾਂਸਰ ਬਣਨਾ ਚਾਹੁੰਦੀ ਸੀ, ਲੇਕਿਨ ਲੰਮੇ ਕੱਦ ਦੀ ਵਜਾ ਕਾਰਨ ਉਸਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ ਤੇ ਉਹ ਨ੍ਰਿਤ ਸਿੱਖਾਉਣ ਲੱਗ ਪਈ। ਸਕੀਇੰਗ ਕਰਦਿਆਂ ਡਾਇਨਾ ਦੀ ਲੱਤ 'ਤੇ ਸੱਟ ਲੱਗ ਗਈ ਤੇ ਤਿੰਨ ਮਹੀਨੇ ਉਹ ਚੱਲ ਫਿਰ ਨਾ ਸਕੀ। ਇਸ ਨਾਲ ਉਸਦੀ ਡਾਂਸਰ ਸਿੱਖਿਅਕ ਵਾਲੀ ਨੌਕਰੀ ਛੁੱਟ ਗਈ ਸੀ।

ਡਾਇਨਾ ਦੇ ਅਠਾਰਵੇਂ ਜਨਮ ਦਿਨ ਦੇ ਤੋਹਫੇ ਵਜੋਂ ਉਸਦੇ ਪਿਤਾ ਨੇ £50,000 ਦਾ ਕੋਲੇਹਰਨੀਕੋਰਟ, ਅਰਲਜ਼ ਕੋਰਟ, ਲੰਡਨ ਵਿਚ ਘਰ ਖਰੀਦ ਕੇ ਦਿੱਤਾ। ਡਾਇਨਾ ਉਥੋਂ ਆਪਣੀਆਂ ਤਿੰਨ ਸਾਥਣਾਂ ਨਾਲ ਰਹਿ ਕੇ ਲੋਕਾਂ ਦੇ ਬੱਚੇ ਸੰਭਾਲਣ ਦਾ ਕੰਮ ਕਰਨ ਲੱਗ ਪਈ। ਜਿਸ ਸਦਕਾ ਉਸਨੂੰ ਯੰਗ ਇੰਗਲੈਂਡ ਸਕੂਲ, ਕਿੰਡਰਗਾਰਡਨ ਵਿਖੇ ਬੱਚਿਆਂ ਦੀ ਨਰਸਰੀ ਵਿਚ ਨੌਕਰੀ ਮਿਲ ਗਈ। ਤਿੰਨ ਦਿਨ ਉਹ ਸਕੂਲ ਵਿਚ ਕੰਮ ਕਰਦੀ ਤੇ  ਬਾਕੀ ਦਿਨ ਇਕ ਰੌਬਰਟਸਨ ਨਾਮ ਦੇ ਅਮਰੀਕਨ ਪਰਿਵਾਰ ਦਾ ਬੱਚਾ ਸੰਭਾਲਦੀ। 

ਅਖ਼ਬਾਰਾਂ ਅਤੇ ਟੈਲੀਵਿਜ਼ਨ 'ਤੇ ਸ਼ਾਹੀ ਘਰਾਣੇ ਦੇ ਚਸ਼ਮ ਚਿਰਾਗ ਸ਼ਹਿਜ਼ਾਦਾ ਚਾਰਲਸ ਨੂੰ ਦੇਖ ਕੇ ਡਾਇਨਾ ਉਸ 'ਤੇ ਫਿਦਾ ਹੋ ਗਏ ਤੇ ਸ਼ਹਿਜ਼ਾਦਾ ਚਾਰਲਸ ਨਾਲ ਵਿਆਹ ਕਰਵਾ ਕੇ ਵੇਲਜ਼ ਦੀ ਰਾਜਕੁਮਾਰੀ ਅਤੇ ਭਵਿੱਖ ਵਿਚ ਇੰਗਲੈਂਡ ਦੀ ਰਾਣੀ ਬਣਨ ਦਾ ਖੁਆਬ ਦੇਖਣ ਲੱਗ ਪਈ ਸੀ। 

***

ਰਾਜਕੁਮਾਰ


ਪ੍ਰਿੰਸ ਚਾਰਲਸ ਫਿਲਪ ਆਰਥਰ ਜੌਰਜ਼
ਮਲਕਾ ਇਲੀਜ਼ਬੈਥ-2 ਅਤੇ ਡਿਊਕ ਔਫ ਐਡਿਨਬਰਾ ਸ਼ਹਿਜ਼ਾਦਾ ਫਿਲਪ ਦੇ ਘਰ, ਪ੍ਰਿੰਸ ਚਾਰਲਸ ਫਿਲਪ ਆਰਥਰ ਜੌਰਜ਼ ਦਾ ਜਨਮ 14 ਦਸੰਬਰ 1948 ਨੂੰ ਬਕਿੰਘਮ ਮਹਿਲ, ਲੰਡਨ ਵਿਚ ਸ਼ਾਮ ਦੇ 9.45 ਵਜੇ ਹੋਇਆ ਸੀ। ਮਹਿਲ ਦੇ ਸੰਗੀਤ ਭਵਨ ਵਿਚ ਅਗਲੇ ਦਿਨ ਜੋਰਡਨ ਦਰਿਆ ਦੇ ਪਾਣੀ ਨਾਲ ਨਹਾ ਕੇ ਉਸਨੂੰ ਕੈਂਟਰਬਰੀ ਦੇ ਆਰਚਬਿਸ਼ਪ (ਵੱਡਾ ਧਰਮਅਧਿਅਕਸ਼), ਜ਼ੈਫਰੀ ਫਿਸ਼ਰ ਵੱਲੋਂ ਇਸਾਈ ਮੱਤ ਦੀ ਦਿਖਿਆ ਦਿੱਤੀ ਗਈ। ਨੌਰਵੇ ਦਾ ਰਾਜਾ ਉਸਦਾ ਨਾਨਾ ਅਤੇ ਨਾਨੀ ਮਹਾਰਾਣੀ ਮੈਰੀ ਉਸਦੇ ਧਰਮ ਮਾਤਾ ਪਿਤਾ ਬਣੇ। ਸ਼ਾਹੀ ਘਰਾਣੇ ਦੀ ਸੰਤਾਨ ਹੋਣ ਕਰਕੇ ਡਿਊਕ ਔਫ ਕੌਰਨਵਾਲ, ਡਿਊਕ ਔਫ ਰੌਥਸੇਅ, ਅਰਲ ਔਫ ਕਰਿੱਕ, ਬੈਰਨ ਔਫ ਰੈਨਫਰਿਊ, ਲੌਰਡ ਔਫ ਆਇਲਜ਼ ਅਤੇ ਗਰੇਟ ਸਟੈਅਰਡ ਔਫ ਸਕੌਟਲੈਂਡ ਆਦਿਕ ਅਨੇਕਾਂ ਲਕਬ ਉਸ ਦੇ ਨਾਮ ਨਾਲ ਜੋੜ ਦਿੱਤੇ ਗਏ ਸਨ। 2 ਜੂਨ 1953 ਨੂੰ ਆਪਣੀ ਮਾਤਾ ਇਲੀਜ਼ਬੈੱਥ-2 ਦੇ ਰਾਜ ਤਿਲਕ ਸਮੇਂ ਵੈਸਟਰਮਿਨਸਟਰ ਐਬੀ (ਇੰਗਲੈਂਡ ਦਾ ਪ੍ਰਸਿੱਧ ਅਤੇ ਵੱਡਾ ਗਿਰਜਾਘਰ) ਵਿਚ ਪ੍ਰਿੰਸ ਚਾਰਲਸ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਸੀ।

ਵੇਲਜ਼, ਇੰਗਲੈਂਡ ਦੇ ਰਾਜ-ਪ੍ਰਬੰਧ ਅਧੀਨ ਹੋਣ ਕਰਕੇ 1958 ਵਿਚ ਪ੍ਰਿੰਸ ਚਾਰਲਸ ਉਦੋਂ ਦਸ ਸਾਲ ਦਾ ਸੀ, ਜਦੋਂ ਉਸਨੂੰ ਹਿੱਜ਼ ਰੌਇਲ ਹਾਈਨੈੱਸ ਪ੍ਰਿੰਸ ਔਫ ਵੇਲਜ਼ ਦੇ ਲਕਬ ਨਾਲ ਨਿਵਾਜ਼ਿਆ ਗਿਆ ਸੀ। ਹਿੱਲ ਹਾਊਸ ਸਕੂਲ, ਲੰਡਨ ਨਰਸਰੀ ਕਰਨ ਉਪਰੰਤ ਪ੍ਰਿੰਸ ਚਾਰਲਸ, ਆਪਣੇ ਪਿਤਾ ਪ੍ਰਿੰਸ ਫਿਲਪ ਵਾਂਗ ਬਰਕਸ਼ਾਇਰ ਦੇ ਸ਼ੀਅਮ ਪ੍ਰੈੱਪਟੇਰੀ ਸਕੂਲ ਅਤੇ ਸਕੌਟਲੈਂਡ ਦੇ ਗੋਰਡਸਟਨ ਸਕੂਲ ਵਿਚ ਪੜ੍ਹਿਆ ਸੀ। ਸ਼ਾਹੀ ਦਸਤੂਰ ਮੁਤਾਬਕ ਉਸਨੂੰ ਗੀਅਲੌਨ ਗਰਾਮਰ ਸਕੂਲ, ਵਿਕਟੋਰੀਆ, ਅਸਟਰੇਲੀਆ ਸਿੱਖਿਆ ਪ੍ਰਾਪਤ ਕਰਨ ਭੇਜ ਦਿੱਤਾ ਗਿਆ ਸੀ। ਪ੍ਰਿੰਸ ਚਾਰਲਸ ਪੜ੍ਹਾਈ ਵਿਚ ਹੁਸ਼ਿਆਰ ਸੀ। ਸਕੈਂਡਰੀ ਵਿੱਦਿਆ ਹਾਸਿਲ ਕਰਨ ਲਈ ਉਹ ਟਰੀਨਿਟੀ ਕਾਲਜ, ਕੈਂਬਰਿਜ਼ ਯੂਨੀਵਰਸਿਟੀ, ਲੰਡਨ ਗਿਆ। ਜਿਥੇ ਉਸਨੇ ਇਕ ਸਾਲ ਮਾਨਵ ਵਿਗਿਆਨ, ਪ੍ਰਾਚੀਨ ਸ਼ਿਲਪ ਵਿਗਿਆਨ ਅਤੇ ਇਤਿਹਾਸ ਆਦਿ ਵਿਸ਼ਿਆ ਦੀ ਪੜ੍ਹਾਈ ਕੀਤੀ।  ਜਦੋਂ ਉਹ 1967 ਵਿਚ ਸਕੂਲੋਂ ਨਿਕਲਿਆ ਤਾਂ ਉਸ ਕੋਲ ਸੱਤ ਜੀ. ਸੀ. ਈ. ਓ ਲੈਵਲ ਸਨ। ਉਸ ਤੋਂ ਬਾਅਦ ਇਕ ਸਾਲ ਉਹ ਯੂਨੀਵਰਸਿਟੀ ਕਾਲਜ ਔਫ ਵੇਲਜ਼, ਐਬਰੀਸਵਿਥ ਗਿਆ ਤੇ ਉਸਨੇ ਇਤਿਹਾਸ ਅਤੇ ਫਰੈਂਚ ਦੇ ਦੋ ਏ ਲੈਵਲ ਪਾਸ ਕੀਤੇ। 23 ਜੂਨ 1970 ਵਿਚ ਕੈਂਬਰਿਜ਼ ਤੋਂ ਬੀ. ਏ. ਕਰਨ ਮਗਰੋਂ ਪ੍ਰਿੰਸ ਚਾਰਲਸ ਰੌਇਲ ਏਅਰ ਫੋਰਸ ਵਿਚ ਭਰਤੀ ਹੋ ਗਿਆ। ਰੌਇਲ ਏਅਰ ਫੋਰਸ ਕਾਲਜ, ਕਰੈਨਵੈੱਲ ਤੋਂ ਜਹਾਜ਼ ਉਡਾਉਣੇ ਸਿੱਖ ਕੇ ਉਹ 8 ਮਾਰਚ 1971 ਨੂੰ ਪਾਇਲਟ ਬਣ ਗਿਆ। ਮਿਜ਼ਾਇਲਾਂ ਨਸ਼ਟ ਕਰਨ ਵਾਲੇ ਜੈੱਟ ਐਚ. ਐਮ. ਐਸ. ਨੌਰਫਲੌਕ (1971-1972), ਐਚ. ਐਮ. ਐਸ. ਮਨੀਰਵਾ (1972-1973), ਐਚ. ਐਮ. ਐਸ. ਜੂਪੀਟਰ (1974) ਅਤੇ ਯਿਓਵੀਲਟਨ ਹੈਲੀਕਪਟਰ ਉਡਾਉਣ ਦੀ ਟਰੈਨਿੰਗ ਵੀ ਚਾਰਲਸ ਨੇ ਸਫਲਤਾਪੂਰਵਕ ਮੁਕੰਮਲ ਕੀਤੀ। 2 ਅਗਸਤ 1975 ਵਿਚ ਕੈਂਬਰਿਜ਼ ਯੂਨੀਵਰਸਿਟੀ ਤੋਂ ਐਮ. ਏ. ਕਰਨ ਮਗਰੋਂ 9 ਫਰਵਰੀ ਨੂੰ ਉਸਨੇ 1976 ਵਿਚ ਐਚ. ਐਮ. ਬਰੋਇੰਘਟਨ ਦੀ ਕਮਾਂਡ ਸੰਭਾਲੀ। ਉਹ ਚਿੱਪਮੈਂਕ, ਬੀ. ਏ. ਸੀ ਜੈੱਟ ਅਤੇ ਮਲਕਾ ਦਾ ਘਰੇਲੂ ਹਵਾਈ ਜਹਾਜ਼ ਬੀ. ਏ. ਈ. 146 ਅਕਸਰ ਉਡਾਉਂਦਾ ਰਹਿੰਦਾ ਸੀ। ਸੋਲ੍ਹਾਂ ਸਾਲ ਦੀ ਉਮਰ ਵਿਚ ਪ੍ਰੈਸ ਅਤੇ ਲੌਰਡ ਮਾਊਂਟਬੈਟਨ ਨੇ ਪਿੰ੍ਰਸ ਚਾਰਲਸ ਨੂੰ ਲਾਇਮ ਲਾਇਟ ਵਿਚ ਲਿਆ ਦਿੱਤਾ ਸੀ।

ਪ੍ਰਿੰਸ ਚਾਰਲਸ ਉਦੋਂ ਅਜੇ ਸੋਲ੍ਹਾਂ ਸਾਲਾਂ ਦਾ ਸੀ, ਜਦੋਂ ਉਸਦਾ ਦਿਲ ਲੌਰਡ ਮਾਊਂਟਬੈਟਨ ਦੀ ਦੋਹਤੀ ਅਮੈਂਡਾ ਕਨੈੱਚਬੁੱਲ (26 ਜੂਨ 1957) 'ਤੇ ਦਿਲ ਆ ਗਿਆ ਸੀ। ਪ੍ਰਿੰਸ ਚਾਰਲਸ, ਜਵਾਨ, ਅਮੀਰ ਤੇ ਸ਼ਾਹੀ ਖਾਨਦਾਨ ਵਿਚੋਂ ਹੋਣ ਦੇ ਨਾਲ ਨਾਲ ਸੋਹਣਾ ਵੀ ਸੀ। ਅਮੈਂਡਾ ਵੀ ਪ੍ਰਿੰਸ ਚਾਰਲਸ ਨੂੰ ਪਿਆਰ ਕਰਨ ਤੋਂ ਆਪਣੇ ਆਪ ਨੂੰ ਵਰਜ਼ ਨਾ ਸਕੀ। 1974 ਵਿਚ ਪ੍ਰਿੰਸ ਚਾਰਲਸ ਅਮੈਂਡਾ ਦੀ ਮਾਂ ਪਟਰੀਸ਼ਾਂ ਬਾਰਬੋਰਨ ਕੋਲ ਅਮੈਂਡਾ ਨਾਲ ਵਿਆਹ ਦਾ ਪ੍ਰਸਤਾਵ ਲੈ ਕੇ ਗਿਆ ਸੀ। ਪਟਰੀਸ਼ਾਂ ਨੇ ਪੁੱਤਰੀ ਦੇ ਨਾਬਾਲਗ ਹੋਣ ਕਰਕੇ ਗੱਲ ਟਾਲ ਦਿੱਤੀ ਸੀ ਤੇ ਇਸ ਬਾਰੇ ਆਪਣੇ ਪਿਤਾ ਲੌਰਡ ਮਾਊਂਟਬੈਟਨ ਕੋਲ ਜ਼ਿਕਰ ਕਰ ਦਿੱਤਾ ਸੀ। 

ਲੌਰਡ ਮਾਊਟਬੈਟਨ ਨਾਲ ਪ੍ਰਿੰਸ ਚਾਰਲਸ ਦੀ ਦਾਦਕੇ ਅਤੇ ਨਾਨਕਿਆਂ ਵੱਲੋਂ ਇਕੋ ਜਿਹੀ ਅਤੇ ਦੂਹਰੀ ਸਕੀਰੀ ਸੀ। ਦਰਅਸਲ ਦੋਨੋਂ ਖਾਨਦਾਨ ਮਲਕਾ ਵਿਕਟੋਰੀਆ ਦੇ ਵੰਸ਼ਜ਼ ਹੀ ਸਨ। ਮਲਕਾ ਅਲੈਗਜ਼ੈਂਡਰੀਨਾ ਵਿਕਟੋਰੀਆ ਦੇ ਪੁੱਤ ਐਡਵਰਡ (7ਵੇਂ) ਦੇ ਪੋਤੇ ਜੌਰਜ਼ (6ਵੇਂ) ਦੀ ਲੜਕੀ ਇਲੀਜ਼ਬੈਥ-2 ਯਾਨੀ ਪ੍ਰਿੰਸ ਚਾਰਲਸ ਦੀ ਮਾਂ ਸੀ। ਐਡਵਰਡ (7ਵੇਂ) ਦੀ ਸਕੀ ਭੈਣ ਸ਼ਹਿਜ਼ਾਦੀ ਐਲਾਇਸ ਦੀ ਬੇਟੀ ਪ੍ਰਿੰਸ ਵਿਕਟੋਰੀਆ ਬੈਟਨਬਰਗ ਤੇ ਰਾਜਕੁਮਾਰ ਅਲੈਗਜ਼ੈਂਡਰ ਮਾਊਂਟਬੈਟਨ ਦਾ ਪੁੱਤਰ ਸੀ, ਲੌਰਡ ਲੂਈਸ ਮਾਊਂਟਬੈਟਨ। ਪ੍ਰਿੰਸ ਚਾਰਲਸ ਦੇ ਪਿਤਾ ਪ੍ਰਿੰਸ ਫਿਲਪ ਦੀ ਮਾਂ ਐਲਾਇਸ ਐਂਡਰੂ ਔਫ ਗਰੀਸ, ਪ੍ਰਿੰਸੈਸ ਵਿਕਟੋਰੀਆ ਬੈਟਨਬਰਗ ਦੀ ਪੁੱਤਰੀ ਸੀ। ਯਾਨੀ ਲੂਇਸ ਮਾਊਂਟਬੈਟਨ, ਪ੍ਰਿੰਸ ਫਿਲਪ ਦਾ ਸਕਾ ਮਾਮਾ ਲੱਗਦਾ ਸੀ। ਇਸ ਲਈ ਸਾਰੇ ਲੌਰਡ ਮਾਊਂਟਬੈਟਨ ਨੂੰ 'ਅੰਕਲ ਡਿੱਕੀ' ਆਖਦੇ ਸਨ।

ਲੌਰਡ ਮਾਊਂਟਬੈਟਨ ਨੇ ਜਵਾਨ ਹੋ ਰਹੇ ਪ੍ਰਿੰਸ ਚਾਰਲਸ ਨੂੰ ਸਲਾਹ ਦਿੱਤੀ ਸੀ, "ਤੂੰ ਬਹੁਤ ਖੁਸ਼ਕਿਸਮਤ ਹੈ ਕਿ ਰਾਜ ਘਰਾਣੇ ਵਿਚ ਜਨਮਿਆ ਹੈਂ। ਰੱਜ ਕੇ ਐਸ ਕਰ ਤੇ ਜਿੰਨੀਆਂ ਵੱਧ ਤੋਂ ਵੱਧ ਔਰਤਾਂ ਭੋਗ ਸਕਦਾ ਹੈਂ। ਭੋਗ... ਜ਼ਿੰਦਗੀ ਦਾ ਲੁਤਫ ਲੈ।... ਮੇਰੇ ਵੱਲ ਦੇਖ ਜਦ ਮੈਂ ਇੰਡੀਆ ਦਾ ਵਾਇਸਰੌਏ ਤੇ ਗਵਰਨਰ ਜਨਰਲ ਸੀ ਤਾਂ ਆਪਣੇ ਬਿਸਤਰੇ 'ਤੇ ਨਿੱਤ ਨਵੀਂ ਕਲੀ ਮਸਲਦਾ ਹੁੰਦਾ ਸੀ। ਮੇਰਾ ਰਿਕਾਰਡ ਰਿਹਾ ਹੈ ਕਿ ਮੈਂ ਇਕ ਵਾਰ ਭੋਗਣ ਬਾਅਦ ਦੁਬਾਰਾ ਉਸ ਇਸਤਰੀ ਨੂੰ ਹੱਥ ਨਹੀਂ ਸੀ ਲਾਉਂਦਾ। ਨਿੱਤ ਨਵੀਨਤਾ ਤੇ ਤਾਜ਼ਗੀ ਮੈਨੂੰ ਚੰਗੀ ਲੱਗਦੀ ਹੈ।... ਤੂੰ ਤਾਂ ਰਾਜਕੁਮਾਰ ਹੈਂ। ਮਲਕਾ ਵਿਕਟੋਰੀਆ ਦੀ ਸੰਤਾਨ ਹਾਂ ਆਪਾਂ। ਤੇਰੇ ਪੁਰਖਾਂ ਨੇ ਦੁਨੀਆਂ 'ਤੇ ਰਾਜ ਕੀਤਾ ਹੈ। ਦੁਨੀਆ ਗਾਹ... ਸਾਰੇ ਸੰਸਾਰ ਦੀਆਂ ਤੁਹਾਡੀਆਂ ਗੁਲਾਮ ਰਹਿ ਚੁੱਕੀਆਂ ਕੌਮਾਂ ਅਤੇ ਮੁਲਖਾਂ ਦੀਆਂ ਔਰਤਾਂ ਦਾ ਹੁਸਨ ਮਾਣ। ਫੇਰ ਪੱਕੜ ਉਮਰ ਹੋਣ ਤੋਂ ਪਹਿਲਾਂ ਸੋਹਣੀ, ਸ਼ਰੀਫ ਤੇ ਅਣਲੱਗ ਖਾਨਦਾਨੀ ਕੁੜੀ ਲੱਭ ਕੇ ਵਿਆਹ ਕਰਵਾ ਲਵੀਂ। ਅਜੇ ਵਿਆਹ ਲਈ ਤੇਰੇ ਕੋਲ ਬਹੁਤ ਸਮਾਂ ਹੈ। ਦਿਲ ਖੋਲ੍ਹ ਕੇ ਅਯਾਸ਼ੀ ਕਰ।" 

ਲੌਰਡ ਮਾਊਂਟਬੈਟਨ ਨੇ ਆਪਣੇ ਹੈਂਪਸ਼ਾਇਰ ਪੇਂਡੂ ਇਲਾਕੇ ਵਿਚ ਸਥਿਤ ਆਪਣੇ ਘਰ ਦੀ ਚਾਬੀ ਵੀ ਪ੍ਰਿੰਸ ਚਾਰਲਸ ਨੂੰ ਅਯਾਸੀ ਕਰਨ ਵਾਸਤੇ ਦੇ ਦਿੱਤੀ ਸੀ। ਸ਼ਹਿਜ਼ਾਦਾ ਚਾਰਲਸ ਹਰ ਸਪਤਾਹ-ਅੰਤ 'ਤੇ ਆਪਣੀ ਕਿਸੇ ਨਾ ਕਿਸੇ ਪ੍ਰੇਮੀਕਾ ਨੂੰ ਮਾਊਂਟਬੈਟਨ ਦੇ ਘਰ ਲਿਜਾ ਕੇ ਬਿਸਤਰ ਕਰਤੱਵ ਕਰਦਾ ਤੇ ਭੋਗ ਵਿਲਾਸ ਦੀਆਂ ਮਹਿਫਲਾਂ ਸਜਾਉਂਦਾ।

ਸਪੇਨ ਵਿਚ ਬ੍ਰਤਾਨਵੀ ਰਾਜਦੂਤ ਦੀ ਲੜਕੀ ਜੌਰਜ਼ੀਨੀਆ ਰਸਲ, ਲੈਡੀ ਜੇਨ ਵੈੱਲਸਲੀ, ਡਵੀਨਾ ਸ਼ੈਫਫੀਲਡ, ਮਾਡਲ ਪੀਓਨਾ ਵਾਟਸਨ, ਅਭਿਨੇਤਰੀ ਸੂਜ਼ਨ ਜੌਰਜ਼, ਲਕਸਮਬਰਗ ਦੀ ਮਰੀਅ-ਐਸਟਰੀਡ, ਡੇਲ ਟਰੀਓਨ, ਜੈਨਟ ਜੈਕਿਨਜ਼, ਜੇਨ ਵਾਰਡ ਤੋਂ ਇਲਾਵਾਂ ਸੈਂਕੜੇ ਲੜਕੀਆਂ ਨਾਲ ਸ਼ਹਿਜ਼ਾਦਾ ਚਾਰਲਸ ਰਾਸ ਰਚਾ ਚੁੱਕਾ ਸੀ। ਲੇਕਿਨ ਫੇਰ ਵੀ ਉਹ ਅਮੈਂਡਾ ਦਾ ਇਸ਼ਕ ਦਿਲ ਵਿਚੋਂ ਨਹੀਂ ਸੀ ਕੱਢ ਸਕਿਆ। ਅਖੀਰ ਲੌਰਡ ਮਾਊਂਟਬੈਟਨ  ਇਸ ਰਿਸ਼ਤੇ ਲਈ ਮੰਨ ਗਿਆ। ਲੌਰਡ ਮਾਊਂਟਬੈਟਨ ਨੇ 1980 ਵਿਚ ਭਾਰਤ ਯਾਤਰਾ ਲਈ ਜਾਣਾ ਸੀ ਤੇ ਉਸਨੇ ਅਮੈਂਡਾ ਅਤੇ ਚਾਰਲਸ ਦੀ ਨੇੜ੍ਹਤਾ ਵਧਾਉਣ ਲਈ ਉਨ੍ਹਾਂ ਦੋਨਾਂ ਨੂੰ ਵੀ ਆਪਣੇ ਨਾਲ ਜਾਣ ਲਈ ਤਿਆਰ ਕਰ ਲਿਆ ਸੀ। ਬਦਕਿਸਮਤੀ ਨਾਲ ਇਹ ਮਨਸੂਬਾ ਸਿਰੇ ਨਾ ਚੜ੍ਹ ਸਕਿਆ, ਕਿਉਂਕਿ 1979 ਵਿਚ ਆਈ. ਆਰ. ਏ. (Irish Republican Army -ਆਇਰਲੈਂਡ ਦੀ ਅੱਤਵਾਦੀ ਜੱਥੇਬੰਦੀ) ਵੱਲੋਂ ਮੁਲਗਮੋਰ, ਆਇਰਲੈਂਡ ਵਿਖੇ ਲੌਰਡ ਮਾਊਂਟਨ ਦੀ ਕਿਸ਼ਤੀ ਸ਼ੇਡੋ-5 ਵਿਚ ਬੰਬ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਵਿਚ ਲੌਰਡ ਮਾਉਂਟਬੈਟਨ, ਉਸਦਾ 14 ਸਾਲਾ ਦੋਹਤਾ ਨਿਕਲਸ ਅਤੇ 82 ਸਾਲਾ ਕੁੜਮਣੀ ਲੇਡੀ ਬਰਾਬੋਰਨ ਵੀ ਮਾਰੇ ਗਏ ਸਨ। ਇਹ ਹਮਾਲਾ 31 ਸਾਲਾ ਥੌਮਸ ਮੈਕਮਾਹੋਨ (ਗੁੱਡ -ਫਰਾਈਡੇਅ ਸਮਝੌਤੇ ਤਹਿਤ 1998 ਨੂੰ ਮੈਕਮਾਹੋਨ ਨੂੰ ਰਿਹਾਅ ਕਰ ਦਿੱਤਾ ਗਿਆ ਸੀ।) ਵੱਲੋਂ ਇੰਗਲੀਸ਼ਾਂ ਵੱਲੋਂ ਆਇਰਲੈਂਡ 'ਤੇ ਕਬਜ਼ੇ ਦੇ ਰੋਸ ਵਜੋਂ ਕੀਤਾ ਗਿਆ ਸੀ।

ਲੌਰਡ ਮਾਊਂਟਬੈਟਨ ਦੀ ਮੌਤ ਤੋਂ ਬਾਅਦ ਚਾਰਲਸ ਨੇ ਮੁੜ੍ਹ ਅਮੈਂਡਾ (ਲੇਡੀ ਅਮੈਂਡਾ ਨੇ ਚਾਰਲਸ ਵਿਨਸੈਂਟ ਇਲਿੰਗਵਰਥ ਨਾਲ 1987 ਵਿਚ ਵਿਆਹ ਕਰਵਾ ਲਿਆ ਸੀ।) ਨਾਲ ਵਿਆਹ ਦੀ ਗੱਲ ਛੇੜੀ ਸੀ, ਲੇਕਿਨ ਅਮੈਂਡਾ ਨੇ ਸਿਆਸਤ ਅਤੇ ਰਾਜਸੱਤਾ ਤੋਂ ਦੂਰ ਰਹਿਣ ਦੇ ਇਰਾਦੇ ਨਾਲ ਇਸ ਪ੍ਰਸਤਾਵ ਨੂੰ ਅਸਵਿਕਾਰ ਕਰ ਦਿੱਤਾ ਸੀ, ਕਿਉਂਕਿ ਰਾਜਨੀਤੀ ਕਾਰਨ ਉਹ ਆਪਣਾ ਨਾਨਾ, ਭਰਾ ਅਤੇ ਦਾਦੀ ਗਵਾਅ ਚੁੱਕੀ ਸੀ। ਪ੍ਰਿੰਸ ਫਿਲਪ ਨੇ ਵੀ ਸਕੀਰੀ ਹੋਣ ਕਰਕੇ ਇਸ ਰਿਸ਼ਤੇ ਦਾ ਵਿਰੋਧ ਕੀਤਾ ਸੀ। ਇਸ ਨਾਲ ਪ੍ਰਿੰਸ ਚਾਰਲਸ ਟੁੱਟ ਗਿਆ ਸੀ ਤੇ ਉਸਦੇ ਵਿਆਹ ਲਈ ਯੋਗ ਲੜਕੀ ਦੀ ਤਲਾਸ਼ ਜਾਰੀ ਹੋ ਗਈ ਸੀ। ਪ੍ਰਿੰਸ ਚਾਰਲਸ ਕੁਵਾਰਾ ਜੀਵਨ ਤਿਆਗ ਕੇ ਵਿਆਹ ਦੇ ਸੁਪਨੇ ਦੇਖਣ ਲੱਗ ਪਿਆ ਸੀ।

No comments:

Post a Comment