ਪਹਿਲੀ ਮੁਲਾਕਾਤ ਤੇ ਪਹਿਲੀ ਚੁੰਮੀ
ਮੈਨੂੰ ਅੱਜ ਵੀ ਕਿਸੇ ਸੱਜਰੇ ਲਮਹੇ ਵਾਂਗ ਚੰਗੀ ਤਰ੍ਹਾਂ ਯਾਦ ਹੈ ਉਹ ਦਿਨ, ਜਦੋਂ ਮੈਂ ਪਹਿਲੀ ਵਾਰ ਅਰਿਸਟੋਕਰੈਟ ਅਲਥਰੋਪ ਦੇ ਅੱਠਵੇਂ ਅਰਲ ਐਡਵਰਡ ਜੌਹਨ ਸਪੈਂਸਰ ਦੀ ਸਪੁੱਤਰੀ ਲੇਡੀ ਡਾਇਨਾ ਫਰੈਂਸਿਸ ਮਾਊਂਟਬੈਟਨ ਵਿਨਸਡਰ ਨੂੰ ਦੇਖਿਆ ਸੀ। ਅੱਲੜ, ਸੋਹਲ, ਸੰਗਾਊ, ਸ਼ਰਮਾਕਲ ਕਿਸਮ ਦੀ ਛੂਹੀ-ਮੂਈ ਜਿਹੀ ਮੁਟਿਆਰ। 1981 ਦੀਆਂ ਗਰਮੀਆਂ ਦੀ ਰੁੱਤ ਸੀ ਉਹ। ਮੇਰਾ ਖਿਆਲ ਹੈ ਡਾਇਨਾ ਦੇ ਵਿਆਹ ਤੋਂ ਹਫਤਾ ਪਹਿਲਾਂ ਦੀ ਘਟਨਾ ਹੈ। ਉਹ ਟਿੱਡਵਰਥ ਪੋਲੋ ਦੇਖ ਰਹੀ ਸੀ। ਮੈਂ ਘੋੜ-ਸਵਾਰ ਥਲ ਸੈਨਾ ਅਤੇ ਸ਼ਹਿਜ਼ਾਦਾ ਚਾਰਲਸ ਜਲ ਸੈਨਾ ਵੱਲੋਂ ਰੰਡਲ ਕੱਪ ਦਾ ਮੈਚ ਖੇਡ ਰਹੇ ਸੀ। ਬਹੁਤ ਸਾਰੀ ਪ੍ਰੈਸ ਅਤੇ ਮੀਡੀਆ ਉਥੇ ਮਾਜੌਦ ਸੀ। ਡਾਇਨਾ ਮੈਚ ਦੇਖਣ ਲਈ ਬਣੇ ਲੋਹੇ ਦੀਆਂ ਜਾਲੀਆਂ ਵਾਲੇ ਪੰਜਰਾਨੁਮਾ ਡੱਬੇ ਵਿਚ ਬੈਠੀ ਆਪਣੇ ਆਪ ਨੂੰ ਅਣਸੁਖਾਵਾਂ ਤੇ ਅਸੁਵਿਧਾਜਨਕ ਮਹਿਸੂਸ ਕਰ ਰਹੀ ਸੀ। ਯਕੀਨਨ ਉਸਨੂੰ ਸੱਜਰੇ ਪ੍ਰਾਪਤ ਹੋਏ ਸਿਤਾਰਾਵਾਦ ਅਤੇ ਸ਼ੁਹਰਤ ਨਾਲ ਨਜਿੱਠਣ ਦੀ ਜਾਚ ਹਾਲੇ ਨਹੀਂ ਸੀ ਆਈ। ਨਾ ਹੀ ਉਹ ਇਸਦੀ ਆਦੀ ਸੀ। ਉਹ ਇੰਗਲੈਂਡ ਦੀ ਮਲਕਾ ਇਲਿਜ਼ਬੈਥ-2 ਦੀ ਨੂੰਹ ਬਣਨ ਜਾ ਰਹੀ ਸੀ। ਇੰਗਲੈਂਡ ਦੀ ਰਾਜਗੱਦੀ ਦਾ ਅਗਲਾ ਦਾਵੇਦਾਰ ਰਾਜਕੁਮਾਰ ਚਾਰਲਸ ਉਸਦਾ ਸ਼ਰੀਕ-ਏ-ਹਿਯਾਤ ਬਣਨ ਜਾ ਰਿਹਾ ਸੀ। ਬ੍ਰਤਾਨਵੀ ਮੀਡੀਏ ਲਈ ਇਹ ਸਭ ਤੋਂ ਵੱਡੀ ਖ਼ਬਰ ਸੀ।
ਪੋਲੋ ਖੇਡਦਿਆਂ ਕਈ ਵਾਰ ਸਾਡੀਆਂ ਨਜ਼ਰਾਂ ਮਿਲੀਆਂ। ਹਰ ਵਾਰ ਡਾਇਨਾ ਮੈਥੋਂ ਪਹਿਲਾਂ ਆਪਣੀਆਂ ਨਿਗਾਹਾਂ ਝੁੱਕਾ ਲੈਂਦੀ। ਮੇਰੇ ਦਿਲ ਵਿਚ ਇਕ ਟੀਸ ਜਿਹੀ ਉੱਠਦੀ। ਉਸਦੀਆਂ ਨੀਲੀਆਂ ਬਲੌਰੀ ਅੱਖਾਂ ਵਿਚ ਕੋਈ ਵਿਸ਼ੇਸ਼ ਜਿਹੀ ਕਸ਼ਿਸ਼ ਸੀ। ਉਸਦੀ ਤੱਕਣੀ ਵਿਚਲਾ ਤਲਿਸਮ ਮੈਨੂੰ ਚੂੰਬਕ ਦੇ ਲੋਹਾ ਖਿੱਚਣ ਵਾਂਗ ਉਸ ਵੱਲ ਆਕਰਸ਼ਿਤ ਕਰਦਾ ਸੀ।
ਫੋਟੋਗ੍ਰਾਫਰਾਂ ਦੀ ਹੇੜ੍ਹਾਂ ਉਸ ਦੀਆਂ ਤਸਵੀਰਾਂ ਖਿੱਚਣ ਤੋਂ ਬਾਜ਼ ਨਹੀਂ ਸਨ ਆ ਰਹੀਆਂ। ਉਸਦੀਆਂ ਤਸਵੀਰਾਂ ਖਿੱਚਣ ਦੀ ਤਾੜ ਵਿਚ ਹਜ਼ਾਰਾਂ ਫੋਟੋਗ੍ਰਾਫਰ ਬੈਠੇ ਸਨ। ਜਦੋਂ ਵੀ ਮੌਕਾ ਮਿਲਦਾ ਉਹ ਖੁੰਝਣ ਨਾ ਦਿੰਦੇ। ਫੋਟੋਗ੍ਰਾਫਰਾਂ ਤੋਂ ਤੰਗ ਹੋ ਕੇ ਉਹ ਅਚਾਨਕ ਰੋਣ ਲੱਗ ਪਈ ਤੇ ਭੱਜ ਕੇ ਆਪਣੀ ਕਾਰ ਵਿਚ ਜਾ ਵੜੀ। ਉਸ ਲਈ ਹੋਰ ਬਰਦਾਸ਼ਤ ਕਰਨਾ ਕਠਿਨ ਹੋ ਗਿਆ ਸੀ। ਮੈਨੂੰ ਉਸ ਵਿਚਾਰੀ ਲਈ ਤਰਸ ਤੇ ਫੋਟੋਗ੍ਰਾਫਰਾਂ ਲਈ ਬੜਾ ਗੁੱਸਾ ਆਇਆ ਸੀ।
ਉਸ ਤੋਂ ਪੂਰੇ ਪੰਜ ਸਾਲ ਬਾਅਦ ਮੈਂ ਡਾਇਨਾ ਨੂੰ ਬਕਿੰਘਮ ਮਹੱਲ ਵਿਚ ਦੇਖਿਆ ਸੀ। ਮੈਨੂੰ ਉਸ ਵਕਤ ਇਲਮ ਨਹੀਂ ਸੀ ਕਿ ਉਹ ਦਿਹਾੜਾ ਸਾਡੀ ਦੋਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ। ਇਹ ਵੀ ਕਿਸਮਤ ਦਾ ਖੇਲ ਸੀ ਕਿ ਮੈਂ ਉਸ ਵਕਤ ਬਾਦਸ਼ਾਹਤ ਦੀ ਰੱਖਿਆ ਲਈ ਜ਼ਿੰਮੇਵਾਰੀ ਸੀ। ਮੈਂ ਹਾਉਸਹੋਲਡ ਡਵਿਜ਼ਨ ਯਾਨੀ ਮਲਕਾ ਇਲਿਜ਼ਬੈਥ-2 ਦੀ ਘਰੇਲੂ ਫੌਜੀ ਟੁਕੜੀ ਦਾ ਸਟਾਫ ਕਪਤਾਨ ਸੀ। ਬਕਿੰਘਮ ਪੈਲਿਸ, ਵਾਇਟਹਾਲ, ਸੇਂਟ ਜੇਮਜ਼ ਮਹੱਲ, ਵਿੰਨਸਡਰ ਕਿਲ੍ਹੇ ਅਤੇ ਟਾਵਰ ਔਫ ਲੰਡਨ ਦੀ ਸੁਰੱਖਿਆ ਲਈ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਮੁੱਖੀ ਤੇ ਜ਼ਿੰਮੇਵਾਰ, ਇਕ ਉੱਚ ਆਹੁਦੇਦਾਰ ਅਫ਼ਸਰ ਸੀ ਮੈਂ। ਮੇਰੀ ਜੀਵਨ ਸੁਰੱਖਿਆ ਪਲਟਨ (Life
Guards Regiment) , ਘਰੇਲੂ ਫੌਜੀ ਦਸਤੇ (Household
Division), ਦਾ ਹੀ ਇਕ ਅੰਗ ਸੀ, ਜੋ ਸ਼ਾਹੀ ਪਰਿਵਾਰ ਦੀ ਨਿੱਜੀ ਫੌਜ ਟੁਕੜੀ ਵਜੋਂ ਜਾਣਿਆ ਜਾਂਦਾ ਸੀ। ਰਵਾਇਤੀ ਤੌਰ 'ਤੇ ਘੋੜ ਸਾਵਰਾਂ ਦਾ ਕੰਮ ਹੁੰਦਾ ਸੀ ਕਿ ਜਦੋਂ ਸ਼ਾਹੀ ਪਰਿਵਾਰ ਦੇ ਕਿਸੇ ਸਦੱਸ ਨੇ ਬਕਿੰਘਮ ਮਹੱਲ ਤੋਂ ਬਾਹਰ ਜਾਣਾ ਹੁੰਦਾ ਤਾਂ ਉਹ ਰਾਖੀ ਲਈ ਨਾਲ ਜਾਂਦੇ। ਅਜਿਹਾ ਹੁਣ ਵੀ ਕੀਤਾ ਜਾਂਦਾ ਹੈ, ਪਰ ਕੇਵਲ ਖਾਸ ਮੌਕਿਆ ਵੇਲੇ। ਹੁਣ ਇਹ ਸਾਰੀ ਜ਼ਿੰਮੇਵਾਰੀ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਪਰ ਮੇਰੀ ਫੌਜ, ਪੁਲਿਸ ਨਾਲ ਸਹਾਇਕ ਵਜੋਂ ਕੰਮ ਕਰਦੀ ਸੀ।
ਮੈਂ ਇਕ ਫੌਜੀ ਸੀ ਤੇ ਆਮ ਫੌਜੀਆਂ ਵਾਂਗ, ਮੈਂ ਵੀ ਆਪਣੀ ਜ਼ਿੰਦਗੀ ਮਲਿਕਾ ਅਤੇ ਦੇਸ਼ ਤੋਂ ਵਾਰਨ ਦਾ ਪ੍ਰਣ ਕੀਤਾ ਹੋਇਆ ਸੀ। ਮੈਨੂੰ ਅਹਿਸਾਸ ਨਹੀਂ ਸੀ ਕਿ ਆਪਣੀ ਜਾਨ ਨਿਛਾਵਰ ਕਰਨ ਦਾ ਮੈਨੂੰ ਕਦੇ ਸਦਾਮ ਹੁਸੈਨ ਦੀ ਬਦੌਲਤ ਮੌਕਾ ਵੀ ਮਿਲੇਗਾ।
1986 ਵਿਚ ਮੈਨੂੰ ਬਦਲ ਕੇ ਸਮਾਹੋਰ ਅਤੇ ਸਮਾਗਮ 'ਤੇ ਭੇਜੇ ਜਾਣ ਵਾਲੇ ਫੌਜੀ ਦਸਤੇ ਦਾ ਮੁੱਖੀ ਬਣਾ ਦਿੱਤਾ ਗਿਆ ਸੀ। ਸਾਰੇ ਘੋੜਸਾਵਰ ਫੌਜੀ ਮੇਰੇ ਅਧੀਨ ਸਨ। ਪਰ ਮੈਨੂੰ ਅਨੇਕਾਂ ਕੰਮਾਂ ਲਈ ਅਕਸਰ ਬਕਿੰਘਮ ਮਹੱਲ ਵਿਚ ਜਾਣਾ ਪੈਂਦਾ ਸੀ। ਸ਼ਹਿਜ਼ਾਦਾ ਐਂਡਰੂ ਦੀ ਸ਼ਾਦੀ ਦੇ ਜ਼ਸ਼ਨਾਂ ਦੇ ਪ੍ਰਬੰਧ ਮੇਰੇ ਹੱਥਾਂ ਵਿਚ ਆਉਣ ਕਾਰਨ ਬਕਿੰਘਮ ਮਹੱਲ ਮੇਰੀ ਆਉਣੀ ਜਾਣੀ ਵੱਧ ਗਈ ਸੀ। ਸ਼ਹਿਜ਼ਾਦੇ ਐਂਡਰੂ ਦੀ ਸ਼ਾਦੀ ਸਿਹਰਾ ਫਰਗਸਨ (ਜੀਵਨ ਸੁਰੱਖਿਆ ਫੌਜ ਦੇ ਸਾਬਕਾ ਅਫ਼ਸਰ ਮੇਜਰ ਰੌਨਲਡ ਫਰਗਸਨ ਦੀ ਪੁੱਤਰੀ) ਨਾਲ ਵੈਸਟਮਨੀਸਟਰ ਐਬੀ ਵਿਖੇ 23 ਜੁਲਾਈ 1986 ਨੂੰ ਹੋਣੀ ਨਿਸਚਿਤ ਹੋਈ ਸੀ।
ਇਹ ਮਈ ਮਹੀਨੇ ਦੇ ਸ਼ੁਰੂਆਤੀ ਦਿਨ ਸਨ। ਮੈਂ ਸ਼ਾਦੀ ਦੇ ਪ੍ਰਬੰਧਾਂ ਲਈ ਇਕੱਤਰ ਹੋਈ ਸਭਾ ਤੋਂ ਬਾਹਰ ਮਲਕਾ ਦੇ ਘੋੜਿਆਂ ਦੇ ਦਰੋਗਾ ਲੈਫਟੀਨੈਂਟ ਨਾਇਬ ਕਮਾਂਡਰ ਟਿਮ ਲਾਉਰੈਂਸ (ਜੋ ਬਾਅਦ ਵਿਚ ਸ਼ਹਿਜ਼ਾਦੀ ਐਨ ਨਾਲ ਸ਼ਾਦੀ ਕਰਕੇ ਰਾਣੀ ਦਾ ਜੁਆਈ ਬਣਿਆ ਸੀ।) ਨਾਲ ਬਕਿੰਘਮ ਮਹੱਲ ਵਿਚ ਟਹਿਲ ਰਿਹਾ ਸੀ। ਤਿੱਖੀ ਧੁੱਪ ਵਾਲੀ ਸ਼ਰਾਰਤੀ ਜਿਹੀ ਦੁਪਿਹਰ ਸੀ ਤੇ ਮੈਂ ਆਪਣੀ ਸ਼ਾਹੀ ਸਿਪਾਹੀ ਵਰਦੀ (Dismounted
Review Order) ਵਿਚ ਜਕੜਿਆ ਹੋਇਆ ਸੀ। ਰਜਾਈ ਵਰਗੀ ਵੱਡੇ ਕਾਲਰਾਂ ਦੀ ਲਾਲ ਜੈਕਟ, ਗਰਮ ਕੱਪੜੇ ਦੀ ਪੈਂਟ ਤੇ ਖੁਰੀਆਂ ਵਾਲੇ ਭਾਰੀ ਚਮੜੇ ਦੇ ਗਿੱਟਿਉਂ ਉੱਚੇ ਬੂਟ ਪਹਿਨੇ ਹੋਣ ਕਾਰਨ ਕੜਾਕੇ ਕੱਢ ਗਰਮੀ ਵਿਚ ਮੇਰਾ ਪੂਰਾ ਸ਼ਰੀਰ ਮੁੜਕੇ ਨਾਲ ਭਿੱਜਿਆ ਪਿਆ ਸੀ। ਟਿਮ ਨੇ ਕਿਧਰੇ ਜਾਣਾ ਸੀ ਤੇ ਉਹ ਮੈਨੂੰ ਅਲਵਿਦਾ ਆਖ ਕੇ ਚਲਾ ਗਿਆ।
ਮੇਰਾ ਅੰਤਾਂ ਦੀ ਗਰਮੀ ਵਿਚ ਮੂੰਹ ਸੁੱਕੀ ਜਾ ਰਿਹਾ ਸੀ ਤੇ ਚਿੱਤ ਕਰਦਾ ਸੀ ਕਿਤੋਂ ਜਾ ਕੇ ਠੰਡੀ ਕਾਰਲਿੰਗ ਬੀਅਰ ਦਾ ਪਾਇੰਟ ਲਾ ਕੇ ਆਵਾਂ। ਦਰਅਸਲ ਉਦਣ ਸਵੇਰ ਨੂੰ ਮੈਂ ਸਲੀਨਾ ਸਕੌਟ, ਇਕ ਸੁਨੱਖੀ ਟੀਵੀ ਪ੍ਰਜ਼ੈਂਟਰ ਨੂੰ ਉਸਦੇ ਪ੍ਰੋਗਰਾਮ 'ਬ੍ਰੇਕਫਾਸਟ ਟਾਇਮ' ਵਿਚ ਸ਼ਾਹੀ ਸ਼ਾਦੀ ਦੀਆਂ ਕੀਤੀਆਂ ਜਾ ਰਹੀਆਂ ਤਿਆਰੀ ਬਾਰੇ ਚਾਨਣਾ ਪਾ ਕੇ ਆਇਆ ਸੀ। ਪ੍ਰੋਗਰਾਮ ਤੋਂ ਬਾਅਦ ਸਲੀਨਾ ਨੇ ਮੈਨੂੰ ਆਪਣਾ ਫੋਨ ਨੰਬਰ ਦਿੰਦਿਆਂ ਕਿਹਾ ਸੀ, "ਹੈਂਡਸਮ, ਕਦੇ ਮੇਰੇ ਲਈ ਸਮਾਂ ਕੱਢੀ... ਪੈੱਗ-ਸ਼ੈੱਗ ਲਾਵਾਂਗੇ। ਮੈਨੂੰ ਵਰਦੀਆਂ ਵਾਲੇ ਮਰਦ ਬਹੁਤ ਪਸੰਦ ਨੇ।"
ਮੇਜਰ ਜੇਮਜ਼ ਹਿਊਵਟ
|
ਡਾਇਨਾ ਸਾਖਸ਼ਾਤ ਮੇਰੇ ਸਾਹਮਣੇ ਪੌੜੀਆਂ ਕੋਲ ਗਰਮੀਆਂ ਦੇ ਮੌਸਮ ਵਾਲੀ ਪਤਲੀ ਜਿਹੀ ਸਰਕਟ ਪਾਈ, ਨੰਗੇ ਪੈਰੀਂ ਖੜ੍ਹੀ ਸੀ। ਉਸਨੇ ਆਪਣੀਆਂ ਜੁੱਤੀਆਂ ਹੱਥਾਂ ਵਿਚ ਫੜ੍ਹੀਆ ਹੋਈਆਂ ਸਨ। ਮੈਂ ਉਸਨੂੰ 'ਗੁੱਡਮੌਰਨੀਗ ਮੈਡਮ' ਕਿਹਾ ਤਾਂ ਉਹ ਖਿੜਖਿੜਾ ਕੇ ਹਸਦੀ ਹੋਈ ਕਹਿਣ ਲੱਗੀ, "ਤੇਰੇ ਵਰਦੀ ਬਹੁਤ ਜਚਦੀ ਹੈ।"
ਭਾਵੇਂ ਕਿ ਡਾਇਨਾ ਦੇ ਕਹਿਣ ਦੇ ਅੰਦਾਜ਼ ਵਿਚ ਮਸ਼ਖਰੀ ਸੀ, ਪਰ ਫੇਰ ਵੀ ਮੈਂ ਹੱਸ ਕੇ ਧੰਨਵਾਦ ਕੀਤਾ ਤੇ ਇਉਂ ਅਸੀਂ ਸੰਖੇਪ ਜਿਹੀ ਗੱਲਬਾਤ ਵਿਚ ਉਲਝ ਗਏ। ਡਾਇਨਾ ਨੇ ਮੇਰੇ ਉਥੇ ਹਾਜ਼ਰ ਹੋਣ ਦਾ ਕਾਰਨ ਪੁੱਛਿਆ ਤਾਂ ਮੈਂ ਵਿਆਹ ਦੀ ਰਸਮ ਦੀ ਤਿਆਰੀ ਦੇ ਪ੍ਰਬੰਧਾਂ ਬਾਰੇ ਦੱਸ ਦਿੱਤਾ ਸੀ।
"ਇਹਦਾ ਮਤਲਬ ਹੁਣ ਤਾਂ ਆਪਾਂ ਅਕਸਰ ਮਿਲਦੇ-ਗਿਲਦੇ ਰਹਾਂਗੇ, ਕੈਪਟਨ!"
ਡਾਇਨਾ ਦੀਆਂ ਦੋਨੋਂ ਮੋਟੀਆਂ ਮੋਟੀਆਂ ਅੱਖਾਂ ਮੇਰੇ ਚਿਰਹੇ ਉੱਤੇ ਇਉਂ ਟਿਕੀਆਂ ਹੋਈਆਂ ਸਨ, ਜਿਵੇਂ ਉਹ ਕੁਝ ਭਾਲ ਰਹੀਆਂ ਹੋਣ। ਮੈਂ ਉਸਦੀ ਸੁੰਦਰਤਾ ਅਤੇ ਸ਼ਾਇਸਗੀ ਉੱਤੇ ਮੋਹਿਤ ਹੋ ਗਿਆ ਸੀ। ਅਸੀਂ ਮਸਾਂ ਪੰਜ ਮਿੰਟ ਗੱਲਾਂ ਕੀਤੀਆਂ ਹੋਣਗੀਆਂ ਕਿ ਸਭਾ ਸਮਾਪਤ ਹੋ ਗਈ। ਮੈਂ ਡਾਇਨਾ ਨੂੰ ਅਲਵਿਦਾ ਕੇ ਵਾਈਟਹਾਲ ਨੂੰ ਪਰਤ ਆਇਆ ਸੀ।
ਉਸ ਤੋਂ ਬਾਅਦ ਅਨੇਕਾਂ ਵਾਰ ਅਸੀਂ ਟੱਕਰੇ, ਪਰ ਇਕੱਲਿਆਂ ਡਾਇਨਾ ਨੂੰ ਮਿਲਣ ਦਾ ਸਬੱਬ ਨਾ ਬਣ ਸਕਿਆ। ਉਹ ਮੈਨੂੰ ਹਮੇਸ਼ਾ ਲੋਕਾਂ ਦੇ ਹਜ਼ੂਮ ਵਿਚ ਘਿਰੀ ਮਿਲਦੀ। ਪਰ ਉਸਦੇ ਫ਼ਤਿਹ ਬੁਲਾਉਣ ਦੇ ਲਹਿਜ਼ੇ ਵਿਚਲਾ ਨਿੱਘ ਸਾਰਾ ਦਿਨ ਮੇਰੇ ਨਾਲ ਰਹਿੰਦਾ। ਸਾਰਾ ਦਿਨ ਉਸਦੀ 'ਗੁੱਡ ਮੌਰਨਿੰਗ' ਮੇਰੇ ਕੰਨਾਂ ਵਿਚ ਸੰਗੀਤ ਵਜਾਉਂਦੀ ਰਹਿੰਦੀ। ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਉਹਦੇ ਬਾਰੇ ਸੋਚ ਕੇ ਪੈਂਦਾ। ਮੈਂ ਡਾਇਨਾ ਨੂੰ ਆਪਣੀਆਂ ਬਾਹਾਂ ਦੀ ਗ੍ਰਿਫਤ ਵਿਚ ਮਹਿਸੂਸਣ ਦੀ ਕਲਪਨਾ ਕਰਦਾ ਰਹਿੰਦਾ। ਪਤਾ ਨਹੀਂ ਕਿਉਂ ਮੈਨੂੰ ਉਹ ਆਪਣੀ ਆਪਣੀ ਜਿਹੀ ਲਗਦੀ। ਇਹ ਉਸਦੀ ਸ਼ਖਸੀਅਤ ਦੀ ਖਿੱਚ ਸੀ ਜਾਂ ਮੇਰਾ ਲਗਾਅ, ਧਰਮ ਨਾਲ ਮੈਂ ਨਹੀਂ ਜਾਣਦਾ। ਡਾਇਨਾ ਵਿਚ ਲੋਹੜੇ ਦੀ ਸੈਕਸ ਅਪੀਲ ਸੀ, ਜਿਸ ਤੋਂ ਮੈਂ ਮੁਨਕਰ ਨਹੀਂ ਹੋ ਸਕਦਾ।
ਮਹੀਨੇ ਵਿਚ ਘੱਟੋ-ਘੱਟ ਮੈਂ ਇਕ ਵਾਰ ਜ਼ਰੂਰ ਸਰ ਮਾਰਟਿਨ ਗਿਲੀਅਟ ਨਾਲ ਸ਼ੇਰੀ (ਚਿੱਟੇ ਅੰਗੂਰਾਂ ਦੀ ਹਲਕੀ ਸ਼ਰਾਬ) ਦਾ ਹਮਪਿਆਲਾ ਹੋਣ ਸੇਂਟ ਜੇਮਜ਼ ਮਹੱਲ ਨਾਲ ਲੱਗਦੇ ਕਲੇਅਰੈਂਸ ਹਾਊਸ (ਰਾਣੀ ਦੀ ਮਾਤਾ ਦਾ ਨਿਵਾਸ ਸਥਾਨ) ਜਾਂਦਾ ਸੀ। ਸਰ ਮਾਰਟਿਨ ਰਾਣੀ ਇਲੀਜ਼ਬੈਥ-2 ਦੀ ਮਾਤਾ ਇਲਿਜ਼ਬੈਥ-1 ਦਾ ਪਿਛਲੇ 30 ਸਾਲ ਤੋਂ ਨਿੱਜੀ ਸਕੱਤਰ ਸੀ। ਪਰ ਉਸਨੂੰ ਮਿਲਣ ਦਾ ਮੇਰੀ ਨੌਕਰੀ ਨਾਲ ਕੋਈ ਸੰਬੰਧ ਨਹੀਂ ਸੀ। ਦਰਅਸਲ ਇਕ ਜੰਗ ਵਿਚ ਮੇਰੇ ਪਿਤਾ ਦੇ ਚਚੇਰੇ ਭਰਾ ਈਅਰਡਲੀ ਹਿਊਵਟ ਨੇ ਉਸਦੀ ਉਦੋਂ ਜਾਨ ਬਚਾਈ ਸੀ, ਜਦੋਂ ਉਸ ਦਾ ਜਹਾਜ਼ ਬੋਰਨੀਓ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਫਿਰ ਜਦੋਂ ਮੈਂ ਹਾਊਸ ਹੋਲਡ ਡਵਿਜ਼ਨ ਵਿਚ ਭਰਤੀ ਹੋਇਆ ਸੀ ਤਾਂ ਈਅਰਡਲੀ ਨੇ ਮੇਰਾ ਖਿਆਲ ਰੱਖਣ ਲਈ ਉਸਨੂੰ ਮੇਰਾ ਸਿਫਾਰਿਸ਼ਨਾਮਾ ਲਿੱਖਿਆ ਸੀ, "ਮੇਰਾ ਭਤੀਜਾ ਹੈ ਜੇਮਜ਼। ਬੱਚੇ ਨੂੰ ਤੇਰੀ ਨਿਗਰਾਨੀ ਵਿਚ ਹੀ ਛੱਡ ਰਿਹਾਂ। ਲੁੱਕ ਆਫਟਰ ਐਂਡ ਟੇਕ ਕੇਅਰ ਔਫ ਮਾਈ ਬੋਆਏ।"
ਮੈਂ ਅਕਸਰ ਸਰ ਮਾਰਟਿਨ ਦੀਆਂ ਪਾਰਟੀਆਂ 'ਤੇ ਜਾਇਆ ਕਰਦਾ ਸੀ। ਸਰ ਮਾਰਟਿਨ ਨੇ ਫੌਜ ਦੇ ਕਈ ਉੱਚ ਅਧਿਕਾਰੀਆਂ ਅਤੇ ਸ਼ਾਹੀ ਲੋਕਾਂ ਨਾਲ ਮੇਰਾ ਤੁਆਰਫ਼ ਅਤੇ ਦੋਸਤੀਆਂ ਕਰਵਾਈਆਂ ਸਨ। ਇਹਨਾਂ ਵਿਚੋਂ ਹੀ ਇਕ ਸੀ ਹੇਜ਼ਲ ਵੈਸਟ। ਗ੍ਰੀਨਏਡੀਅਰ ਗਾਰਡਜ਼ ਦੇ ਲਫ਼ਤਾਨ ਕਰਨਲ ਜੌਰਜ਼ ਵੈਸਟ ਦੀ ਧਰਮਪਤਨੀ, ਜੋ ਲੌਰਡ ਕੈਮਬਰਲੀਅਨ ਹਾਊਸ ਵਿਚ ਸਹਾਇਕ ਕੌਮਪਟਰੋਲਰ (ਮੁਨੀਮ) ਸੀ। ਉਹਨਾਂ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਮੇਰਾ ਕਾਰ-ਵਿਹਾਰ, ਰਹਿਣੀ-ਬਹਿਣੀ ਅਤੇ ਸੋਚਣੀ ਹਰ ਚੀਜ਼ ਵੱਖਰੀ ਸੀ। ਉਹ ਮੈਥੋਂ ਉਮਰ ਅਤੇ ਰੁਤਬੇ ਵਿਚ ਸੀਨੀਅਰ ਸਨ ਤੇ ਮੈਂ ਕੇਵਲ 28 ਸਾਲਾਂ ਦਾ ਫੌਜੀ ਅਫ਼ਸਰ ਸੀ।
ਇਕ ਰੋਜ਼ ਮੈਨੂੰ ਹੇਜ਼ਲ ਵੈਸਟ ਦੀ ਮਦਰਾ ਪਾਰਟੀ ਦਾ ਨਿਮੰਤਰਨ ਆਇਆ। ਇਤਫਾਕਵਸ ਉਸੇ ਹੀ ਰਾਤ ਦਾ ਮੈਨੂੰ ਇਕ ਰਾਤਰੀ ਭੋਜ ਸਮਾਗਮ ਦਾ ਵੀ ਸੱਦਾ ਮਿਲਿਆ ਹੋਇਆ ਸੀ। ਮੈਂ ਹੇਜ਼ਲ ਦੀ ਪਾਰਟੀ 'ਤੇ ਜਾਣ ਲਈ ਕੰਨੀ ਕਤਰਾਉਂਦਾ ਸੀ। ਪਰ ਫੇਰ ਵੀ ਮੈਂ ਅਣਮੰਨੇ ਜਿਹੇ ਮਨ ਨਾਲ ਇਹ ਸੋਚ ਕਿ ਚਲਾ ਗਿਆ ਕਿ ਹੇਜ਼ਲ ਕਿਧਰੇ ਬੁਰਾ ਨਾ ਮਨਾ ਜਾਵੇ। ਲੰਡਨ ਵਿਚ ਇਹ ਰਿਵਾਜ਼ ਜਿਹਾ ਹੀ ਹੈ ਕਿ ਉੱਚ ਅਫ਼ਸਰਾਂ ਦੀਆਂ ਅਧਖੜ੍ਹ ਪਤਨੀਆਂ, ਨੌਜਵਾਨ ਅਤੇ ਕੁਆਰੇ ਫੌਜੀ ਜਵਾਨਾਂ ਨੂੰ ਆਪਣੀਆਂ ਪਾਰਟੀਆਂ 'ਤੇ ਬੁਲਾਉਣਾ ਅਤੇ ਉਹਨਾਂ ਦੀਆਂ ਬਾਹਾਂ ਵਿਚ ਬਾਹਾਂ ਪਾ ਕੇ ਨੱਚਣਾ ਆਪਣੀ ਸ਼ਾਨ ਸਮਝਦੀਆਂ ਹਨ। ਲੰਮੀ ਅਤੇ ਘੋੜਿਆਂ ਨੂੰ ਮਾਰਨ ਵਾਲੀ ਛਟੀ ਵਗਰੀ ਪਤਲੀ ਹੇਜ਼ਲ ਵੀ ਮੈਨੂੰ ਬਾਹਾਂ ਵਿਚ ਲੈ ਕੇ ਮੇਰੇ ਵਾਲਾਂ ਵਿਚ ਹੱਥ ਫੇਰਦਿਆਂ ਹੋਇਆਂ ਨੱਚਦੀ ਹੋਈ ਅਕਸਰ ਕਿਹਾ ਕਰਦੀ ਸੀ, "ਜੇਮਜ਼, ਪਤੈ ਸੋਹਣਿਆ ਯੰਗ ਕੰਪਨੀ ਵਿਚ ਰਹਿਣ ਨਾਲ ਇਨਸਾਨ ਹਮੇਸ਼ਾਂ ਯੰਗ ਰਹਿੰਦਾ ਹੈ।"
ਸੇਂਟ ਜੇਮਜ਼ ਮਹੱਲ ਦੇ ਦੋ ਵੱਡੇ ਕਮਰਿਆਂ ਵਿਚ ਪਾਰਟੀ ਆਯੋਜਿਤ ਕੀਤੀ ਗਈ ਸੀ, ਜਿਸ ਵਿਚ ਮੁਸ਼ਕਿਲ ਨਾਲ 20 ਕੁ ਮਹਿਮਾਨ ਹੋਣਗੇ। ਮੈਨੂੰ ਦਰ ਵੜ੍ਹਦਿਆਂ ਹੀ ਸ਼ੈਮਪੇਨ ਦਾ ਗਿਲਾਸ ਫੜ੍ਹਾ ਦਿੱਤਾ ਗਿਆ ਤੇ ਮੈਂ ਹੇਜ਼ਲ ਵੈਸਟ ਨੂੰ ਤਲਾਸ਼ਦਾ ਹੋਇਆ ਅੰਦਰ ਲੰਘ ਗਿਆ। ਅੱਗੋਂ ਮੇਰੀਆਂ ਨਜ਼ਰਾਂ ਮੂਹਰੇ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਚਿਹਰਾ, ਸ਼ਹਿਜ਼ਾਦੀ ਡਾਇਨਾ ਦਾ ਸੀ। ਇਕ ਵਾਰ ਤਾਂ ਡਾਇਨਾ ਨੂੰ ਦੇਖ ਕੇ ਹਰ ਬੰਦੇ ਦਾ ਦਿਲ ਜ਼ੋਰ ਦੀ ਧੜਕਦਾ ਸੀ। ਉਸਦੀ ਰਖਵਾਲੀ ਲਈ ਕੋਈ ਅੰਗਰੱਖਿਅਕ ਨਹੀਂ ਸੀ ਤੇ ਉਹ ਇਕੱਲੀ ਘੁੰਮ ਰਹੀ ਸੀ। ਡਾਇਨਾ ਦੀ ਵਿਲੱਖਣ ਪ੍ਰਤੀਭਾ, ਸੁਨਿਹਰੀ ਆਭਾ ਅਤੇ ਚਮਕਦੇ ਹੁਸਨ ਤੋਂ ਇੰਗਲੈਂਡ ਹੀ ਨਹੀਂ ਸੰਸਾਰ ਦੇ ਸਾਰੇ ਮਰਦ ਕਾਇਲ ਸਨ। ਹੋਰਾਂ ਵਾਂਗ ਡਾਇਨਾ ਨੂੰ ਅਪਨਾਉਣ ਅਤੇ ਹੰਢਾਉਣ ਦੀ ਇੱਛਾ ਮੇਰੇ ਮਨ ਵਿਚ ਵੀ ਸੀ। ਲੇਕਿਨ ਮੈਂ ਇਹ ਵੀ ਜਾਣਦਾ ਸੀ ਕਿ ਉਹ ਨਿਰੀ ਅੱਗ ਦੀ ਲਾਟ ਸੀ, ਜਿਸ ਨੂੰ ਨੰਗੇ ਹੱਥੀਂ ਫੜ੍ਹਿਆ ਨਹੀਂ ਸੀ ਜਾ ਸਕਦਾ। ਉਹ ਇੰਗਲੈਂਡ ਦੇ ਬਹੁਤ ਰਈਸ ਖਾਨਦਾਨ ਦੀ ਪੁੱਤਰੀ, ਇੰਗਲੈਂਡ ਦੀ ਰਾਣੀ ਦੀ ਨੂੰਹ, ਇੰਗਲੈਂਡ ਦੇ ਹੋਣ ਵਾਲੇ ਬਾਦਸ਼ਾਹ ਦੀ ਪਤਨੀ, ਭਵਿੱਖ ਦੇ ਰਾਜੇ ਦੀ ਮਾਂ ਅਤੇ ਸਭ ਤੋਂ ਅਹਿਮ ਤੇ ਮੁਕਦੀ ਗੱਲ ਇਕ ਵਿਹੁਹਤਾ ਔਰਤ ਸੀ। ਅੱਗ ਦੇਖਣ ਨੂੰ ਭਾਵੇਂ ਕਿੰਨੀ ਵੀ ਸੋਹਣੀ ਕਿਉਂ ਨਾ ਲੱਗਦੀ ਹੋਵੇ, ਪਰ ਉਸਨੂੰ ਨਿਗਲਿਆ ਨਹੀਂ ਜਾ ਸਕਦਾ। ਪਾਲੇ ਨਾਲ ਠਰਦਾ ਅੱਗ ਦੀ ਲਾਟ ਵਿਚ ਹੱਥ ਸੇਕਦਿਆਂ ਵੀ ਇੰਨਸਾਨ ਸੀਮਿਤ ਦੂਰੀ ਬਣਾ ਕੇ ਰੱਖਦਾ ਹੈ। ਐਨੇ ਨੂੰ ਹੇਜ਼ਲ ਨੇ ਮੇਰੇ ਕੋਲ ਆ ਕੇ ਮੈਨੂੰ ਤਸਲੀਮਾਤ ਅਰਜ਼ ਕੀਤੀ ਤੇ ਮੇਰਾ ਤੁਆਰਫ਼ ਡਾਇਨਾ ਨਾਲ ਕਰਵਾਇਆ। ਮੈਂ ਡਾਇਨਾ ਨਾਲ ਹੱਥ ਮਿਲਾਇਆ।
"ਨਿੱਘੇ ਹੱਥ ਵਫਾਦਾਰੀ ਦੇ ਸੂਚਕ ਹੁੰਦੇ ਹਨ, ਯੂਅਰ ਰੌਇਲ ਹਾਈਨੈੱਸ।" ਮੈਂ ਸਵੈ-ਵਿਸ਼ਵਾਸ਼ ਨਾਲ ਉੱਤਰ ਦਿੱਤਾ ਸੀ।
"ਮੇਰੇ ਹੱਥ ਅਕਸਰ ਠਰ੍ਹੇ ਤੇ ਠੰਡੇ ਰਹਿੰਦੇ ਹਨ। ਕੀ ਇਹ ਬੇਵਫਾਈ ਦੀ ਨਿਸ਼ਾਨੀ ਹੈ?"
"ਨਹੀਂ, ਯੂਅਰ ਰੌਇਲ ਹਾਈਨੈੱਸ। ਇਹ ਮੈਂ ਕਦੋਂ ਕਿਹੈ?" ਮੈਂ ਡਾਇਨਾ ਮੂਹਰੇ ਵਿਦਵਤਾ ਦਿਖਾਉਣ ਦੇ ਚੱਕਰ ਵਿਚ ਉਸਦੀ ਹਾਜ਼ਰ ਜੁਆਬੀ ਕਾਰਨ ਛਿੱਥਾ ਜਿਹਾ ਪੈ ਗਿਆ ਸੀ।
ਹੇਜ਼ਲ ਨੇ ਸਾਡੇ ਇਕ ਦੂਜੇ ਨੂੰ ਪਹਿਲਾਂ ਜਾਣਦੇ ਹੋਣ ਬਾਰੇ ਪੁੱਛਿਆ ਤਾਂ ਮੈਂ ਦੱਸ ਦਿੱਤਾ ਕਿ ਅਸੀਂ ਬਕਿੰਘਮ ਮਹੱਲ ਵਿਚ ਟੱਕਰੇ ਸੀ। ਡਾਇਨਾ ਨੇ ਮੈਨੂੰ ਫੇਰ ਕਿਹਾ ਕਿ ਤੇਰੇ ਵਰਦੀ ਪਹਿਨੀ ਹੋਈ ਬਹੁਤ ਜਚਦੀ ਹੈ। ਲੇਕਿਨ ਇਸ ਵਾਰ ਉਸ ਕਹਿਣ ਵਿਚ ਕੋਈ ਰਹੱਸਵਾਦੀ ਮਖੌਲ ਨਹੀਂ ਛੁੱਪਿਆ ਹੋਇਆ ਸੀ। ਉਸਦੀ ਸੁਰ ਗੰਭੀਰ ਅਤੇ ਸਚਾਈ ਭਰਪੂਰ ਸੀ। ਬਸ ਇਥੋਂ ਸਾਡੀ ਗੱਲਬਾਤ ਦਾ ਮੁੱਢ ਬੱਝ ਗਿਆ। ਹੇਜ਼ਲ ਹੋਰ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ੀ ਵਿਚ ਰੁੱਝ ਗਈ ਤੇ ਅਸੀਂ ਗੱਲਾਂ ਕਰਨ ਵਿਚ ਜੁੱਟ ਗਏ।
ਡਾਇਨਾ ਨੇ ਮੈਨੂੰ ਦੱਸਿਆ ਕਿ ਉਸਨੇ ਮੈਨੂੰ ਪੋਲੋ ਖੇਡਦੇ ਦੇਖਿਆ ਹੈ ਤੇ ਫਿਰ ਘੁੰਮ ਫਿਰ ਕੇ ਸਾਡੀ ਗੱਲਬਾਤ ਘੋੜਿਆਂ ਦੇ ਵਿਸ਼ੇ ਉੱਤੇ ਆ ਕੇ ਅਟਕ ਗਈ। ਡਾਇਨਾ ਨੂੰ ਪਤਾ ਸੀ ਕਿ ਉਸ ਤੋਂ ਪਿਛਲੀਆਂ ਗਰਮੀਆਂ ਵਿਚ ਮੈਂ ਕੈਂਟ ਦੀ ਜਵਾਨ ਤੇ ਹੁਸੀਨ ਸ਼ਹਿਜ਼ਾਦੀ ਮਾਇਕਲ ਔਫ ਕੈਂਟ (Baroness
Marie Christine Anna Agnes Hedwig Ida née
von
Reibnitz ) ਨੂੰ ਘੋੜ ਸਵਾਰੀ ਸਿਖਾਈ ਸੀ।
"ਕੈਂਟ ਦੀ ਸ਼ਹਿਜ਼ਾਦੀ ਬਾਰਨਸ (ਬੈਰਨ ਦੀ ਪਤਨੀ) ਮਰੀਆ ਤਾਂ ਵਧੀਆ ਘੋੜ ਸਵਾਰ ਹੈ, ਉਸਨੂੰ ਸਿੱਖਣ ਦੀ ਕੀ ਜ਼ਰੂਰਤ ਪੈ ਗਈ?" ਡਾਇਨਾ ਨੇ ਇਕਲਖਤ ਮੈਨੂੰ ਪ੍ਰਸ਼ਨ ਦਾਗ ਦਿੱਤਾ ਸੀ।
ਮੈਂ ਥੋੜ੍ਹਾ ਸੰਭਲ ਕੇ ਜੁਆਬ ਦਿੱਤਾ, "ਨਹੀਂ, ਯੂਅਰ ਰੌਇਲ ਹਾਈਨੈੱਸ। ਉਹ ਵੱਖ-ਵੱਖ ਨਸਲਾਂ ਦੇ ਘੋੜਿਆਂ ਨੂੰ ਕਾਬੂ ਕਰਨਾ ਸਿੱਖਣਾ ਚਾਹੁੰਦੀ ਸੀ।"
"ਤੇ ਫੇਰ ਸਿਖਾ ਦਿੱਤਾ ਤੈਂ?"
"ਹਾਂ!... ਸ਼ਹਿਜ਼ਾਦੀ ਮਾਇਕਲ ਔਫ ਕੈਂਟ (ਬਾਦਸ਼ਾਹ ਜੌਰਜ਼-ਪੰਚਮ ਅਤੇ ਮਹਾਰਾਣੀ ਮੈਰੀ ਦੀ ਪੋਤ ਨੂੰਹ) ਮੇਰੇ ਕੋਲ ਨਾਇਟਜ਼ਬ੍ਰਿਜ਼ ਬੈਰਕ ਵਿਚ ਘੋੜ੍ਹ-ਸਵਾਰੀ ਸਿੱਖਣ ਆਉਂਦੀ ਸੀ ਤੇ ਉਹ ਚਾਰਜ਼ਰ, ਫੌਕਸਹੰਟਰ ਆਦਿ ਘੋੜਿਆਂ ਦੀ ਸਵਾਰੀ ਕਰਿਆ ਕਰਦੀ ਸੀ। ਜਿਨ੍ਹਾਂ ਨੂੰ ਮੈਂ ਕਾਉਂਟਰ-ਕੈਂਟਰ, ਅਕਸਟੈਂਡਡ ਟਰੋਟਜ਼, ਹਾਫ਼-ਪਾਸ ਤੇ ਬਾਕੀ ਹੋਰ ਕਈ ਘੋੜ-ਕਰਤਵ ਸਿਖਾਏ ਹੋਏ ਸਨ। ਫੌਕਸਹੰਟਰ ਦੇਖਣ ਨੂੰ ਕਾਲਾ ਲੱਗਦਾ ਸੀ। ਪਰ ਅਸਲ ਵਿਚ ਉਸਦਾ ਰੰਗ ਗੂੜਾ ਭੂਰਾ ਸੀ। ਗਰਮੀਆਂ ਵਿਚ ਉਹ ਵਧੇਰੇ ਭੂਰਾ ਦਿਸਣ ਲੱਗ ਜਾਂਦਾ ਤੇ ਇਸ ਵਜ੍ਹਾ ਕਾਰਨ ਉਸ ਨੂੰ ਜਨਮ ਸ਼ਤਾਬਦੀਆਂ ਦੀਆਂ ਪਰੇਡਾਂ ਵਿਚ ਨਹੀਂ ਸੀ ਲਿਜਾਇਆ ਜਾਂਦਾ ਕਿਉਂਕਿ ਉਥੇ ਸਾਰੇ ਘੋੜੇ ਕਾਲੇ ਰੰਗ ਦੇ ਹੁੰਦੇ ਸਨ। ਸ਼ਹਿਜ਼ਾਦੀ ਮਾਇਕਲ ਔਫ ਕੈਂਟ ਨੇ ਇਕ ਵਾਰ ਆਪਣੀ ਹੇਅਰ ਡਰੈਸਰ ਤੋਂ ਲੈ ਕੇ ਮੈਨੂੰ ਫੌਕਸਹੰਟਰ ਘੋੜੇ ਲਈ ਕਾਲੀ ਡਾਈ (ਵਾਲ ਰੰਗਣ ਵਾਲੀ ਕਲਫ) ਵੀ ਭੇਜੀ ਸੀ।"
"ਤੂੰ ਉਹ ਵਰਤੀ ਫੇਰ?"
"ਪਰ ਤੂੰ ਚਾਹੇ ਤਾਂ ਮੈਥੋਂ ਡਾਈ ਮੰਗ ਸਕਦਾ ਹੈਂ। ਮੈਂ ਮਖੌਲ ਨਹੀਂ ਕਰਾਂਗੀ। ਮੇਰੀ ਹੇਅਰ ਡਰੈਸਰ ਈਵਲੇ ਡੈਗਲੀ ਦੀਆਂ ਡਾਈਆਂ ਬਹੁਤ ਵਧੀਆ ਹਨ, ਛੇਤੀ ਨਹੀਂ ਲਹਿੰਦੀਆਂ।"
"ਸ਼ੁਕਰੀਆ, ਪਰ ਮੈਨੂੰ ਮੌਖਟੇ ਲਾਉਣ ਤੋਂ ਚਿੜ੍ਹ ਹੈ। ਮੈਨੂੰ ਝੂਠ ਨੂੰ ਸੱਚ ਸਾਬਤ ਕਰਨਾ ਤੇ ਮਕਾਰੀ ਬੁਰੀ ਲੱਗਦੀ ਹੈ।"
ਡਾਇਨਾ ਦੇ ਇਹ ਗੱਲ ਕਾਲਜੇ ਵਿਚ ਖੁੱਭ ਗਈ ਸੀ ਕਿਉਂਕਿ ਉਹ ਅੰਦਰੋਂ ਦੁੱਖੀ ਹੋਣ ਦੇ ਬਾਵਜੂਦ ਲੋਕਾਂ ਵਿਚ ਹਮੇਸ਼ਾਂ ਮੁਸਕਰਾਉਂਦਾ ਚਿਹਰਾ ਲੈ ਕੇ ਹੀ ਵਿਚਰਿਆ ਕਰਦੀ ਸੀ। ਮੇਰੀ ਸਾਫਗੋਈ ਉਸਦੇ ਦਿਲ ਨੂੰ ਟੁੰਬ ਗਈ ਸੀ। ਡਾਇਨਾ ਨੇ ਗਰਦਨ 'ਤੇ ਹੱਥ ਰੱਖ ਕੇ ਆਪਣੇ ਸਿਰ ਨੂੰ ਸੱਜੇ ਅਤੇ ਖੱਬੇ ਝਟਕਾ ਮਾਰ ਕੇ ਗਰਦਨ ਦੀ ਨਾੜ ਦਾ ਪਟਾਕਾ ਵਜਾਇਆ, "ਪੂਰੀ ਰੈਸਟ ਨਹੀਂ ਮਿਲਦੀ। ਬੈਕਪੇਨ ਹੋਣ ਲੱਗ ਜਾਂਦੀ ਹੈ, ਕਈ ਵਾਰ।"
"ਯੂਅਰ ਰੌਇਲ ਹਾਈਨੈੱਸ, ਤੁਸੀਂ ਘੋੜ ਸਵਾਰੀ ਕਰਿਆ ਕਰੋ। ਘੋੜੇ 'ਤੇ ਬੈਠਣ ਨਾਲ ਉੱਛਲ-ਉੱਛਲ ਕੇ ਰੀਡ ਦੀ ਹੱਡੀ ਦੇ ਸਾਰੇ ਤੇਤੀ ਦੇ ਤੇਤੀ ਮਣਕਿਆਂ ਦੀ ਕਸਰਤ ਹੋ ਜਾਂਦੀ ਹੈ ਤੇ ਪਿੱਠ ਦਾ ਦਰਦ ਨਹੀਂ ਹੁੰਦਾ।... ਤੁਸੀਂ ਘੋੜ-ਸਵਾਰੀ ਸਿੱਖਣਾ ਚਾਹੋਗੇ?"
ਡਾਇਨਾ ਦੇ ਚਿਹਰੇ ਤੋਂ ਮੁਸਕੁਰਾਹਟ ਗਾਇਬ ਹੋ ਗਈ ਸੀ, "ਨਹੀਂ। ਮੈਨੂੰ ਘੋੜਿਆਂ ਤੋਂ ਬਹੁਤ ਡਰ ਲੱਗਦਾ ਹੈ। ਇਕ ਵਾਰ ਮੈਂ ਬਚਪਨ ਵਿਚ ਆਪਣੀਆਂ ਭੈਣਾਂ ਸਿਹਰਾ, ਜੇਨ ਤੇ ਨੈਨੀ (ਬੱਚੇ ਪਾਲਣ ਵਾਲੀ ਆਇਆ) ਬਾਬਰਾ ਬਰਨਜ਼ ਨਾਲ ਖੇਡਦੀ, ਰੌਮਲੀ ਨਾਂ ਦੀ ਆਪਣੀ ਖੱਚਰ ਤੋਂ ਡਿੱਗ ਪਈ ਸੀ ਤੇ ਆਪਣੀ ਬਾਂਹ ਤੁੜਵਾ ਲਈ ਸੀ। ਉਦੋਂ ਦੀ ਡਰਦੀ ਮੈਂ ਤਾਂ ਘੋੜਿਆਂ ਦੇ ਨੇੜੇ ਨਹੀਂ ਲੱਗਦੀ।"
ਮੈਂ ਡਾਇਨਾ ਨੂੰ ਸਮਝਾਇਆ ਸੀ ਕਿ ਇਸ ਤਰ੍ਹਾਂ ਦੇ ਹਾਦਸੇ ਤਾਂ ਵਾਪਰਦੇ ਹੀ ਰਹਿੰਦੇ ਹਨ। ਅਗਰ ਡਾਇਨਾ ਚਾਹੇ ਤਾਂ ਮੈਂ ਉਸਦਾ ਭੈਅ ਦੂਰ ਕਰਕੇ ਘੋੜ ਸਵਾਰੀ ਲਈ ਵਿਸ਼ਵਾਸ ਮੁੜ ਕਾਇਮ ਕਰਨ ਵਿਚ ਸਹਾਇਤਾ ਕਰ ਸਕਦਾ ਹਾਂ। ਉਸ ਨੇ ਤਤਫਟ ਜੁਆਬ ਦਿੱਤਾ, "ਮੈਨੂੰ ਬਹੁਤ ਅੱਛਾ ਲੱਗੇਗਾ। ਮੈਂ ਦਿਲੋਂ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਘੋੜ ਸਵਾਰੀ ਸਿਖਾਵੋ।… ਕੀ ਆਪਾਂ ਇਕੱਠੇ ਘੋੜ ਸਵਾਰੀ ਕਰ ਸਕਦੇ ਹਾਂ?"
"ਹਾਂ, ਜੇ ਤੁਸੀਂ ਚਾਹੋ ਤਾਂ ਮੈਂ ਬੰਦੋਬਸਤ ਕਰ ਸਕਦਾ ਹਾਂ।"
"ਮੈਂ ਸੋਚਦੀ ਹਾਂ ਇਸ ਬਾਰੇ…।"
ਮੇਰੇ ਨਾਲ ਵਾਅਦਾ ਕਰਕੇ ਡਾਇਨਾ ਚਲੀ ਗਈ ਸੀ। ਮੈਂ ਘੜੀ ਦੇਖੀ। ਅਸੀਂ ਪੂਰਾ ਇਕ ਘੰਟਾ ਗੱਪਸ਼ੱਪ ਮਾਰਦੇ ਰਹੇ ਸੀ। ਮੈਂ ਡਿਨਰ ਪਾਰਟੀ ਲਈ ਲੇਟ ਹੋ ਗਿਆ ਸੀ। ਤੇ ਸੱਚ ਪੁੱਛੋ ਤਾਂ ਉਦੋਂ ਪਾਰਟੀ ਵਿਚ ਜਾਣ ਦੀ ਇੱਛਾ ਵੀ ਨਹੀਂ ਸੀ ਰਹੀ। ਮੈਂ ਆਪਣੀਆਂ ਯਾਦਾਂ ਦੇ ਸਹਿਰਾ ਵਿਚ ਇਕੱਲਾ ਰਹਿਣਾ ਚਾਹੁੰਦਾ ਸੀ। ਮੈਂ ਸੇਂਟ ਜੇਮਜ਼ ਮਹੱਲ ਵਿਚੋਂ ਨਿਕਲ ਕੇ ਬਾਹਰ ਆਰਕੇਡ ਵੱਲ ਨੂੰ ਤੁਰ ਪਿਆ ਤੇ ਉਸ ਰਾਤ ਮੈਂ ਸਨਟੋਰੀ ਜਪਾਨੀ ਰੈਸਟੋਰੈਂਟ ਵਿਚ ਜਾ ਕੇ ਇਕੱਲੇ ਨੇ ਭੋਜਨ ਕੀਤਾ ਸੀ।
ਅਗਲੇ ਦਿਨ ਹੇਜ਼ਲ ਵੈਸਟ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਸ਼ਹਿਜ਼ਾਦੀ ਡਾਇਨਾ ਘੋੜ ਸਵਾਰੀ ਸਿੱਖਣਾ ਚਾਹੁੰਦੀ ਸੀ ਤੇ ਮੈਂ ਇਸਦਾ ਪ੍ਰਬੰਧ ਕਰਾਂ। ਮੈਂ ਨਾਇਟਜ਼ਬ੍ਰਿੱਜ਼ ਬੈਰਕ ਦੇ ਕਮਾਂਡਰ ਅਫ਼ਸਰ ਕਰਨਲ ਮੌਰਰੀਸੇ ਪਾਇਨ ਦੀ ਪ੍ਰਵਾਨਗੀ ਲੈ ਲਈ। ਮੈਂ ਉਸਨੂੰ ਚਿਤਾਰ ਦਿੱਤਾ ਸੀ ਕਿ ਡਾਇਨਾ ਇਸਨੂੰ ਸਿੱਖਿਆਰਥੀ ਅਤੇ ਹੇਠਲੇ ਪੱਧਰ 'ਤੇ ਗੁਪਤ ਰੱਖਣਾ ਚਾਹੁੰਦੀ ਸੀ ਤੇ ਆਮ ਪਰਾਉਣਿਆਂ ਵਾਂਗ ਆਇਆ ਕਰੇਗੀ ਨਾ ਕਿ ਸ਼ਾਹੀ ਮਹਿਮਾਨਾਂ ਵਾਂਗ। ਇਸ ਲਈ ਉਹਦੇ ਆਉਣ 'ਤੇ ਹਰ ਵਾਰ ਰੱਖਿਅਕਾਂ ਦਾ ਇਕੱਠ ਨਾ ਕੀਤਾ ਜਾਵੇ। ਡਾਇਨਾ ਨਾਲ ਕੇਵਲ ਉਸਦਾ ਨਿੱਜੀ ਸੁਰੱਖਿਆ ਦਸਤਾ, ਦੋ ਬੌਡੀਗਾਰਡ ਤੇ ਸਕੌਟਲੈਂਡਯਾਰਡ ਦਾ ਡਿਟੈਕਟਿਵ ਹੋਇਆ ਕਰੇਗਾ।
ਮੈਂ ਡਾਇਨਾ ਨੂੰ ਪਹਿਲਾਂ ਅੰਦਰ ਘੋੜਸਵਾਰੀ ਕਰਵਾਉਣ ਦੀ ਯੋਜਨਾ ਬਣਾਈ ਤਾਂ ਕਿ ਮੈਂ ਇਹ ਜਾਣ ਸਕਾਂ ਕਿ ਉਹ ਕਿੰਨੀ ਕੁ ਵਧੀਆ ਘੋੜ ਸਵਾਰ ਸੀ। ਡਾਇਨਾ ਨੇ ਕਿਹਾ ਉਹ ਬਿਲਕੁਲ ਵਧੀਆ ਨਹੀਂ ਹੈ। ਬਾਅਦ ਵਿਚ ਮੈਨੂੰ ਪਤਾ ਚਲਿਆ ਕਿ ਉਹ ਹਰ ਕੰਮ ਵਿਚ ਆਪਣੇ ਆਪ ਨੂੰ ਅਜਿਹਾ ਕਹਿਣ ਦੀ ਆਦੀ ਸੀ। ਸਿਵਾਏ ਨ੍ਰਿਤ ਅਤੇ ਤੈਰਾਕੀ ਦੇ।
ਜਦੋਂ ਮੈਂ ਡਾਇਨਾ ਨੂੰ ਘੋੜੇ 'ਤੇ ਚੜ੍ਹਾਇਆ ਤਾਂ ਉਸਨੇ ਯਕੀਨਨ ਪਹਿਲਾਂ ਘੋੜ ਸਵਾਰੀ ਕੀਤੀ ਹੋਈ ਸੀ। ਇਸ ਲਈ ਮੈਨੂੰ ਮੁੱਢਲੀ ਸਿਖਲਾਈ ਦੇਣ ਦੀ ਲੋੜ੍ਹ ਮਹਿਸੂਸ ਨਾ ਹੋਈ। ਪਰ ਉਸਨੇ ਕਈ ਸਾਲਾਂ ਤੋਂ ਘੋੜੇ 'ਤੇ ਬੈਠ ਕੇ ਨਹੀਂ ਸੀ ਦੇਖਿਆ। ਇਸ ਲਈ ਉਹ ਜਕਦੀ ਅਤੇ ਥੋੜ੍ਹੀ ਘਬਰਾਈ ਹੋਈ ਮਹਿਸੂਸ ਹੋ ਰਹੀ ਸੀ।
ਮੇਰੀ ਮੁੱਖ ਚਿੰਤਾ ਇਹ ਸੀ ਕਿ ਡਾਇਨਾ ਘੋੜੇ ਤੋਂ ਡਿੱਗ ਕੇ ਸੱਟ ਨਾ ਖਾਹ ਲਵੇ। ਕਿਸੇ ਨੂੰ ਘੋੜ ਸਵਾਰੀ ਸਿਖਾਉਣ ਦਾ ਇਹੀ ਰਾਜ ਹੈ ਕਿ ਸਵਾਰ ਅਨੁਸਾਰ ਸਹੀ ਘੋੜੇ ਦੀ ਚੋਣ ਕੀਤੀ ਜਾਵੇ। ਨਾਇਟਜ਼ਬ੍ਰਿੱਜ਼ ਦੇ ਸਾਰੇ ਘੋੜੇ ਭੈਅਹੀਣ ਅਤੇ ਭੀੜ ਵਿਚ ਵਿਚਰਨਾ ਗਿੱਝੇ ਹੋਏ ਸਨ। ਮੈਂ ਸਭ ਤੋਂ ਸਮਝਦਾਰ ਤੇ ਸੀਲ ਘੋੜਾ 'ਗੈਰੀ' ਡਾਇਨਾ ਨੂੰ ਸਿਖਾਉਣ ਲਈ ਚੁਣ ਲਿਆ। ਮੈਨੂੰ ਪਤਾ ਸੀ ਕਿ ਭਾਵੇਂ ਕੋਈ ਉਸ ਕੋਲ ਆ ਕੇ ਗੋਲੀ ਵੀ ਚਲਾ ਦੇਵੇ ਤਾਂ ਵੀ ਉਹ ਘਬਰਾ ਕੇ ਸਵਾਰ ਸਮੇਤ ਭੱਜਣ ਵਾਲਾ ਨਹੀਂ ਹੈ।
ਡਾਇਨਾ ਸ਼ੁਰੂ ਸ਼ੁਰੂ ਵਿਚ ਘਬਰਾਈ ਅਤੇ ਅਣਸੁਰੱਖਿਆ ਮਹਿਸੂਸ ਕਰਦੀ ਸੀ। ਪਰ ਫਿਰ ਜਲਦ ਹੀ ਠੀਕ ਅਤੇ ਸਵੈ-ਵਿਸ਼ਵਾਸੀ ਹੋ ਗਈ ਸੀ। ਘੋੜੇ ਨਾਲ ਵੀ ਉਸਦੀ ਲਿਹਾਜ਼ ਜਿਹੀ ਪੈ ਗਈ ਤੇ ਉਹ ਦੋਨੋਂ ਇਕ ਦੂਜੇ ਨਾਲ ਤਾਲਮੇਲ ਪੈਦਾ ਕਰਨਾ ਗਿੱਝ ਗਏ। ਕੁਝ ਦਿਨਾਂ ਬਾਅਦ ਮੈਂ ਡਾਇਨਾ ਨੂੰ ਹਾਇਡ ਪਾਰਕ ਦੀ ਸੈਰ ਵੱਲ ਲੈ ਤੁਰਿਆ। ਉਸ ਤੋਂ ਬਾਅਦ ਮੈਂ ਜ਼ਿਆਦਾਤਰ ਘੋੜ ਸਵਾਰੀ ਡਾਇਨਾ ਨੂੰ ਬਾਹਰ ਹੀ ਸਿਖਾਉਂਦਾ। ਅਸੀਂ ਬੈਰਕ ਦੇ ਗੇਟ ਤੋਂ ਬਾਹਰ ਨਿਕਲ ਕੇ ਖੱਬੇ ਬਕਿੰਘਮ ਮਹੱਲ ਵੱਲ ਮੁੜਦੇ, ਰੌਟਨ ਰੋਅ, ਸਿਕਾਮੋਰ ਐਵਨਿਉ ਅਤੇ ਕੈਸ਼ੀਊਨੱਟ ਟਰੀ ਹੁੰਦੇ ਹੋਏ ਦੂਰ ਨਿਕਲ ਜਾਂਦੇ।
ਹੇਜ਼ਲ ਵੈਸਟ, ਮੇਜਰ ਜਨਰਲ ਸਰ ਕਰਿਸਟਫਰ ਏਅਰੀ ਅਤੇ ਕਈ ਹੋਰ ਅਫ਼ਸਰ ਵੀ ਸਾਡੇ ਨਾਲ ਅਕਸਰ ਆਪਣੇ ਘੋੜੇ ਲੈ ਕੇ ਆ ਜੁੜਦੇ। ਡਾਇਨਾ ਘੋੜ ਸਵਾਰੀ ਦੀ ਕਲਾ ਦੀਆਂ ਬਰੀਕੀਆਂ ਨੂੰ ਬਹੁਤ ਛੇਤੀ ਫੜ੍ਹਦੀ ਜਾ ਰਹੀ ਸੀ।
ਬਾਹਰ ਬਹੁਤ ਜ਼ਿਆਦਾ ਸਕਿਉਰਟੀ ਹੁੰਦੀ ਸੀ। ਚਿੱਟੀਆਂ ਪੁਲਿਸ ਦੀਆਂ ਪੈਂਡਾ ਕਾਰਾਂ, ਸਾਦਾ ਕਪੜਿਆਂ ਅਤੇ ਸਿਵਲ ਕਾਰਾਂ ਵਿਚ ਜਾਸੂਸ ਸਾਡੇ ਆਲੇ ਦੁਆਲੇ ਰਹਿੰਦੇ। ਜ਼ਿਆਦਾਤਰ ਪੁਲਿਸ ਵਾਲੇ ਮੇਰੇ ਵਾਕਿਫ਼ ਸਨ। ਹਮੇਸ਼ਾ ਡਾਇਨਾ ਦੇ ਸੁਰੱਖਿਆ ਕਰਮਚਾਰੀਆਂ ਦਾ ਸਾਇਆ ਸਾਡੇ ਨਾਲ ਹੁੰਦਾ। ਮੈਨੂੰ ਪੁਲਿਸ ਨੇ ਇਕ ਰੇਡੀਉ ਦੇ ਦਿੱਤਾ ਸੀ ਤਾਂ ਜੋ ਸਮੱਸਿਆ ਆਉਣ 'ਤੇ ਮੈਂ ਪੁਲਿਸ ਦੀ ਫੌਰੀ ਮਦਦ ਲੈ ਸਕਾਂ। ਡਾਇਨਾ ਦੀ ਸੁਰਾਹੀਦਾਰ ਗਰਦਨ ਵਿਚ ਪਹਿਨੀਆ ਲੌਕੇਟ ਵੀ ਟਰਾਂਸਮੀਟਰ ਨਾਲ ਜੁੜੀਆ ਹੋਇਆ ਸੀ। ਜਿਸ ਦਾ ਮਤਲਬ ਲੌਕੇਟ ਨੂੰ ਹਲਕਾ ਜਿਹਾ ਘੁੱਟਿਆਂ, ਉਸਦਾ ਪੈਨਿਕ ਬਟਨ ਦੱਬਿਆ ਜਾਂਦਾ ਸੀ ਤੇ ਦਸ ਸਕਿੰਟਾਂ ਵਿਚ ਡਾਇਨਾ ਦੁਆਲੇ ਸੁਰੱਖਿਆ ਦਸਤੇ ਦਾ ਘੇਰੇ ਪੈ ਜਾਣਾ ਸੀ।
ਕੁਝ ਦਿਨਾਂ ਤੱਕ ਅਸੀਂ ਨੇਮ ਨਾਲ ਇਕੋ ਰੂਟ 'ਤੇ ਘੋੜ ਸਵਾਰੀ ਕਰਦੇ ਰਹੇ। ਕੋਈ ਦੁਰਘਟਨਾ ਨਾ ਵਾਪਰੀ। ਆਹੀਸਤਾ-ਆਹੀਸਤਾ ਸ਼ਾਹੀ ਤੇ ਸਰਕਾਰੀ ਪਹਿਰਾ ਸਾਡੇ ਦੁਆਲਿਉਂ ਘਟ ਗਿਆ। ਅਸੀਂ ਘੱਟੋ ਘੱਟ ਹਫਤੇ ਵਿਚ ਦੋ ਵਾਰ ਘੋੜ ਸਵਾਰੀ ਕਰਦੇ। ਕੋਈ ਸਮਾਂ ਨਿਰਧਾਰਤ ਨਾ ਹੁੰਦਾ। ਜਦੋਂ ਡਾਇਨਾ ਨੂੰ ਵਿਹਲ ਮਿਲਦੀ ਉਹ ਫੋਨ ਕਰਕੇ ਮੇਰੇ ਕੋਲ ਆ ਜਾਂਦੀ। ਜ਼ਿਆਦਾਤਰ ਸਵੇਰੇ ਦੇ ਦਸ ਵਜੇ ਦੇ ਕਰੀਬ ਅਸੀਂ ਸਧਾਰਨ ਤੋਰ ਵਿਚ ਹਾਇਡ ਪਾਰਕ ਦੇ ਇਰਦ-ਗਿਰਦ ਇਲਾਕਿਆਂ ਵਿਚ ਘੋੜੇ ਤੋਰਦੇ। ਹਾਂ, ਕਦੇ ਕਦੇ ਘੋੜੇ ਦੀ ਚਾਲ ਮੱਧਮ ਵੀ ਕਰ ਲੈਂਦੇ। ਰੌਟਨ ਪਾਰਕ ਸਿੱਧ ਪੱਧਰਾ ਹੋਣ ਕਰਕੇ ਅਕਸਰ ਘੋੜੇ ਨੂੰ ਘੋੜ ਸਵਾਰ ਦੀ ਮਰਜ਼ੀ ਤੋਂ ਬਿਨਾ ਤੇਜ਼ ਚੱਲਣ ਲਈ ਉਕਸਾ ਦਿੰਦਾ ਹੈ। ਪਰ ਗੈਰੀ ਦੀ ਇਹ ਖਾਸੀਅਤ ਸੀ ਕਿ ਉਹ ਆਪਣੇ ਚਾਲਕ ਦੀ ਮਰਜ਼ੀ ਬਿਨਾ ਕੁਝ ਨਹੀਂ ਸੀ ਕਰਦਾ। ਡਾਇਨਾ ਭਾਵੇਂ ਹੁਣ ਤੱਕ ਪੂਰਨ ਰੂਪ ਵਿਚ ਗੈਰੀ 'ਤੇ ਕਾਬੂ ਪਾ ਕੇ ਆਤਮ ਵਿਸ਼ਵਾਸੀ ਬਣ ਚੁੱਕੀ ਸੀ। ਪਰ ਮੈਂ ਇਹ ਵੀ ਜਾਣਦਾ ਸੀ ਕਿ ਉਸ ਨੇ ਘੋੜਿਆਂ ਪ੍ਰਤਿ ਮਨ ਵਿਚ ਪਾਲਿਆ ਹੋਇਆ ਖੌਫ਼ ਵੀ ਨਹੀਂ ਸੀ ਤਿਆਗਿਆ।
ਡਾਇਨਾ ਨੂੰ ਲੱਗਭਗ ਘੋੜ ਸਵਾਰੀ ਬਾਰੇ ਮੈਂ ਸਭ ਕੁਝ ਸਿਖਾ ਚੁੱਕਾ ਸੀ ਤੇ ਉਹ ਵਧੀਆ ਘੋੜ ਸਵਾਰੀ ਕਰਨ ਦੇ ਗੁਰ ਜਾਣ ਚੁੱਕੀ ਸੀ। ਹੁਣ ਸਮਾਂ ਆ ਗਿਆ ਸੀ ਸਾਨੂੰ ਇਕ ਦੂਜੇ ਨੂੰ ਜਾਨਣ ਦਾ। ਡਾਇਨਾ ਦੇ ਅੰਗਰੱਖਿਅਕਾਂ ਦਾ ਮੇਰੇ 'ਤੇ ਵਿਸ਼ਵਾਸ਼ ਬੱਝ ਗਿਆ ਹੋਣ ਕਰਕੇ ਉਹ ਡਾਇਨਾ ਦਾ ਪਿੱਛਾ ਕਰਨ ਤੋਂ ਹੱਟ ਗਏ ਸਨ ਜਾਂ ਸ਼ਾਇਦ ਡਾਇਨਾ ਨੇ ਉਹਨਾਂ ਨੂੰ ਵਰਜ ਦਿੱਤਾ ਸੀ। ਹੁਣ ਅਸੀਂ ਘੋੜਿਆਂ 'ਤੇ ਇਕੱਲੇ ਹੁੰਦੇ ਤੇ ਸੁੰਨਸਾਨ ਰਾਹਾਂ ਉੱਤੇ ਦੂਰ ਨਿਕਲ ਜਾਂਦੇ।
ਸਾਡੀ ਵਾਰਤਾ ਦਾ ਵਿਸ਼ਾ ਜ਼ਿਆਦਾਤਰ ਘਰੇਲੂ ਅਤੇ ਨਿੱਜੀ ਜ਼ਿੰਦਗੀ ਬਾਰੇ ਹੋਣ ਲੱਗ ਪਿਆ ਸੀ। ਮੈਂ ਹਰ ਵਾਰ ਨਵਾਂ ਘੋੜਾ ਲੈ ਕੇ ਜਾਂਦਾ ਹੁੰਦਾ ਸੀ। ਕਈ ਘੋੜੇ ਤਾਂ ਬਿਲਕੁਲ ਅਣਸਿੱਖਿਅਤ ਅਤੇ ਸੱਜਰੇ ਹੁੰਦੇ ਸਨ। ਡਾਇਨਾ ਨੇ ਮੈਨੂੰ ਪੁੱਛਿਆ ਕਿ ਕਦੇ ਮੈਂ ਘੋੜੇ ਤੋਂ ਡਿੱਗਿਆ ਹੋਵਾਂ ਜਾਂ ਘੋੜਾ ਬਿਗੜਨ ਕਾਰਨ ਕਦੇ ਖੌਫਜ਼ਦਾ ਹੋਇਆ ਹੋਵਾਂ? ਮੈਂ ਡਾਇਨਾ ਦੀ ਅਵਸਥਾ ਨੂੰ ਸਮਝ ਸਕਦਾ ਸੀ। ਮੈਂ ਡਾਇਨਾ ਨੂੰ ਦੱਸਿਆ ਕਿ ਇਕ ਵਾਰ ਕਿਸ਼ੋਰ ਅਵਸਥਾ ਵਿਚ ਅਜਿਹਾ ਹਾਦਸਾ ਵਾਪਰਿਆ ਸੀ। ਪਰ ਮੈਂ ਜਲਦ ਹੀ ਆਪਣੇ ਆਪ ਨੂੰ ਸੰਭਾਲ ਲਿਆ ਸੀ ਤੇ ਉਸ ਤੋਂ ਉਪਰੰਤ ਮੈਨੂੰ ਆਪਣਾ ਬਿਸਤਰਾ ਉਨਾ ਅਰਾਮਦਾਇਕ ਨਹੀਂ ਲੱਗਦਾ, ਜਿੰਨਾ ਘੋੜੇ ਦੀ ਪਿੱਠ ਉੱਤੇ ਸਕੂਨ ਮਿਲਦਾ ਹੈ। ਵਾਸਤਵ ਵਿਚ ਮੈਨੂੰ ਆਪਣੀ ਜ਼ਿੰਦਗੀ ਦਾ ਕੋਈ ਅਜਿਹਾ ਅਧਿਆਏ ਨਹੀਂ ਯਾਦ, ਜੋ ਘੋੜੇ ਦੀ ਸਵਾਰੀ ਤੋਂ ਸੱਖਣਾ ਹੋਵੇ। ਮੇਰੇ ਮਾਂ ਬਾਪ ਦਾ ਪਿਆਰ ਵੀ ਘੋੜ-ਸਵਾਰੀ ਕਰਦਿਆਂ ਪਿਆ ਸੀ। ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਹੈ, ਮੇਰੀ ਮਾਂ ਨੇ ਮੈਨੂੰ ਜਨਮ ਵੀ ਘੋੜੇ 'ਤੇ ਦਿੱਤਾ ਹੋਵੇਗਾ। ਜਦੋਂ ਮੈਂ ਕੇਵਲ ਅਠਾਰਾਂ ਮਹੀਨਿਆਂ ਦਾ ਸੀ ਤਾਂ ਮੇਰੇ ਮਾਪਿਆਂ ਨੇ ਮੈਨੂੰ ਸਕੀਉਬੋਲਡ ਨਸਲ ਦਾ ਬੌਬੀ ਸ਼ਾਫਟੋ ਬਛੇਰਾ ਖਰੀਦ ਕੇ ਦਿੱਤਾ ਸੀ। ਮੇਰਾ ਅਤੇ ਮੇਰੀਆਂ ਭੈਣਾਂ ਦਾ ਬਚਪਨ ਘੋੜਿਆਂ ਨਾਲ ਹੀ ਬੀਤਿਆ ਸੀ। ਅਸੀਂ ਸਾਰਾ ਸਾਰਾ ਦਿਨ ਪੂਰਬੀ ਡੈਵਨ ਵਿਚ ਘੋੜਿਆਂ ਨਾਲ ਡਾਕੂ ਅਤੇ ਪੁਲਿਸ ਦੀ ਖੇਡ ਖੇਡਦੇ ਰਹਿੰਦੇ। ਅਕਸਰ ਮੈਨੂੰ ਹੀ ਡਾਕੂ ਬਣਾਇਆ ਜਾਂਦਾ ਸੀ ਤੇ ਪੁਲਿਸ ਦੀ ਗੋਲੀ ਲੱਗਣ ਨਾਲ ਮੈਂ ਘੋੜੇ ਤੋਂ ਡਿੱਗਣਾ ਹੁੰਦਾ ਸੀ। ਜਾਂ ਦਰਖਤਾਂ ਦੇ ਟਾਹਣਿਆਂ ਨਾਲ ਝੂਟਦਿਆਂ ਮੈਂ ਛਾਲ ਮਾਰ ਕੇ ਭੱਜੇ ਜਾਂਦੇ ਘੋੜੇ ਉੱਤੇ ਬੈਠਣਾ ਹੁੰਦਾ ਸੀ।
ਮੈਂ ਡਾਇਨਾ ਨੂੰ ਸਮਝਾਇਆ ਸੀ, "ਯੂਅਰ ਰੌਇਲ ਹਾਈਨੈੱਸ, ਘੋੜਿਆਂ 'ਤੇ ਵਿਸ਼ਵਾਸ਼ ਕਰਨਾ ਪੈਂਦਾ ਹੈ ਤੇ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਰ ਕੇ ਮਿੱਤਰਤਾ ਅਤੇ ਨੇੜਤਾ ਪੈਦਾ ਕਰਨੀ ਪੈਂਦੀ ਹੈ। ਤੁਸੀਂ ਘੋੜਿਆਂ ਨਾਲ ਤਜ਼ਰਬੇ ਅਤੇ ਕਰਤਬ ਕਰਦਿਆਂ ਆਪਣੇ ਢੰਗ ਨਾਲ ਆਪੇ ਬੜਾ ਕੁਝ ਸਿੱਖ ਜਾਂਦੇ ਹੋ। ਤੁਹਾਨੂੰ ਘੋੜੇ ਨਾਲ ਪਿਆਰ ਪਾਉਣਾ ਪੈਂਦਾ ਹੈ।"
"ਉਹੀ ਤਾਂ ਕਰ ਰਹੀ ਹਾਂ।" ਕਹਿੰਦੀ ਹੋਈ ਡਾਇਨਾ ਅੱਖਾਂ ਰਾਹੀਂ ਮੁਸਕਾਈ ਸੀ।
ਮੈਨੂੰ ਪਹਿਲੇ ਪਹਿਲ ਉਸਦੇ ਵਾਕ ਵਿਚ ਛੁਪੀ ਇਸ ਗੁੱਝੀ ਰਮਜ਼ ਦੀ ਸਮਝ ਹੀ ਨਹੀਂ ਸੀ ਆਈ। ਪਰ ਕੁਝ ਕੁ ਦੇਰ ਬਾਅਦ ਮੈਨੂੰ ਅਹਿਸਾਸ ਹੋਣ ਪਿਆ ਕਿ ਡਾਇਨਾ ਕੇਵਲ ਘੋੜ ਸਵਾਰੀ ਵਿਚ ਨਿਪੁੰਨਤਾ ਹੀ ਨਹੀਂ ਹਾਸਿਲ ਕਰਨਾ ਚਾਹੁੰਦੀ, ਬਲਕਿ ਜਾਤੀ ਤੌਰ 'ਤੇ ਵੀ ਸਵੈਵਿਸ਼ਵਾਸੀ ਬਣਨਾ ਚਾਹੁੰਦੀ ਹੈ ਅਤੇ ਆਪਣੀ ਦ੍ਰਿੜਤਾ ਕਾਇਮ ਕਰਨਾ ਚਾਹੁੰਦੀ ਸੀ।
ਡਾਇਨਾ ਨੇ ਮੈਨੂੰ ਦੱਸਿਆ ਸੀ ਕਿ ਬਚਪਨ ਤੋਂ ਹੀ ਉਸਨੂੰ ਕੋਈ ਹੱਲਾ-ਸ਼ੇਰੀ ਦੇਣ ਤੇ ਹੌਂਸਲਾ ਅਫਜ਼ਾਈ ਕਰਨ ਵਾਲਾ ਨਹੀਂ ਸੀ ਮਿਲਿਆ। ਇਸੇ ਕਰਕੇ ਉਸਨੇ ਆਪਣੀ ਇਕੱਲਤਾ ਤੋਂ ਨਿਜਾਤ ਪਾਉਣ ਲਈ ਆਪਣੇ ਆਪ ਨੂੰ ਤੈਰਾਕੀ ਅਤੇ ਬੱਲੇਬਾਜ਼ੀ ਵਿਚ ਰੁੱਝਿਆ ਰੱਖਿਆ ਸੀ। ਛੋਟੇ ਹੁੰਦਿਆਂ ਉਹ ਆਪਣੀਆਂ ਛੁੱਟੀਆਂ ਬਤੀਤ ਕਰਨ ਸੈਂਡਰਿੰਘਮ, ਨਰਫਲੌਕ (ਇਸ ਅਸਟੇਟ ਦੀ ਪਾਰਕ ਹਾਉਸ ਹਵੇਲੀ ਡਾਇਨਾ ਦੇ ਦਾਦੇ ਨੇ ਮਲਕਾ ਇਲੀਜ਼ਬੈੱਥ ਤੋਂ ਕਿਰਾਏ 'ਤੇ ਲਈ ਸੀ ਤੇ ਇਥੇ ਡਾਇਨਾ ਦਾ ਜਨਮ ਹੋਇਆ ਸੀ। ਬਾਅਦ ਵਿਚ ਇਹ ਸਪੈਂਸਰ ਪਰਿਵਾਰ ਆਪਣੀ ਜੱਦੀ ਜਾਗੀਰ ਅਲਥਰੋਪ ਰਹਿਣ ਲੱਗ ਪਿਆ ਸੀ।) ਜਾਇਆ ਕਰਦੀ ਸੀ, ਜਿੱਥੇ ਸਾਰੇ ਹੀ ਵਧੀਆ ਘੋੜ ਸਵਾਰੀ ਦੇ ਮਾਹਿਰ ਸਨ। ਇਸ ਨਾਲ ਉਸ ਅੰਦਰ ਹੀਣ-ਭਾਵਨਾ ਪੈਦਾ ਹੋ ਜਾਇਆ ਕਰਦੀ ਸੀ।
ਹੈਰਤਅੰਗੇਜ਼ ਗੱਲ ਸੀ ਕਿ ਅਸੀਂ ਜਨਤਕ ਤੌਰ 'ਤੇ ਵਿਚਰਦੇ ਹੋਏ ਵੀ ਅਪ੍ਰਤੱਖ ਸੀ। ਮੈਂ ਤਾਂ ਵਰਦੀ ਵੀ ਨਹੀਂ ਸੀ ਪਾਉਂਦਾ ਤੇ ਮਹਿਜ਼ ਸਾਦੇ ਕਪੜਿਆਂ ਵਿਚ ਹੁੰਦਾ ਸੀ। ਡਾਇਨਾ ਨੂੰ ਮੈਂ ਜ਼ਰੂਰ ਹਾਰਡਹੈੱਟ (ਲੋਹਟੋਪ) ਤੇ ਖੂਰੀਆਂ ਵਾਲੇ ਗੋਡਿਆਂ ਤੱਕ ਲੰਮੇ ਵਲਿੰਘਟਨ ਬੂਟ ਪਹਿਨਾ ਦਿਆ ਕਰਦਾ ਸੀ। ਉਸ ਦਾ ਕਾਰਨ ਸੁਰੱਖਿਆ ਨਾਲੋਂ ਵਧੇਰੇ ਡਾਇਨਾ ਦੀ ਪਹਿਚਾਣ ਨੂੰ ਗੁਪਤ ਰੱਖਣਾ ਹੁੰਦਾ ਸੀ। ਉਸ ਟੋਪ ਦੀ ਮਦਦ ਨਾਲ ਨੀਵੀਂ ਪਾਇਆ ਕਿਸੇ ਵੱਲੋਂ ਵੀ ਡਾਇਨਾ ਨੂੰ ਸਿਆਣ ਸਕਣਾ ਸੌਖਾ ਨਹੀਂ ਸੀ। ਪਰ ਫੇਰ ਵੀ ਡਾਇਨਾ ਐਨੀ ਪ੍ਰਸਿੱਧ ਸੀ ਕਿ ਲੋਕ ਉਸਨੂੰ ਪਹਿਚਾਣ ਲਿਆ ਕਰਦੇ ਸਨ। ਇਕ ਵਾਰ ਅਸੀਂ ਆਇਰਸ਼ ਗਾਰਡਜ਼ ਦੇ ਕਰਨਲ ਅਤੇ ਲਕਸਮਬਰੋ ਦੇ ਸਾਮੰਤ ਕੋਲ ਦੀ ਲੰਘਣ ਲੱਗੇ ਤਾਂ ਉਸ ਨੇ ਡਾਇਨਾ ਨੂੰ ਸਲਿਊਟ ਮਾਰੀਆ ਸੀ।
ਇਕ ਹੋਰ ਅਵਸਰ 'ਤੇ ਅਸੀਂ ਉਸ ਸਮਾਰਕ ਕੋਲ ਦੀ ਲੰਘ ਰਹੇ ਸੀ, ਜਿਥੇ ਬਲੂਜ਼ ਐਂਡ ਰੌਇਲ ਦੇ ਚਾਰ ਜਵਾਨਾਂ ਨੂੰ 1982 ਵਿਚ ਆਈ. ਆਰ. ਏ. (Irish
Republican Army) ਨੇ ਬੰਬ ਨਾਲ ਉਡਾ ਦਿੱਤਾ ਸੀ। ਡਾਇਨਾ ਨੇ ਮੈਨੂੰ ਪੁੱਛਿਆ ਸੀ ਕਿ ਕੀ ਮੈਂ ਉਹਨਾਂ ਚੋਂ ਕਿਸੇ ਨੂੰ ਜਾਣਦਾ ਸੀ ਤਾਂ ਮੈਂ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਣ ਲੱਗ ਪਿਆ ਸੀ। ਖਾਸਕਰ ਲਫਤਾਨ ਐਂਥਨੀ ਡਾਲੀ, ਜੋ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਵਿਆਹਿਆ ਗਿਆ ਸੀ। ਮਹਾਰਾਣੀ ਦੀ ਜੀਵਨ ਸੁਰੱਖਿਆ ਟੁਕੜੀ ਦਾ ਉਸ ਨੂੰ ਉਦਣ ਕਪਤਾਨ ਬਣਾਇਆ ਜਾਣਾ ਸੀ, ਜਿਸ ਦਿਨ ਉਹ ਬੰਬ ਹਾਦਸੇ ਵਿਚ ਮਾਰਿਆ ਗਿਆ ਸੀ। ਡਾਇਨਾ ਇਹ ਸਭ ਹਿਰਦੇਵੇਦਕ ਗੱਲਾਂ ਚੁੱਪਚਾਪ ਸੁਣਦੀ ਅਤੇ ਸਹਿਜ਼ਤਾ ਨਾਲ ਆਪਣੇ ਅੰਦਰ ਪਚਾਉਂਦੀ ਗਈ ਸੀ, "ਮਰਨਾ ਤਾਂ ਇਕ ਦਿਨ ਸਭ ਨੇ ਹੈ। ਪਰ ਕੋਈ ਸਮੇਂ ਤੋਂ ਪਹਿਲਾਂ ਅਣਆਈ ਮੌਤ ਨਾ ਮਰੇ।"
"ਮਹਾਨ ਸਖਸ਼ੀਅਤਾਂ ਦੀ ਉਮਰ ਬਹੁਤ ਘੱਟ ਹੁੰਦੀ ਹੈ। ਚੰਗੇ ਵਿਅਕਤੀਆਂ ਦੀ ਹੋਰ ਕਿਤੇ ਵਧੇਰੇ ਲੋੜ੍ਹ ਹੁੰਦੀ ਹੈ। ਇਸ ਲਈ ਰੱਬ ਉਹਨਾਂ ਨੂੰ ਛੇਤੀ ਚੁੱਕ ਲੈਂਦਾ ਹੈ।" ਮੈਂ ਆਪਣੀ ਫਿਲਾਸਫੀ ਝਾੜੀ ਸੀ।
"ਜਿੱਦਣ ਮੈਂ ਮਰੀ ਕੀ ਮੇਰੀ ਮੌਤ ਦੀ ਖ਼ਬਰ ਵੀ ਅਮਰੀਕਾ ਦੇ ਰਾਸ਼ਟਰਪਤੀ ਜੇ. ਐੱਫ. ਕੈਨਡੀ ਦੀ ਹੱਤਿਆ ਦੇ ਸਮਾਚਾਰ ਵਾਂਗ ਦੁਨੀਆਂ ਵਿਚ ਜੰਗਲ ਦੀ ਅੱਗ ਫੇਲੇਗੀ? ਮੇਰੀ ਗਿਣਤੀ ਕਿਨ੍ਹਾਂ ਵਿਚ ਆਉਂਦੀ ਹੈ? ਆਮ ਵਿਚ ਕਿ ਮਹਾਨਾਂ ਵਿਚ?"
"ਇਹ ਫੈਸਲਾ ਤਾਂ ਸਮਾਂ ਹੀ ਕਰੇਗਾ। ਪਰ ਮੈਂ ਤੁਹਾਨੂੰ ਬਹੁਤ ਮਹਾਨ ਮੰਨਦਾ ਹਾਂ।"
"ਮੈਨੂੰ ਤਾਂ ਹਰਾਮਜ਼ਾਦਾ ਰੱਬ ਚੁੱਕਦਾ ਹੀ ਨਹੀਂ। ਭਰ ਜੋਬਨ ਵਿਚ ਮਰਨ ਦਾ ਆਪਣਾ ਹੀ ਸੁਆਦ ਹੁੰਦੈ। ਮੈਂ ਤਾਂ ਕਈ ਵਾਰ ਮਰਨ ਦੀ ਕੋਸ਼ਿਸ਼ ਕੀਤੀ ਹੈ। ਫਾਕੇ ਰੱਖ ਕੇ ਭੁੱਖ ਹੜਤਾਲਾਂ ਕੀਤੀਆਂ। ਰੇਜ਼ਰ ਵਲੇਡਾਂ ਨਾਲ ਨਸਾਂ ਕੱਟੀਆਂ। ਵਿਲੀਅਮ ਜਦੋਂ ਮੈਨੂੰ ਹੋਣ ਵਾਲਾ ਸੀ ਤਾਂ ਮੈਂ ਜਾਣ-ਬੁੱਝ ਕੇ ਬਕਿੰਘਮ ਪੈਲਿਸ ਦੀਆਂ ਪੌੜੀਆਂ ਤੋਂ ਵੀ ਆਪਣੇ ਆਪ ਨੂੰ ਹੇਠਾਂ ਸਿੱਟਿਆ ਸੀ। ਜਦੋਂ ਮੈਂ ਪੌੜੀਆਂ ਵਿਚੋਂ ਰੁੜਦੀ ਆਈ ਸੀ ਤਾਂ ਪੌੜੀਆਂ ਹੇਠ ਕੂਇਨ (ਰਾਣੀ ਇਲੀਜ਼ਬੈਥ-2) ਖੜ੍ਹੀ ਸੀ। ਹਿਟਲਰ ਦੀਆਂ ਤੋਪਾਂ ਵਾਂਗ ਉਸਨੇ ਮੇਰੇ 'ਤੇ ਆਪਣੀਆਂ ਅੱਖਾਂ ਦਾਗੀਆਂ ਹੋਈਆਂ ਸਨ। ਮੇਰੇ ਸੱਟ-ਫੇਟ ਲੱਗਣ ਦੀ ਚਿੰਤਾ ਕਰਨ ਦੀ ਬਜਾਏ ਉਸਨੇ ਮੈਨੂੰ ਵਾਲਾਂ ਤੋਂ ਫੜ੍ਹ ਕੇ ਘੂਰਿਆ ਸੀ। ਮੈਨੂੰ ਕਹਿੰਦੀ ਕੰਨ ਖੋਲ੍ਹ ਕੇ ਸੁਣ ਲੈ। ਸਾਡੇ ਖਾਨਦਾਨ ਨੇ ਸਾਰੀ ਦੁਨੀਆਂ 'ਤੇ ਹਕੁਮਤ ਕੀਤੀ ਹੈ। ਮੇਰੇ ਪੁਰਖਾਂ ਨੇ ਆਪਣਾ ਰਾਜ ਐਨਾ ਫੈਲਾਇਆ ਸੀ ਕਿ ਸਾਡੇ ਬ੍ਰਿਟਿਸ਼ ਰੂਲ (ਸਲਤਨਤ-ਏ-ਇੰਗਲੀਸ਼ਸਤਾਨੀਆ) ਵਿਚ ਕਦੇ ਸੂਰਜ ਵੀ ਛਿੱਪਣ ਦੀ ਗੁਸਤਾਖੀ ਨਹੀਂ ਸੀ ਕਰਦਾ। ਸਾਡੀ ਰਿਆਸਤ ਇਸ ਕਦਰ ਵਿਸ਼ਾਲ ਸੀ ਕਿ ਜੇ ਇਕ ਸਿਰੇ 'ਤੇ ਰਾਤ ਪੈਂਦੀ ਸੀ ਤਾਂ ਦੂਜੇ ਸਿਰੇ ਦਿਨ ਚੜ੍ਹਿਆ ਹੁੰਦਾ ਸੀ। ਕਿੱਥੇ ਭੇਡਾਂ ਚਾਰਨ ਵਾਲੇ ਆਜੜੀਆਂ ਦੀ ਧੀ ਲੈ ਬੈਠੇ। ਮੇਰੇ ਸਪੈਂਸਰ ਖਾਨਦਾਨ ਨੇ ਸੋਹਲ੍ਹਵੀ ਸਦੀ ਵਿਚ ਭੇਡਾਂ ਦੇ ਵਪਾਰ ਤੋਂ ਧਨ ਕਮਾਇਆ ਸੀ ਨਾ। ਫੇਰ ਮਲਕਾ ਮੂੰਹੋਂ ਝੱਗ ਸਿੱਟਦੀ ਹੋਈ ਕਹਿੰਦੀ ਇਹ ਹਰਾਮਜ਼ਾਦੀ ਸਾਡੇ ਹੀ ਵੰਸ਼ ਦਾ ਚਿਰਾਗ ਬੁਝਾਉਣ 'ਤੇ ਤੁਲੀ ਹੋਈ ਹੈ। ਕੰਨ ਖੋਲ੍ਹ ਕੁ ਸੁਣ ਲੈ ਜੇ ਬੱਚੇ ਨੂੰ ਕੁੱਝ ਹੋ ਗਿਆ ਤਾਂ ਸਾਰਾ ਟੱਬਰ ਮਾਰ ਦੇਵਾਂਗੇ। ਸਪੈਂਸਰਾਂ ਦਾ ਇੰਗਲੈਂਡ ਚੋਂ ਨਾਮੋ-ਨਿਸ਼ਾਨ ਭਾਲਿਆਂ ਨ੍ਹੀਂ ਥਿਆਉਣਾ। ਮਲਕਾ ਨੇ ਇਹ ਨਹੀਂ ਸੋਚਿਆ ਕਿ ਮੈਂ ਕਿੰਨੀ ਪਰੇਸ਼ਾਨ ਰਹੀ ਹੋਵਾਂਗੀ ਤੇ ਕਿਉਂ ਮੈਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਹੋਵੇਗੀ। ਪਰ ਸਭ ਨੇ ਮੈਨੂੰ ਅਟੈਂਸ਼ਨ ਸੀਕਰ (ਤਮਾਸ਼ਬੀਨ) ਆਖ ਕੇ ਹੀ ਭੰਡਿਆ ਹੈ। ਮੇਰਾ ਤਾਂ ਮਹਿਲ ਵਿਚ ਦਮ ਘੁੱਟਣ ਜਾਂਦਾ ਹੈ।" ਡਾਇਨਾ ਬਹੁਤ ਉਦਾਸ ਹੋ ਗਈ ਸੀ।
"ਸ਼ਾਇਦ ਪ੍ਰਮਾਤਮਾ ਨੂੰ ਤੁਹਾਡੀ ਇਸ ਜਹਾਨ ਵਿਚ ਜ਼ਿਆਦਾ ਲੋੜ੍ਹ ਹੈ ਤੇ ਉਸਨੇ ਤੁਹਾਡੇ ਤੋਂ ਕੋਈ ਮਹਾਨ ਕਾਰਜ ਕਰਵਾਉਣਾ ਹੋਵੇਗਾ।... ਵੈਸੇ ਮੁਹੱਬਤ ਕਰਨ ਨਾਲੋਂ ਵੱਡਾ ਸਬਾਬ ਦਾ ਹੋਰ ਕੰਮ ਕੀ ਹੋ ਸਕਦਾ ਹੈ? ਤੁਸੀਂ ਕਿੰਨੇ ਲੋਕਾਂ ਨੂੰ ਪਿਆਰ ਕਰਦੇ ਹੋ। ਲੋਕ ਤੁਹਾਨੂੰ ਕਿੰਨਾ ਚਾਹੁੰਦੇ ਹਨ।" ਮੈਂ ਡਾਇਨਾ ਦਾ ਮਨ ਬਦਲਣ ਲਈ ਕਿਹਾ ਸੀ।
"ਪਰ ਜਿਨ੍ਹਾਂ ਨੂੰ ਪਿਆਰ ਕਰਨਾ ਚਾਹੀਦਾ ਹੈ, ਉਹ ਮੈਨੂੰ ਕਰਦੇ ਨਹੀਂ।" ਐਨਾ ਆਖ ਕੇ ਉਹ ਚੁੱਪ ਹੋ ਗਈ ਸੀ। ਮੈਂ ਕਈ ਮਰਤਬਾ ਬੁਲਾਇਆ ਸੀ। ਲੇਕਿਨ ਉਹ ਕੁਝ ਨਹੀਂ ਬੋਲੀ ਸੀ ਤੇ ਨਾ ਹੀ ਉਸਨੇ ਕੋਈ ਹੁੰਗਾਰਾ ਭਰਿਆ ਸੀ। ਬਸ ਖਾਮੋਸ਼ ਉਹ ਆਪਣੇ ਖਿਆਲ ਵਿਚ ਹੀ ਗੁੰਮੀ ਰਹੀ ਸੀ।
ਪਾਰਕ ਲੇਨ ਨਜ਼ਦੀਕ ਰੌਟਨ ਰੋਅ ਵਿਖੇ ਅਕਸਰ ਨਸ਼ੇੜੀਆਂ ਦੀਆਂ ਮਜ਼ਲਸਾਂ ਲੱਗੀਆਂ ਹੁੰਦੀਆਂ ਸਨ। ਕਈ ਵਾਰ ਡਾਇਨਾ ਉਥੇ ਰੁੱਕ ਕੇ ਸ਼ਰਾਬੀਆਂ ਨਾਲ ਜਬਲੀਆਂ ਮਾਰਿਆ ਕਰਦੀ ਸੀ। ਉਦੋਂ ਮੈਨੂੰ ਇਹੀ ਭਰਮ ਸੀ ਕਿ ਉਹਨਾਂ ਨੂੰ ਡਾਇਨਾ ਦੀ ਹਸਤੀ ਬਾਰੇ ਗਿਆਨ ਨਹੀਂ ਸੀ। ਲੇਕਿਨ ਬਾਅਦ ਵਿਚ ਮੈਨੂੰ ਡਾਇਨਾ ਨੇ ਇਕ ਚਿੱਠੀ ਪੜ੍ਹਾਈ, ਜੋ ਉਥੇ ਮਿਲਣ ਵਾਲੇ ਇਕ ਸ਼ਰਾਬੀ ਨੇ ਡਾਇਨਾ ਨੂੰ ਲਿੱਖੀ ਸੀ। ਉਸ ਵਿਚ ਉਸਨੇ ਡਾਇਨਾ ਦਾ ਧੰਨਵਾਦ ਕਰਦਿਆਂ ਲਿੱਖਿਆ ਸੀ ਕਿ ਡਾਇਨਾ ਦੀਆਂ ਮੱਤਾਂ ਅਤੇ ਮਸ਼ਵਰਿਆਂ ਉੱਤੇ ਅਮਲ ਕਰਕੇ ਉਸਨੇ ਆਪਣੀ ਜ਼ਿੰਦਗੀ ਸੁਧਾਰ ਲਈ ਸੀ ਤੇ ਉਹ ਲੰਡਨ ਵਿਚ ਆਪਣੀ ਦੁਕਾਨ ਖਰੀਦ ਕੇ ਅੱਛੀ ਖਾਸੀ ਕਮਾਈ ਕਰ ਰਿਹਾ ਸੀ। ਉਸ ਨੇ ਨਸ਼ਿਆਂ ਦਾ ਤਿਆਗ ਕਰ ਦਿੱਤਾ ਸੀ। ਡਾਇਨਾ ਦੀ ਸਖਸ਼ੀਅਤ ਤੋਂ ਕੋਈ ਵੀ ਮੁਤਾਸਿਰ ਹੋਏ ਬਿਨਾ ਰਹਿ ਨਹੀਂ ਸੀ ਸਕਦਾ ਤੇ ਦੂਜੇ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਦੀ ਕਲਾ ਉਸਨੂੰ ਬਾਖੂਬ ਆਉਂਦੀ ਸੀ। ਬਿਨਾ ਪੌੜੀਆਂ ਕਿਸੇ ਦੇ ਦਿਲ ਵਿਚ ਉਤਰ ਜਾਣ ਦੇ ਫਨ ਦੀ ਉਸਨੂੰ ਪ੍ਰਬੀਨਤਾ ਸੀ।
ਘੋੜ ਸਵਾਰੀ ਤੋਂ ਬਿਨਾ ਅਸੀਂ ਅੱਝੀਂ-ਪੱਝੀ ਸਮਾਜਿਕ ਅਤੇ ਸਭਿਆਚਾਰਕ ਸਮਾਗਮਾਂ ਵਿਚ ਮਿਲਣ ਲੱਗੇ। ਕਦੇ ਕਦਾਈਂ ਅਸੀਂ ਵੈਸਟ ਪਰਿਵਾਰ ਨਾਲ ਇਕੱਠੇ ਭੋਜਨ ਕਰਦੇ। ਇਕ ਮੌਕੇ 'ਤੇ ਮੈਨੂੰ ਅਤੇ ਸਰ ਕਰੀਸਟਫਰ ਏਅਰੀ ਨੂੰ ਡਾਇਨਾ ਨੇ ਦੁਪਿਹਰ ਦੇ ਖਾਣੇ ਲਈ ਕੈਨਸਿੰਘਟਨ ਪੈਲਿਸ ਵਿਚ ਨਿਮੰਤਰਣ ਦਿੱਤਾ ਸੀ। ਉਦੋਂ ਡਾਇਨਾ ਦੀ ਮਾਂ ਫਰੈਂਸਿਸ ਸ਼ੈਂਡ ਕਿਡ ਵੀ ਉਥੇ ਸੀ। ਮੈਂ ਉਸਦੀ ਮਾਤਾ ਨੂੰ ਗਹੁ ਨਾਲ ਦੇਖ ਰਿਹਾ ਸੀ।ਮੈਂ ਕੁਝ ਬੋਲਣ ਲੱਗਾ ਤਾਂ ਡਾਇਨਾ ਨੇ ਵਿਚੋਂ ਟੋਕ ਦਿੱਤਾ, "ਹੁਣ ਮੈਨੂੰ ਇਹ ਨਾ ਕਹੀ ਕਿ ਮੇਰੀ ਮਾਂ ਬਹੁਤ ਸੋਹਣੀ ਹੈ।"
"ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਕੁੜੀ ਦੀ ਮਾਂ ਬਦਸੂਰਤ ਕਿਵੇਂ ਹੋ ਸਕਦੀ ਹੈ? ਇਕ ਅਖਾਣ ਹੈ, ਮਾਂ ਪਰ ਧੀ ਔਰ ਪਿਤਾ ਪਰ ਘੋੜਾ। ਬਹੁਤ ਨਹੀਂ ਤਾਂ ਥੋੜ੍ਹਾ ਥੋੜ੍ਹਾ।" ਮੈਂ ਹੱਸਦਿਆਂ ਹੋਇਆਂ ਕਿਹਾ ਤਾਂ ਡਾਇਨਾ ਦੇ ਚਿਹਰੇ 'ਤੇ ਤਬੱਸੁਮ ਦੀਆਂ ਲਾਲੀਆਂ ਵਿਖਰ ਗਈਆਂ ਸਨ।
ਡਾਇਨਾ ਹੋਰ ਪੰਪ ਮਾਰਨ ਲਈ ਮੈਂ ਆਖ ਦਿੱਤਾ ਸੀ, "ਤੇਰੀ ਮੰਮ ਨੌਸ਼ੀਦ ਹੈ ਤੇ ਤੂੰ ਗੈਰਤ-ਨੌਸ਼ੀਦ।"
"ਇਹਦਾ ਕੀ ਮਤਲਬ ਹੁੰਦੈ?"
"ਨੌਸ਼ੀਧ ਅਸਮਾਨ 'ਤੇ ਸਭ ਤੋਂ ਵੱਧ ਚਮਕਣ ਵਾਲਾ ਸਿਤਾਰਾ ਹੁੰਦੈ ਤੇ ਗੈਰਤ-ਨੌਸ਼ੀਧ ਉਸ ਤੋਂ ਵੀ ਸਰਵੋਤਮ ਸਿਤਾਰਾ ਜੋ ਨੋਸ਼ੀਦ ਦੀ ਚਮਕ-ਦਮਕ ਨੂੰ ਵੀ ਫਿੱਕਾ ਪਾ ਦੇਵੇ।" ਡਾਇਨਾ ਅਤੇ ਉਸਦੀ ਮਾਂ ਦੋਨੋਂ ਪ੍ਰਸੰਸਾ ਨਾਲ ਚੌੜੀਆਂ ਹੋ ਗਈਆਂ ਸਨ।
ਜਿਉਂ-ਜਿਉਂ ਦਿਨ ਬੀਤਦੇ ਗਏ, ਇਹ ਸਪਸ਼ਟ ਹੁੰਦਾ ਗਿਆ ਕਿ ਘੋੜ ਸਵਾਰੀ ਤਾਂ ਮਹਿਜ਼ ਇਕ ਬਹਾਨਾ ਸੀ। ਵਾਸਤਵ ਵਿਚ ਤਾਂ ਡਾਇਨਾ ਮਹੱਲ ਤੋਂ ਬਾਹਰ ਸਮਾਂ ਗੁਜ਼ਾਰਨਾ ਚਾਹੁੰਦੀ ਸੀ। ਕਿਸੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਕਰਨਾ ਲੋਚਦੀ ਸੀ। ਉਹ ਮੈਨੂੰ ਆਪਣੀ ਘੋੜ ਸਵਾਰੀ ਦੇ ਪੱਝ ਨਾਲ ਅਕਸਰ ਫੋਨ ਕਰਨ ਲੱਗੀ ਤੇ ਕਈ ਵਾਰ ਅਸੀਂ ਘੰਟਾ ਘੰਟਾ ਜਾਂ ਦੋ ਦੋ ਘੰਟੇ ਗੱਲਾਂ ਮਾਰਦੇ ਰਹਿੰਦੇ। ਉਸ ਗੁਫ਼ਤਗੂ ਵਿਚ ਕੋਈ ਸਨਸਨੀ ਨਹੀਂ ਸੀ ਹੁੰਦੀ। ਨਾ ਹੀ ਅਸੀਂ ਕੋਈ ਪ੍ਰੇਮ ਵਾਰਤਾਲਾਪ ਕਰਦੇ ਸੀ। ਬਲਕਿ ਸਧਾਰਨ ਜਿਹੀਆਂ ਗੱਲਾਂ ਹੁੰਦੀਆਂ ਸਨ, ਜਿਸ ਪ੍ਰਕਾਰ ਦੀਆਂ ਦੋ ਅਜ਼ਨਬੀ ਜਾਂ ਵੇਹਲੜ ਸਮਾਂ ਟਪਾਉਣ ਲਈ ਕਰਿਆ ਕਰਦੇ ਹਨ। ਡਾਇਨਾ ਨੇ ਸ਼ਹਿਜ਼ਾਦੀ ਵਾਲੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਨੀਆਂ ਹੁੰਦੀਆਂ ਸਨ। ਉਹ ਬਹੁਤਾ ਸਮਾਂ ਉਹਨਾਂ ਵਿਚ ਮਸਰੂਫ਼ ਰਹਿੰਦੀ।
ਜਦੋਂ ਅਸੀਂ ਇਕੱਠੇ ਹੁੰਦੇ ਸੀ ਤਾਂ ਮੈਂ ਵੀ ਕਈ ਵਾਰ ਇਹ ਅਨੁਭਵ ਕੀਤਾ ਸੀ ਕਿ ਜਿਵੇਂ ਡਾਇਨਾ ਕਿਸੇ ਬੰਦੀਖਾਨੇ ਵਿਚ ਕੈਦ ਹੋਵੇ ਤੇ ਆਪਣੀ ਮਰਜ਼ੀ ਦੀ ਸਧਾਰਨ ਜ਼ਿੰਦਗੀ ਜੀਉਣ ਦੀ ਉਸਨੂੰ ਬੰਦਿਸ਼ ਹੋਵੇ। ਉਹ ਮੈਨੂੰ ਅਕਸਰ ਸਵਾਲ ਕਰਦੀ ਕਿ ਮੈਂ ਆਪਣਾ ਦਿਨ ਕਿਵੇਂ ਬਿਤਾਉਂਦਾ ਹਾਂ ਤੇ ਕਿਸ ਕਿਸ ਨੂੰ ਮਿਲਦਾ ਹਾਂ। ਕਿਸ ਕਿਸਮ ਦੀਆਂ ਪਾਰਟੀਆਂ ਵਿਚ ਜਾਂਦਾ ਹਾਂ… ਵਗੈਰਾ ਵਗੈਰਾ… ਸਾਫ ਜ਼ਾਹਿਰ ਸੀ ਕਿ ਡਾਇਨਾ ਇਸ ਕਿਸਮ ਦੀ ਅਜ਼ਾਦ ਜਿੰਦਗੀ ਜਿਉਣ ਤੋਂ ਵਾਂਝੀ ਸੀ।
ਡਾਇਨਾ ਮੈਨੂੰ ਅਕਸਰ ਰਾਤ ਰਾਤ ਭਰ ਲੰਮੇ ਲੰਮੇ ਫੋਨ ਕਰਨ ਲੱਗ ਪਈ ਸੀ। ਅਸੀਂ ਇਕ ਦੂਜੇ ਨੂੰ ਜਿੰਨਾ ਜਾਣਦੇ ਜਾਂਦੇ ਸੀ, ਉਨਾ ਹੀ ਇਕ ਦੂਜੇ ਦੇ ਕਰੀਬ ਹੁੰਦੇ ਜਾਂਦੇ ਸੀ। ਇਕ ਦਿਨ ਡਾਇਨਾ ਬੜੇ ਸ਼ਰਾਰਤੀ ਮੂਡ ਵਿਚ ਸੀ। ਉਹ ਮੇਰੀਆਂ ਸਾਰੀਆਂ ਅਗਲੀਆਂ ਪਿਛਲੀਆਂ ਅਤੇ ਮੌਜੂਦਾ ਸਹੇਲੀਆਂ ਬਾਰੇ ਜਾਨਣਾ ਚਾਹੁੰਦੀ ਸੀ।
"ਜੇਮਜ਼, ਤੂੰ ਅਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਐ?"
"ਕੋਈ ਸਹੀ ਕੁੜੀ ਨਹੀਂ ਮਿਲੀ।"
"ਗਲਤ ਕਿੰਨੀਆ ਕੁ ਮਿਲੀਆ?" ਡਾਇਨਾ ਦੇ ਮੱਥੇ ਉੱਤੇ ਤਿਉੜੀਆਂ ਉਭਰ ਆਈਆਂ ਸਨ।
ਉਸਦੀ ਗੱਲ ਸੁਣ ਕੇ ਹੱਸਦਿਆਂ ਮੈਂ ਦੱਸਿਆਂ ਇਹ ਰੈਜ਼ੀਮੈਂਟ ਦੀ ਸ਼ਰਤ ਸੀ ਕਿ ਉਹਨਾਂ ਨੂੰ ਕੁਆਰੇ ਅਫ਼ਸਰ ਚਾਹੀਦੇ ਹੁੰਦੇ ਹਨ। ਜਿਹੜੇ ਜਦੋਂ ਮਰਜ਼ੀ ਮੈਦਾਨ ਵਿਚ ਉਤਰ ਸਕਣ ਤੇ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਤਾਂ ਜੋ ਜੰਗ ਜਾਂ ਦੁਰਾਡੇ ਬਦਲੀ ਕਰਨ ਨਾਲ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਫੌਜੀਆਂ ਨੂੰ ਹੁਣ ਵੀ ਵਿਆਹ ਕਰਵਾਉਣ ਲਈ ਕਮਾਨਡਿੰਗ ਅਫ਼ਸਰ ਦੀ ਇਜ਼ਾਜਤ ਲੈਣੀ ਪੈਂਦੀ ਹੈ।
"ਮੈਂ ਜਦੋਂ ਕੇਵਲ 20 ਸਾਲਾਂ ਦੀ ਸੀ ਮੇਰਾ ਵਿਆਹ ਹੋ ਗਿਆ ਸੀ।"
"ਮੈਂ ਜਾਣਦਾ ਹਾਂ।"
ਮੈਂ ਇਹ ਵੀ ਜਾਣਦਾ ਸੀ ਕਿ ਉਸ ਵਕਤ ਡਾਇਨਾ ਦੀ ਸ਼ਾਦੀ ਬੁਰੇ ਦੌਰ ਵਿਚੋਂ ਲੰਘ ਰਹੀ ਸੀ। ਮੈਨੂੰ ਡਾਇਨਾ ਅਤੇ ਚਾਰਲਸ ਦੋਨਾਂ ਉੱਤੇ ਤਰਸ 'ਤੇ ਹਮਦਰਦੀ ਆਉਂਦੀ ਸੀ। ਮੈਂ ਉਹਨਾਂ ਨੂੰ ਇਕ ਆਦਰਸ਼ਕ ਜੋੜਾ ਮੰਨਦਾ ਸੀ। ਪਰ ਕਈ ਵਾਰ ਡਾਇਨਾ ਆਪਣੇ ਪਤੀ ਦਾ ਨਾਮ ਲੈਣ ਤੋਂ ਵੀ ਕੰਨੀ ਕਤਰਾਉਂਦੀ ਸੀ। ਸ਼ਹਿਜ਼ਾਦਾ ਚਾਰਲਸ ਨੂੰ 'ਉਹ' ਕਹਿ ਕੇ ਸੰਬੋਧਨ ਕਰਦੀ ਹੁੰਦੀ ਸੀ। ਸ਼ਾਇਦ ਅਜਿਹਾ ਕਰਕੇ ਉਹ ਆਪਣੇ ਮਨ ਅੰਦਰ ਪ੍ਰਿੰਸ ਚਾਰਲਸ ਪ੍ਰਤੀ ਉੱਗੇ ਘਿਰਣਾ ਅਤੇ ਨਫਰਤ ਦੇ ਕਡਿੰਆਲੇ ਕੈਕਟਸ ਪੌਦੇ ਮੈਨੂੰ ਦਿਖਾਉਣਾ ਚਾਹੁੰਦੀ ਸੀ। ਲੇਕਿਨ ਉਦੋਂ ਡਾਇਨਾ ਮੈਨੂੰ ਇਕ ਨਟਖਟ, ਚੁਲਬਲੀ, ਆਸ਼ਿਕਮਿਜ਼ਾਜ ਅਤੇ ਨਾਜ਼, ਨਖਰੇ, ਅਦਾਵਾਂ ਵਾਲੀ ਹਸੀਨਾ ਲੱਗਦੀ। ਪਾਣੀਆਂ ਨੂੰ ਅੱਗ ਲਾ ਦੇਣ ਵਾਲੀ ਸੁੰਦਰਤਾ ਨਾਲ ਪ੍ਰਮਾਤਮਾ ਨੇ ਉਸਨੂੰ ਨਿਵਾਜ਼ਿਆ ਸੀ।
ਮੈਂ ਕਿਸੇ ਪਾਰਟੀਆਂ ਵਿਚ ਜਾਂਦਾ ਤਾਂ ਆਪਣੇ ਆਪ ਨੂੰ ਖੌਰੇ ਕਿਉਂ ਇਕੱਲਾ ਮਹਿਸੂਸ ਕਰਦਾ। ਮੈਂ ਕਦੇ ਕਿਸੇ ਕੋਲ ਡਾਇਨਾ ਦਾ ਜ਼ਿਕਰ ਨਾ ਕਰਦਾ। ਪਰ ਇਕ ਪਲ ਲਈ ਉਹਨੂੰ ਭੁੱਲਦਾ ਵੀ ਨਾ। ਮੈਨੂੰ ਆਪਣੀ ਜ਼ਿੰਦਗੀ ਵਿਚ ਵੀ ਠਹਿਰਾ ਜਿਹਾ ਆਇਆ ਮਹਿਸੂਸ ਹੁੰਦਾ। ਇਕ ਜੀਉਂਦੇ ਜਾਗਦੇ ਅਤੇ ਧੜਕਦੇ ਲੰਡਨ ਸ਼ਹਿਰ ਵਿਚ ਮੈਂ ਕਵਾਰਾ ਭਟਕ ਰਿਹਾ ਸੀ। ਇਕੱਲਾ ਕੰਧਾਂ ਵਿਚ ਵੱਜਦਾ ਫਿਰਦਾ ਸੀ ਮੈਂ। ਮੇਰੀ ਕੋਈ ਸਹੇਲੀ ਨਹੀਂ ਸੀ। ਜਦੋਂ ਕੋਈ ਲਿਬੜਿਆਂ ਜਿਹਾ ਮੇਰੇ ਕੋਲ ਦੀ ਸੋਹਣੀ ਕੁੜੀ ਲੈ ਕੇ ਲੰਘਦਾ ਤਾਂ ਮੈਨੂੰ ਗੁੱਸਾ ਆ ਜਾਂਦਾ ਤੇ ਮੇਰਾ ਅਗਲੇ ਦਾ ਸਿਰ ਪਾੜਣ ਨੂੰ ਦਿਲ ਕਰਦਾ। ਮੈਂ ਪਾਰਟੀਆਂ ਵਿਚ ਸ਼ਰੀਕ ਹੁੰਦਾ। ਪਰ ਮੈਨੂੰ ਉਥੇ ਆਪਣੀ ਸ਼ਮੂਲੀਅਤ ਦਾ ਅਹਿਸਾਸ ਨਾ ਹੁੰਦਾ। ਮੈਂ ਭੀੜ ਵਿਚ ਵੀ ਆਪਣੇ ਆਪ ਨੂੰ ਤਨਹਾ ਅਤੇ ਗੁਅਚਿਆ ਮਹਿਸੂਸ ਕਰਦਾ। ਕੋਈ ਕਮੀ ਮੈਨੂੰ ਹਰ ਪਲ ਰੜਕਦੀ ਰਹਿੰਦੀ। ਮੈਂ ਔਰਤ ਦਾ ਸਾਥ ਮਾਨਣ ਅਤੇ ਜਨਾਨਾ ਛੋਹ ਲਈ ਤਰਸਿਆ ਪਿਆ ਸੀ। ਮੈਨੂੰ ਅਹਿਸਾਸ ਜਿਹਾ ਹੁੰਦਾ ਕਿ ਮੈਂ ਡਾਇਨਾ ਨੂੰ ਲੈ ਕੇ ਖਬਤੀ ਜਿਹਾ ਹੁੰਦਾ ਜਾ ਰਿਹਾ ਸੀ। ਮੈਂ ਬਿਨਾ ਵਜ੍ਹਾ ਡਾਇਨਾ ਉੱਤੇ ਆਪਣਾ ਅਧਿਕਾਰ ਸਮਝਣ ਲੱਗ ਜਾਂਦਾ। ਮੈਂ ਡਾਇਨਾ ਨੂੰ ਦੇਖਣ ਲਈ ਉਤਾਵਲਾ ਰਹਿਣ ਲੱਗਦਾ। ਫੋਨਾਂ ਰਾਹੀਂ ਡਾਇਨਾ ਮੇਰੇ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਦੇ ਸੰਕੇਤ ਦਿੰਦੀ ਰਹਿੰਦੀ। ਮੈਨੂੰ ਵੀ ਲੱਗਣ ਲੱਗ ਪਿਆ ਸੀ ਕਿ ਡਾਇਨਾ ਮੈਨੂੰ ਚਾਹੁਣ ਲੱਗ ਪਈ ਸੀ। ਭਾਵੇਂ ਸਪਸ਼ਟ ਰੂਪ ਵਿਚ ਤਾਂ ਉਸਨੇ ਨਹੀਂ ਸੀ ਕਬੂਲਿਆ। ਪਰ ਕਦੇ ਇੰਨਕਾਰ ਵੀ ਨਹੀਂ ਸੀ ਕੀਤਾ। ਹੱਸਦਿਆਂ ਹੋਇਆਂ ਮੇਰੀਆਂ ਗੱਲ੍ਹਾਂ ਵਿਚ ਪੈਂਦਿਆਂ ਟੋਇਆ ਦੇ ਉਹ ਅਕਸਰ ਤਾਰੀਫ਼ ਕਰਦੀ ਰਹਿੰਦੀ। ਜਾਂ ਮੇਰੇ ਕੱਦ ਦੀ ਸਿਫਤ ਕਰਦੀ। ਮੇਰੀ ਸੂਖਮ ਕਲਾਵਾਂ ਪ੍ਰਤੀ ਸਮਝ ਅਤੇ ਸਾਹਿਤ ਪੜ੍ਹਨ ਦੀ ਰੂਚੀ ਤੋਂ ਉਹ ਕਾਫੀ ਪ੍ਰਵਾਭਿਤ ਸੀ।... ਤੇ ਹੋਰ ਬਹੁਤ ਸਾਰੇ ਸੰਕੇਤ ਸਨ ਜੋ ਡਾਇਨਾ ਮੈਨੂੰ ਪਿਆਰ ਕਰਨ ਦੇ ਅਕਸਰ ਦਿੰਦੀ ਰਹਿੰਦੀ ਸੀ। ਇਕ ਗੱਲ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੈਂ ਉਸਨੂੰ ਬਹੁਤ ਪਸੰਦ ਸੀ। ਇਕ ਵਾਰ ਤਾਂ ਉਸਨੇ ਮੈਨੂੰ ਦੁਨੀਆਂ ਦਾ ਸਭ ਤੋਂ ਸੁਨੱਖਾ ਮਰਦ ਵੀ ਗਰਦਾਨ ਦਿੱਤਾ ਸੀ।
ਸ਼ਾਹੀ ਮਰੀਨਜ਼ ਦਾ ਸੇਵਾ ਮੁਕਤ ਕਪਤਾਨ ਮੇਰਾ ਪਿਤਾ ਜੌਹਨ ਹਿਊਵਟ ਲੰਡਨ ਆਇਆ। ਮੇਰੇ ਮਾਤਾ ਪਿਤਾ ਮੇਰੇ ਬਚਪਨ ਵਿਚ ਹੀ ਇਕ ਦੂਜੇ ਤੋਂ ਵੱਖ ਹੋ ਗਏ ਸਨ। ਮੇਰਾ ਪਿਤਾ ਮੇਰੀ ਮਾਂ ਨੂੰ ਛੱਡ ਕੇ ਮੇਰੀ ਜਵਾਨ ਅਤੇ ਵਿਧਵਾ ਮਾਮੀ ਨਾਲ ਰਹਿਣ ਲੱਗ ਪਿਆ ਸੀ। ਜੋ ਮੇਰੇ ਮਾਤਾ ਪਿਤਾ ਦੇ ਤਲਾਕ ਦਾ ਕਾਰਨ ਹੋ ਨਿਭੜਿਆ ਸੀ। ਅਸੀਂ ਫੁਲਹਮ ਰੋਡ ਨਜ਼ਦੀਕ ਮੇਰੇ ਪਿਤਾ ਦੇ ਪਸੰਦੀਦਾ ਰੈਸਟੋਰੈਂਟ ਜੈਕ'ਜ਼ ਵਿਚ ਦੁਪਿਹਰ ਦਾ ਭੋਜਨ ਕਰਨ ਲਈ ਮਿਲੇ। ਮੇਰਾ ਪਿਤਾ ਜਾਣਦਾ ਸੀ ਕਿ ਮੈਂ ਡਾਇਨਾ ਨੂੰ ਘੋੜ ਸਵਾਰੀ ਸਿਖਾ ਰਿਹਾ ਸੀ।
"ਡਾਇਨਾ ਸੋਹਣੀ ਤੇ ਚਾਲੂ ਰੰਨ ਹੈ। ਘੋੜ ਸਵਾਰੀ ਤੋਂ ਗੱਲ ਅੱਗੇ ਵਧੀ ਕਿ ਨਹੀਂ?"
ਜਿਵੇਂ ਕਹਿੰਦੇ ਹਨ ਕਿ ਦਾਈਆਂ ਤੋਂ ਢਿੱਡ ਤੇ ਮਾਪਿਆਂ ਤੋਂ ਸੱਚ ਨਹੀਂ ਲਕੋਏ ਜਾ ਸਕਦੇ। ਮੈਂ ਵੀ ਆਪਣੇ ਪਿਤਾ ਕੋਲ ਝੂਠ ਨਾ ਬੋਲ ਸਕਿਆ ਤੇ ਪਿਤਾ ਦੀ ਸਲਾਹ ਮੰਗੀ ਸੀ, "ਮੈਨੂੰ ਕੀ ਕਰਨਾ ਚਾਹੀਦਾ ਹੈ?"
"ਤੈਨੂੰ ਹਰ ਕਦਮ ਫੂਕ ਫੂਕ ਕੇ ਰੱਖਣਾ ਪਵੇਗਾ।… ਕਿੰਨਾ ਕੁ ਪਿਆਰ ਕਰਦੈਂ ਉਹਨੂੰ?"
"ਬਹੁਤ... ਬਹੁਤ ਜ਼ਿਆਦਾ। ਇਕ ਮਿੰਟ ਵੀ ਉਹਦੇ ਬਿਨਾ ਰਹਿਣਾ ਔਖਾ ਜਿਹਾ ਲੱਗਦਾ ਹੈ।"
"ਦੇਖ ਬਰਖੁਰਦਾਰ, ਇਹ ਇਸ਼ਕ-ਵਿਸ਼ਕ ਕੁਝ ਨਹੀਂ ਹੁੰਦੈ। ਸਭ ਕਿਤਾਬੀ ਗੱਲਾਂ ਨੇ। ਸ਼ਾਹੀ ਘਰਾਣਿਆਂ ਦੀਆਂ ਅਮੀਰ ਔਰਤਾਂ ਨਿਰੀਆਂ ਅੱਗ ਦੀਆਂ ਲਾਟਾਂ ਹੁੰਦੀਆਂ ਹਨ। ਜੇ ਇਹਨਾਂ ਤੋਂ ਸੀਮਿਤ ਦੂਰੀ ਰੱਖੀਏ ਤਾਂ ਭਾਵੇਂ ਸਾਰੀ ਉਮਰ ਸੇਕਦੇ ਰਹੋ, ਇਹ ਨਿੱਘ ਦਿੰਦੀਆਂ ਰਹਿਣਗੀਆਂ। ਜੇ ਜ਼ਿਆਦਾ ਨਜ਼ਦੀਕ ਹੋ ਕੇ ਦੇਰ ਤੱਕ ਇਹਨਾਂ ਵਿਚ ਹੱਥ ਪਾਵੋਗੇ ਤਾਂ ਝੁਲਸੇ ਜਾਵੋਂਗੇ। ਇਹਨਾਂ ਨੂੰ ਦੂਰੋਂ ਦੇਖੀਏ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਲੋਅ ਬਣਕੇ ਰੋਸ਼ਨਾਉਂਦੀਆਂ ਜਾਪਦੀਆਂ ਹਨ। ਇਹਨਾਂ ਦੀ ਤਪਸ਼ ਤੇ ਆਨੰਦ ਮਾਨਣ ਦੀ ਆਦਤ ਪੈ ਜਾਵੇ ਤਾਂ ਛੇਤੀ ਕਿਤੇ ਛੁੱਟਦੀ ਨਹੀਂ। ਇਹਨਾਂ ਤੋਂ ਕੋਲੋਂ ਦੂਰ ਹੁੰਦਿਆਂ ਹੀ ਬੰਦਾ ਠਰਨ ਲੱਗ ਜਾਂਦਾ ਹੈ। ਮੇਰੀ ਤਾਂ ਇਹੀ ਸਲਾਹ ਹੈ ਕਿ ਡਾਇਨਾ ਵਰਗੀ ਅੱਗ ਦੀ ਲਾਟ ਦਾ ਨਿੱਘ ਮਾਣ, ਪਰ ਝੁਲਸੇ ਜਾਣ ਤੋਂ ਬਚੀ।"
"ਕੁਝ ਵੀ ਹੋਵੇ ਡੈਡ, ਡਾਇਨਾ ਨੂੰ ਮੇਰੀ ਜ਼ਰੂਰਤ ਹੈ। ਮੈਂ ਉਸਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਡਾਇਨਾ ਬਿਨਾ ਨਹੀਂ ਰਹਿ ਸਕਦਾ...।ਭਾਂਵੇ ਪਤੰਗੇ ਵਾਂਗੂ ਮੈਨੂੰ ਉਸ ਅੱਗ ਦੀ ਲਾਟ ਵਿਚ ਸੜਨਾ ਹੀ ਕਿਉਂ ਨਾ ਪਵੇ! ਮੈਂ ਉਸ ਸ਼ਮਾ 'ਤੇ ਪਰਵਾਨਾ ਬਣ ਕੇ ਮੰਡਰਾਵਾਂਗਾ।"
ਮੈਨੂੰ ਪਿਤਾ ਵੱਲੋਂ ਪਾਈ ਇਸ ਬੁਝਾਰਤ ਦੀ ਬਹੁਤੀ ਸਮਝ ਨਾ ਆਈ ਜਾਂ ਸ਼ਾਇਦ ਮੈਂ ਸਮਝਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਉਸ ਵਕਤ ਮੇਰੀ ਮਾਨਸਿਕਤਾ ਖੰਡਤ ਹੋਈ ਪਈ ਸੀ। ਅਸੀਂ ਇਧਰ-ਉਧਰ ਦੀਆਂ ਗੱਲਾਂ ਕਰਕੇ ਆਪੋ ਆਪਣੇ ਰਾਹਾਂ ਨੂੰ ਤੁਰ ਪਏ ਸੀ।
ਪਤਝੜ ਵਿਚ ਘੋੜਸਵਾਰ ਸੈਨਾ ਵਿਚ ਮੇਰੀ ਸੇਵਾ ਸਮਾਪਤ ਕਰਕੇ ਮੈਨੂੰ ਕਪਤਾਨ ਤੋਂ ਤਰੱਕੀ ਦੇ ਕੇ ਐਕਟਿੰਗ ਮੇਜਰ ਬਣਾ ਦਿੱਤਾ ਗਿਆ ਸੀ ਤੇ ਹੈਡਕੁਆਟਰ ਸੁਕਆਡਰਨ, ਕੌਮਬਰਮੇਅਰ ਬੈਰਕ, ਵਿੰਨਸਡਰ ਵਿਖੇ ਭੇਜ ਦਿੱਤਾ ਗਿਆ ਸੀ। ਜਦੋਂ ਮੈਂ ਡਾਇਨਾ ਨੂੰ ਆਪਣੀ ਬਦਲੀ ਬਾਰੇ ਦੱਸਿਆ ਸੀ, ਪਹਿਲਾਂ ਤਾਂ ਉਹ ਨਿਰਾਸ਼ ਹੋ ਗਈ, "ਮੈਂ ਉਹਨਾਂ ਨੂੰ ਤਰੱਕੀ ਦੀ ਸਿਫਾਰਸ਼ ਕੀਤੀ ਸੀ। ਬਦਲੀ ਕਰਨ ਲਈ ਨਹੀਂ ਕਿਹਾ ਸੀ।"
ਡਾਇਨਾ ਨੇ ਗੁੱਸੇ ਨਾਲ ਭੁੰਜੇ ਪੈਰ ਮਾਰਿਆ ਸੀ। ਪਰ ਫੇਰ ਉਹ ਜਲਦ ਹੀ ਸੰਭਲ ਗਈ ਸੀ।
"ਉਹਨਾਂ ਕਿਨ੍ਹਾਂ ਨੂੰ?" ਮੈਂ ਅੰਚਭਿਤ ਹੋਇਆ ਰਹੱਸ ਜਾਣਨ ਲਈ ਉਤਾਵਲਾ ਹੋ ਗਿਆ ਸੀ। ਮੈਂ ਨਹੀਂ ਸੀ ਜਾਣਦਾ ਕਿ ਮੇਰੀ ਤਰੱਕੀ ਪਿੱਛੇ ਡਾਇਨਾ ਦਾ ਹੱਥ ਸੀ।
"ਤੈਨੂੰ ਕੀ ਮਤਲਬ? ਕੋਈ ਹੋਵੇ। ਤੈਂ ਸਾਰੀ ਉਮਰ ਕਪਤਾਨ ਹੀ ਬਣਿਆ ਰਹਿਣਾ ਸੀ?"
"ਹਰ ਰੌਇਲ ਹਾਈਨੈੱਸ ਦਾ ਧੰਨਵਾਦ ਮੈਂ ਕਿਵੇਂ ਕਰਾਂ? "
"ਮੈਨੂੰ ਹਰ ਰੌਇਲ ਹਾਈਨੈੱਸ ਨਾ ਕਿਹਾ ਕਰ।"
"ਔਲਰਾਇਟ, ਮੈਂ ਪੀ. ਓ. ਡੱਬਲਯੂ. ਕਹਿ ਦਿਆ ਕਰਾਂਗਾ।"
"ਤੈਨੂੰ ਪੀ ਓ ਡੱਬਲਯੂ ਦਾ ਮਤਲਬ ਪਤੈ?"
"ਹਾਂ, ਵੇਲਜ਼ ਦੀ ਰਾਜਕੁਮਾਰੀ... ਪ੍ਰਿੰਸੈੱਸ ਔਫ ਵੇਲਜ਼।"
"ਨਹੀਂ! ਵੇਲਜ਼ ਦੀ ਕੈਦਣ... ਪਰਿਜ਼ਨਰ ਔਫ ਵੇਲਜ਼।"
"ਫੇਰ ਮੈਂ ਤੁਹਾਨੂੰ ਮੈਡਮ ਕਹਿ ਲਿਆ ਕਰਾਂਗਾ।"
ਡਾਇਨਾ ਮੁਸ਼ਕੜੀਏਂ ਹੱਸੀ ਸੀ, "ਅੰਗਰੇਜ਼ੀ ਦੇ ਸ਼ਬਦ ਮੈਡਮ ਦੇ ਵੀ ਲੋਕਾਂ ਨੂੰ ਸਹੀ ਅਰਥ ਨਹੀਂ ਪਤਾ। ਚੱਕਲਾ ਚਲਾਉਣ ਵਾਲੀ ਵੇਸਵਾ ਤੀਵੀਂ ਨੂੰ ਮੈਡਮ ਕਹਿੰਦੇ ਹਨ।ਮੇਰਾ ਨਾਮ ਲੈ ਕੇ ਮੈਨੂੰ ਬੁਲਾਇਆ ਕਰ।"
"ਓ. ਕੇ. ਤੁਹਾਨੂੰ ਲੇਡੀ ਡਾਇਨਾ ਆਖ ਕੇ ਮੁਖਾਤਿਬ ਹੋ ਜਾਇਆ ਕਰਾਂਗਾ।"
"ਸਾਲਾ ਲੇਡੀ ਦਾ। ਕੁਝ ਸਮਝਦਾ ਈ ਨਹੀਂ! ਸਿਰਫ ਡਾਇਨਾ ਕਿਹਾ ਕਰ।" ਡਾਇਨਾ ਖਿੱਝ ਕੇ ਬੋਲੀ ਸੀ।
"ਡਾਇਨਾ।" ਮੈਂ ਸਹਿਮ ਕੇ ਪੁਕਾਰਿਆ ਸੀ।
"ਇਕ ਵਾਰ ਫੇਰ ਕਹਿ?"
"ਡਾਇਨਾ।"
"ਇਕ ਵਾਰ ਫੇਰ ਕਹਿ?"
"ਡਾਇਨਾ।"
"ਇਕ ਵਾਰ ਹੋਰ।"
"ਡਾਇਨਾ... ਡਾਇਨਾ... ਡਾਇਨਾ...।" ਮੈਂ ਉਸਦੇ ਨਾਮ ਨੂੰ ਅਨੇਕਾਂ ਵਾਰ ਦੁਹਰਾਇਆ ਸੀ।
"ਤੇਰੇ ਮੂੰਹੋਂ ਮੇਰਾ ਨਾਮ ਕਿੰਨਾ ਸੋਹਣਾ ਲੱਗਦਾ ਹੈ। ਬਹੁਤ ਫਬਦਾ ਹੈ ਇਹ ਸਬਦ ਤੈਨੂੰ। ਮੈਨੂੰ ਹੋਰ ਵੀ ਚੰਗਾ ਲੱਗੂ ਜੇ ਤੂੰ ਮੈਨੂੰ ਡਾਇਨਾ ਦੀ ਬਜਾਏ ਡੱਚ ਕਿਹਾ ਕਰੇਂ। ਮੈਨੂੰ ਪਿਆਰ ਕਰਨ ਵਾਲੇ ਮੇਰੇ ਕਰੀਬੀ ਮੈਨੂੰ ਡੱਚ ਕਹਿ ਕੇ ਹੀ ਬੁਲਾਉਂਦੇ ਹਨ।"
"ਡੱਚ?" ਮੈਨੂੰ ਉੱਕਾ ਹੀ ਇਲਮ ਨਹੀਂ ਸੀ ਕਿ ਡਾਇਨਾ ਦਾ ਘਰੇਲੂ ਨਾਮ ਡੱਚ ਸੀ। ਪਰ ਉਸ ਨੇ ਇਸ ਕਦਰ ਅਦਾ ਨਾਲ ਕਿਹਾ ਸੀ ਸੁਣ ਕੇ ਮੈਨੂੰ ਵੀ ਸਰੂਰੀ ਜਿਹੀ ਹੋ ਗਈ ਸੀ। ਡਾਇਨਾ ਨੇ ਮੈਨੂੰ ਦੱਸਿਆ ਸੀ ਕਿ ਇਹ ਨਾਮ ਉਸਦੇ ਸੌਤੇਲੇ ਪਿਤਾ ਪੀਟਰ ਸ਼ੈਂਡਕਿੱਡ ਨੇ ਦਿੱਤਾ ਸੀ। ਉਸਨੇ ਡਾਇਨਾ ਤੇ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਨੂੰ ਹੱਸਦਿਆਂ ਕਿਹਾ ਸੀ ਕਿ ਉਹ ਉਹਨਾਂ ਨੂੰ ਡਿਉਕ ਤੇ ਡੱਚਿਜ਼ ਬਣਾਵੇਗਾ। ਇਸ ਲਈ ਅਭਿਆਸ ਵਜੋਂ ਬਚਪਨ ਤੋਂ ਹੀ ਉਹ ਡਾਇਨਾ ਨੂੰ ਡੱਚ ਆਖਣ ਲੱਗ ਪਿਆ ਸੀ। ਉਸ ਘੜੀ ਤੋਂ ਬਾਅਦ ਮੈਂ ਵੇਲਜ਼ ਦੀ ਸ਼ਹਿਜ਼ਾਦੀ ਨੂੰ ਡਾਇਨਾ, ਡਾਈ ਜਾਂ ਡੱਚ ਆਖ ਕੇ ਬੁਲਾਉਣ ਲੱਗ ਪਿਆ ਸੀ।
ਮੈਨੂੰ ਜ਼ਿਆਦਾਤਰ ਬੈਰਕ ਤੋਂ ਬਾਹਰ ਰਹਿਣਾ ਪੈਂਦਾ ਸੀ। ਡਾਇਨਾ ਨੇ ਮੈਨੂੰ ਇਕ ਬਹੁਤ ਮਹਿੰਗਾ ਮੋਬਾਇਲ ਫੋਨ ਦਿੱਤਾ ਤਾਂ ਜੋ ਅਸੀਂ ਜਦੋਂ ਜੀਅ ਚਾਹਿਆ ਇਕ ਦੂਜੇ ਦੇ ਸੰਪਰਕ ਵਿਚ ਰਹਿ ਸਕੀਏ। ਮੈਂ ਗੈਰੀ ਘੋੜਾ ਕੌਮਬਰਮੇਅਰ ਬੈਰਕ ਵਿਚ ਮੰਗਵਾ ਲਿਆ ਸੀ ਤੇ ਅਸੀਂ ਵਿੰਨਸਡਰ ਗਰੇਟ ਪਾਰਕ ਵਾਲੇ ਖੇਤਰ ਵਿਚ ਘੋੜ ਸਵਾਰੀ ਕਰਨ ਲੱਗੇ। ਲੰਡਨ ਦੀ ਬਜਾਏ ਇਥੇ ਵਧੇਰੇ ਇਕਾਂਤ ਸੀ। ਅਸੀਂ ਖੁੱਲ੍ਹ ਕੇ ਇਕ ਦੂਜੇ ਨਾਲ ਗੱਲਾਂ ਕਰ ਸਕਦੇ ਸੀ। ਡਾਇਨਾ ਨੇ ਆਪਣੀ ਨਿੱਜੀ ਜ਼ਿੰਦਗੀ ਮੇਰੇ ਅੱਗੇ ਫਰੋਲਣੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੀ ਉਦਾਸੀਨਤਾ ਦਾ ਨਿਰਝਿਜਕ ਖੁਲਾਸਾ ਕਰਦੀ। ਉਹ ਸ਼ਾਹੀ ਮਹੱਲ ਤੋਂ ਬਾਹਰ ਰਹਿਣ ਦਾ ਬਹਾਨਾ ਲੱਭਦੀ ਰਹਿੰਦੀ। ਸਾਡੀ ਗੱਲਬਾਤ ਆਸ਼ਿਕਾਨਾ ਰੰਗਤ ਫੜ੍ਹ ਨ ਲੱਗ ਪਈ ਸੀ। ਕਦੇ ਕਦੇ ਅਸੀਂ ਮੈੱਸ ਵਿਚ ਇਕੱਠੇ ਖਾਣਾ ਵੀ ਖਾਂਦੇ ਤੇ ਡਾਇਨਾ ਦੂਜੇ ਫੌਜੀਆਂ ਨਾਲ ਹਾਸਾ ਠੱਠਾ ਵੀ ਕਰ ਲਿਆ ਕਰਦੀ। ਜਿਸ ਨਾਲ ਸਾਡੇ ਰਿਸ਼ਤੇ ਬਾਰੇ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਸੀ ਹੁੰਦਾ। ਵਧੇਰੇ ਕਰਕੇ ਅਸੀਂ ਮੇਰੇ ਨਿੱਜੀ ਕਖਸ਼ ਵਿਚ ਤਨਹਾ ਹੁੰਦੇ। ਸਾਡਾ ਪਿਆਰ ਪੁੰਗਰਨ ਲੱਗਾ।
ਇਕ ਰੋਜ਼ ਘੋੜ-ਸਵਾਰੀ ਉਪਰੰਤ ਡਾਇਨਾ ਦੀ ਲੱਤ ਸੌਂ ਗਈ ਸੀ ਤੇ ਉਸ ਤੋਂ ਘੋੜੇ ਦੀ ਕਾਠੀ ਤੋਂ ਉਤਰਿਆ ਨਹੀਂ ਸੀ ਜਾਂਦਾ। ਮੈਂ ਡਾਇਨਾ ਦੀਆਂ ਦੋਨੇ ਲੱਤਾਂ ਕਾਠੀ ਤੋਂ ਟਪਾ ਕੇ ਉਸਦੇ ਸਾਢੇ ਤੇਈ ਇੰਚੀ ਲੱਕ ਨੂੰ ਆਪਣੇ ਦੋਹਾਂ ਹੱਥਾਂ ਵਿਚਾਲੇ ਲਾਹਮਿਆਂ ਤੋਂ ਘੁੱਟ ਕੇ ਫੜ੍ਹਿਆ ਤੇ ਘੋੜੇ ਤੋਂ ਚੁੱਕ ਕੇ ਡਾਇਨਾ ਨੂੰ ਭੁੰਜੇ ਖੜ੍ਹੀ ਕਰ ਦਿੱਤਾ ਸੀ। ਮਹਿਜ਼ ਇਕ ਇੰਚ ਦਾ ਸਾਡੇ ਕਦ ਦਾ ਫਰਕ ਹੋਣ ਕਰਕੇ ਸਾਡੀਆਂ ਦੋਨਾਂ ਦੀਆਂ ਅੱਖਾਂ ਲੱਗਭੱਗ ਇਕ ਦੂਜੇ ਦੇ ਲੈਵਲ ਵਿਚ ਸਨ। ਮੈਂ ਨੀਝ ਲਾ ਕੇ ਡਾਇਨਾ ਦੇ ਨੀਲੋਫਰ ਮਿਰਗ ਨੈਣਾਂ ਵਿਚ ਦੇਖਿਆ ਤਾਂ ਪਹਿਲੀ ਵਾਰ ਮੈਨੂੰ ਡਾਇਨਾ ਦੀਆਂ ਅੱਖਾਂ ਵਿਚ ਕਹਿਰਾਂ ਦੀ ਕਾਮ-ਭੁੱਖ ਨਜ਼ਰ ਆਈ ਸੀ। ਮੇਰੇ ਹੱਥ ਅਜੇ ਵੀ ਡਾਇਨਾ ਦੇ ਲੱਕ 'ਤੇ ਟਿਕੇ ਹੋਏ ਸਨ। ਡਾਇਨਾ ਦੇ ਸੰਦਲੀ ਬਦਨ ਦੀ ਛੋਹ ਨਾਲ ਮੇਰੇ ਸਾਰੇ ਵਜੂਦ ਵਿਚ ਝਰਨਾਹਟ ਜਿਹੀ ਛਿੜ ਗਈ ਸੀ। ਮੈਂ ਇਕਦਮ ਆਪਣੇ ਹੱਥ ਪਰ੍ਹਾਂ ਹਟਾਏ ਸਨ। ਡਾਇਨਾ ਦੇ ਚਿਹਰੇ 'ਤੇ ਸੰਗ ਦੀ ਕਹਿਕਸ਼ਾਂ ਛਾਹ ਗਈ ਸੀ। ਸਜ-ਵਿਆਹੀ ਵਹੁਟੀ ਵਾਂਗ ਸ਼ਰਮਾਉਂਦੀ ਹੋਈ ਉਹ ਮੇਰੇ ਪਿੱਛੇ ਪਿੱਛੇ ਮੈੱਸ ਤੱਕ ਆ ਗਈ ਸੀ। ਅਸੀਂ ਕੁਝ ਹੋਰ ਫੋਜੀਆਂ ਨਾਲ ਬੈਠ ਕੇ ਭੋਜਨ ਕੀਤਾ। ਖਾਣਾ ਖਾਦਿਆਂ ਇਕ ਵਾਰ ਵੀ ਉਸਨੇ ਮੇਰੇ ਨਾਲ ਨਜ਼ਰਾਂ ਨਹੀਂ ਸਨ ਮਿਲਾਈਆਂ।
ਖਾਣੇ ਤੋਂ ਬਾਅਦ ਅਸੀਂ ਮੇਰੇ ਕਮਰੇ ਵਿਚ ਚਲੇ ਗਏ ਤੇ ਕੌਫੀ ਪੀਣ ਲੱਗ ਪਏ ਸੀ। ਅਸੀਂ ਪੂਰੀ ਦੁਪਿਹਰ ਗੱਲਾਂ ਕਰਦੇ ਰਹੇ ਸੀ। ਸ਼ਾਮ ਨੂੰ ਡਾਇਨਾ ਮੇਰੇ ਕੋਲ ਉਥੇ ਹੀ ਚਮੜੇ ਦੇ ਚੈਸਟਰਫੀਲਡ ਸੋਫੇ 'ਤੇ ਬੈਠੀ ਸੀ। ਜੁੱਤੀ ਸਣੇ ਉਸਨੇ ਲੱਤਾਂ ਸੋਫੇ ਉੱਪਰ ਰੱਖੀਆਂ ਹੋਈਆਂ ਸਨ। ਮੈਂ ਵੀ ਉਸਦੇ ਕੋਲ ਬਹੁਤ ਕਰੀਬ ਹੀ ਬੈਠਾ ਸੀ। ਡਾਇਨਾ ਮੇਰੇ ਚਿਹਰੇ ਨੂੰ ਚੁੱਪਚਾਪ ਨਿਗਾਹਾਂ ਗੱਡ ਕੇ ਕਾਫੀ ਦੇਰ ਤੱਕ ਨਿਹਾਰਦੀ ਰਹੀ ਤੇ ਮੈਂ ਨਿਵੀ ਪਾਈ ਚੋਰ ਅੱਖ ਨਾਲ ਉਸਨੂੰ ਹੀ ਦੇਖਦਾ ਰਿਹਾ ਸੀ, ਥੋੜ੍ਹੇ ਸਮੇਂ ਬਾਅਦ ਮੈਂ ਨਜ਼ਰਾਂ ਮਿਲਾਈਆਂ ਸਨ ਤਾਂ ਉਹ ਕਹਿਣ ਲੱਗੀ ਸੀ, "ਫੌਜੀ ਤਾਂ ਬਹੁਤ ਸਖਤ ਸੁਭਾਅ ਦੇ ਹੁੰਦੇ ਹਨ ਤੇ ਤੂੰ ਐਨਾ ਸੰਵੇਦਨਾਸ਼ੀਲ ਕਿਵੇਂ ਆ?"
"ਕਿਉਂ ਫੌਜੀ ਇਨਸਾਨ ਨਹੀਂ ਹੁੰਦੇ...?" ਇਹ ਕਹਿੰਦਿਆਂ ਮੇਰਾ ਹਾਸਾ ਨਿਕਲ ਗਿਆ।
ਡਾਇਨਾ ਸੰਗੀਨ ਸੁਆਲ ਦੇ ਜੁਆਬ ਵਿਚ ਮੇਰੇ ਹੱਸਣ ਤੋਂ ਹੈਰਾਨ ਸੀ, "ਇਹਦੇ ਵਿਚ ਦੰਦੀਆਂ ਕੱਢਣ ਵਾਲੀ ਕੀ ਗੱਲ ਹੈ?"
"ਇਹਦੇ ਵਿਚ ਤਾਂ ਨਹੀਂ, ਐਵੇਂ ਇਕ ਚੁਟਕਲਾ ਚੇਤੇ ਆ ਗਿਆ ਸੀ। ਇਕ ਵਾਰ ਕਿਸੇ ਫੌਜੀ ਨੂੰ ਸੈਰ ਕਰਵਾ ਰਹੀ ਇਕ ਇਸਤਰੀ ਦੇ ਕੁੱਤੇ ਨੇ ਵੱਢ ਦਿੱਤਾ। ਉਥੋਂ ਲੰਘਦਾ ਹੋਇਆ ਇਕ ਬੰਦਾ ਕੁੱਤੇ ਦੀ ਮਾਲਕਣ ਨੂੰ ਕਹਿੰਦਾ ਕਿ ਆਪਣਾ ਕੁੱਤਾ ਸਾਂਭ ਕੇ ਰੱਖਿਆ ਕਰੋ, ਅੱਜ ਤਾਂ ਫੌਜੀ ਨੂੰ ਵੱਢਿਆ ਹੈ। ਕੱਲ੍ਹ ਨੂੰ ਕਿਸੇ ਬੰਦੇ ਨੂੰ ਵੱਢੂਗਾ।... ਫੌਜੀ ਵਰਦੀਧਾਰੀ ਵੀ ਬੰਦੇ ਹੁੰਦੇ ਹਨ ਤੇ ਉਹਨਾਂ ਦੇ ਵੀ ਅਰਮਾਨ ਅਤੇ ਜਜ਼ਬੇ ਹੁੰਦੇ ਹਨ।"
"ਜਜ਼ਬੇ ਹੈਂ? ਪਿਆਰ ਸਭ ਤੋਂ ਉੱਤਮ ਜਜ਼ਬਾ ਹੁੰਦਾ ਹੈ। ਤੇਰੀ ਕੋਈ ਗਰਲਫਰੈਂਡ ਹੈਗੀ ਆ?... ਤੂੰ ਕਿਸੇ ਨੂੰ ਕਦੇ ਪਿਆਰ ਕੀਤੈ...?"
"ਦਰਅਸਲ ਮੇਰੇ ਘਰ ਦੇ ਹਲਾਤ ਹੀ ਸੁਖਾਵੇਂ ਨਹੀਂ ਸਨ। ਮੈਂ ਇਹਨਾਂ ਕੰਮਾਂ ਵੱਲ ਧਿਆਨ ਹੀ ਨਹੀਂ ਸੀ ਕਦੇ ਦਿੱਤਾ। ਮੈਂ ਉਨੀ ਸਾਲ ਦਾ ਸੀ ਜਦੋਂ ਮੇਰੀ ਪਹਿਲੀ ਗਰਲਫਰੈਂਡ ਬਣੀ ਸੀ। ਉਹ ਮੈਥੋਂ ਅੱਠ ਸਾਲ ਵੱਡੀ ਯਾਨੀ ਅਠਾਈਆਂ ਸਾਲਾਂ ਦੀ ਸੀ ਤੇ ਮੇਰੀ ਮਾਂ ਤੋਂ ਘੋੜਸਵਾਰੀ ਸਿੱਖਣ ਆਉਂਦੀ ਹੁੰਦੀ ਸੀ। ਬਸ ਤਿੰਨ ਕੁ ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ ਸੀ। ਉਸ ਤੋਂ ਬਾਅਦ ਮੈਂ ਇਧਰ ਫੌਜ ਵਿਚ ਭਰਤੀ ਹੋ ਗਿਆ। ਨੌਕਰੀ ਕਰਦਿਆਂ ਐਨਾ ਸਮਾਂ ਹੀ ਨਹੀਂ ਮਿਲਦਾ ਕਿ ਕੁਝ ਹੋਰ ਕਰ ਸਕੀਏ। ਫੌਜੀ ਦਾ ਇਸ਼ਕ ਤਾਂ ਕੇਵਲ ਫੌਜ ਦੀ ਨੌਕਰੀ ਹੀ ਹੁੰਦੀ ਹੈ। ਪਿਆਰ ਕਰਨ ਲਈ ਮੇਰੇ ਕੋਲ ਟਾਇਮ ਹੀ ਨਹੀਂ ਹੈ।"
ਮੇਰੀ ਗੱਲ ਸੁਣ ਕੇ ਡਾਇਨਾ ਦੇ ਚਿਹਰੇ 'ਤੇ ਸਕੂਨ ਦੀ ਲਹਿਰ ਜਿਹੀ ਦੌੜ ਗਈ ਸੀ, "ਆਸ਼ਕੀ ਕਰਨ ਲਈ ਤਾਂ ਫੌਜੀਆ ਟਾਇਮ ਕੱਢਣਾ ਪੈਂਦਾ ਹੈ।"
ਸ਼ਹਿਜ਼ਾਦੀ ਡਾਇਨਾ |
"ਤੂੰ ਮੇਰੀ ਹਰ ਗੱਲ ਧਿਆਨ ਨਾਲ ਸੁਣਦਾ ਤੇ ਸਮਝਦਾ ਹੈਂ। ਜਦ ਮੈਂ ਜਨਮੀ ਤਾਂ ਮਾਪਿਆਂ ਵੱਲੋਂ ਤ੍ਰਿਸਕਾਰੀ ਗਈ। ਜਦ ਚਾਰਲਸ ਨਾਲ ਵਿਆਹੀ ਗਈ ਤਾਂ ਉਸਨੇ ਮੈਨੂੰ ਅਪ੍ਰਵਾਨਿਤ ਕੀਤਾ। ਸ਼ਾਹੀ ਪਰਿਵਾਰ ਵਿਚ ਦਾਖਿਲ ਹੋਈ ਤਾਂ ਨਾਕਬੂਲੀ ਗਈ। ਮੈਂ ਸਵਿਕਾਰੀ ਜਾਣਾ ਚਾਹੁੰਦੀ ਹਾਂ। ਤੂੰ ਵੀ ਮੈਨੂੰ ਠੁਕਰਾਵੇਂਗਾ ਤਾਂ ਨਹੀਂ?... ਆਈ ਵਾਜ਼ ਔਲਵੇਜ਼ ਅਨਵਾਂਟਟਿਡ ਐਂਡ ਆਈ ਵਾਂਟ ਟੂ ਵੀ ਵਾਂਟਟਿਡ।... ਮੈਨੂੰ ਪ੍ਰਵਾਨ ਕਰ ਲੈ।। ਮੈਨੂੰ ਦੁਨੀਆਂ ਵਿਚ ਤੇਰੇ ਸਿਵਾਏ ਕੋਈ ਆਸਰਾ ਨਜ਼ਰ ਨਹੀਂ ਆਉਂਦਾ।" ਉਸਨੇ ਬਿਨਾ ਦੇਰ ਲਾਇਆਂ ਮੇਰਾ ਹੱਥ ਫੜ੍ਹ ਲਿਆ ਸੀ। ਉਸਦੀਆਂ ਅੱਖਾਂ ਭਰੀਆਂ ਹੋਈਆਂ ਸਨ, "ਮੈਨੂੰ ਤੇਰੀ ਸਖਤ ਲੋੜ੍ਹ ਹੈ, ਜੇਮਜ਼। ਤੂੰ ਮੈਨੂੰ ਤਾਕਤ ਦਿੱਤੀ ਹੈ। ਮੇਰੇ ਅੰਦਰ ਜਿਉਣ ਦੀ ਹਸਰਤ ਪੈਦਾ ਕੀਤੀ ਹੈ। ਜ਼ਿੰਦਗੀ ਜਿਉਣ ਲਈ ਮੁਹੱਬਤ ਦੀ ਚਿਣਗ ਚਾਹੀਦੀ ਹੁੰਦੀ ਹੈ ਤੇ ਉਹ ਪਿਆਰ ਦੀ ਅੱਗ ਦੀ ਲਾਟ ਤੂੰ ਮੇਰੇ ਅੰਦਰ ਬਾਲ੍ਹੀ ਹੈ। ਮੈਥੋਂ ਤੇਰਾ ਵਿਛੋੜਾ ਝੱਲ ਨਹੀਂ ਹੁੰਦਾ। ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਤੈਨੂੰ ਪਿਆਰ ਕਰਨ ਤੇ ਤੈਥੋਂ ਪਿਆਰ ਲੈਣ ਆਈ ਹਾਂ।"
ਡਾਇਨਾ ਅੱਗੇ ਵਧੀ ਤੇ ਅੱਖਾਂ ਬੰਦ ਕਰਕੇ ਮੇਰੇ ਬੁੱਲ੍ਹਾਂ ਨਾਲ ਬੁੱਲ੍ਹ ਟਕਰਾ ਕੇ ਨਿਰਝਿਜਕ ਮੈਨੂੰ ਨਿਸ਼ੰਗਤਾ ਨਾਲ ਚੁੰਮਣ ਲੱਗ ਪਈ ਸੀ। ਆਹੀਸਤਾ-ਆਹੀਸਤਾ ਉਸਦੇ ਚੁੰਮਣ ਡੂੰਘੇ ਤੇ ਸ਼ਿੱਤਦਤਆਮੇਜ਼ ਹੁੰਦੇ ਗਏ। ਮੈਂ ਵੀ ਡਾਇਨਾ ਦੇ ਲੱਕ ਨੂੰ ਆਪਣੀਆਂ ਬਾਹਾਂ ਵਿਚ ਜਕੜ ਕੇ ਉਸਦੇ ਥਿਰਕਦੇ ਹੋਂਠ ਚੂਪਣੇ ਆਰੰਭ ਕਰ ਦਿੱਤੇ ਤੇ ਉਸ ਨੂੰ ਆਪਣੇ ਥੱਲੇ ਸੋਫੇ 'ਤੇ ਲਿਟਾ ਲਿਆ ਸੀ...।
No comments:
Post a Comment