ਹਨੀਮੂਨ
ਇਕ ਰਾਤ ਮੈਂ ਤੇ ਡਾਇਨਾ ਕੈਨਸਿੰਘਟਨ ਮਹੱਲ ਸੰਭੋਗ ਉਪਰੰਤ ਨਿਰਵਸਤਰ ਪਏ ਗੱਲਾਂ ਕਰ ਰਹੇ ਸੀ। ਉਹ ਮੇਰੀ ਬਾਂਹ ਦਾ ਸਿਰਾਹਣਾ ਲਾਈ ਮੇਰੇ ਨਾਲ ਲੇਟੀ ਪਈ ਸੀ।ਅਸੀਂ ਆਪਣੀਆਂ ਬੀਤੀਆਂ ਜ਼ਿੰਦਗੀਆਂ ਫਰੋਲ ਕੇ ਖ਼ੂਬਸੂਰਤ ਯਾਦਾਂ ਨਾਲੋਂ ਨਾਖੁਸ਼ਗਵਾਰ ਘੜੀਆਂ ਨੂੰ ਛਾਂਟ ਕੇ ਨਿਖੇੜ ਰਹੇ ਸੀ।
ਜਨਮ ਲੈਣ ਬਾਅਦ ਹਰੇਕ ਵੀ ਇੰਨਸਾਨ ਦੀ ਜ਼ਿੰਦਗੀ ਵਿਚ ਅਹਿਮ ਦਿਨ ਵਿਆਹ ਦਾ ਦਿਨ ਹੁੰਦਾ ਹੈ ਤੇ ਸਭ ਤੋਂ ਮਹੱਤਵਪੂਰਨ ਰਾਤ, ਸੁਹਾਗਰਾਤ ਹੁੰਦੀ ਹੈ। ਯਕਾਯਕ ਡਾਇਨਾ ਨੂੰ ਮੈਂ ਉਸਦੀ ਸੁਹਾਗਰਾਤ ਬਾਰੇ ਪੁੱਛ ਬੈਠਾ ਤਾਂ ਉਹ ਘੋਰ ਉਦਾਸ ਹੋ ਗਈ ਸੀ, "ਸਾਡੀ ਕੀ ਸੁਆਹ ਸੁਹਾਗਰਾਤ ਸੀ। ਲੋਕੀ ਇਸ ਰਾਤ ਨੂੰ ਪਿਆਰ ਭਰੀਆਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਆ ਤੇ ਅਸੀਂ ਇਹ ਹੁਸੀਨ ਰਾਤ ਤਕਰਾਰ ਵਿਚ ਬਿਤਾਈ ਸੀ। ਮੈਂ ਰੋਂਦੀ ਰਹੀ ਤੇ ਉਹ (ਚਾਰਲਸ) ਨਾਵਲ ਪੜ੍ਹਦਾ ਰਿਹਾ ਸੀ। ਕਮਲੇ ਨੇ ਪੜ੍ਹਣ ਵਾਲੀ ਚੀਜ਼ ਤਾਂ ਪੜ੍ਹੀ ਨਾ ਤੇ ਮੈਂ ਅਣਪੜ੍ਹੀ, ਪੜ੍ਹੇ ਜਾਣ... ਵਰਕਾ ਵਰਕਾ ਉਂਗਲਾਂ ਨੂੰ ਥੁੱਕ ਲਾ ਕੇ ਫਰੋਲੇ ਜਾਣ ਲਈ ਤੜਫਦੀ ਅਤੇ ਮਚਲਦੀ ਰਹੀ ਸੀ। ਅਗਲੀ ਸਵੇਰ ਤੱਕ ਮੈਂ ਅਣਛੋਹੀ ਤੇ ਕੰਜ ਕਵਾਰੀ ਸੀ।ਜਿਵੇਂ ਸੇਜ਼ 'ਤੇ ਗਈ ਸੀ ਉਵੇਂ ਕੋਰੀ ਦੀ ਕੋਰੀ ਉੱਠ ਖੜ੍ਹੀ ਹੋਈ ਸੀ।"
"ਕੋਈ ਨ੍ਹੀਂ ਫਿਕਰ ਨਾ ਕਰ। ਸੁਹਾਗਰਾਤ ਤਾਂ ਆਪਾਂ ਮਨਾਵਾਂਗੇ। ਸਾਰੀ ਜ਼ਿੰਦਗੀ ਚੇਤੇ ਰੱਖੇਂਗੀ ਬਈ ਕਿਸੇ ਫੌਜੀ ਨਾਲ ਸੁਹਾਗਰਾਤ ਮਨਾਈ ਸੀ।"
"ਤੇਰੇ ਨਾਲ ਬਿਤਾਈ ਤਾਂ ਹਰ ਰਾਤ ਹੀ ਸੁਹਾਗਰਾਤ ਹੁੰਦੀ ਐ।"
ਸੁਹਾਗਰਾਤ ਤੋਂ ਬਾਅਦ ਅਗਲੇ ਦਿਨ ਪ੍ਰਿੰਸ ਚਾਰਲਸ ਤੇ ਡਾਇਨਾ ਲੌਰਡ ਲੂਈਸ ਮਾਊਂਟਬੈਟ ਦੇ ਘਰ ਬਰੋਡਲੈਂਡਜ਼, ਹੈਂਪਸ਼ਾਇਰ ਵਿਖੇ ਰਹੇ ਸਨ।
ਪਿੰਡ ਵਿਚ ਸਥਿਤ ਉਹ ਘਰ, ਜਿਥੇ ਪ੍ਰਿੰਸ ਚਾਰਲਸ ਕਵਾਰਾ ਹੁੰਦਾ ਆਪਣੀਆਂ ਪ੍ਰੇਮਿਕਾਵਾਂ ਨੂੰ ਲਿਆਂਉਂਦਾ ਹੁੰਦਾ ਸੀ। ਇਥੇ ਚਮੜੇ ਦੇ ਮਹਿੰਗੇ ਗੱਦਿਆਂ ਉੱਤੇ ਪ੍ਰਿੰਸ ਚਾਰਲਸ, ਡਾਇਨਾ ਦੀ ਭੈਣ ਸਿਹਰਾ ਸਪੈਂਸਰ ਅਤੇ ਫੌਜੀ ਅਫ਼ਸਰ ਐਂਡਰੂ ਪਾਰਕਰ ਬੋਲਜ਼ ਦੀ ਪਤਨੀ ਕੈਮਿਲਾ ਬੋਲਜ਼ ਨਾਲ ਅਨੇਕਾਂ ਵਾਰ ਹਮਬਿਸਤਰ ਹੋ ਚੁੱਕਾ ਸੀ।
ਇਕ ਦਿਨ ਲੌਰਡ ਮਾਊਂਟਬੈਟਨ ਦੇ ਗ੍ਰਹਿ ਵਿਖੇ ਰਹਿਣ ਬਾਅਦ ਸ਼ਹਿਜ਼ਾਦੀ ਡਾਇਨਾ ਅਤੇ ਪ੍ਰਿੰਸ ਚਾਰਲਸ ਹਵਾਈ ਜਹਾਜ਼ ਰਾਹੀਂ ਜ਼ੀਬਰਾਲਟਰ ਨੂੰ ਚਲੇ ਗਏ ਸਨ।ਜਿਥੋਂ ਉਨ੍ਹਾਂ ਨੇ ਅਗਲੇ ਬਾਰਾਂ ਦਿਨਾਂ ਲਈ ਆਪਣਾ ਹਨੀਮੂਨ ਮੈਡੀਟਰੇਨੀਅਨ ਸਾਗਰ ਵਿਚ ਤੈਰਦੇ ਸ਼ਾਹੀ ਸਮੁੰਦਰੀ ਜਹਾਜ਼ 'ਬ੍ਰਿਟੈਨੀਆ' ਵਿਚ ਮਨਾਉਂਦੇ ਇਜ਼ੀਪਥ (ਮਿਸਰ) ਨੂੰ ਜਾਣਾ ਸੀ। ਹਨੀਮੂਨ ਭਾਵੇਂ ਅਸਲ ਵਿਚ ਭਾਰਤੀਆਂ ਦੀ ਪ੍ਰੰਪਰਾ ਸੀ, ਪਰ ਹੁਣ ਇਹ ਪੱਛਮੀ ਸਭਿਆਚਾਰ ਦਾ ਵੀ ਹਿੱਸਾ ਬਣ ਚੁੱਕਾ ਹੈ।
ਹਰ ਮੈਜ਼ਿਸਟੀ'ਜ਼ ਯੌਟ ਬ੍ਰਿਟੈਨੀਆ ਨਾਮੀ ਸਮੁੰਦਰੀ ਬੇੜ੍ਹਾ ਪ੍ਰਿੰਸ ਚਾਰਲਸ ਦੀ ਮਾਤਾ ਮਲਕਾ ਇਲੀਜ਼ਬੈਥ-2 ਦੇ ਸਮੁੰਦਰੀ ਨਿਵਾਸ ਅਸਥਾਨ ਵਜੋਂ ਜਾਣਿਆ ਜਾਂਦਾ ਸੀ। 412 ਫੁੱਟ ਲੰਮੇ ਤੇ 123 ਫੁੱਟ 55 ਫੁੱਟ ਥਮਲਿਆਂ ਵਾਲੇ 5 ਮੰਜ਼ਿਲੇ ਉੱਚੇ ਇਸ ਸਮੁੰਦਰੀ ਜਹਾਜ਼ ਨੂੰ ਜੰਗ ਦੌਰਾਨ ਫੌਰੀ ਤੌਰ 'ਤੇ ਹਸਪਤਾਲ ਦੇ ਰੂਪ ਵਿਚ ਵਰਤਣ ਲਈ ਬਣਾਇਆ ਗਿਆ ਸੀ। ਮਲਕਾ ਨੇ 5 ਫਰਵਰੀ 1952 ਨੂੰ ਜੌਹਨ ਬਰਾਊਨ ਐਂਡ ਕੰਪਨੀ, ਕਲਾਇਡਬੈਂਕ, ਸਕੌਟਲੈਂਡ ਨੂੰ ਇਹ ਸਮੁੰਦਰੀ ਜਹਾਜ਼ ਬਣਾਉਣ ਦਾ ਆਡਰ ਦਿੱਤਾ ਸੀ। 16 ਜੂਨ 1952 ਨੂੰ ਉਨ੍ਹਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਤੇ ਲਗਭਗ ਇਕ ਸਾਲ ਇਸਨੂੰ ਤਿਆਰ ਕਰਨ ਵਿਚ ਲੱਗਿਆ ਸੀ। ਇਸਦਾ ਨਾਮਕਰਨ ਕਰਨ ਵਿਚ ਕਈ ਮਹੀਨੇ ਲੱਗ ਗਏ ਸਨ, ਕਿਉਂਕਿ ਇਸ ਦਾ ਕੋਈ ਢੁੱਕਵਾਂ ਨਾਮ ਨਹੀਂ ਸੀ ਆਹੁੜਦਾ। ਅੰਤ 16 ਅਪ੍ਰੈਲ 1952 ਨੂੰ ਮਲਕਾ ਨੇ ਇਸਦਾ ਨਾਮ 'ਬ੍ਰਿਟੈਨੀਆ' ਐਲਾਨ ਕੇ ਖੁਦ ਇਸਦੀਆਂ ਰਸੀਆਂ ਕੱਟੀਆਂ ਤੇ ਬ੍ਰਿਟੈਨੀਆ ਨੂੰ ਸਮੁੰਦਰ ਵਿਚ ਠੇਲ੍ਹ ਦਿੱਤਾ ਸੀ। 11 ਜਨਵਰੀ 1954 ਤੋਂ ਬ੍ਰਿਟੈਨੀਆ ਸਮੁੰਦਰੀ ਜਹਾਜ਼ ਬਰਤਾਨਵੀ ਸ਼ਾਹੀ ਖਾਨਦਾਨ ਦੀ ਪ੍ਰਤੀਨਿਧਤਾ ਕਰਦਾ ਆਇਆ ਸੀ ਤੇ 11 ਦਸੰਬਰ 1997 ਵਿਚ 40 ਸਾਲਾਂ ਵਿਚ 1,000,000 ਮੀਲ ਦੀ ਸਮੁੰਦਰੀ ਯਾਤਰਾ ਪੂਰੀ ਕਰਨ ਬਾਅਦ ਇਸ ਦੀਆਂ ਸੇਵਾਵਾਂ ਖਾਰਜ ਕਰਕੇ ਬ੍ਰਿਟੈਨੀਆ ਨੂੰ ਸਦਾ ਲਈ ਮਿਊਜ਼ਿਅਮ ਵਿਚ ਤਬਦੀਲ ਕਰਕੇ ਸੈਲਾਨੀਏ ਦੇ ਦੇਖਣ ਵਾਸਤੇ ਲੀਹ, ਐਡਿਨਬਰਾ, ਸਕੌਟਲੈਂਡ ਦੇ ਤੱਟ 'ਤੇ ਖੜ੍ਹਾ ਦਿੱਤਾ ਗਿਆ ਸੀ। ਜਿੱਥੇ ਇਹ ਹੁਣ ਵੀ ਮੌਜੂਦ ਹੈ ਤੇ ਤੁਸੀਂ ਟਿਕਟ ਖਰਚ ਕੇ ਵੇਖ ਸਕਦੇ ਹੋ।
ਇਤਫਾਕਵਸ ਡਾਇਨਾ ਦੇ ਹਨੀਮੂਨ ਸਮੇਂ ਮੈਂ ਵੀ ਬ੍ਰਿਟੈਨੀਆ ਵਿਚ ਸਵਾਰ ਸੀ। ਮੈਂ ਗਾਰਡਜ਼ ਡਵੀਜ਼ਨ ਦੀ ਫਰੀਅ ਫਾਲ ਪ੍ਰੈਰਾਸ਼ੂਟ ਡਿਸਪਲੇਅ ਟੀਮ ਲੈ ਕੇ ਇਕ ਮੁਕਾਬਲੇ ਲਈ ਉਸ ਵਕਤ ਸਾਇਪ੍ਰਸ ਨੂੰ ਜਾ ਰਿਹਾ ਸੀ। ਜਦੋਂ ਮੈਨੂੰ ਪਤਾ ਲੱਗਾ ਸੀ ਕਿ ਸ਼ਹਿਜ਼ਾਦਾ ਚਾਰਲਸ ਵੀ ਆਪਣੀ ਨਵਵਿਹੁਤਾ ਪਤਨੀ ਪ੍ਰਿੰਸੈਸ ਔਫ ਵੇਲਜ਼ ਲੇਡੀ ਡਾਇਨਾ ਨਾਲ ਉਸੇ ਜਹਾਜ਼ 'ਤੇ ਹਨੀਮੂਨ ਮਨਾ ਰਿਹਾ ਸੀ ਤਾਂ ਮੈਂ ਸ਼ਹਿਜ਼ਾਦਾ ਚਾਰਲਸ ਨੂੰ ਬ੍ਰਿਟੈਨੀਆਂ ਦੇ ਰੌਇਲ ਨੇਵੀ ਕਰਮਚਾਰੀ ਹੱਥ ਖਤ ਭੇਜ ਕੇ ਖਾਣੇ ਦੀ ਦਾਅਵਤ ਦਿੱਤੀ ਸੀ। ਮੇਰੀ ਟੀਮ ਦੇ ਜਵਾਨ ਸ਼ਹਿਜ਼ਾਦਾ ਚਾਰਲਸ ਦੀ ਪਤਨੀ ਨੂੰ ਦੇਖਣ ਲਈ ਬਹੁਤ ਉਤਾਵਲੇ ਸਨ। ਪ੍ਰਿੰਸ ਚਾਰਲਸ ਨੂੰ ਮੈਂ ਪੋਲੋ ਖੇਡਦਿਆਂ ਜਾਣਦਾ ਸੀ। ਲੇਕਿਨ ਪ੍ਰਿੰਸ ਚਾਰਲਸ ਨੇ ਉਦੋਂ ਮੇਰੇ ਸੱਦੇ ਦਾ ਕੋਈ ਜੁਆਬ ਨਹੀਂ ਸੀ ਦਿੱਤਾ। ਮੈਂ ਸ਼ੁਕਰ ਮਨਾਇਆ ਸੀ ਕਿਉਂਕਿ ਵਾਧੂ ਖਰਚਾ ਕਰਨ ਲਈ ਉਸ ਵਕਤ ਮੇਰੀ ਸਮਰਥਾ ਵੀ ਨਹੀਂ ਸੀ।
ਅਸੀਂ ਸਾਰੇ ਫੌਜੀ ਪ੍ਰਿੰਸ ਚਾਰਲਸ ਅਤੇ ਡਾਇਨਾ ਦੇ ਹਨੀਮੂਨ ਦੀਆਂ ਗੱਲਾਂ ਕਰਦੇ ਹੋਏ ਉਹਨਾਂ ਨੂੰ ਖੁਸ਼ਕਿਸਮਤ ਮੰਨ ਰਹੇ ਸੀ। ਸਾਡੇ ਵਿਚੋਂ ਕਿਸੇ ਨੇ ਇਕ ਚੁਟਕਲਾ ਸੁਣਾਇਆਂ ਸੀ, ਜੋ ਇਸ ਪ੍ਰਕਾਰ ਹੈ। ਇਕ ਔਰਤ ਦੀਆਂ ਤਿੰਨ ਕੁੜੀਆਂ ਦਾ ਵਿਆਹ ਇਕੱਠਿਆਂ ਹੋ ਜਾਂਦਾ ਹੈ ਤੇ ਉਹ ਇਕੱਠੀਆਂ ਹਨੀਮੂਨ 'ਤੇ ਚਲੀਆਂ ਜਾਂਦੀਆਂ ਹਨ। ਜਦੋਂ ਉਹ ਵਾਪਿਸ ਆਉਂਦੀਆਂ ਹਨ ਤਾਂ ਔਰਤ ਇਕੱਲੀ ਇਕੱਲੀ ਨੂੰ ਪੁੱਛਦੀ ਹੈ ਕਿ ਹਨੀਮੂਨ ਕਿਹੋ ਜਿਹਾ ਰਿਹਾ। ਪਹਿਲੀ ਜੁਆਬ ਦਿੰਦੀ ਹੈ, "ਕੈਡਬਰੀ ਦੀ ਚਾਕਲੇਟ ਵਰਗੈ। ਮੂੰਹ ਵਿਚ ਰੱਖਦਿਆਂ ਹੀ ਖੁਰ ਜਾਂਦਾ ਹੈ। ਇਹਦਾ ਸੁਆਦ ਬਹੁਤਾ ਚਿਰ ਨਹੀਂ ਰਹਿੰਦਾ।"
ਦੂਜੀ ਉੱਤਰ ਦਿੰਦੀ ਹੈ, "ਚਿਕਨ ਸੂਪ ਵਰਗੈ। ਸੁਆਦ ਵੀ ਹੈ ਤੇ ਕੌੜਾ ਵੀ। ਕਦੇ ਕਦੇ ਚਿਥਣ ਵਿਚ ਤਕਲੀਫ ਹੁੰਦੀ ਹੈ ਤੇ ਮਜ਼ਾ ਕਿਰਕਿਰਾ ਹੋ ਜਾਂਦਾ ਹੈ।"
ਫੇਰ ਉਹ ਔਰਤ ਆਪਣੀ ਤੀਜੀ ਲੜਕੀ ਨੂੰ ਪੁੱਛਦੀ ਹੈ ਤਾਂ ਉਹ ਕਹਿੰਦੀ ਹੈ, "ਫੋਰਡ ਦੀ ਕਾਰ ਵਰਗੈ। ਛੇਤੀ ਕਿਤੇ ਸਟਾਰਟ ਨ੍ਹੀਂ ਹੁੰਦਾ। ਜਦ ਸਟਾਰਟ ਹੋ ਜਾਵੇ ਛੇਤੀ ਬੰਦ ਨਹੀਂ ਹੁੰਦਾ।"
ਇਸ ਤੋਂ ਬਾਅਦ ਮੈਂ ਕਿਹਾ ਸੀ ਕਿ ਜਦੋਂ ਪ੍ਰਿੰਸੈਸ ਡਾਇਨਾ ਘਰ ਜਾ ਹਨੀਮੂਨ ਦਾ ਹਾਲ ਦੱਸੇਗੀ ਤਾਂ ਉਹ ਇਹ ਕਹੇਗੀ, "ਬ੍ਰਿਟੈਨੀਆਂ ਯੌਟ ਵਰਗੈ। ਇਕੋ ਝਟਕੇ ਵਿਚ ਸਾਰੀ ਦੁਨੀਆਂ ਘੁੰਮਾ ਦਿੰਦਾ ਹੈ ਤੇ ਚੱਕਰ ਆਉਂਣ ਲਾ ਦਿੰਦਾ ਹੈ।"
ਮੈਂ ਉਦੋਂ ਇਹ ਨਹੀਂ ਸੀ ਜਾਣਦਾ ਕਿ ਹਨੀਮੂਨ 'ਤੇ ਪ੍ਰਿਸ ਚਾਰਲਸ ਅਤੇ ਡਾਇਨਾ ਵਿਚਾਲੇ ਮੁਹੱਬਤ ਦੀ ਬਜਾਏ ਕੈਮਿਲਾ ਦੇ ਮਾਮਲੇ ਨੂੰ ਲੈ ਕੇ ਜੰਗ ਚੱਲ ਰਹੀ ਸੀ। ਪ੍ਰਿੰਸ ਚਾਰਲਸ ਆਪਣੀ ਕਮੀਜ਼ ਦੇ ਕੱਫ-ਲਿੰਕ (ਬਟਨ) ਲਗਾ ਰਿਹਾ ਸੀ। ਜਦੋਂ ਡਾਇਨਾ ਨੇ ਉਨ੍ਹਾਂ ਬਟਨਾਂ ਉੱਤੇ ਸੀ ਅਤੇ ਐੱਸ ਲਿੱਖਿਆ ਦੇਖਿਆ ਤਾਂ ਉਹ ਭੜਕ ਗਈ ਸੀ। ਕਿਉਂਕਿ ਉਹ ਜਾਣਦੀ ਸੀ ਕਿ ਇਹ ਕੈਮਿਲਾ ਨੇ ਚਾਰਲਸ ਨੂੰ ਨਿਸ਼ਾਨੀ ਵਜੋਂ ਦਿੱਤੇ ਸਨ। ਡਾਇਨਾ ਰੁੱਸ ਲੜ੍ਹ ਕੇ ਰੋਂਦੀ ਹੋਈ ਆਪਣੇ ਬਿਸਤਰੇ 'ਤੇ ਲੇਟ ਗਈ ਅਤੇ ਪ੍ਰਿੰਸ ਚਾਰਲਸ ਕੈਮਿਲਾ ਨਾਲ ਫੋਨ 'ਤੇ ਗੱਲਾਂ ਕਰਦਾ ਰਿਹਾ ਸੀ। ਬ੍ਰਿਟੈਨੀਆ ਦੇ ਹਨੀਮੂਨ ਕਖਸ਼ ਦੇ ਹਨੀਮੂਨ ਪਲੰਘ 'ਤੇ ਲੇਟੀ ਹੋਈ ਡਾਇਨਾ ਸੋਚ ਰਹੀ ਸੀ ਕਿ ਇਸ ਬਿਸਤਰੇ ਦਾ ਆਕਾਰ ਐਨਾ ਵੱਡਾ ਹੈ ਕਿ ਸਾਡਾ ਪਤੀ ਪਤਨੀ ਦਾ ਹੱਥ ਵੀ ਇਕ ਦੂਜੇ ਤੱਕ ਨਹੀਂ ਪਹੁੰਚਦਾ।
ਡਾਇਨਾ ਜਿਸ ਪਾਸਿਉਂ ਵੀ ਚਾਰਲਸ ਨੂੰ ਛੂਹਣ ਦਾ ਯਤਨ ਕਰਦੀ ਤਾਂ ਉਸੇ ਪਾਸੇ ਮੂਹਰੇ ਕੈਮਿਲਾ ਵਾਲਾ ਬੈਰੀਅਰ ਆ ਜਾਂਦਾ ਸੀ। ਤੁਨੀਸੀਆ, ਸਰਡੀਨਾ ਅਤੇ ਗਰੀਸ ਵਿਚ ਸਮਾਂ ਗੁਜ਼ਾਰਨ ਬਾਅਦ ਪ੍ਰਿੰਸ ਚਾਰਲਸ ਅਤੇ ਡਾਇਨਾ ਨੇ ਆਪਣਾ ਹਨੀਮੂਨ ਬੈਲਮੋਰਲ, ਸਕੌਟਲੈਂਡ ਸ਼ਾਹੀ ਪਰਿਵਾਰ ਕੋਲ ਆ ਕੇ ਸਮਾਪਤ ਕਰਨਾ ਸੀ।
ਬੈਲਮੌਰਲ ਪਹੁੰਚ ਕੇ ਉਨ੍ਹਾਂ ਨੇ ਆਪਸੀ ਝਗੜੇ ਬਾਰੇ ਕਿਸੇ ਨੂੰ ਇਲਮ ਨਹੀਂ ਸੀ ਹੋਣ ਦਿੱਤਾ। ਇਸ ਸਮੇਂ ਦੌਰਾਨ ਸ਼ਹਿਜ਼ਾਦੀ ਡਾਇਨਾ ਜਾਣ-ਬੁੱਝ ਕੇ ਬੇਵਕਤਾ ਅਤੇ ਬਹੁਤਾ ਖਾਂਦੀ ਤੇ ਉਲਟੀਆਂ ਕਰਕੇ ਬਿਮਾਰ ਪਈ ਰਹਿੰਦੀ। ਇਸ ਨਾਲ ਦਿਨਾਂ ਵਿਚ ਹੀ ਸ਼ਹਿਜ਼ਾਦੀ ਡਾਇਨਾ ਦਾ ਭਾਰ ਘੱਟ ਗਿਆ ਤੇ ਉਸਦਾ ਲੱਕ 29 ਇੰਚ ਤੋਂ 23 ਇੰਚ ਯਾਨੀ ਸੱਤ ਇੰਚ ਪਤਲਾ ਹੋ ਗਿਆ ਸੀ।
ਦੁਨੀਆ ਦੀ ਸਭ ਤੋਂ ਮਹਿੰਗੀ ਸ਼ਾਦੀ ਦੇ ਹਨੀਮੂਨ ਦਾ ਮਜ਼ਾ ਐਨਾ ਕਿਰਕਰਾ ਅਤੇ ਪੀੜਾਜਨਕ ਹੋਵੇਗਾ। ਇਸਦਾ ਬਾਹਰੀ ਦੁਨੀਆ ਕਿਆਸ ਵੀ ਨਹੀਂ ਸੀ ਕਰ ਸਕਦੀ। ਸੰਸਾਰ ਲਈ ਤਾਂ ਇਹ ਵਿਆਹ ਕਿਤਾਬੀ ਕਹਾਣੀਆਂ ਵਾਂਗ ਸੀ, ਜਿਸ ਵਿਚ ਰਾਜਕੁਮਾਰ ਅਤੇ ਰਾਜਕੁਮਾਰੀ ਮਿਲਦੇ ਹਨ। ਉਨ੍ਹਾਂ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਸੁੱਖੀ-ਸੁੱਖੀ ਰਹਿੰਦੇ ਹਨ। ਪਰ ਅਸਲੀਅਤ ਬਹੁਤ ਭਿਅੰਕਰ ਅਤੇ ਸੱਚ ਬਹੁਤ ਕੌੜਾ ਹੁੰਦਾ ਹੈ। ਜਿਸਦਾ ਕੇਵਲ ਡਾਇਨਾ ਹੀ ਅਹਿਸਾਸ ਕਰ ਸਕਦੀ ਸੀ। ਇਹ ਹਨੀਮੂਨ ਡਾਇਨਾ ਨੂੰ ਪ੍ਰੇਮ ਭਰੂਪਰ ਮਧੁਰ ਮਿਲਣੀ ਦੀ ਬਜਾਏ ਕੋਈ ਅਗਲੇ ਪਿੱਛਲੇ ਜਨਮ ਦੀ ਸਜ਼ਾ ਜਾਪਦਾ ਸੀ।
No comments:
Post a Comment