A Historic Fiction Novel Based On Late Princess Diana In Punajbi By Balraj Singh Sidhu

Sunday, 3 March 2013

ਕਾਂਡ 8




ਯੁੱਧ ਨਗਾਰਾ


ਸ਼ਹਿਜ਼ਾਦੀ ਡਾਇਨਾ
ਸੜਕ ਮਾਰਗ ਰਾਹੀਂ ਮੈਂ ਲੀਨ (Leine) ਦਰਿਆ ਕੰਢੇ ਵਸੇ ਹੈਨਓਵਰ, ਜਰਮਨ ਪਹੁੰਚ ਗਿਆ ਸੀ ਤੇ ਆਪਣੇ ਜਵਾਨਾਂ ਨੂੰ 'ਸੀ ਯੂ ਸੂਨ' (ਜਲਦ ਫੇਰ ਮਿਲਦੇ ਹਾਂ) ਆਖ ਕੇ ਜੀਪ ਵਿਚੋਂ ਉਤਰ ਗਿਆ ਸੀ। ਜਵਾਨਾਂ ਨੇ ਜੰਗੀ ਸਮਾਨ ਨਾਲ ਪਿੱਛੋਂ ਵੱਖ ਆਉਣਾ ਸੀ ਤੇ ਅਸੀਂ ਅਫ਼ਸਰਾਂ ਨੇ ਹਵਾਈ ਜਹਾਜ਼ ਰਾਹੀਂ ਪਹਿਲਾਂ ਜਾਣਾ ਸੀ।  

     ਉਥੋਂ ਅਗਲੇ ਦਿਨ ਅਸੀਂ ਬ੍ਰਿਟਿਸ਼ ਕੈਲੋਡੋਨੀਅਨ ਦੀ ਉਡਾਨ ਰਾਹੀਂ ਹੈਨਓਵਰ ਦੀ ਏਅਰਪੋਰਟ ਤੋਂ ਅਕਰੋਟੀਰੀ, ਸਾਇਪ੍ਰਸ ਪਹੁੰਚ ਗਏ ਸੀ। ਉਥੇ ਜਾ ਕੇ ਅਸੀਂ ਰੌਇਲ ਸਕਾਊਟਜ਼ ਨਾਲ ਜਾ ਰਲੇ, ਜੋ ਸਾਡੇ ਜੰਗੀ ਦਲ ਦਾ ਹੀ ਭਾਗ ਸਨ। ਸਾਇਪ੍ਰਸ ਵਿਚ ਆਰ. ਏ. ਐੱਫ. (Royal Air Force) ਦੇ ਟਰਾਂਸਪੋਰਟ ਸਕੁਆਡਰਨ ਦੀ ਸਾਨੂੰ ਗੌਲਫ ਛੱਡਣ ਦੀ ਜ਼ਿੰਮੇਵਾਰੀ ਸੀ। ਉਹਨਾਂ ਦੇ ਮੁੱਖੀ ਦੇ ਮੋਢੇ 'ਤੇ 'ਅੱਗੇ ਵੱਧਣ ਲਈ ਤਿਆਰ-ਬਰ-ਤਿਆਰ' ਲਿੱਖਿਆ ਹੋਇਆ ਸੀ। ਉਸਨੇ ਸਾਨੂੰ ਤਕਰੀਬਨ 200 ਜਵਾਨਾਂ ਨੂੰ ਕੜਕਦੀ ਧੁੱਪ ਵਿਚ ਲਗਭਗ ਇਕ ਘੰਟਾ ਖੜ੍ਹਾਈ ਰੱਖਿਆ ਸੀ। ਜਦੋਂ ਇੰਤਜ਼ਾਰ ਵਿਚ ਬੇਜ਼ਾਰ ਹੋ ਕੇ ਅਸੀਂ ਉਸਨੂੰ ਦੇਰੀ ਦਾ ਕਾਰਨ ਪੁੱਛਦੇ ਤਾਂ ਉਹ ਇਕੋ ਹੀ ਰੱਟਿਆ ਰਟਾਇਆ ਜੁਆਬ ਦਿੰਦਾ ਸੀ, "ਹਜ਼ੂਰ-ਏ-ਆਲਾ, ਬਸ ਜਹਾਜ਼ ਤਿਆਰ ਹੀ ਹੈ, ਕਿਸੇ ਵੇਲੇ ਵੀ ਚੱਲ ਸਕਦਾ ਹੈ।"


     ਸਾਡੇ ਵਿਚੋਂ ਕਿਸੇ ਨੇ ਅੱਕ ਕੇ ਉਹਨੂੰ ਆਖ ਦਿੱਤਾ ਸੀ, "ਭਰਾਵਾ ਜੇ ਸਾਡਾ ਨਹੀਂ ਖਿਆਲ ਤਾਂ ਆਪਣੇ ਮੋਢੇ 'ਤੇ ਲੱਗੇ ਬਿੱਲੇ ਦਾ ਹੀ ਮਾਣ ਰੱਖ ਲੈ।"

     ਉਸ ਤੋਂ ਬਾਅਦ ਉਹ ਜਹਾਜ਼ ਦੇ ਤਿਆਰ ਹੋਣ ਤੱਕ ਸਾਡੇ ਕੋਲ ਨਹੀਂ ਸੀ ਆਇਆ। ਸਾਡੇ ਸਾਰਿਆਂ ਵਿਚ ਜੰਗ ਲੜਣ ਲਈ ਅਥਾਹ ਉਤਾਵਲਾਪਨ ਅਤੇ ਉਤਸ਼ਾਹ ਸੀ।

     ਅੱਧੀ ਰਾਤ ਨੂੰ ਅਸੀਂ ਸਾਉਦੀ ਅਰਬ ਦੇ ਉਤਰੀ ਤੱਟ 'ਤੇ ਸਥਿਤ ਢਾਹਰਨ ਦੀ ਏਅਰਪੋਰਟ 'ਤੇ ਪਹੁੰਚ ਗਏ ਸੀ। ਸਾਨੂੰ ਹੈਂਗਰਾਂ ਦਾ ਮੁਆਇਨਾ ਕਰਵਾਇਆ ਗਿਆ। ਉਸ ਤੋਂ ਬਾਅਦ ਬਲੈਕਡਰ ਕੈਂਪ ਨੂੰ ਕੋਚ ਵਿਚ ਜਾਂਦਿਆਂ ਅਸੀਂ ਅਰਬ ਏਅਰਬੇਸ ਦੇ ਮੂਹਰੇ ਦੀ ਲੰਘੇ। ਪਹਿਲੀ ਵਾਰ ਮੈਂ ਪ੍ਰਤੱਖ ਰੂਪ ਵਿਚ ਯੂ ਐਸ ਦੀ ਵਾਯੂ ਸੈਨਾ ਤਾਕਤ ਨੂੰ ਦੇਖ ਰਿਹਾ ਸੀ। ਵੱਡੇ-ਵੱਡੇ ਦਿਉ ਕੱਦੀ ਬੀ-52 ਬੰਬਰ ਜਹਾਜ਼ਾਂ ਦੀਆਂ ਕਤਾਰਾਂ ਦੀਆਂ ਕਤਾਰਾਂ ਮੈਨੂੰ ਨਜ਼ਰ ਆਉਂਦੀਆਂ ਸਨ। ਮੇਰੇ ਅਨੁਮਾਨ ਮੁਤਾਬਕ ਉਹਨਾਂ ਨਾਲ ਤਾਂ ਪੂਰੀ ਦੁਨੀਆਂ ਨੂੰ ਨਸ਼ਟ ਤੇ ਨੈਸ਼ਤ-ਓ-ਨਾਬੂਦ ਕੀਤਾ ਜਾ ਸਕਦਾ ਸੀ। ਇਰਾਕ ਵਰਗਾ ਚੂਚਾ ਜਿਹਾ ਮੁਲਖ ਕਿਹੜੇ ਬਾਗ ਦੀ ਮੂਲੀ ਸੀ। ਭਾਵੇਂ ਇਹ ਰਾਤ ਦੇ ਦੋ ਵਜੇ ਦਾ ਸਮਾਂ ਸੀ। ਪਰ ਉਹਨਾਂ ਦੇ ਫੌਜੀ ਫਲੱਡ ਲਾਇਟਾਂ ਦੀ ਰੌਸ਼ਨੀ ਵਿਚ ਜਹਾਜ਼ਾਂ ਚੋਂ ਚੜ੍ਹਦੇ ਉਤਰਦੇ ਕੀੜੀਆਂ ਦੇ ਭੌਣ ਵਾਂਗ ਭੱਜੇ ਫਿਰਦੇ ਸਨ।
     ਮਨਿਸਟਰੀ ਔਫ ਡਿਫੈਂਸ (ਰੱਖਿਆਗ੍ਰਹਿ ਮੰਤਰਾਲਾ) ਨੇ ਸਾਡੀ ਮੂਵਮੈਂਟ(ਲਹਿਰ) ਨੂੰ ਬ੍ਰਤਾਨਵੀ ਨਾਮ ਓਪਰੇਸ਼ਨ 'ਗਰੈਨਬੀ' ਦਿੱਤਾ ਹੋਇਆ ਸੀ, ਜੋ ਸੱਤ ਸਾਲ ਸਰਵਸ੍ਰੇਸ਼ਟਤਾ ਨਾਲ ਲੜ੍ਹਨ ਵਾਲੇ ਗਰੈਨਬੀ ਦੇ ਮਾਰਕਿਊਸ ਦੇ ਨਾਮ 'ਤੇ ਅਧਾਰਿਤ ਸੀ। ਦੂਜੇ ਵਿਸ਼ਵ ਯੁੱਧ ਉਪਰੰਤ ਓਪਰੇਸ਼ਨ ਗਰੈਨਬੀ ਬ੍ਰਤਾਨਵੀ ਫੌਜ ਵਿਚ ਇਕ ਵੱਡੇ ਵਿਕਾਸ ਦਾ ਸੂਚਕ ਸੀ। 

     45,000 ਔਰਤਾਂ ਅਤੇ ਮਰਦ ਸੈਨਿਕ ਲਫਤਾਨ ਜਰਨੈਲ ਸਰ ਪੀਟਰ ਡੀ ਲਾ ਬਿਲੀਅਰੀ ਅਧੀਨ ਭਰਤੀ ਸਨ। ਇਹਨਾਂ ਵਿਚੋਂ 35,000 ਥਲ ਸੈਨਿਕ ਮੇਜ਼ਰ ਜਰਨੈਲ ਰੁਪਰਟ ਸਮਿੱਥ ਦੀ ਕਮਾਨ ਅਧੀਨ ਸਨ। ਇਹਨਾਂ ਨੂੰ ਬ੍ਰਤਾਨਵੀ ਪਹਿਲੀ ਆਰਮਡ ਡਵਿਜ਼ਨ ਕਿਹਾ ਜਾਂਦਾ ਸੀ ਤੇ ਇਸਨੂੰ ਦੋ ਬ੍ਰਿਗੇਡਾਂ ਵਿਚ ਅੱਗੋਂ ਵੰਡਿਆ ਹੋਇਆ ਸੀ।7ਵੀਂ ਆਰਮਡ ਬ੍ਰਿਗੇਡ, ਬ੍ਰਿਗੇਡੀਅਰ ਪੈਟਰਿਕ ਕੌਰੀ ਡਿੰਗਲੀ ਤੇ ਚੌਥੀ ਆਰਮਡ ਬ੍ਰਿਗੇਡ, ਬ੍ਰਿਗੇਡੀਅਰ ਕਰਿਸਟਫਰ ਹੈਮਰਬੈੱਕ ਦੀ ਸਰਪ੍ਰਸਤੀ ਵਿਚ ਕਾਰਜ਼ਸ਼ੀਲ ਸੀ। ਚੌਥੀ ਬ੍ਰਿਗੇਡ ਨੂੰ ਅੱਗੇ ਕਈ ਜੰਗੀ ਟੁੱਕੜੀਆਂ ਵਿਚ ਵਿਭਾਜਿਤ ਕੀਤਾ ਹੋਇਆ ਸੀ। ਮੇਰੀ 'ਲਾਇਫ ਗਾਰਡਜ਼' ਸਕੁਆਡਰਨ ਨੂੰ ਵੀ ਅੰਤ ਵਿਚ ਇਹਨਾਂ ਦੀ ਜੰਗੀ ਟੁੱਕੜੀ ਪਹਿਲੀ ਬਟਾਲੀਅਨ 'ਰੌਇਲ ਸਕਾਊਟਜ਼' ਨਾਲ ਕਰਨੈਲ ਈਅਨ ਜੌਹਨਸਟੋਨ ਦੀ ਕਮਾਨ ਹੇਠ ਜੋੜਿਆ ਜਾਣਾ ਸੀ।

     ਸਾਉਦੀ ਅਰਬ ਪਹੁੰਚੀ ਅੱਧੀ ਮਿਲੀਅਨ ਅਮਰੀਕੀ ਹਥਿਆਰਬਧ ਫੌਜ ਦੀ ਗਿਣਤੀ ਦੇ ਅਨੁਪਾਤ ਵਿਚ ਅਸੀਂ ਬਹੁਤ ਘੱਟ ਸੰਖਿਆ ਸੀ। ਅਮਰੀਕੀ ਫੌਜ ਦਾ ਸੈਨਾਪਤੀ ਜਰਨੈਲ ਨੋਰਮਨ ਸਵਾਰਜ਼ਕੌਫ ਸੀ, ਜਿਸ ਨੂੰ ਪ੍ਰੈਸ ਵਾਲਿਆਂ ਨੇ 'ਤੂਫਾਨੀ ਨੋਰਮਨ' ਦਾ ਲਕਬ ਬਖਸ਼ਿਆ ਹੋਇਆ ਸੀ।

     ਬਲੈਕਡਰ ਕੈਂਪ ਵਾਲੇ ਸਥਾਨ 'ਤੇ ਫੌਜੀਆਂ ਦੀ ਸਹੁਲਤ ਦੇ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਸਨ। ਕੈਂਪ ਦੇ ਚਾਰ-ਚੁਫੇਰੇ ਲੋਹੇ ਦੀਆਂ ਕੰਡੀਆਲੀਆਂ ਤਾਰਾਂ ਬਗਲ ਕੇ ਸੁਰੱਖਿਅਤ ਕੀਤਾ ਹੋਇਆ ਸੀ। ਰੁਪਰਟ ਮਕੈਨਜ਼ੀ-ਹਿੱਲ ਨੂੰ ਸਾਡਾ ਰੋਜ਼ਾਨਮਚਾ ਨਵੀਸ  ਥਾਪਿਆ ਹੋਇਆ ਸੀ। ਪਹਿਲੇ ਸਮਿਆਂ ਵਿਚ ਰੋਜ਼ਾਨਮਚਾ ਨਵੀਸ ਕਾਗਜ਼ ਉੱਤੇ ਨੋਟ ਬਣਾਉਂਦੇ ਰਹਿੰਦੇ ਸਨ ਤੇ ਦਿਨ ਦੇ ਅਖੀਰ ਵਿਚ ਉਹਨਾਂ ਨੂੰ ਡਾਇਰੀਆਂ ਵਿਚ ਦਰਜ਼ ਕਰ ਦਿੰਦੇ ਹੁੰਦੇ ਸਨ। ਲੇਕਿਨ ਰੁਪਰਟ ਆਪਣੇ ਨਾਲ ਵਿਡੀਉ ਕੈਮਰਾ ਲਿਆਇਆ ਹੋਇਆ ਸੀ ਤਾਂ ਕਿ ਹਰ ਅਹਿਮ ਵਾਕਿਆ ਉਹ ਕੈਮਰੇ ਵਿਚ ਕੈਦ ਕਰਕੇ ਪਿਛੋਂ ਵੇਰਵੇਂ ਹੂਬਾਹੂ ਆਪਣੀ ਵਾਰ ਡਾਇਰੀ (ਜੰਗਨਾਮਾ) ਵਿਚ ਅੰਕਿਤ ਕਰ ਸਕੇ।

     ਖਾਣੇ ਵਾਲੀ ਮੈੱਸ ਅਤੇ ਅਫ਼ਸਰਾਂ ਦੀ ਰਿਹਾਇਸ਼ ਦਾ ਪ੍ਰਬੰਧ ਵਖਰਾ ਕੀਤਾ ਹੋਇਆ ਸੀ। ਸਾਨੂੰ ਰੋਜ਼ ਬੇਸੁਆਦਾ ਜਿਹਾ ਦੁੱਧ ਆਂਡੇ, ਬੇਕਨ, ਸੌਸੇਜ਼ ਅਤੇ ਬੀਨਜ਼ ਆਦਿ ਦਾ ਨਾਸ਼ਤਾ ਮਜ਼ਬੂਰਨ ਕਰਨਾ ਪੈਂਦਾ ਸੀ।

     ਬਾਕੀ ਦੀ ਆਪਣੀ ਸਕੁਆਡਰਨ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਰਹਿਣ-ਸਹਿਣ ਦਾ ਬੰਦੋਬਸਤ ਕਰਨਾ ਮੇਰੀ ਪ੍ਰਥਮਿਕਤਾ ਸੀ। ਇਹ ਕੰਮ ਨੂੰ ਨਿਬੇੜ ਕੇ ਮੈਂ ਇਕ ਲੈਂਡਰੋਵਰ ਗੱਡੀ ਪ੍ਰਾਪਤ ਕੀਤੀ ਤਾਂ ਜੋ ਮੈਨੂੰ ਦੂਰ ਨੇੜੇ ਜਾਣ ਆਉਣ ਵਿਚ ਸੌਖ ਹੋ ਸਕੇ। ਗੌਲਫ ਵਿਚ ਮਿਲਟਰੀ ਪ੍ਰਣਾਲੀ ਨੂੰ ਸਮਝਣ ਲਈ ਮੈਂ ਤੇ ਰੁਪਰਟ ਨੇ ਕਈ ਹੈਡਕੁਆਟਰਾਂ ਦੇ ਦੌਰੇ ਕੀਤੇ ਸਨ। ਅਮਰੀਕਾ ਅਤੇ ਬ੍ਰਤਾਨਵੀ ਅਧਿਕਾਰੀਆਂ ਦਰਮਿਆਨ ਵਧੀਆ ਤਾਲਮੇਲ ਦੇਖਣ ਨੂੰ ਮਿਲਿਆ ਸੀ।

     ਅਲ ਜ਼ੁਬੇਲ ਵਿਚ ਅਮਰੀਕਨਾਂ ਨੇ ਆਪਣੀ ਪਕੜ ਅਤੇ ਛਵੀ ਵਧੀਆ ਬਣਾਈ ਹੋਈ ਸੀ। ਉਥੇ ਕਈ  ਖ਼ੂਬਸੂਰਤ ਅਮਰੀਕਨ ਫੌਜਣਾਂ ਨੂੰ ਦੇਖ ਕੇ ਮੇਰਾ ਜੀਅ ਕਰਦਾ ਸੀ, ਉਹਨਾਂ ਕੋਲ ਹੀ ਠਹਿਰ ਜਾਵਾਂ। ਅਮਰੀਕਨਾਂ ਨੂੰ ਟਰੇਨਿੰਗ ਕਰਦੇ ਦੇਖ ਕੇ ਹੀ ਲੱਗਦਾ ਸੀ ਕਿ ਸੁਦਾਮ ਹੁਸੈਨ ਦੀ ਖੈਰ ਨਹੀਂ, "ਬਾਈ ਇਹ ਇਰਾਕੀਆਂ ਨੂੰ ਝੋਟੀਆਂ ਚੁੰਘਾਉਗੀਆਂ। ਦੇਖ ਯਾਰ ਅਹੇ ਜਿਹੀਆਂ ਤੀਵੀਆਂ ਤਾਂ ਅੱਖ ਮਾਰ ਕੇ ਬੰਦਾ ਮਾਰ ਦੇਣ।"

     ਮੇਰੀ ਗੱਲ ਸੁਣ ਕੇ ਰੁਪਰਟ ਹੱਸਣ ਲੱਗ ਪਿਆ ਸੀ। ਹੈੱਡਕੁਆਟਰ ਦੇ ਪੋਰਟਰ ਕੈਬਿਨ ਦੇ ਸ਼ੀਸ਼ੇ ਰਾਹੀਂ ਮੈਂ ਇਕ ਏ. ਕੇ. ਸੰਤਾਲੀ (Avtomat Kalashnikova) ਚੁੱਕੀ ਖੜ੍ਹੀ ਅਮਰੀਕਨ ਫੌਜਣ ਨੂੰ ਮੰਤਰ-ਮੁਗਧ ਹੋ ਕੇ ਦੇਖਣ ਲੱਗ ਪਿਆ ਸੀ। ਕੱਛ ਵਿਚ 7.62×39mm ਅਸਾਲਟ ਰਾਇਫਲ ਚੁੱਕੀ ਖੜ੍ਹੀ ਦੀ ਉਹਦੀ ਹਿੱਕ ਮੈਗਜ਼ੀਨ ਤੋਂ ਵੀ ਅੱਗੇ ਉੱਭਰੀ ਹੋਈ ਦਿਖਾਈ ਦੇ ਰਹੀ ਸੀ। ਮੈਨੂੰ ਟਿਕਟਿਕੀ ਲਾਈ ਦੇਖਦੇ ਨੂੰ ਉਸ ਨੇ ਦੇਖਿਆ ਤੇ ਫੇਰ ਆਪਣੀ ਹਿੱਕ 'ਤੇ ਲੱਗੇ ਕਮੀਜ਼ ਦੇ ਬਟਨ ਨੂੰ ਠੀਕ ਕਰਨ ਦੇ ਬਹਾਨੇ ਮੇਰਾ ਧਿਆਨ ਆਪਣੀ ਪਰਬਤੀ ਛਾਤੀ ਵੱਲ ਦਵਾਇਆ ਸੀ। ਮੈਂ ਉਸਨੂੰ ਦੇਖ ਕੇ ਮੁਸਕੁਰਾਇਆ ਤੇ ਉਹਨੇ ਵੀ ਮੁਸਕੁਰਾ ਕੇ ਨਖਰੇ ਨਾਲ ਮੈਥੋਂ ਵਿਪਰੀਤ ਦਿਸ਼ਾ ਵੱਲ ਮੂੰਹ ਫੇਰ ਲਿਆ ਸੀ। 

     ਉਥੇ ਕੰਮ ਕਰਦੇ ਇਕ ਅਮਰੀਕਨ ਕਲਰਕ ਨੇ ਫੌਜਣ ਵੱਲ ਮੈਨੂੰ ਟਿਕਟਿਕੀ ਲਾਈ ਦੇਖਦਿਆਂ, ਤੱਕ ਕੇ ਮੇਰੇ ਮੋਢੇ 'ਤੇ ਹੱਥ ਰੱਖਦਿਆਂ ਕਿਹਾ ਸੀ, "ਸ਼ਾਰਲਟ... ਸ਼ਾਰਲਟ ਲੋਪੇਜ਼ ਹੈ ਇਹ। ਪੰਗਾ ਨਾ ਲੈ ਬੈਠੀਂ। ਮੇਜਰ ਤੈਨੂੰ ਜਾਨੋਂ ਮਾਰ'ਦੂਗੀ। ਇਹ ਡੈੱਡਲੌਕ (ਲੱਤਾਂ ਨਾਲ ਜੂੜ ਪਾ ਕੇ ਵਿਰੋਧੀ ਨੂੰ ਲੱਕ ਤੋਂ ਜਕੜਣ ਦਾ ਘੋਲਾਂ ਦਾ ਇਕ ਦਾਅ) ਲਾਉਣ ਵਿਚ ਬਹੁਤ ਮਾਹਿਰ ਹੈ। ਅਮਰੀਕਨ ਫੌਜ ਵਿਚ ਇਹਨੂੰ ਬੰਦੇ ਖਾਣੀ ਕਿਹਾ ਜਾਂਦਾ ਹੈ। ਇਹਨੂੰ ਸੈਕਸ ਨਾਲ ਕੋਈ ਨਹੀਂ ਰਜਾ ਸਕਦਾ। ਸਿਰੇ ਦੀ ਕੰਜਰੀ ਹੈ। ਪੀ. ਐੱਫ. ਸੀ. (Private First Class) ਅਫ਼ਸਰ ਸੀ। ਕੁਝ ਹੀ ਸਾਲਾਂ ਵਿਚ ਅਫ਼ਸਰਾਂ ਦੇ ਬਿਸਤਰੇ ਗਰਮ ਕਰਕੇ ਐੱਮ. ਐੱਸ. ਜੀ. (Master Sergeant) ਬਣ ਗਈ ਹੈ। ਈ 3 ਗ੍ਰੇਡ ਤੋਂ ਸਿੱਧਾ ਈ 8 ਗ੍ਰੇਡ 'ਤੇ ਪਹੁੰਚ ਗਈ ਹੈ। ਅੱਜਕੱਲ੍ਹ ਇਹ ਮੇਜਰ ਜਨਰਲ ਦੀ ਰਖੇਲ ਹੈ।" 
     ਉਸ ਦੇ ਏਨਾ ਕਹਿੰਦਿਆਂ ਹੀ ਭਾਲੂ ਵਰਗੇ ਅਮਰੀਕਨ ਫੌਜ ਦੇ ਮੁੱਖੀ ਹਰਬਰਟ ਨੋਰਮਨ ਸਵਾਰਜ਼ਕੌਫ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਗਿਆ ਸੀ। ਰੁਪਰਟ ਨੇ ਆਪਣਾ ਕੰਮ ਨਿਪਟਾਇਆ ਤੇ ਅਸੀਂ ਉਥੋਂ ਆਪਣੀ ਗੱਡੀ ਵੱਲ ਜਾਣ ਲੱਗੇ। ਮੁਹਰਿਊਂ ਸਾਨੂੰ ਸ਼ਾਰਲਟ ਲੋਪੇਜ਼ ਟੱਕਰ ਗਈ ਸੀ। ਮੈਂ ਉਸ ਨਾਲ ਦਸਤਪੰਜਾ ਸਾਂਝਾ ਕਰਨ ਲਈ ਆਪਣਾ ਹੱਥ ਕੱਢਿਆ ਸੀ, "ਹਾਏ! ਮੇਜਰ ਜੇਮਜ਼ ਹਿਊਵਟ, ਸਕੁਅਡਰਨ ਕਮਾਂਡਰ। ਲਾਇਫ ਗਾਰਡਜ਼, ਬ੍ਰਿਟੀਸ਼ ਆਰਮਡ ਫੋਰਸ।"

     "ਹੈਲੋ, ਮੈਂ ਪੀ. ਸੀ. ਐੱਫ. ਅਮੈਰੀਕਨ ਆਰਮੀ।" ਮੇਰੇ ਨਾਲ ਹੱਥ ਮਿਲਾਉਂਦਿਆਂ ਉਸਦੀਆਂ ਚਮਕਦੀਆਂ ਅੱਖਾਂ ਵਿਚ ਕੋਈ ਗੁੱਝੀ ਰਮਜ਼ ਸੀ।

     ਉਸਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਦੇਖਿਆ ਸੀ, "ਇੰਗਲੀਸ਼?"

     "ਨਹੀਂ ਆਇਰਸ਼।"

     "ਵੈਰੀ ਗੁੱਡ। ਮੈਨੂੰ ਇੰਗਲੀਸ਼ ਮਰਦ ਪਸੰਦ ਨਹੀਂ।"

     "ਤੇ ਆਇਰਸ਼?"

     "ਕਦੇ ਪਰਖੇ ਨਹੀਂ।"

     "ਪਰਖ ਕੇ ਦੇਖੀਂ ਤੈਨੂੰ ਅਫਸੋਸ ਨਹੀਂ ਹੋਵੇਗਾ।"

     "ਜ਼ਰੂਰ ਦੇਖਾਂਗੀ, ਜੇ ਮੌਕਾ ਮਿਲਿਆ।" ਸ਼ਾਰਲਟ ਨੇ ਸ਼ਰਾਰਤ ਨਾਲ ਮੈਨੂੰ ਅੱਖ ਮਾਰੀ ਸੀ। 

     ਅਸੀਂ ਫੇਰ ਮਿਲਣ ਦਾ ਵਾਅਦਾ ਕਰਕੇ ਉਸ ਤੋਂ ਵਿਦਾ ਲੈ ਆਏ। ਰੁਪਰਟ ਮੈਨੂੰ ਮਖੌਲ ਕਰਨ ਲੱਗਿਆ ਸੀ, "ਤੂੰ ਉਸ ਅਮੈਰੀਕਨ ਕਲਰਕ ਦੀ ਵਾਰਨਿੰਗ ਨਹੀਂ ਸੁਣੀ ਸੀ। ਬਚੀਂ ਜੇਮਜ਼ ਇਹ ਸੱਚੀ ਤੈਨੂੰ ਮਾਰ'ਦੂਗੀ।"

     "ਸੁਦਾਮ ਹੁਸੈਨ ਦੇ ਬੰਬਾਂ ਜਾਂ ਇਰਾਕੀਆਂ ਦੀਆਂ ਗੋਲੀਆਂ ਨਾਲੋਂ ਤਾਂ ਇਹਦੀ ਦਿੱਤੀ ਮੌਤ ਸੌ ਦਰਜ਼ੇ ਵਧੀਆ ਤੇ ਹੁਸੀਨ ਹੋਵੇਗੀ। 'ਕੇਰਾਂ ਤਾਂ ਮਰਨ ਦਾ ਸੁਆਦ ਜਿਹਾ ਆ'ਜੂ ਬਾਈ।" ਅਸੀਂ ਹੱਸਣ ਲੱਗ ਪਏ ਸੀ।

     "ਯਾਰ ਅਮਰੀਕਨ ਜਨਾਨੀਆਂ ਦਾ ਸੁਆਦ ਤਾਂ ਮੈਂ ਵੀ ਕਦੇ ਨਹੀਂ ਦੇਖਿਆ। ਬਹੁਤ ਸਾਰੀਆਂ ਹੌਲੀਵੁੱਡ ਦੀਆਂ ਐਕਟਰਸਾਂ ਦਾ ਫੈਨ ਹਾਂ ਮੈਂ। ਵੈਸੇ ਜਿਵੇਂ ਆਪਣੇ ਇੰਗਲੈਂਡ ਦੀਆਂ ਤਿੰਨ ਡੱਬਲਯੂਆਂ, ਵਰਕ, ਵੈਦਰ ਤੇ ਵੁਮਨ ਮਸ਼ਹੂਰ ਨੇ ਬਈ ਇਹਨਾਂ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਣ ਤੇ ਕਦੋਂ ਚਲੀਆਂ ਜਾਣ। ਇਵੇਂ ਅਮੈਰੀਕਾ ਦੀਆਂ ਅਮਰੀਕਨ ਗਾਵਾਂ ਤੇ ਗਸ਼ਤੀਆਂ ਸਾਰੀ ਦੁਨੀਆਂ ਵਿਚ ਮਸ਼ਹੂਰ ਨੇ। ਤੇਰੀ ਗੱਲ ਬਣ ਜਾਵੇ ਤਾਂ ਮੇਰਾ ਵੀ ਕਿਸੇ ਉਹਦੀ ਸਹੇਲੀ ਨਾਲ ਟੰਕਾ-ਤੋਪਾ ਭਰਾ ਦੇਵੀਂ।"

     "ਪਿੰਡ ਬੱਝਿਆ ਨਹੀਂ। ਮੰਗਤੇ ਪਹਿਲਾਂ ਹੀ ਆ ਗਏ।"

     ਗੱਡੀ ਵਿਚ ਕੈਂਪ ਨੂੰ ਆਉਂਦਿਆਂ ਮੈਂ ਸਾਰੇ ਰਾਹ ਸ਼ਾਰਲਟ ਬਾਰੇ ਹੀ ਸੋਚਦਾ ਰਿਹਾ ਸੀ। ਕੀ ਉਸਦਾ ਸ਼ੁਮਾਰ ਮੇਰੀਆਂ ਮਹਿਬੂਬ ਕੁੜੀਆਂ ਦੀ ਫਰਿਸ਼ਤ ਵਿਚ ਹੋ ਸਕਦਾ ਹੈ? ਮੈਂ ਆਪਣੇ ਆਪ ਨੂੰ ਹੀ ਸਵਾਲ ਕਰਦਾ। ਫਿਰ ਮੇਰੇ ਮੂਹਰੇ ਨੰਬਲ ਜਿਹੇ ਅਮਰੀਕਨ ਅਫ਼ਸਰਾਂ ਦੇ ਚਿਹਰੇ ਆ ਜਾਂਦੇ ਤੇ ਮੈਂ ਸੋਚਦਾ ਉਹਨਾਂ ਨਾਲੋਂ ਤਾਂ ਨਹੀਂ ਮਾੜਾ ਮੈਂ। ਸ਼ਾਰਲਟ ਵਰਗੀ ਠਰਕੀ ਤੀਵੀਂ ਨੂੰ ਭੋਗਣਾ ਤਾਂ ਮੇਰੇ ਖੱਬੇ ਹੱਥ ਦਾ ਕੰਮ ਹੈ। ਮੈਂ ਤਾਂ ਵੇਲਜ਼ ਦੀ ਸ਼ਹਿਜ਼ਾਦੀ ਨਹੀਂ ਛੱਡੀ। ਯਕਾਯਕ ਮੈਨੂੰ ਡਾਇਨਾ ਦਾ ਖਿਆਲ ਆ ਜਾਂਦਾ ਤੇ ਮੈਂ ਸੋਚਦਾ ਕਿ ਮੇਰਾ ਕਿਸੇ ਹੋਰ ਬਾਰੇ ਸੋਚਣਾ ਵੀ ਡਾਇਨਾ ਨਾਲ ਬੇਵਫਾਈ ਸੀ। ਤੇ ਮੈਂ ਸ਼ਾਰਲਟ ਬਾਰੇ ਸੋਚਣਾ ਛੱਡਣ ਲਈ ਰੁਪਰਟ ਨਾਲ ਕੋਈ ਗੱਲ ਛੇੜ ਲੈਂਦਾ ਸੀ। 

     ਮੈਨੂੰ ਸ਼ਾਰਲਟ ਦੀ ਹਿੱਕ ਦਾ ਉਭਾਰ ਚੇਤੇ ਆ ਜਾਂਦਾ ਤੇ ਮੈਂ ਫਿਰ ਉਸ ਬਾਰੇ ਸੋਚਣ ਲੱਗ ਜਾਂਦਾ। ਮੈਂ ਸ਼ਾਰਲਟ ਦੇ ਜਿਸਮ ਨੂੰ ਕਪਿੜਆਂ ਤੋਂ ਵਗੈਰ ਆਪਣੀ ਕਲਪਨਾ ਵਿਚ ਵਾਹੁਣ ਲੱਗ ਪੈਂਦਾ ਸੀ। ਉਸ ਰਾਤ ਨੂੰ ਕਦੇ ਡਾਇਨਾ ਤੇ ਕਦੇ ਸ਼ਾਰਲਟ ਆ ਆ ਕੇ ਮੇਰੇ ਜ਼ਿਹਨ ਵਿਚ ਭੜਥੂ ਪਾਉਂਦੀਆਂ ਰਹੀਆਂ ਸਨ। 

     ਅਗਲੀ ਸਵੇਰ ਮੈਂ ਦੇਰੀ ਨਾਲ ਸੁੱਤਾ ਹੋਣ ਕਰਕੇ ਸਮੇਂ ਸਿਰ ਉੱਠ ਨਾ ਸਕਿਆ। ਮੇਰੇ ਟੈਂਕ ਡਰਾਇਵਰ ਟਰੋਪਰ ਡੋਅਲੀ ਨੇ ਆ ਕੇ ਮੈਨੂੰ ਜਗਾਇਆ ਸੀ। ਖੁਦ ਨੂੰ ਇਲਾਕੇ ਦਾ ਭੇਤੀ ਕਰਵਾਉਣ ਲਈ ਅਸੀਂ ਸਾਰੇ ਖੇਤਰ ਨੂੰ ਗਾਹ ਕੇ ਆਪਣਿਆਂ ਨਕਸ਼ਿਆਂ ਨਾਲ ਮਿਲਾ ਕੇ ਜਾਂਚਿਆ ਸੀ। 

     ਮੇਰੀ ਫੌਜੀ ਟੁੱਕੜੀ ਸਹੀ ਸਲਾਮਤ ਉਪੜ ਚੁੱਕੀ ਸੀ। ਪਰ ਅਜੇ ਟੈਂਕਾਂ ਦੇ ਆਉਣ ਦੀ ਉਡੀਕ  ਸੀ। ਟੈਂਕ ਕੈਲ ਅਤੇ ਸੂਇਜ਼ ਨਹਿਰਾਂ ਵਿਚਕਾਰ ਕਿਧਰੇ ਫਸੇ ਪਏ ਸਨ। ਟੈਂਕਾਂ ਦੇ ਪਹੁੰਚਣ ਵਿਚ ਹੁੰਦੀ ਦੇਰੀ ਨਾਲ ਮੇਰੀਆਂ ਚਿੰਤਾਵਾਂ ਵਧੀ ਜਾਂਦੀਆਂ ਸਨ। ਹਥਿਆਰਾਂ ਬਿਨਾ ਕਦੇ ਜੰਗ ਨਹੀਂ ਲੜ੍ਹੀ ਜਾਂਦੀ। ਮੈਨੂੰ ਉਥੇ ਪਹੁੰਚਣ ਦੇ ਬਾਵਜੂਦ ਵੀ ਸਾਡੇ ਜੰਗ ਵਿਚ ਸ਼ਾਮਿਲ ਨਾ ਹੋਣ ਦੇ ਆਸਾਰ ਨਜ਼ਰ ਆ ਰਹੇ ਸਨ। ਇਸਨੂੰ ਲੈ ਕੇ ਮੈਂ ਬਹੁਤ ਚਿੰਤਤ ਸੀ।

     ਮੈਂ ਕੈਂਪ ਕੋਲ ਜੰਗਾਲ ਖਾਧੇ ਪੁਰਾਣੇ ਟੈਂਕ, ਮਿੱਟੀ ਘੱਟੇ ਵਿਚ ਰੁੱਲੇ ਪਏ ਦੇਖੇ ਸਨ। ਚੈਲੇਂਜ਼ਰ ਟੈਂਕ ਬਣਾਉਣ ਵਾਲੀ ਮਸ਼ਹੂਰ ਕੰਪਨੀ ਵਿਕਰਜ਼ ਤੋਂ ਪੁਰਜ਼ੇ ਆਉਂਦੇ ਵੀ ਮੈਂ ਕੈਂਪ ਵਿਚ ਦੇਖੇ ਸਨ। ਮੈਂ ਆਪਣੇ ਕਮਾਂਡਿੰਗ ਅਫ਼ਸਰ ਕਰਨਲ ਮਾਇਕ  ਵਿਕਰੀ ਨਾਲ ਸੰਪਰਕ ਕਰਕੇ ਉਸਨੂੰ  ਬੇਨਤੀ ਕੀਤੀ ਸੀ ਕਿ ਜੇਕਰ ਉਹ ਮੈਨੂੰ ਆਗਿਆ ਦੇਵੇ ਤਾਂ ਅਸੀਂ ਪੁਰਾਣੇ ਟੈਂਕਾਂ ਨੂੰ ਮੁਰੰਮਤ ਕਰ ਲੈਂਦੇ ਹਾਂ। ਮੈਂ ਉਸਨੂੰ ਦੱਸਿਆ ਸੀ ਕਿ ਮੇਰੇ ਜਵਾਨ ਟੈਂਕ ਸਵਾਰਨ ਵਿਚ ਬਹੁਤ ਮਾਹਿਰ ਸਨ।  ਉਹ ਮੰਨ ਗਿਆ ਸੀ। ਮੈਂ ਆਪਣੇ ਜਵਾਨਾਂ ਦੇ ਕੰਮ ਕਰਨ ਦਾ ਸਮਾਂ ਅੱਠ ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਵਿਚ ਬੰਨ੍ਹ ਦਿੱਤਾ ਸੀ ਤਾਂ ਜੋ ਕੰਮ ਫੁਰਤੀ ਨਾਲ 24 ਘੰਟੇ ਮੁਸਲਸਲ ਚਲਦਾ ਰਹੇ। 
     ਵਿਕਰਜ਼ ਤੋਂ ਵਧੀਆ ਪੁਰਜ਼ੇ ਸਮੇਂ ਸਿਰ ਪਹੁੰਚਣ ਲੱਗੇ। ਇੰਜਣ ਅਸੀਂ ਬੰਨ੍ਹੇ ਬਨਾਏ ਬ੍ਰਤਾਨਵੀ ਲੇਅਲੈਂਡ ਕੰਪਨੀ ਤੋਂ ਮੰਗਵਾ ਲਿੱਤੇ ਸਨ। ਅਸੀਂ ਆਮ ਤੌਰ 'ਤੇ ਡੀਜਲ ਇੰਜਣਾਂ ਨਾਲ ਕੰਮ ਚਲਾਉਂਦੇ ਸੀ। ਡੀਜ਼ਲ, ਪੈਟਰੋਲ ਦੇ ਮੁਕਾਬਲਤਨ ਘੱਟ ਤਾਕਤਵਰ ਹੁੰਦੇ ਹਨ। ਪਰ ਉਨ੍ਹਾਂ ਦੀ ਸੁਰੱਖਿਆ ਪੈਟਰੋਲ ਵਾਲਿਆਂ ਨਾਲੋਂ ਵਧੇਰੇ ਹੁੰਦੀ ਹੈ, ਕਿਉਂਕਿ ਡੀਜ਼ਲ ਪੈਟਰੋਲ ਨਾਲੋਂ ਦੇਰੀ ਨਾਲ ਅੱਗ ਫੜ੍ਹਦਾ ਹੈ। ਪਰ ਲੇਅਲੈਂਡ ਦੇ ਇਹ ਉਸ ਤੋਂ ਵਧੀਆ, ਮਲਟੀ ਫਿਊਲ ਇੰਜਣ ਸਨ। ਪੈਟਰੋਲ, ਡੀਜ਼ਲ ਅਤੇ ਗੈਸ 'ਤੇ ਚੱਲਣ ਵਾਲੇ। 

     ਹਰੇਕ ਕਮਾਂਡਰ ਨੂੰ ਹਰ ਟੈਂਕ ਦੀ ਸਮਰਥਾ ਅਤੇ ਯੁੱਧਯੋਗਤਾ ਸਾਬਿਤ ਕਰਨ ਲਈ ਸੀ. ਐੱਫ. ਟੀ. (Commander's Functional Test) ਪ੍ਰੀਖਣ ਕਰਵਾਉਣਾ ਪੈਂਦਾ ਸੀ। ਇਸ ਵਿਚ ਟੈਂਕ ਦੀ ਕਾਰਜ਼ਕੁਸ਼ਲਤਾ, ਤੇਲ-ਪਾਣੀ ਦੀ ਸਹੀ ਮਿਕਦਾਰ ਅਤੇ ਐਪੀਸਕੋਪ(ਦਰਸ਼ਣੀ ਸ਼ੀਸ਼ੇ) ਆਦਿਕ ਜਾਂਚੇ ਜਾਂਦੇ ਸਨ। ਇਰਾਕ ਜੰਗ ਵਿਚ ਪ੍ਰਮਾਣੂ ਅਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਦਾ ਖਦਸ਼ਾ ਹੋਣ ਕਰਕੇ ਰਬੜ ਦੀਆਂ ਸੀਲਾਂ ਨੂੰ ਜਾਚਣਾ ਵੀ ਅਵੱਸ਼ਕ ਸੀ। ਐੱਨ. ਬੀ. ਸੀ. (Nuclear Biological Chemical) ਵਿਚ ਲੱਗਿਆ ਪੱਖਾ ਸਹੀ ਕੰਮ ਕਰਦਾ ਹੋਣਾ ਚਾਹੀਦਾ ਸੀ ਤਾਂ ਜੋ ਟੈਂਕ ਦੇ ਅੰਦਰ ਪੂਰੀ ਹਵਾ ਦਾ ਦਬਾਅ ਹਰ ਸਮੇਂ ਬਣਿਆ ਰਹੇ। ਅਸੀਂ ਟੈਂਕਾਂ ਦੇ ਪੱਖਿਆਂ ਦੀ ਰਫਤਾਰ ਇਸ ਹੱਦ ਤੱਕ ਬੰਨ੍ਹ ਦਿੱਤੀ ਸੀ ਕਿ ਸਾਨੂੰ ਅੰਦਰ ਬੈਠ ਕੇ ਸੁਰੱਖਿਆ ਨਕਾਬ ਪਹਿਨਣ ਦੀ ਵੀ ਲੋੜ੍ਹ ਨਹੀਂ ਸੀ। ਟੈਂਕਾਂ ਨੂੰ ਯੁੱਧਧਾਰੀ ਬਣਾਉਣ ਲਈ ਉਹਨਾਂ ਦੀਆਂ ਨਾਲੀਆਂ ਦਾ ਸਹੀ ਨਿਸ਼ਾਨਾਂ ਦਾਗਦੇ ਹੋਣ ਨੂੰ ਪਰਖਣ ਲਈ ਅਸੀਂ ਅਲ ਜ਼ੁਬੇਲ ਦੇ ਰੇਤਲੇ ਟਿੱਬਿਆਂ ਵਿਚ ਗੋਲੇ ਚਲਾ ਕੇ ਉਹਨਾਂ ਨੂੰ ਦਰੁਸਤ ਕੀਤਾ ਸੀ। ਸਾਡੇ ਟੈਂਕਾਂ ਦੀ ਕਾਰਗੁਜ਼ਾਰੀ ਵਧੀਆ ਸਾਬਿਤ ਹੋਈ  ਤੇ ਉਹਨਾਂ ਨੂੰ ਵਰਤਣ ਦੀ ਸਾਨੂੰ ਹਰੀ ਝੰਡੀ ਮਿਲ ਗਈ ਸੀ। 

     ਯੁੱਧ ਵਿਚ ਸਾਨੂੰ ਆਪਣੀਆਂ ਸਥਿਤੀਆਂ ਦੱਸਣ ਲਈ ਹਮੇਸ਼ਾਂ ਵਿਪਰੀਤ ਦਿਸ਼ਾਵਾਂ ਬਿਆਨਣ ਦਾ ਆਦੇਸ਼ ਸੀ। ਅਰਥਾਤ ਜੇ ਅਸੀਂ ਪੂਰਬ ਵੱਲ ਜਾਣਾ ਹੁੰਦਾ ਸੀ ਤਾਂ ਅਸੀਂ ਉਸਨੂੰ ਪੱਛਮ ਕਹਿਣਾ ਹੁੰਦਾ ਸੀ। ਅਜਿਹਾ ਇਸ ਲਈ ਕਰਨਾ ਸੀ ਕਿ ਪ੍ਰਸਾਰਣ ਲੀਕ ਹੋਣ ਦੀ ਸੂਰਤ ਵਿਚ ਇਰਾਕੀ ਸੈਨਾ ਨੂੰ ਭੁਲੇਖਾ ਪਾਇਆ ਜਾ ਸਕੇ। ਆਮ ਤੌਰ 'ਤੇ ਮਾਰੂਥਲ ਵਿਚ ਧੁੱਪ ਰਹਿੰਦੀ ਸੀ। ਪਰ ਜਨਵਰੀ ਮਹੀਨਾ ਹੋਣ ਕਰਕੇ ਬਹੁਤੀ ਤਪਸ਼ ਨਹੀਂ ਸੀ। ਰਾਤ ਨੂੰ ਮਾੜੀ ਮੋਟੀ ਠੰਢ ਵੀ ਹੋ ਜਾਂਦੀ ਸੀ। ਸਰਦ ਹਵਾਵਾਂ ਅਕਸਰ ਚਲਦੀਆਂ ਰਹਿੰਦੀਆਂ ਸਨ। ਕਦੇ ਕਦੇ  ਧੁੰਦ ਵੀ ਪੈ ਜਾਂਦੀ, ਇਸ ਨਾਲ ਅਸੀਂ ਆਪਣੇ ਨੈਵੀਗੇਸ਼ਨ (ਮਾਰਗਦਰਸ਼ਕ ਯੰਤਰ) ਦਾ ਪ੍ਰਯੋਗ ਕਰਕੇ ਵੀ ਦੇਖ ਲਿਆ ਸੀ। ਸਾਡੇ ਨੈਵੀਗੇਸ਼ਨ ਦਿਨ ਵੇਲੇ ਸੂਰਜ ਅਤੇ ਰਾਤ ਵੇਲੇ ਚੰਦਰਮਾ ਅਤੇ ਤਾਰਿਆਂ ਦੀ ਸਥਿਤੀ ਅਨੁਸਾਰ ਕੰਮ ਕਰਦੇ ਸਨ। ਟੈਂਕਾਂ ਵਿਚ ਲੱਗੀ ਚੁੰਬਕੀ ਪ੍ਰਕਾਰ ਬਹੁਤੀ ਭਰੋਸੇਯੋਗ ਸਿੱਧ ਨਹੀਂ ਸੀ ਹੁੰਦੀ। ਬੱਦਲਵਾਈ ਸਮੇਂ ਤਾਂ ਹੋਰ ਵੀ ਸਮੱਸਿਆ ਪੈਦਾ ਹੋ ਜਾਂਦੀ ਸੀ। ਮੇਰੇ ਪਿਤਾ ਦਾ ਦਿੱਤਾ ਹੋਇਆ ਨੈਵੀਗੇਸ਼ਨ ਸਹੀ ਜਾਣਕਾਰੀ ਦਿੰਦਾ ਸੀ ਤੇ ਮੇਰੇ ਲਈ ਕਾਫੀ ਲਾਹੇਵੰਦ ਸਿੱਧ ਹੋਇਆ ਸੀ। ਲੇਕਿਨ ਸਾਨੂੰ ਜੰਗ ਵਿਚ ਵਰਤਣ ਲਈ ਅਮਰੀਕਨ ਮੈਗਲਨ ਨੈਵੀਗੇਸ਼ਨ ਸਿਸਟਮ ਮਿਲ ਗਏ ਸਨ, ਜੋ ਸੈਟਾਲਾਇਟ ਨਾਲ ਕੰਮ ਕਰਦੇ ਸਨ। ਅੱਜਕੱਲ੍ਹ ਤਾਂ ਇਹ ਆਮ ਹੋ ਗਏ ਹਨ। ਉਸ ਸਮੇਂ ਬਿਲਕੁਲ ਨਵੀਂ ਤਕਨਾਲਜ਼ੀ ਸੀ। ਇਹ ਨਵੀਨ ਕਾਢ ਬਿਨਾ ਨਕਸ਼ਾ ਫਰੋਲਿਆਂ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਦਿੰਦੀ ਸੀ।
ਸ਼ਹਿਜ਼ਾਦੀ ਡਾਇਨਾ ਦੀ ਹੱਥ ਲਿੱਖਤ ਚਿੱਠੀ

     ਸਾਡੇ ਉਲੀਕੇ ਹੋਏ ਮਨਸੂਬੇ ਮੁਤਾਬਕ ਸਭ ਤੋਂ ਮੂਹਰੇ ਮੈਂ ਆਪਣੇ ਟੈਂਕ ਵਿਚ ਹੋਣਾ ਸੀ ਤੇ ਸੱਤ ਸੱਤ ਟੈਂਕਾਂ ਦੇ ਦੋ ਕਾਫਲਿਆਂ ਨੇ ਮੇਰੇ ਪਿੱਛੇ ਰੌਬਿਨ ਟਾਰਲਿੰਗ ਦੀ ਅਗਵਾਈ ਵਿਚ ਹੋਣਾ ਸੀ। ਲੜਾਈ ਵਿਚ ਮੈਨੂੰ ਕੁਝ ਹੋਣ 'ਤੇ ਰੌਬਿਨ ਨੇ ਕਮਾਨ ਸੰਭਾਲਣੀ ਸੀ ਤੇ ਰੌਬਿਨ ਦੇ ਨਕਾਰਾ ਹੋਣ ਤੋਂ ਉਪਰੰਤ ਰੁਪਰਟ ਨੇ ਉਸ ਦੀ ਜਗ੍ਹਾ ਲੈਣੀ ਸੀ। ਇਸ ਲਈ ਉਹਨਾਂ ਨੂੰ ਮੇਰੀ ਸਾਰੀ ਯੋਜਨਾ ਅਤੇ ਜ਼ਿੰਮੇਵਾਰੀ ਤੋਂ ਮੈਂ ਜਾਣੂ ਕਰਵਾ ਦਿੱਤਾ ਸੀ।

     ਸਾਡੀ ਟੁਕੜੀ ਕੋਲ ਟੈਂਕਾਂ ਨੂੰ ਮਿਲਾ ਕੇ ਕੁੱਲ ਚਾਲੀ ਵਾਹਨ ਸਨ। ਜਿਨ੍ਹਾਂ ਵਿਚ ਦੋ ਐਂਬੂਲੈਂਸ ਵੈਨਾਂ, ਚਾਰ ਟੱਨ ਦੇ ਦੋ ਰਸਦ ਵਾਲੇ ਟਰੱਕ ਅਤੇ ਦੋ ਧੂੰਆਂ ਛੱਡਣ ਵਾਲੀਆਂ ਬੰਬ ਪਰੂਫ ਸਪਰੇਅ ਗੱਡੀਆਂ ਵੀ ਸ਼ਾਮਿਲ ਸਨ। ਧੂੰਆਂ ਛੱਡਣ ਵਾਲੇ ਵਾਹਨਾਂ ਦੀ ਵਰਤੋਂ ਦੁਸ਼ਮਣ ਦੇ ਘੇਰੇ ਵਿਚ ਵੜਨ ਅਤੇ ਫਸੇ ਹੋਏ ਟੈਂਕਾਂ ਨੂੰ ਕੱਢਣ ਵੇਲੇ ਅਸੀਂ ਕਰਨੀ ਸੀ। ਗੋਲਾ, ਬਾਰੂਦ, ਤੇਲ, ਪਾਣੀ, ਬੰਦੂਕਾਂ ਦੇ ਗਰੀਸ ਅਤੇ ਕਪੜੇ ਆਦਿਕ ਜ਼ਰੂਰੀ ਵਸਤਾਂ ਇਹਨਾਂ ਰਸਦ ਵਾਲੇ ਟਰੱਕਾਂ ਨੇ ਸਾਡੇ ਤੱਕ ਪਹੁੰਚਾਣੀਆਂ ਸਨ।
     ਸਕੁਆਡਰਨ ਕੁਆਟਰਮਾਸਟਰ ਕੋਰਪਲ ਦੀ ਰੋਜ਼ ਚਿੱਠੀਆਂ ਲਿਉਣ ਤੇ ਲਿਜਾਣ ਦੀ ਜ਼ਿੰਮੇਵਾਰੀ ਸੀ। ਫੌਜੀਆਂ ਦਾ ਆਪਣੇ ਸਕੇ-ਸਨੇਹੀਆਂ ਨਾਲ ਖਤੋ-ਖਿਤਾਬਤ ਹੋਣ ਲੱਗਾ ਸੀ। ਉਧਰੋਂ ਆਉਂਦੀਆਂ ਚਿੱਠੀਆਂ ਵਿਚ ਹੌਂਸਲੇ ਬੁਲੰਦ ਰੱਖਣ ਲਈ ਕਿਹਾ ਗਿਆ ਹੁੰਦਾ ਸੀ। ਇਧਰੋਂ ਗਈਆਂ ਚਿੱਠੀਆਂ ਵਿਚ ਪਰਿਵਾਰ ਵਾਲਿਆਂ ਦਾ ਦਿਲ ਧਰਾਉਣ ਲਈ ਦਲੀਲਾਂ ਦਿੱਤੀਆਂ ਗਈਆਂ ਹੁੰਦੀਆਂ ਸਨ ਕਿ ਜੰਗ ਵਿਚ ਕੁਝ ਨਹੀਂ ਵਿਗੜੇਗਾ... ਅਸੀਂ ਬਹੁਤ ਜਲਦ ਸਹੀ-ਸਲਾਮਤ ਵਾਪਿਸ ਆ ਜਾਵਾਂਗੇ ਆਦਿ। ਮੀਡੀਏ ਵੱਲੋਂ ਸਾਨੂੰ ਕਾਫੀ ਪ੍ਰੋਤਸਾਹਨ ਮਿਲ ਰਿਹਾ ਸੀ। ਕਈ ਜਥੇਬੰਦੀਆਂ, ਸੰਗਠਨ ਅਤੇ ਅਦਾਰਿਆਂ ਵੱਲੋਂ ਸਾਨੂੰ ਚਿੱਠੀਆਂ ਅਤੇ ਲੋੜ੍ਹੀਂਦੀਆਂ ਵਸਤਾਂ ਦੇ ਪਾਰਸਲ ਆਉਂਦੇ। ਸਾਨੂੰ ਅਫ਼ਸਰਾਂ ਨੂੰ ਉਹਨਾਂ ਦੀਆਂ ਵੀ ਹੌਂਸਲਾ ਅਫਜ਼ਾਈ ਦੀਆਂ ਚਿੱਠੀਆਂ ਆਉਂਦੀਆਂ, ਜਿਨ੍ਹਾਂ ਨੂੰ ਅਸੀਂ ਕਦੇ ਮਿਲੇ ਵੀ ਨਹੀਂ ਸੀ। ਸ਼ਾਇਦ ਲੋਕ ਅਜਿਹਾ ਇਸ ਲਈ ਕਰ ਰਹੇ ਸਨ, ਕਿਉਂਕਿ ਅਸੀਂ ਸਭ ਇਹ ਹਕੀਕਤ ਜਾਣਦੇ ਸੀ ਕਿ ਇਸ ਜੰਗ ਦੇ ਬਾਅਦ ਸਾਡੇ ਵਿਚੋਂ ਕਈਆਂ ਨੇ ਵਾਪਿਸ ਨਹੀਂ ਸੀ ਆਉਣਾ। ਕਮ-ਅਜ਼-ਕਮ ਉਸ ਰੂਪ ਵਿਚ ਨਹੀਂ ਜਿਸ ਵਿਚ ਅਸੀਂ ਜਾਣਾ ਸੀ। ਕਈ ਫੌਜੀਆਂ ਦੁਆਰਾ ਲਿੱਖੀਆਂ ਗਈਆਂ ਚਿੱਠੀ ਬਹੁਤ ਹੀ ਭਾਵੁਕ ਕਰ ਦੇਣ ਵਾਲੀਆਂ ਹੁੰਦੀਆਂ ਸਨ। ਇਕ ਫੌਜੀ ਨੇ ਆਪਣੀ ਮੰਗੇਤਰ ਨੂੰ ਲਿੱਖਿਆ ਸੀ, "ਜੇ ਮੈਨੂੰ ਜੰਗ ਵਿਚ ਕੁਝ ਹੋ ਗਿਆ ਤਾਂ ਤੂੰ ਆਪਣੇ ਪੁਰਾਣੇ ਬੋਆਏ ਫਰੈਂਡ ਨਾਲ ਵਿਆਹ ਕਰਵਾ ਲਵੀਂ। ਮੈਨੂੰ ਪੂਰੀ ਉਮੀਦ ਹੈ ਕਿ ਉਹ ਤੈਨੂੰ ਮੇਰੇ ਨਾਲੋਂ ਵੀ ਵੱਧ ਖੁਸ਼ ਰੱਖੇਗਾ।"

     ਇਕ ਹੋਰ ਫੌਜੀ ਨੇ ਆਪਣੀ ਬੇਟੀ ਨੂੰ ਲਿੱਖਿਆ ਸੀ, "...ਸਿਆਣੀ ਬੱਚੀ ਬਣੀ। ਮੰਮੀ ਦੇ ਕਹੇ ਲੱਗੀ। ਅਗਰ ਮੈਂ ਜੰਗ ਤੋਂ ਵਾਪਿਸ ਨਾ ਆ ਸਕਿਆ ਤਾਂ ਆਪਣੀ ਮੰਮੀ ਦਾ ਖਿਆਲ ਰੱਖੀ। ਉਸਨੂੰ ਬਹੁਤ ਪਿਆਰ ਕਰੀਂ।..."
     ਕਿਸੇ ਹੋਰ ਫੌਜੀ ਦਾ ਆਪਣੇ ਪੁੱਤਰ ਨੂੰ ਖਤ ਵਿਚ ਸੁਨੇਹਾ ਇਸ ਪ੍ਰਕਾਰ ਸੀ, "ਮੇਰੀ ਜ਼ਿੰਦਗੀ ਦਾ ਹੁਣ ਕੋਈ ਭਰੋਸਾ ਨਹੀਂ। ਤੂੰ ਖੂਬ ਪੜ੍ਹ ਲਿੱਖ ਕੇ ਵੱਡਾ ਅਫ਼ਸਰ ਬਣੀ ਤੇ ਖਾਨਦਾਨ ਦਾ ਨਾਮ ਰੋਸ਼ਨ ਕਰੀਂ। ਮੇਰੇ ਵਾਂਗ ਫੌਜ ਵਿਚ ਭਰਤੀ ਹੋਣ ਦੀ ਗਲਤੀ ਹਰਗਿਜ਼ ਨਾ ਕਰੀਂ। ਕੁਝ ਨਹੀਂ ਰੱਖਿਆ ਫੌਜ ਦੀ ਨੌਕਰੀ ਵਿਚ...।"

ਮੇਜਰ ਜੇਮਜ਼ ਹਿਊਵਟ ਨੂੰ ਸ਼ਹਿਜ਼ਾਦੀ ਡਾਇਨਾ ਦੀ ਹੱਥ ਲਿੱਖਤ ਚਿੱਠੀ ਦਾ ਅੰਤਮ ਭਾਗ
     ਮੇਰੇ ਪਿਤਾ ਦੀਆਂ ਚਿੱਠੀਆਂ ਮੈਨੂੰ ਮਿਲੀਆਂ। ਮੇਰੇ ਪਿਤਾ ਦੀ ਇਹ ਖਸਲਤ ਰਹੀ ਸੀ ਕਿ ਉਹ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਉਜਾਗਰ ਨਹੀਂ ਹੋਣ ਦਿੰਦਾ ਸੀ। ਕੋਰੀਆ ਵਿਚ ਲੜ੍ਹਿਆ ਹੋਣ ਕਰਕੇ ਉਸਨੂੰ ਇਹ ਭਲੀਭਾਂਤ ਗਿਆਨ ਸੀ ਕਿ ਜੰਗ ਲਈ ਜਾਣ ਤੋਂ ਪਹਿਲਾਂ ਫੌਜੀ ਦੇ ਮਨ ਵਿਚ ਕੀ ਉੱਥਲ-ਪੁੱਥਲ ਹੋ ਰਹੀ ਹੁੰਦੀ ਹੈ ਤੇ ਉਹ ਟਰਿਉਮੈਟੋਫੋਬੀਆ (ਜ਼ਖਮੀ ਹੋ ਕੇ ਮਰਨ ਦੇ ਖ਼ੌਫ ਮਾਨਸਿਕ ਦਾ ਰੋਗ) ਸ਼ਿਕਾਰ ਹੁੰਦਾ ਹੈ। ਪਿਤਾ ਦੀਆਂ ਚਿੱਠੀਆਂ ਪੜ੍ਹਦਿਆਂ ਫੇਰ ਵੀ ਮੇਰੀਆਂ ਅੱਖਾਂ ਵਿਚੋਂ ਹੰਝੂ ਛਲਕ ਆਉਂਦੇ ਸਨ। ਮੇਰੀ ਮਾਂ ਅਤੇ ਭੈਣਾਂ ਮੈਨੂੰ ਨਿਰੰਤਰ ਖਤ ਲਿੱਖਦੀਆਂ। ਮੇਰੇ ਬਹੁਤ ਸਾਰੇ ਦੋਸਤਾਂ ਅਤੇ ਪੁਰਾਣੀਆਂ ਸਹੇਲੀਆਂ ਦੀਆਂ ਚਿੱਠੀਆਂ ਅਤੇ ਸ਼ੁਭ ਇਛਾਵਾਂ ਦੇ ਕਾਰਡਾਂ ਦਾ ਮੇਰੇ ਘਰ ਅੰਬਾਰ ਲੱਗੀ ਜਾ ਰਿਹਾ ਸੀ। ਉਹਨਾਂ ਵਿਚੋਂ ਤਾਂ ਕਈ ਐਸੇ ਵੀ ਸਨ ਜਿਨ੍ਹਾਂ ਨੂੰ ਮੈਂ ਭੁੱਲ ਭੁਲਾ ਗਿਆ ਸੀ। ਸਭ ਮੈਨੂੰ ਸਿੱਧੀ ਚਿੱਠੀ ਲਿੱਖਣ ਲਈ ਮੇਰਾ ਐੱਡਰੈਸ ਮੇਰੇ ਘਰਦਿਆਂ ਤੋਂ ਪੁੱਛਦੇ ਸਨ। ਮੈਂ ਆਪਣੀ ਮਾਂ ਨੂੰ ਆਖ ਦਿੱਤਾ ਸੀ ਕਿ ਜਿਹੜਾ ਮੰਗਦਾ ਹੈ, ਉਸਨੂੰ ਦੇ ਦਿਆ ਕਰੋ। ਮੇਰਾ ਪਤਾ ਬਹੁਤ ਸੌਖਾ ਅਤੇ ਸਰਲ ਸੀ:-

ਮੇਜਰ ਜੇਮਜ਼ ਹਿਊਵਟ
ਲਾਇਫ ਗਾਰਡਜ਼ ਸਕੁਆਡਰਨ,
(15/27+2),
ਉਪਰੇਸ਼ਨ ਗਰੈਨਬੀ
ਬ੍ਰਿਟਿਸ਼ ਫੋਰਸੀਜ਼ ਪੋਸਟ ਔਫਿਸ 876

     ਡਾਇਨਾ ਨੇ ਨੀਲੇ ਲਿਫਾਫੇ ਇਕੱਠੇ ਕਰਨ ਦਾ ਵਾਅਦਾ ਪੁਗਾ ਦਿੱਤਾ ਸੀ। ਉਹ ਦਿਨ ਵਿਚ ਮੈਨੂੰ 5-7 ਚਿੱਠੀਆਂ ਲਿੱਖ ਕੇ ਭੇਜਣ ਲੱਗ ਪਈ ਸੀ। ਮੇਰੇ ਲਈ ਇਹ ਬੜਾ ਹੈਰਾਨੀਜਨਕ ਕੌਤਕ ਸੀ। ਮੇਰੇ ਕੋਲ ਡਾਇਨਾ ਦੀਆਂ ਮੀਂਹ ਵਾਂਗ ਵਰਦੀਆਂ ਚਿੱਠੀਆਂ ਦੇ ਅਮਬਾਰ ਲੱਗਣੇ ਸ਼ੁਰੂ ਹੋ ਗਏ ਸਨ।

     ਫੌਜੀਆਂ ਨੂੰ ਆਉਣ ਵਾਲੀਆਂ ਚਿੱਠੀ ਦੇ ਪਿੱਛੇ ਭੇਜਣ ਵਾਲੇ ਦਾ ਪਤਾ ਲਿੱਖਿਆ ਹੋਣਾ ਜ਼ਰੂਰੀ ਸੀ। ਉਥੇ ਹਰ ਰੌਇਲ ਹਾਈਨੈੱਸ ਸ਼ਹਿਜ਼ਾਦੀ ਵੇਲਜ਼, ਕਨਸਿੰਘਟਨ ਮਹੱਲ, ਲੰਡਨ W8 ਲਿੱਖਣ ਨਾਲ ਕਿਸੇ ਦਾ ਵੀ ਧਿਆਨ ਉਸ ਚਿੱਠੀ ਵੱਲ ਖਿੱਚਿਆ ਜਾ ਸਕਦਾ ਸੀ। ਇਸ ਲਈ ਉਥੇ ਡਾਇਨਾ ਫਰਜ਼ੀ ਨਾਮ ਵਰਤਦੀ। ਜਰਮਨ ਬੈਰਕ ਵਿਚ ਲਿਖੀਆਂ ਚਿੱਠੀਆਂ ਵਿਚ ਡਾਇਨਾ ਆਪਣੀ ਵਾਲ ਕੱਟਣ ਵਾਲੀ ਦਾ ਨਾਮ ਈਵਲਿਨ ਡੈਗਲੀ ਵਰਤਦੀ ਤੇ ਪਤਾ ਆਪਣੇ ਰਗਬੀ ਵਾਲੇ ਘਰ ਦਾ। ਲੇਕਿਨ ਮੈਨੂੰ ਪਤਾ ਲੱਗ ਜਾਂਦਾ ਸੀ ਕਿ ਉਹ ਚਿੱਠੀ ਕੈਨਸਿੰਘਟਨ ਮਹਿਲ ਜਾਂ ਪੈਡਿੰਘਟਨ ਤੋਂ ਡਾਕ ਵਿਚ ਪਾਈਆਂ ਹੁੰਦੀਆਂ ਸਨ। ਮੈਂ ਈਵਲਿਨ ਡੈਗਲੀ ਨੂੰ ਕਦੇ ਨਹੀਂ ਸੀ ਮਿਲਿਆ, ਪਰ ਅਕਸਰ ਡਾਇਨਾਂ ਉਹਦੀਆਂ ਗੱਲਾਂ ਕਰਿਆ ਕਰਦੀ ਸੀ। ਡਾਇਨਾ ਅਕਸਰ ਆਪਣੀਆਂ ਕਰੀਬੀ ਔਰਤਾਂ ਦੇ ਨਾਮ ਉਧਾਰੇ ਲਿਆ ਕਰਦੀ ਸੀ। ਜਦੋਂ ਉਸਨੇ ਵਿੰਨਸਡਰ ਕੌਂਬਰਮੇਰ ਬੈਰਕ ਵਿਚ ਮੈਨੂੰ ਫੋਨ ਕਰਿਆ ਕਰਨਾ ਤਾਂ ਐਨ. ਸੀ. ਓ. ਦੇ ਫੋਨ ਚੁੱਕਣ ਤੇ ਕਹਿਣਾ, "ਮੈਂ ਟਰੇਸੀ ਬੋਲ ਰਹੀ ਹਾਂ, ਜੇਮਜ਼ ਹਿਊਵਟ ਨਾਲ ਗੱਲ ਕਰਨੀ ਹੈ।" 

     ਜਦੋਂ ਮੈਨੂੰ ਉਹਨਾਂ ਨੇ ਟਰੇਸੀ ਦਾ ਫੋਨ ਦੱਸ ਕੇ ਸੱਦਣਾ ਤਾਂ ਸਭ ਨੇ ਮੇਰੇ ਮੂੰਹ ਵੱਲ ਵੇਖਦੇ ਰਹਿਣਾ। ਕਿਉਂਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਕੋਲ ਕਦੇ ਕਿਸੇ ਟਰੇਸੀ ਦਾ ਜ਼ਿਕਰ ਨਹੀਂ ਸੀ ਕੀਤਾ। ਟਰੇਸੀ ਬਾਰੇ ਮੈਂ ਤਾਂ ਹੀ ਦੱਸਦਾ ਜੇ ਕੋਈ ਟਰੇਸੀ ਹਕੀਕਤ ਵਿਚ ਹੁੰਦੀ। ਡਾਇਨਾ ਮੈਨੂੰ ਗੌਲਫ ਨੂੰ ਭੇਜੀਆਂ ਚਿੱਠੀਆਂ ਵਿਚ ਆਪਣਾ ਨਾਮ ਜੂਲੀਆ ਲਿੱਖਦੀ ਸੀ। ਜ਼ੂਲੀਆ ਕੈਂਟ ਦੀ ਸ਼ਹਿਜ਼ਾਦੀ ਦੀ ਪੁਰਤਗਾਲੀ ਨੌਕਰਾਣੀ ਦਾ ਨਾਮ ਸੀ। ਡਾਇਨਾ ਅੰਗਰੇਜ਼ੀ ਅੱਖਰ ਜੇ ਲਿੱਖ ਕੇ ਇਕ ਮੁਸਕਰਾਉਂਦਾ ਚਿਹਰਾ ਵਾਹ ਦਿੰਦੀ ਸੀ। ਜੋ ਉਸਦਾ ਟਰੇਡਮਾਰਕ ਸੀ। ਉਹ ਜਾਣਦੀ ਸੀ ਕਿ ਮੈਂ ਉਸਦਾ ਮੁਸਕੁਰਾਉਂਦਾ ਚਿਹਰਾ ਦੇਖ ਕੇ ਬਹੁਤ ਖੁਸ਼ ਹੁੰਦਾ ਸੀ। ਮੈਂ ਡਾਇਨਾ ਦੀ ਚਿੱਠੀ ਦੇਖਦੇ ਸਾਰ ਹੀ ਖਿੜ ਜਾਂਦਾ ਸੀ। ਉਹ ਚਿੱਠੀਆਂ ਵਿਚ ਚਾਰਲਸ ਲਈ ਅੰਗਰੇਜ਼ੀ ਅੱਖਰ ਸੀ, ਵਿਲੀਅਮ ਲਈ ਵੱਡਾ ਅਤੇ ਹੈਰੀ ਲਈ ਛੋਟਾ ਕੋਰਡ ਵਰਡ ਇਸਤੇਮਾਲ ਕਰਿਆ ਕਰਦੀ ਸੀ।  ਉਹ ਬਹੁਤ ਧਿਆਨ ਨਾਲ ਲਿੱਖਦੀ। ਉਸ ਨੂੰ ਰੱਬ ਨੇ ਖ਼ੂਬਸੂਰਤ ਤੇ ਭਾਵਪੂਰਨ ਚਿੱਠੀਆਂ ਲਿੱਖਣ ਦੀ ਕਲਾ ਦਾ ਵਰਦਾਨ ਬਖਸ਼ਿਆ ਹੋਇਆ ਸੀ। ਉਸਦੀਆਂ ਚਿੱਠੀਆਂ ਦੀ ਸ਼ੁਰੂਆਤ ਵਿਚ 'ਮਾਈ ਡੀਅਰੈਸਟ ਜੇਮਜ਼' ਲਿੱਖਿਆ ਹੁੰਦਾ ਸੀ। ਅੰਤ ਵਿਚ 'ਮੇਰਾ ਸਾਰਾ ਪਿਆਰ , ਯਾਦਾਂ ਅਤੇ ਅਰਦਾਸਾਂ ਤੇਰੇ ਨਾਲ ਹਨ' ਲਿੱਖਕੇ ਜੂਲੀਆ ਦੇ ਦਸਤਖਤ ਕਰਦੀ ਤੇ ਪੰਜ ਕਾਟੇ ਵਾਹ ਦਿੰਦੀ। ਜਿਨ੍ਹਾਂ ਦਾ ਅਰਥ ਚੁੰਮਣ ਹੁੰਦਾ ਸੀ। 

ਸ਼ਹਿਜ਼ਾਦੀ ਡਾਇਨਾ ਤੇ ਪ੍ਰਿੰਸ ਚਾਰਲਸ
     ਡਾਇਨਾ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਨਿੱਕੀ ਨਿੱਕੀ ਗੱਲ ਮੈਨੂੰ ਚਿੱਠੀਆਂ ਵਿਚ ਲਿੱਖ ਕੇ ਦੱਸਦੀ ਸੀ। ਮਸਲਨ ਚੈਰਟੀ ਸਮਾਗਮ ਵਿਚ ਬਹੁਤ ਠੰਡ ਸੀ, ਉਸਨੂੰ ਜੁਕਾਮ ਹੋ ਗਿਆ ਸੀ ਜਾਂ ਹੈਰੀ ਤੇ ਵਿਲੀਅਮ ਨੂੰ ਉਹ ਓਡੀਅਨ ਸਿਨਮੇ ਵਿਚ ਕਿਹੜੀ ਫਿਲਮ ਦਿਖਾ ਕੇ ਲਿਆਈ ਆਦਿ। ਡਾਇਨਾ ਆਪਣੇ ਅੰਤਰੀਵ ਵਿਚ ਛੁਪੇ ਮਨੋ ਭਾਵ ਵਿਅਕਤ ਕਰਨ ਲੱਗੀ ਕਦੇ ਵੀ ਹਿਚਕਚਾਉਂਦੀ ਨਹੀਂ ਸੀ। ਉਸਨੇ ਇਕ ਚਿੱਠੀ ਵਿਚ ਲਿੱਖਿਆ ਸੀ ਕਿ ਉਹ ਮੇਰੇ ਸਹੀ ਸਲਾਮਤ ਜਲਦ ਵਾਪਿਸ ਆਉਣ ਲਈ ਰੋਜ਼ ਇਕ ਮੋਮਬੱਤੀ ਜਲਾ ਕੇ ਅਰਦਾਸ ਕਰਿਆ ਕਰਦੀ ਹੈ ਤੇ ਅਜਿਹਾ ਕਰਨਾ ਉਹ ਉਦੋਂ ਤੱਕ ਜਾਰੀ ਰੱਖੇਗੀ ਜਦ ਤੱਕ ਮੈਂ ਵਾਪਿਸ ਉਸ ਕੋਲ ਚਲਿਆ ਨਹੀਂ ਜਾਂਦਾ। ਡਾਇਨਾ ਦੀਆਂ ਚਿੱਠੀਆਂ ਪੜ੍ਹ ਕੇ ਅਕਸਰ ਮੈਂ ਬਹੁਤ ਭਾਵੁਕ ਹੋ ਜਾਂਦਾ ਸੀ। ਉਹ ਲਿੱਖਦੀ ਹੁੰਦੀ ਸੀ ਕਿ ਉਸਦੀ ਜ਼ਿੰਦਗੀ ਵਿਚ ਕੇਵਲ ਤਿੰਨ ਹੀ ਮਰਦ ਹਨ, ਜਿਨ੍ਹਾਂ ਨਾਲ ਉਹ ਆਪਣਾ ਦਿਲ ਸਾਂਝਾ ਕਰਦੀ ਹੈ ਤੇ ਉਹ ਵਿਲੀਅਮ, ਹੈਰੀ ਅਤੇ ਮੈਂ ਸੀ।

     ਡਾਇਨਾ ਮੇਰੇ ਪਿੱਛੋਂ ਮੇਰੇ ਪਰਿਵਾਰ ਕੋਲ ਜਾਂਦੀ ਆਉਂਦੀ ਅਤੇ ਮੇਰੀ ਮਾਂ ਅਤੇ ਭੈਣਾਂ ਨਾਲ ਸੰਪਰਕ ਵਿਚ ਰਹੀ ਸੀ। ਮੈਨੂੰ ਇਹ ਜਾਣ ਕੇ ਵੀ ਚੰਗਾ ਲੱਗਦਾ ਸੀ। ਡਾਇਨਾ ਮੇਰੇ ਫੌਜੀ ਦਲ ਦੇ ਮੁੱਖੀ ਜੇਮਜ਼ ਗੈਸਲੀ ਨੂੰ ਵੀ ਜਾਣਦੀ ਸੀ। ਗੈਸਲੀ, ਪ੍ਰਿੰਸ ਚਾਰਲਸ ਦਾ ਧਰਮ-ਪੁੱਤਰ ਬਣਿਆ ਹੋਇਆ ਸੀ ਤੇ ਉਸਦਾ ਪਿਤਾ ਨਿੱਕ ਗੈਸਲੀ ਚਾਰਲਸ ਦੇ ਦੌੜਾਕੀ ਘੋੜਿਆਂ ਦਾ ਟਰੇਨਰ ਸੀ। ਡਾਇਨਾ ਨੇ ਗੈਸਲੀ ਨੂੰ ਵੀ ਇਕ ਸ਼ੁਭ ਇੱਛਾਵਾਂ ਦੀ ਚਿੱਠੀ ਲਿੱਖੀ ਸੀ ਤੇ ਕੁਝ ਹੋਰ ਅਫ਼ਸਰਾਂ ਨੂੰ ਵੀ। ਮੈਂ ਸਮਝ ਗਿਆ ਸੀ ਕਿ ਡਾਇਨਾ ਨੇ ਅਜਿਹਾ ਸ਼ੱਕ ਪੈਣ ਦੇ ਡਰੋਂ ਕੀਤਾ ਸੀ। ਉਹ ਚਿੱਠੀਆਂ ਸਭ ਉਸਨੇ ਆਪਣੇ ਅਸਲ ਨਾਲ ਅਤੇ ਸ਼ਹਿਜ਼ਾਦੀ ਵੇਲਜ਼ ਵਾਲੇ ਸਰਕਾਰੀ ਪੈੱਡ ਤੋਂ ਲਿੱਖੀਆਂ ਸਨ। ਮੈਨੂੰ ਵੀ ਡਾਇਨਾ ਤੋਂ ਇਲਾਵਾ ਹੋਰ ਕਈ ਮੇਰੀਆਂ ਪੁਰਾਣੀਆਂ ਮਹਿਬੂਬ ਕੁੜੀਆਂ ਦੀਆਂ ਚਿੱਠੀਆਂ ਆਉਂਦੀਆਂ, ਜਿਨ੍ਹਾਂ ਨਾਲ ਮੇਰੇ ਸੰਬੰਧ ਵੀ ਖਤਮ ਹੋਇਆਂ ਨੂੰ ਯੁੱਗ ਬੀਤ ਚੁੱਕੇ ਸਨ ਜਾਂ ਉਹਨਾਂ ਨੂੰ ਮੈਂ ਭੁੱਲ ਭੁਲਾ ਗਿਆ ਸੀ। ਇਹਨਾਂ ਵਿਚੋਂ ਕਈ ਤਾਂ ਮੇਰੇ ਸਕੂਲ ਦੀਆਂ ਸਹਿਪਾਠਣਾਂ ਸਨ।

     ਰੁਪਰਟ ਮਕੈਨਜ਼ੀ-ਹਿੱਲ ਦੇ ਕੈਮਰੇ ਵਿਚ ਸੁਨੇਹੇ ਰਿਕਾਰਡ ਕਰਕੇ ਕਈ ਫੌਜੀਆਂ ਨੇ ਵਿਡੀਉ ਟੇਪਾਂ ਆਪਣੇ ਪਰਿਵਾਰ ਵਾਲਿਆਂ ਨੂੰ ਜਰਮਨੀ ਭੇਜੀਆਂ ਸਨ। ਡਾਇਨਾ ਉਹਨਾਂ ਵਿਚੋਂ ਇਕ ਮੇਰੀ ਟੇਪ ਜਰਮਨੀ ਜਾ ਕੇ ਮੇਰੇ ਸਾਥੀ ਫੌਜੀ ਦੇ ਘਰ ਦੇਖ ਕੇ ਆਈ ਸੀ। ਉਸ ਤੋਂ ਬਾਅਦ ਉਸਨੇ ਲਿੱਖਿਆ ਸੀ, "ਖ਼ਬਰਾਂ ਵਿਚ ਜਦੋਂ ਵੀ ਕੋਈ ਟੈਂਕ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਤੂੰ ਇਸ ਵਿਚ ਬੈਠਾ ਹੋਵੇਂਗਾ।" 
     ਪ੍ਰਧਾਨ ਮੰਤਰੀ ਜੌਹਨ ਮੇਜਰ ਸਾਨੂੰ ਹੱਲਾਸ਼ੇਰੀ ਦੇਣ ਲਈ ਆ ਕੇ ਪ੍ਰਧਾਨਗੀ ਭਾਸ਼ਨ ਦੇ ਗਿਆ ਸੀ। ਉਹਦੀ ਟੀ. ਵੀ. 'ਤੇ ਖਬਰ ਆਈ ਤਾਂ ਉਸ ਵਿਚ ਡਾਇਨਾ ਨੇ ਮੈਨੂੰ ਦੇਖ ਲਿਆ ਸੀ। ਡਾਇਨਾ ਵੀ ਆ ਕੇ ਅਜਿਹਾ ਕਰਨਾ ਚਾਹੁੰਦੀ ਸੀ, ਪਰ ਬ੍ਰਤਾਨਵੀ ਸਾਮਰਾਜ ਅਤੇ ਸ਼ਾਹੀ ਪਰਿਵਾਰ ਦੇ ਰੱਖਵਾਲੇ  ਯਾਨੀ ਸਲੇਟੀ ਵਰਦੀਆਂ ਵਾਲਿਆਂ ਨੂੰ ਇਹ ਕਬੂਲ ਨਹੀਂ ਸੀ।   

     ਮੈਂ ਆਪਣੇ ਪਿਤਾ ਦੀਆਂ ਚਿੱਠੀਆਂ ਜਾਂ ਹੋਰ ਚਿੱਠੀਆਂ ਜਿਹੜੀਆਂ ਮੈਂ ਇਕ ਵਾਰ ਖੋਲ੍ਹਣ ਬਾਅਦ ਦੁਬਾਰਾ ਨਹੀਂ ਪੜ੍ਹਨੀਆਂ ਹੁੰਦੀਆਂ ਸਨ, ਜਲਾ ਦਿੰਦਾ ਸੀ। ਲੇਕਿਨ ਮੈਂ ਡਾਇਨਾ ਦੀ ਹਰ ਚਿੱਠੀ ਸਾਂਭ ਕੇ ਰੱਖਦਾ ਤੇ ਵਾਰ ਵਾਰ ਉਸਨੂੰ ਪੜ੍ਹਦਾ ਸੀ। ਹਰ ਵਾਰ ਪੜ੍ਹਿਆਂ ਡਾਇਨਾ ਦੀ ਚਿੱਠੀ ਕੋਈ ਨਵੇਂ ਅਰਥ ਸਿਰਜ ਜਾਂਦੀ ਸੀ। ਮੇਰੇ ਕੋਲ ਗੌਲਫ ਵਿਚ ਡਾਇਨਾ ਦੀਆਂ ਘੱਟੋ-ਘੱਟ 150 ਚਿੱਠੀਆਂ ਇਕੱਤਰ ਹੋ ਗਈਆਂ ਸਨ। ਮੈਂ ਜਾਣਦਾ ਸੀ ਕਿ ਮਹਿਜ਼ ਪ੍ਰੇਮ ਪੱਤਰ ਨਹੀਂ, ਬਲਕਿ ਇਤਿਹਾਸਕ ਦਸਤਾਵੇਜ਼ ਸਨ, ਜਿਨ੍ਹਾਂ ਵਿਚ ਇਕ ਰਾਜਕੁਮਾਰੀ ਨੇ ਇਕ ਫੌਜੀ ਪ੍ਰੇਮੀ ਕੋਲ ਆਪਣੇ ਦਿਲ ਦੇ ਵਲਵਲੇ ਫਰੋਲੇ ਸਨ। ਇਹਨਾਂ ਵਿਚੋਂ ਡਾਇਨਾ ਦੀ ਉਹ ਤਸਵੀਰ ਉੱਘੜਦੀ ਸੀ, ਜਿਸਨੂੰ ਸੰਸਾਰ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਡਾਇਨਾ ਨੇ ਆਪਣੀ ਸਾਰੀ ਵੇਦਨਾਂ ਅੱਖਰਾਂ ਵਿਚ ਪਰੋਅ ਕੇ ਇਹਨਾਂ ਚਿੱਠੀਆਂ ਰਾਹੀਂ ਬਿਆਨ ਕੀਤੀ ਹੋਈ ਸੀ। ਇਹਨਾਂ ਵਿਚੋਂ ਬਹੁਤ ਸਾਰੀਆਂ ਮੈਂ ਪੈੱਕਟ ਬਣਾ ਕੇ ਆਪਣੇ ਘਰੇ ਭੇਜ ਦਿੱਤੀਆਂ ਸਨ। ਬਾਕੀ ਜੋ ਬਾਅਦ ਵਿਚ ਆਈਆਂ ਹਾਵਈ ਜੰਗ ਤੋਂ ਇਕ ਦਿਨ ਪਹਿਲਾਂ ਆਪਣੇ ਸ਼ਨਾਖਤੀ ਕਾਗਜ਼ਾਂ ਨਾਲ ਡਾਇਨਾ ਦੀਆਂ ਉਹ ਬਚੀਆਂ ਚਿੱਠੀਆਂ ਵੀ ਅਗਨ ਭੇਂਟ ਕਰ ਦਿੱਤੀਆਂ ਸਨ। ਕੁਝ ਮੈਂ ਪੜ੍ਹਣ ਲਈ ਕੋਲ ਰੱਖ ਲਈਆਂ ਸਨ।

     ਜੰਗ ਦਾ ਬਿਗਲ ਵੱਜ ਗਿਆ ਸੀ ਤੇ ਸਾਡੇ ਕੰਨਾਂ ਵਿਚ ਯੁੱਧ ਨਗਾਰੇ ਵੱਜਣ ਲੱਗੇ ਸਨ । 17 ਜਨਵਰੀ 1991 ਨੂੰ ਤੜਕੇ ਦੇ ਤਿੰਨ ਵਜੇ ਸਾਊਦੀ ਅਰਬ ਦੇ ਸਮੇਂ ਮੁਤਾਬਕ ਬੰਬਾਰੀ ਸ਼ੁਰੂ ਹੋ ਗਈ ਸੀ। ਅਸੀਂ ਟੈਂਕਾਂ ਵਿਚ ਸਵਾਰ ਹੋ ਕੇ ਹੈੱਚ ਬੰਦ ਕੀਤੇ ਤੇ ਯੁੱਧ ਖੇਤਰ ਵੱਲ ਸਾਡੇ ਕਦਮ ਵੱਧਣ ਲੱਗੇ ਸਨ। ਉਧਰ ਡਾਇਨਾ ਸਾਰੀ ਰਾਤ ਟੈਲੀਵਿਜ਼ਨ ਮੂਹਰੇ ਬੈਠ ਕੇ ਯੁੱਧ ਦੇਖ ਰਹੀ ਸੀ ਤੇ ਮੇਰੀ ਜਾਨ ਦੀ ਸਲਾਮਤੀ ਨੂੰ ਲੈ ਕੇ ਫ਼ਿਕਰਮੰਦ ਹੋ ਰਹੀ ਸੀ। ਇਧਰ ਮੇਰਾ ਤੇ ਉਧਰ ਡਾਇਨਾ ਦਾ ਦਿਲ ਇੰਝ ਧੜਕ ਰਿਹਾ ਸੀ, ਜਿਵੇਂ ਤੋੜਾ ਲੱਗਣ 'ਤੇ ਯੁੱਧ ਨਗਾਰੇ ਦਾ ਧਾਮਾ ਕੰਬਦਾ  ਹੁੰਦਾ ਹੈ। 

No comments:

Post a Comment